Akali Phula Singh Biography
Akali Phula Singh
ਸਿਦਕੀ ਸਿੱਖ ਯੌਧਾ ਸ਼ਹੀਦ ਅਕਾਲੀ ਫੂਲਾ ਸਿੰਘ
ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਮਹਾਨ ਸਿੱਖ ਜਰਨੈਲ ਹੋਏ ਹਨ। ਅਕਾਲੀ ਫੂਲਾ ਸਿੰਘ ਦਾ ਜਨਮ 1760 ਈ: ਵਿੱਚ ਪਿਤਾ ਸ੍ਰ. ਈਸ਼ਰ ਸਿੰਘ ਤੇ ਮਾਤਾ ਹਰਿ ਕੌਰ ਦੇ ਘਰ ਪਿੰਡ ਸ਼ੀਹਾਂ ਜਿਲ੍ਹਾ ਸੰਗਰੂਰ ਵਿੱਚ ਹੋਇਆ। ਆਪ ਦੋ ਭਰਾ ਸਨ। ਸ੍ਰ. ਸੰਤ ਸਿੰਘ ਛੋਟਾ ਸੀ।
ਬਚਪਨ ਤੋਂ ਕੁਝ ਸਮੇਂ (ਦੋ ਸਾਲ) ਬਾਅਦ ਹੀ ਆਪ ਦੇ ਪਿਤਾ ਸ੍ਰ. ਈਸ਼ਰ ਸਿੰਘ ਜਦ 1762 ਨੂੰ ਅਹਿਮਦ ਸ਼ਾਹ ਦੁਰਾਨੀ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਹੱਲਾ ਬੋਲਿਆ ਤਾਂ ਆਪ ਦੇ ਪਿਤਾ ਸ੍ਰ. ਈਸ਼ਰ ਸਿੰਘ ਦੀ ਨਿਸ਼ਾਨ ਵਾਲੀ ਮਿਸਲ ਨੇ ਵੱਧ ਚੜ੍ਹ ਕੇ ਵੈਰੀਆਂ ਦਾ ਟਾਕਰਾ ਕੀਤਾ। ਇਸੇ ਲੜਾਈ ਦੌਰਾਨ ਕਈ ਸਿੰਘ ਸ਼ਹੀਦ ਹੋ ਗਏ ਉਪਰੰਤ ਆਪ ਦੇ ਪਿਤਾ ਦੇ ਵੀ ਕਾਫੀ ਡੂੰਘਾ ਫੱਟ ਲੱਗਾ। ਇਸੇ ਦੌਰਾਨ ਆਪ ਨੂੰ ਪਿੰਡ ਪਹੁਚਾਇਆ ਗਿਆ। ਆਪ ਦੇ ਪਿਤਾ ਨੇ ਆਪ ਦੋਵਾਂ ਭਰਾਵਾਂ ਨੂੰ ਆਪਣੇ ਸੱਤਸੰਗੀ ਜਨ ਸ੍ਰ. ਨਰੈਣ ਸਿੰਘ ਦੇ ਹਵਾਲੇ ਕਰਕੇ, ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ।
ਬਾਬਾ ਨਰੈਣ ਸਿੰਘ ਨੇ ਦੋਵਾਂ ਭਰਾਵਾਂ ਨੂੰ ਧਾਰਮਿਕ ਵਿਦਿਆ, ਸ਼ਸਤਰ ਵਿਦਿਆ ਤੇ ਘੋੜ ਸਵਾਰੀ ਵਿੱਚ ਨਿਪੁੰਨ ਕਰ ਦਿੱਤਾ ਸੀ। ਉਸ ਸਮੇਂ ਆਪ ਦੀ ਉਮਰ 14 ਸਾਲ ਸੀ ਕਿ ਆਪ ਦੀ ਮਾਤਾ ਪੌੜੀ ਤੋਂ ਡਿੱਗਣ ਕਾਰਣ ਰੱਬ ਨੂੰ ਪਿਆਰੀ ਹੋ ਗਈ। ਆਪਣੀ ਮਾਤਾ ਦੇ ਸਸਕਾਰ ਤੋਂ ਬਾਅਦ ਆਪ ਆਪਣਾ ਘਰ ਬਾਰ ਛੱਡ ਕੇ ਤੇ ਬਾਬਾ ਨਰੈਣ ਸਿੰਘ ਪਾਸੋਂ ਅੰਮ੍ਰਿਤ ਛੱਕ ਕੇ ਸ਼ਹੀਦਾਂ ਦੀ ਮਿਸਲ ਵਿੱਚ ਦਾਖਲ ਹੋ ਕੇ ਆਪ ਨੇ ਸਾਦਾ ਜੀਵਨ ਬਿਤਾਣਾ ਸ਼ੁਰੂ ਕਰ ਦਿੱਤਾ।
ਆਪ ਨੇ ਅਨੰਦਪੁਰ ਸਾਹਬ ਵਿੱਚ ਧਰਮ ਖਾਤਰ ਕਈ ਲੜਾਈਆਂ ਲੜੀਆਂ। ਆਪ ਦਾ ਮਾਨ ਸਨਮਾਨ ਤੇ ਰੁੱਤਬਾ ਸਾਰੇ ਜਥੇ ਵਿੱਚ ਬਹੁਤ ਵੱਧ ਗਿਆ ਸੀ। ਜਦ 1800 ਈ: ਵਿੱਚ ਬਾਬਾ ਨਰੈਣ ਸਿੰਘ ਪਰਲੋਕ ਸੁਧਾਰ ਗਏ ਤਾਂ ਆਪ ਨੂੰ ਜਥੇ ਦਾ ਜਥੇਦਾਰ ਥਾਪਿਆ ਗਿਆ। ਫਿਰ ਅੰਮ੍ਰਿਤਸਰ ਸਾਹਬ ਦੇ ਗੁਰਦਆਰਿਆ ਦੀ ਸੇਵਾ ਸੰਭਾਲ ਲਈ ਆਪ ਅੰਮ੍ਰਿਤਸਰ ਸਾਹਬ ਆ ਗਏ। ਬੁਰਜ਼ ਅਕਾਲੀ ਫੁੂਲਾ ਸਿੰਘ ਵਿਖੇ ਆਪ ਨੇ ਆਪਣੀ ਰਿਹਾਇਸ਼ ਰੱਖੀ।
ਜਦ ਮਹਾਰਾਜਾ ਰਣਜੀਤ ਸਿੰਘ ਨੇ 1801-02 ਦਰਮਿਆਨ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਮਿਲਾਉਣ ਖਾਤਰ ਹਮਲਾ ਕੀਤਾ ਤਾਂ ਭੰਗੀ ਸਰਦਾਰਾਂ ਅਤੇ ਮਹਾਰਾਜਾ ਦੀ ਅਕਾਲੀ ਫੂਲਾ ਸਿੰਘ ਨੇ ਸੁਲ੍ਹਾ ਕਰਵਾ ਕੇ ਸਿੱਖਾਂ ਨੂੰ ਆਪਸ ਵਿੱਚ ਲੜਨੋਂ ਰੋਕਿਆ ਤੇ ਭੰਗੀ ਸਰਦਾਰਾਂ ਨੂੰ ਮਹਾਰਾਜੇ ਨੇ ਜਗੀਰ ਬਖਸ਼ ਦਿੱਤੀ। ਇਸ ਨਾਲ ਅੰਮ੍ਰਿਤਸਰ ਤੇ ਮਹਾਰਾਜਾ ਸਾਹਬ ਦਾ ਕਬਜਾ ਹੋ ਗਿਆ। ਮਹਾਰਾਜਾ ਸਾਹਬ ਨੇ ਦਰਬਾਰ ਸਾਹਬ ਦੇ ਟਹਿਲੇ ਲਈ ਬਹੁਤ ਸਾਰੀ ਮਾਇਆ ਅਰਦਾਸ ਕਰਾਈ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਲਈ ਕਈ ਜੰਗਾਂ ਲੜੀਆਂ। ਕਸੂਰ ਦੀ ਜੰਗ ਦੌਰਾਨ ਅਕਾਲੀ ਫੂਲਾ ਸਿੰਘ ਨੇ ਆਪਣੀ ਬਹਾਦਰੀ ਦੇ ਐਸੇ ਜੋਹਰ ਵਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਅਸ਼-ਅਸ਼ ਕਰ ਉਠੇ।
ਜਦ ਖਾਲਸਈ ਦਲ ਨੇ ਕਸੂਰ ਨੂੰ ਜਾ ਘੇਰਾ ਪਾਇਆ ਤਾਂ ਕੁਤਬਦੀਨ ਬਹੁਤ ਵੱਡੇ ਤੇ ਮਜਬੂਤ ਕਿਲੇ ਵਿੱਚ ਬੈਠਾ ਸੀ। ਅਕਾਲੀ ਫੂਲਾ ਸਿੰਘ ਨੇ ਤੋਪਾਂ ਬੀੜ ਕੇ ਗੋਲੇ ਵਰਸਾਏ। ਕੁਤਬਦੀਨ ਵੀ ਬੜੀ ਬਹਾਦਰੀ ਨਾਲ ਲੜਿਆ।ਉਸਨੇ ਲੜਾਈ ਨੂੰ ਕਈ ਦਿਨਾਂ ਤੱਕ ਲਮਕਾਈ ਰੱਖਿਆ। ਅੰਤ ਅਕਾਲੀ ਫੂਲਾ ਸਿੰਘ ਨੇ ਰਾਤੋ-ਰਾਤ ਕਿਲੇ ਦੀਆਂ ਦੀਵਾਰਾਂ ਹੇਠ ਸੁਰੰਗਾਂ ਲਗਾ ਕੇ ਬਾਰੂਦ ਭਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਾਰੂਦ ਨਾਲ ਕਿਲੇ ਦੀਆਂ ਦੀਵਾਰਾਂ ਨੂੰ ਉਡਾ ਦਿੱਤਾ। ਕਿਲੇ ਦੀਆਂ ਕੰਧਾਂ ਢਹਿ ਗਈਆ ਤਾਂ ਉਸੇ ਵਕਤ ਆਪ ਨੇ ਹਮਲਾ ਕਰਕੇ ਕਿਲੇ ਤੇ ਆਪਣਾ ਕਬਜ਼ਾ ਜਮਾ ਲਿਆ।ਕੁਤਬਦੀਨ ਨੂੰ ਫੜ ਕੇ ਮਹਾਰਾਜੇ ਦੇ ਪੇਸ਼ ਕੀਤਾ ਗਿਆ। ਕੁਤਬਦੀਨ ਦੀ ਅਰਜੋਈ ਤੇ ਮਹਾਰਾਜੇ ਨੇ ਉਸਦਾ ਗੁਨਾਹ ਬਖਸ਼ ਦਿੱਤਾ।
ਅਕਾਲੀ ਫੂਲਾ ਸਿੰਘ ਆਪਣੀ ਗੱਲ ਕਹਿਣ ਵਿੱਚ ਬਹੁਤ ਦਲੇਰ ਸੀ। ਆਪ ਨੂੰ ਜਦ ਡੋਗਰਿਆ ਦੀਆਂ ਧੜੇਬੰਦੀਆਂ ਦੀ ਖਬਰ ਹੋਈ ਤਾਂ ਆਪ ਨੇ ਬੇਝਿੱਜਕ ਮਹਾਰਾਜੇ ਨੂੰ ਖਰੀਆਂ-ਖਰੀਆਂ ਸੁਣਾਈਆਂ। ਇੱਕ ਮਿਸਾਲ ਹੋਰ ਮਿਲਦੀ ਹੈ ਕਿ ਇੱਕ ਵਾਰ ਮਹਾਰਾਜੇ ਕੋਲੋਂ ਕੋਈ ਭੁੱਲ ਹੋ ਗਈ ਸੀ ਜਿਸ ਲਈ ਆਪ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਬਾਵਜੂਦ ਇਸ ਦੇ ਮਹਾਰਾਜਾ ਰਣਜੀਤ ਸਿੰਘ ਹਰਿਮੰਦਰ ਸਾਹਬ ਜੀ ਦੇ ਦਰਸ਼ਨਾ ਨੂੰ ਆ ਰਹੇ ਸਨ। ਕਿਸੇ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਇਹ ਖਬਰ ਜਾ ਸੁਣਾਈ। ਅਕਾਲੀ ਜੀ ਅੱਖ ਦੇ ਫੋਰ ਵਿੱਚ ਨੰਗੀ ਤਲਵਾਰ ਲੈ ਕੇ ਦਰਸ਼ਨੀ ਡਿਊੜੀ ਅੱਗੇ ਜਾ ਖਲੋਤੇ ਤੇ ਮਹਾਰਾਜੇ ਨੂੰ ਅੰਦਰ ਨਹੀ ਜਾਣ ਦਿੱਤਾ।
ਮਹਾਰਾਜਾ ਉਸੀ ਵਕਤ ਪਿਛਾਂਹ ਹੋ ਗਿਆ ਤੇ ਹੱਥ ਜੋੜ ਕੇ ਮਾਫੀ ਮੰਗੀ ਤੇ ਭੁੱਲ ਬਖਸ਼ਾਣ ਲਈ ਮਿੰਨਤ ਕੀਤੀ ਕਿ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ। ਇਹ ਨਿਰਧਾਰਿਤ ਹੋਇਆ ਕਿ ਸ਼੍ਰੀ ਅਕਾਲ ਤਖਤ ਸਾਹਬ ਦੇ ਸਾਹਮਣੇ ਇਮਲੀ ਦੇ ਬੂਟੇ ਨਾਲ ਮਹਾਰਾਜੇ ਦੀਆਂ ਮੁਸ਼ਕਾਂ ਕੱਸੀਆਂ ਜਾਣ ਤੇ ਸਰੀਰ ਤੇ 21 ਕੋਰੜੇ ਲਾਏ ਜਾਣ। ਜਦ ਮਹਾਰਾਜਾ ਨਿਮਰਤਾ ਸਹਿਤ ਹੱਥ ਪਿੱਛੇ ਕਰਕੇ ਮੁਸ਼ਕਾਂ ਬੰਨਾਣ ਤੇ ਕੋਰੜੇ ਖਾਣ ਲਈ ਤਿਆਰ ਹੋ ਗਿਆ ਤਾਂ ਉਸੀ ਵਕਤ ਮਹਾਰਾਜੇ ਦੀ ਸਾਦਗੀ, ਨਿਮਰਤਾ ਤੇ ਗੁਰੂ ਘਰ ਪ੍ਰਤੀ ਸ਼ਰਧਾ ਵੇਖ ਕੇ ਸਾਰੀ ਸੰਗਤ ਦੇ ਨੇਤਰ ਜਲ ਨਾਲ ਭਰ ਆਏ। ਅਕਾਲੀ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜਾ ਸਾਹਬ ਨੂੰ ਬਖਸ਼ ਦਿੱਤਾ ਜਾਏ।
ਸੰਗਤ ਦੀ ਇਹ ਗੱਲ ਪ੍ਰਵਾਨ ਕੀਤੀ ਗਈ ਤੇ ਮਹਾਰਾਜਾ ਨੂੰ ਦੁਬਾਰਾ ਅੰਮ੍ਰਿਤ ਛਕਾ ਕੇ ਸ੍ਰੀ ਅਕਾਲ ਤਖਤ ਸਾਹਬ ਵੱਲੋਂ ਸਿਰੋਪਾ ਬਖਸ਼ ਕੇ ਦਰਸ਼ਨਾਂ ਲਈ ਅੰਦਰ ਜਾਣ ਦਿੱਤਾ। ਅੰਤ 14 ਮਾਰਚ 1823 ਨੂੰ ਆਪ ਨੌਸ਼ਿਹਰੇ ਦੀ ਆਖਰੀ ਲੜਾਈ ਵਿੱਚ ਜਿੱਤ ਦਾ ਪਰਚਮ ਲਹਿਰਾ ਕੇ ਸ਼ਹੀਦੀ ਜਾਮ ਪੀ ਗਏ। ਇਹ ਲੜਾਈ ਵੀ ਬਾਕੀ ਲੜਾਈਆਂ ਦੀ ਤਰ੍ਹਾਂ ਆਪ ਦੀ ਸੂਰਬੀਰਤਾ ਕਰਕੇ ਜਿੱਤੀ ਜਾ ਸਕੀ ਸੀ। ਅਕਾਲੀ ਫੂਲਾ ਸਿੰਘ ਇੱਕ ਨਿਰਭੈਅ ਤੇ ਨਿਧੱੜਕ ਜੋਧੇ ਸਨ।
PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |