Sakhi Sahibzada Ajit Singh

ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ
ਵੱਡੇ ਸਾਹਿਬਜ਼ਾਦੇ ਸਨ। ਬਾਬਾ ਅਜੀਤ ਸਿੰਘ ਦਾ ਜਨਮ ਸੰਨ 1686 ਈ. ਨੂੰ ਪਾਉਂਟਾ
ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ। ਬਾਬਾ ਜੁਝਾਰ ਸਿੰਘ ਜੀ ਦਾ ਜਨਮ
ਸੰਨ 1690 ਈ. ਨੂੰ ਆਨੰਦਪੁਰ ਸਾਹਿਬ ਵਿਖੇ ਹੋਇਆ। ਸਾਹਿਬਜ਼ਾਦਿਆਂ ਦੀ ਸਿਖਲਾਈ
ਪੜ੍ਹਾਈ ਗੁਰੂ ਜੀ ਦੀ ਨਿਗਰਾਨੀ ਹੇਠ ਹੋਈ। ਘੋੜ-ਸਵਾਰੀ, ਸ਼ਸਤ੍ਰ-ਵਿੱਦਿਆ, ਤੀਰਅ
ੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ।
ਇੱਕ ਵਾਰ ਅਨੰਦਪੁਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਸੀ, ਕਿ ਇੱਕ
ਬ੍ਰਾਹਮਣ ਜਿਸ ਦਾ ਨਾਮ ਦੇਵਦਾਸ ਸੀ, ਰੋਂਦਾ-ਕੁਰਲਾਂਦਾ ਦੀਵਾਨ ਵਿੱਚ ਪੁੱਜਿਆ। ਇਹ
ਹੁਸ਼ਿਆਰਪੁਰ ਦੇ ਨੇੜੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ। ਗੁਰੂ ਜੀ ਨੇ ਬ੍ਰਾਹਮਣ ਨੂੰ
ਚੁੱਪ ਕਰਾ ਕੇ ਰੋਣ ਦਾ ਕਾਰਨ ਪੁੱਛਿਆ। ਬ੍ਰਾਹਮਣ ਕਹਿਣ ਲੱਗਾ, ”ਮੈਂ ਮੁਕਲਾਵਾ ਲੈ
ਕੇ ਆ ਰਿਹਾ ਸੀ ਕਿ ਮੇਰੀ ਘਰ ਵਾਲੀ ਬ੍ਰਾਹਮਣੀ, ਪਠਾਣਾਂ ਨੇ ਖੋਹ ਲਈ ਹੈ। ਮੈਂ ਬਹੁਤ
ਚੀਕ-ਪੁਕਾਰ ਕੀਤੀ ਪਰ ਮੇਰੀ ਕਿਸੇ ਨਾ ਸੁਣੀ। ਉਹਨਾਂ ਮੈਨੂੰ ਫੜ ਕੇ ਬਹੁਤ ਮਾਰਿਆ
ਤੇ ਮੇਰੀ ਘਰ ਵਾਲੀ ਖੋਹ ਕੇ ਚਲਦੇ ਬਣੇ। ਹੁਣ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ।
ਮੇਰੀ ਸਹਾਇਤਾ ਕਰੋ ਤੇ ਮੇਰੀ ਇਸਤਰੀ ਮੈਨੂੰ ਵਾਪਸ ਦਿਵਾਉ।”
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਹੁਕਮ ਦਿੱਤਾ ਕਿ ਬੱਸੀ ਦੇ ਪਠਾਣ
ਜ਼ਾਬਰ ਖ਼ਾਂ ਨੇ ਇਸ ਬ੍ਰਾਹਮਣ ਦੀ ਘਰ ਵਾਲੀ ਖੋਹ ਲਈ। ਤੁਸੀਂ ਸਿੰਘਾਂ ਨੂੰ ਲੈ ਕੇ ਜਾਉ
ਤੇ ਬਿਜਲੀ ਦੀ ਫੁਰਤੀ ਵਾਂਗੂੰ ਬ੍ਰਾਹਮਣੀ ਨੂੰ ਛੁਡਾ ਕੇ ਇਸ ਦੇ ਹਵਾਲੇ ਕਰੋ। ਜਾਬਰ ਖ਼ਾਂ
ਨੂੰ ਉਸ ਦੇ ਕੀਤੇ ਦੀ ਕਰੜੀ ਸਜ਼ਾ ਦਿਉ।
ਸਾਹਿਬਜ਼ਾਦਾ ਅਜੀਤ ਸਿੰਘ ਨੇ 100 ਸਿੰਘਾਂ ਨੂੰ ਨਾਲ ਲਿਆ ਤੇ ਬ੍ਰਾਹਮਣ ਨੂੰ
ਆਪਣੇ ਘੋੜੇ ‘ਤੇ ਬਿਠਾ ਲਿਆ। ਅਜੇ ਦਿਨ ਨਹੀਂ ਸੀ ਚੜ੍ਹਿਆ ਕਿ ਬਸੀ ਪਠਾਣਾਂ ‘ਤੇ
ਜਾ ਪਏ। ਹਵੇਲੀ ਦਾ ਬੂਹਾ ਤੋੜ ਕੇ ਅੰਦਰ ਲੰਘ ਗਏ। ਪਠਾਣਾਂ ਨੇ ਸਿੱਖਾਂ ਨੂੰ ਅੰਦਰ
ਆਉਂਦਿਆਂ ਵੇਖ, ”ਸਿੱਖ ਆ ਗਏ। ਸਿੱਖ ਆ ਗਏ!!” ਦਾ ਰੌਲਾ ਪਾ ਦਿੱਤਾ। ਕਿਸੇ
ਪਠਾਣ ਦਾ ਹੌਂਸਲਾ ਨਹੀਂ ਸੀ ਪੈ ਰਿਹਾ ਕਿ ਸਿੱਖਾਂ ਨਾਲ ਟੱਕਰ ਲੈ ਸਕੇ। ਜਾਬਰ ਖ਼ਾਂ
ਅੰਦਰਲੇ ਕਮਰੇ ਵਿੱਚ ਲੁਕਿਆ ਹੋਇਆ ਸੀ। ਸਿੱਖਾਂ ਨੇ ਘਬਰਾਏ ਹੋਏ ਜਾਬਰ ਖ਼ਾਂ ਨੂੰ
ਜਾ ਪਕੜਿਆ। ਬ੍ਰਾਹਮਣ ਨੇ ਦੋਸ਼ੀ ਜਾਬਰ ਖ਼ਾਂ ਨੂੰ ਪਛਾਣ ਲਿਆ ਸੀ। ਬ੍ਰਾਹਮਣੀ ਨੂੰ ਵੀ
ਅੰਦਰੋਂ ਲੱਭ ਕੇ ਬ੍ਰਾਹਮਣ ਦੇ ਹਵਾਲੇ ਕੀਤਾ। ਜਾਬਰ ਖ਼ਾਂ ਪਠਾਣ ਨੂੰ ਬੰਨ੍ਹ ਕੇ ਘੋੜੇ ‘ਤੇ
ਬਿਠਾ ਕੇ ਬ੍ਰਾਹਮਣੀ ਸਮੇਤ ਅਨੰਦਪੁਰ ਸਾਹਿਬ ਪਹੁੰਚੇ। ਬ੍ਰਾਹਮਣੀ, ਬ੍ਰਾਹਮਣ ਦੇ ਸਪੁਰਦ
ਕੀਤੀ ਤੇ ਜਾਬਰ ਖ਼ਾਂ ਦੇ ਨੀਚ ਕਰਮਾਂ ਦੀ ਕਰੜੀ ਸਜ਼ਾ ਉਸ ਨੂੰ ਦਿੱਤੀ ਗਈ। ਗੁਰੂ ਜੀ
ਸਾਹਿਬਜ਼ਾਦਾ ਅਜੀਤ ਸਿੰਘ ਦੇ ਇਸ ਕਾਰਨਾਮੇ ‘ਤੇ ਬਹੁਤ ਖ਼ੁਸ਼ ਹੋਏ।

ਸਿੱਖਿਆ ¸ ਜੇ ਤੇਰੇ ਕੋਲ ਬਲ ਹੈ ਨਿਰਧਨ ਦੀ ਮਦਦ ਕਰ, ਰਸਨਾ
ਕਰਕੇ ਵੀ ਨਿਰਧਨ ਨੂੰ ਪਿਆਰ ਨਾਲ ਬੋਲ, ਗੁਣਾਂ ਕਰਕੇ ਵੀ ਨਿਰਧਨ
ਨੂੰ ਗੁਣ ਦੇ।

LEAVE A REPLY