Sikh History- Baba Banda Singh Bahadhur

Sikh History - Baba Banda Singh Bahadur

ਇਕ ਸੱਚਾ ਸਿੱਖ ਅਤੇ ਸੂਰਬੀਰ ਯੋਧਾ
ਬਾਬਾ ਬੰਦਾ ਸਿੰਘ ਜੀ ਬਹਾਦਰ

CLICK HERE TO READ THIS ARTICLE IN HINDI

ਬਾਬਾ ਬੰਦਾ ਸਿੰਘ ਜੀ ਬਹਾਦੁਰ ਦਾ ਜਨਮ ਮਾਤਾ ਸੁਲਖਣੀ ਦੇਵੀ ਜੀ ਦੇ ਕੁਖੋ ਕੱਤਕ ਸੁਦੀ 13 ਸੰਮਤ 1727 ਬਿ. (16 ਅਕਤੂਬਰ, 1670 ਈ.) ਨੂ ਰਾਜੌਰੀ, ਜ਼ਿਲ੍ਹਾ ਪੁਣਛ, ਜੰਮੂ ਕਸ਼ਮੀਰ ਵਿਚ ਹੋਇਆ। ਬੰਦਾ ਸਿੰਘ ਜੀ ਦੇ ਪਿਤਾ ਜੀ ਦਾ ਨਾਂ ਰਾਮਦੇਵ ਜੀ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਹਿਲਾ ਨਾਮ ਲਛਮਣ ਦਾਸ ਸੀ। ਉਨ੍ਹਾਂ ਨੂੰ ਘੋੜ-ਸਵਾਰੀ, ਨਿਸ਼ਾਨੇਬਾਜ਼ੀ ਅਤੇ ਸ਼ਿਕਾਰ ਖੇਡਣ ਦਾ ਬਹੁਤ ਸ਼ੌਕ ਸੀ। ਇੱਕ ਦਿਨ ਉਨ੍ਹਾਂ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ। ਹਿਰਨੀ ਦੇ ਪੇਟ ਵਿਚ ਦੋ ਬੱਚੇ ਸਨ। ਦੋਵੇਂ ਬੱਚੇ ਅਤੇ ਹਿਰਨੀ ਉਨ੍ਹਾਂ ਦੇ ਸਾਹਮਣੇ ਤੜਫ-ਤੜਫ ਕੇ ਮਰ ਗਏ। ਇਸ ਘਟਨਾ ਨੇ ਲਸ਼ਮਣ ਦਾਸ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਨੇ ਅੱਗੋਂ ਕਦੇ ਵੀ ਸ਼ਿਕਾਰ ਨਾ ਖੇਡਣ ਦੀ ਸਹੁੰ ਖਾਧੀ। ਹਿਰਨੀ ਦੀ ਹੱਤਿਆ ਦੇ ਪਛਤਾਵੇ ਕਾਰਨ ਉਨ੍ਹਾਂ ਦੇ ਮਨ ਵਿਚ ਉਦਾਸੀਨਤਾ ਦੀ ਭਾਵਨਾ ਜਾਗ ਉੱਠੀ। ਉਹ ਸਾਧੂ-ਸੰਤਾਂ ਦੇ ਟੋਲਿਆਂ ਨਾਲ ਮਿਲ ਕੇ ਭਾਰਤ ਵਿਚ ਤੀਰਥਾਂ ’ਤੇ ਘੁੰਮਣ-ਫਿਰਨ ਲੱਗੇ। ਪਰ ਉਨ੍ਹਾਂ ਨੂੰ ਕਿਤੇ ਵੀ ਮਨ ਦੀ ਸ਼ਾਂਤੀ ਪ੍ਰਾਪਤ ਨਾ ਹੋਈ। ਉਨ੍ਹਾਂ ਨੇ ਪਹਿਲਾਂ ਜਾਨਕੀ ਪ੍ਰਸ਼ਾਦ, ਫਿਰ ਸਾਧੂ ਰਾਮ ਦਾਸ ਅਤੇ ਅੰਤ ਵਿਚ ਔਘੜ ਨਾਥ ਨੂੰ ਗੁਰੂ ਧਾਰਨ ਕੀਤਾ। ਜਾਨਕੀ ਪ੍ਰਸ਼ਾਦ ਨੇ ਉਨ੍ਹਾਂ ਦਾ ਨਾਂ ਲਛਮਣ ਦਾਸ ਤੋਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ।

DOWNLOAD BANDA SINGH BAHADUR BIRTHDAY GREETINGS

ਰਿੱਧੀਆਂ-ਸਿੱਧੀਆਂ ਅਤੇ ਤਾਂਤਰਿਕ ਵਿੱਦਿਆ ਦੇ ਮਾਹਿਰ ਯੋਗੀ ਔਘੜ ਨਾਥ ਨੇ ਮਾਧੋ ਦਾਸ ਨੂੰ ਯੋਗ ਦੇ ਗੁੱਝੇ ਸਾਧਨ ਅਤੇ ਜਾਦੂਆਂ ਦੇ ਭੇਦ ਦੱਸੇ। ਵੱਖ-ਵੱਖ ਥਾਵਾਂ ਦੀ ਯਾਤਰਾ ਕਰਨ ਉਪਰੰਤ ਮਾਧੋ ਦਾਸ ਨੇ ਨਾਂਦੇੜ ਦੇ ਨੇੜੇ, ਗੋਦਾਵਰੀ ਨਦੀ ਦੇ ਕੰਢੇ, ਇੱਕ ਸ਼ਾਂਤ ਤੇ ਸੁੰਦਰ ਸਥਾਨ ’ਤੇ ਆਪਣਾ ਟਿਕਾਣਾ ਬਣਾ ਲਿਆ। ਸਤੰਬਰ, 1708 ਈਸਵੀ ਵਿਚ ਮਾਧੋ ਦਾਸ ਦੀ ਪਹਿਲੀ ਮੁਲਾਕਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਗੋਦਾਵਰੀ ਨਦੀ ਦੇ ਕੰਢੇ ਹੋਈ। ਉਸਨੇ ਆਪਣੀਆਂ ਰਿਧੀਆਂ-ਸਿੱਧਿਆਂ ਨਾਲ ਗੁਰੂ ਜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਪੇਸ਼ ਨਾ ਗਈ ਅਤੇ ਆਖਿਰ ਵਿਚ ਉਹ ਗੁਰੂ ਜੀ ਦੇ ਚਰਨੀ ਪੈ ਗਿਆ। ਗੁਰੂ ਜੀ ਨਾਲ ਕੁਝ ਦਿਨਾਂ ਦੀ ਸੰਗਤ ਨੇ ਉਸ ਦਾ ਜੀਵਨ ਪੂਰੀ ਤਰ੍ਹਾਂ ਬਦਲ ਦਿੱਤਾ। ਉਹ ਅੰਮ੍ਰਿਤ ਛੱਕ ਕੇ ਮਾਧੋ ਦਾਸ ਤੋਂ ਗੁਰਬਖਸ਼ ਸਿੰਘ ਬਣ ਗਏ। ਗੁਰੂ ਜੀ ਨੇ ਉਨ੍ਹਾਂ ਨੂੰ “ਬੰਦਾ ਬਹਾਦਰ” ਦਾ ਖਿਤਾਬ ਦਿੱਤਾ ਅਤੇ ਉਹ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋ ਗਏ। ਗੁਰੂ ਜੀ ਦੇ ਆਸ਼ੀਰਵਾਦ ਸਦਕਾ ਉਨ੍ਹਾਂ ਨੇ ਥੋੜ੍ਹੇ ਦਿਨਾਂ ਵਿਚ ਹੀ ਗੁਰਮਤਿ ਦਾ ਗਿਆਨ ਤੇ ਖਾਲਸੇ ਦੀ ਰਹਿਤ ਦ੍ਰਿੜ੍ਹ ਕਰ ਲਈ ਸੀ। ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਕਰ ਕੇ ਉਨ੍ਹਾਂ ਨੇ ਜੰਤਰ-ਮੰਤਰ ਤਿਆਗ ਕੇ ਧੁਰ ਕੀ ਬਾਣੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ। ਇਸ ਤਰ੍ਹਾਂ ਉਹ ਪੂਰਨ ਗੁਰਸਿੱਖ ਤੇ ਗੁਰੂ-ਘਰ ਦੇ ਪੱਕੇ ਸੇਵਕ ਬਣ ਗਏ।

ਗੁਰੂ ਜੀ ਨੇ ਉਨ੍ਹਾਂ ਦਾ ਨਿਸ਼ਚਾ, ਦ੍ਰਿੜ੍ਹਤਾ ਅਤੇ ਯੋਗਤਾ ਵੇਖ ਕੇ ਉਨ੍ਹਾਂ ਨੂੰ ਖਾਲਸਾ ਪੰਥ ਦਾ ਆਗੂ ਥਾਪਿਆ। ਗੁਰੂ ਸਾਹਿਬ ਜੀ ਤੋਂ ਉਨ੍ਹਾਂ ਨੇ ਮੁਗ਼ਲ ਹਕੂਮਤ ਦੇ ਜ਼ੁਲਮਾਂ ਦੀ ਦਾਸਤਾਨ ਸੁਣੀ ਕਿ ਕਿਵੇਂ ਜਹਾਂਗੀਰ ਦੇ ਹੁਕਮਾਂ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ, ਔਰੰਗਜ਼ੇਬ ਨੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ, ਦਿੱਲੀ ’ਚ ਸ਼ਹੀਦ ਕੀਤਾ, ਸਾਹਿਬਜ਼ਾਦਿਆਂ ਨੂੰ ਕਿਵੇਂ ਕੋਹ-ਕੋਹ ਕੇ ਸ਼ਹੀਦ ਕੀਤਾ ਗਿਆ। ਇਹ ਸਭ ਸੁਣ ਕੇ ਉਨ੍ਹਾਂ ਦੇ ਲੂੰ-ਕੰਡੇ ਖੜ੍ਹੇ ਹੋ ਗਏ। ਉਨ੍ਹਾਂ ਨੇ ਦਸਮੇਸ਼ ਪਿਤਾ ਜੀ ਤੋਂ ਪੰਜਾਬ ਜਾਣ ਦੀ ਆਗਿਆ ਮੰਗੀ ਤਾਂ ਕਿ ਜ਼ੁਲਮੀ ਹਕੂਮਤ ਦੇ ਰਾਜ-ਤੱਖ਼ਤ ਨੂੰ ਢਹਿ-ਢੇਰੀ ਕਰ ਕੇ ਦੋਖੀਆਂ ਨੂੰ ਉਨ੍ਹਾਂ ਦੇ ਕਰਮਾਂ ਦੀ ਸਜ਼ਾ ਦਿੱਤੀ ਜਾ ਸਕੇ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦਿੱਤਾ, ਪੰਜ ਤੀਰ ਆਪਣੇ ਭੱਥੇ ਵਿਚੋਂ ਬਖ਼ਸ਼ੇ ਅਤੇ ਉਨ੍ਹਾਂ ਦੀ ਸਹਾਇਤਾ ਲਈ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਪੰਜ ਪਿਆਰੇ ਥਾਪੇ ਅਤੇ ਵੀਹ ਕੁ ਹੋਰ ਸੂਰਬੀਰ ਸਿੰਘ ਨਾਲ ਤੋਰੇ। ਨਾਂਦੇੜ ਤੋਂ ਦਿੱਲੀ ਪਹੁੰਚਣ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਕੇਵਲ ਗਿਣਤੀ ਦੇ ਸਿੰਘ ਸਨ। ਰੋਹਤਕ-ਸੋਨੀਪਤ ਦੇ ਇਲਾਕੇ ਵਿਚ ਦਾਖਲ ਹੋਣ ਉਪਰੰਤ ਉਹ ਸਹੇਰੀ-ਖੰਡਾ ਨਾਂ ਦੇ ਦੋ ਜੁੜਵੇਂ ਪਿੰਡਾਂ ਦੀ ਜੂਹ ਵਿਚ ਰੁਕੇ ਤਾਂ ਕਿ ਅਗਲੀ ਰਣਨੀਤੀ ਤੈਅ ਕੀਤੀ ਜਾ ਸਕੇ। ਇੱਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਪੱਤਰ ਲਿਖੇ ਅਤੇ ਗੁਰੂ ਸਾਹਿਬ ਵੱਲੋਂ ਜਾਰੀ ਕੀਤੇ ਹੁਕਮਨਾਮੇ ਭੇਜੇ। ਸੰਦੇਸ਼ ਮਿਲਦਿਆਂ ਹੀ ਸਿੱਖਾਂ ਨੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਸਹੇਰੀ-ਖੰਡਾ ਪਹੁੰਚਣਾ ਸ਼ੁਰੂ ਕਰ ਦਿੱਤਾ।

ਪੰਜਾਬ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੱਖਾਂ ਨੂੰ ਜਥੇਬੰਦ ਕਰਕੇ ਮੁਗ਼ਲ ਹਕੂਮਤ ਵਿਰੁੱਧ ਸੰਘਰਸ਼ ਅਰੰਭ ਕਰ ਦਿੱਤਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਖ਼ਾਲਸੇ ਦੀ ਜਥੇਬੰਦਕ ਸ਼ਕਤੀ ਨੂੰ ਨਾਲ ਲੈ ਕੇ ਅੱਗੇ ਵਧੇ ਤਾਂ ਮੁਗ਼ਲ ਹਕੂਮਤ ਦੇ ਵੱਡੇ-ਵੱਡੇ ਥੰਮ੍ਹ ਹਿੱਲ ਗਏ। ਮੈਦਾਨ-ਏ-ਜੰਗ ਵਿਚ ਮੁਗਲ਼ ਫ਼ੌਜਾਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸਿੰਘਾਂ ਨੇ ਸੋਨੀਪਤ, ਕੈਥਲ, ਸਮਾਣਾ, ਸਢੌਰਾ ਅਤੇ ਮੁਖਲਿਸਗੜ੍ਹ ਆਦਿ ਥਾਂਵਾਂ ਤੇ ਮੁਗਲ਼ਾਂ ਨੂੰ ਹਰਾ ਕੇ ਜਿੱਤਾਂ ਪ੍ਰਾਪਤ ਕੀਤੀਆਂ। 12 ਮਈ, 1710 ਈ. ਨੂੰ ਮੁਹਾਲੀ ਦੇ ਨੇੜੇ, ਚੱਪੜਚਿੜੀ ਦੇ ਸਥਾਨ ਤੇ ਸੂਬੇਦਾਰ ਵਜ਼ੀਰ ਖਾਨ ਅਤੇ ਹੋਰ ਮੁਗਲ਼ ਫ਼ੌਜਾਂ ਨਾਲ ਘਮਸਾਨ ਦਾ ਯੁੱਧ ਹੋਇਆ। ਸਿੱਖਾਂ ਦੀਆਂ ਅੱਖਾਂ ਸਾਹਮਣੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਲ-ਕੰਬਾਊ ਦ੍ਰਿਸ਼ ਘੁੰਮ ਰਿਹਾ ਸੀ। ਉਹ ਜਾਨਾਂ ਵਾਰ ਕੇ ਲੜੇ। ਇਸ ਲੜਾਈ ਵਿਚ ਸੂਬੇਦਾਰ ਵਜ਼ੀਰ ਖਾਂ, ਉਸ ਦਾ ਪੁੱਤਰ ਅਤੇ ਜਵਾਈ ਵੀ ਮਾਰੇ ਗਏ। 14 ਮਈ ਨੂੰ ਸਿੱਖਾਂ ਨੇ ਸਰਹਿੰਦ ਤੇ ਕਬਜ਼ਾ ਕਰ ਲਿਆ। ਉਸ ਨੇ ਪਹਿਲੀ ਵਾਰ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਸੁਤੰਤਰ ਖਾਲਸਾ ਰਾਜ ਦੀ ਘੋਸ਼ਣਾ ਕਰ ਦਿੱਤੀ। ਮੁਖਲਿਸਗੜ੍ਹ ਦੇ ਕਿਲ੍ਹੇ ਨੂੰ ਲੋਹਗੜ੍ਹ ਦਾ ਨਾਂ ਦੇ ਕੇ ਖ਼ਾਲਸਾ ਰਾਜ ਦੀ ਰਾਜਧਾਨੀ ਬਣਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਸਿੱਕਾ ਜਾਰੀ ਕੀਤਾ। ਜਿੱਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਰਿਹਾ। ਲਾਹੌਰ ਤੋਂ ਲੈ ਕੇ ਜਮਨਾ ਪਾਰ, ਸਹਾਰਨਪੁਰ, ਤੱਕ ਦੇ ਇਲਾਕੇ ’ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕਬਜ਼ਾ ਹੋ ਗਿਆ।

ਬਾਬਾ ਬੰਦਾ ਸਿੰਘ ਬਹਾਦਰ ਜੀ ਇਕੱਲੇ ਜੰਗਜੂ ਹੀ ਨਹੀਂ ਸਨ, ਉਹ ਲੋਕਾਂ ਦੇ ਸੇਵਕ ਅਤੇ ਪਰਜਾ ਦੇ ਪਾਲਕ ਵੀ ਸਨ। ਉਨ੍ਹਾਂ ਨੇ ਗਰੀਬਾਂ ਅਤੇ ਨਿਤਾੜੇ ਲੋਕਾਂ ਨੂੰ ਆਪਣੀ ਹਕੂਮਤ ਵਿਚ ਉੱਚੇ ਅਹੁਦਿਆਂ ’ਤੇ ਤਾਇਨਾਤ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਐਲਾਨਨਾਮੇ ‘‘ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ, ਯਾਦ ਕਰੇਂ ਯੇਹ ਹਮਰੀ ਗੁਰਿਆਈ’’ ਨੂੰ ਅਮਲੀ ਜਾਮਾ ਪਹਿਨਾਇਆ। ਸਭ ਤੋਂ ਵੱਧ ਕੇ ਉਨ੍ਹਾਂ ਨੇ ਜ਼ਿਮੀਂਦਾਰਾ ਪ੍ਰਬੰਧ ਵਿਚ ਸੁਧਾਰ ਕੀਤੇ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਨੂੰ ਜ਼ਮੀਨਾਂ ਵਾਲੇ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਚੜ੍ਹਤ ਨੂੰ ਵੇਖਦਿਆਂ ਮੁਗ਼ਲ ਸਮਰਾਟ ਬਹਾਦਰ ਸ਼ਾਹ ਖੁਦ ਵੱਡੀ ਫ਼ੌਜ ਲੈ ਕੇ ਪੰਜਾਬ ਵਿਚ ਦਾਖਲ ਹੋਇਆ। ਮੌਕੇ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬਹਾਦਰ ਸ਼ਾਹ ਨੇ ਹੁਕਮ ਜਾਰੀ ਕੀਤਾ ਕਿ ਜਿੱਥੇ ਕਿਤੇ ਵੀ ਗੁਰੂ ਦੇ ਸਿੱਖ ਮਿਲਣ, ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਵੇ। ਬੰਦਾ ਸਿੰਘ ਬਹਾਦਰ ਜੀ ਅਤੇ ਸਾਥੀ ਸਿੰਘ ਲੋਹਗੜ੍ਹ ਦਾ ਕਿਲ੍ਹਾ ਛੱਡ ਕੇ ਪਹਾੜਾਂ ਵੱਲ ਨਿੱਕਲ ਗਏ। ਉਨ੍ਹਾਂ ਨੇ ਪਹਾੜਾਂ ਵਿਚ ਵੀ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ। ਸਭ ਤੋਂ ਪਹਿਲਾਂ ਰਾਜਾ ਭੀਮ ਚੰਦ ਨੂੰ ਸੋਧਿਆ ਗਿਆ ਜੋ ਦਸਮ ਪਾਤਸ਼ਾਹ ਦੇ ਵੇਲੇ ਤੋਂ ਗੁਰੂ ਘਰ ਨਾਲ ਵੈਰ ਕਮਾ ਰਿਹਾ ਸੀ, ਜਿਸ ਦੇ ਫਲਸਰੂਪ ਮੰਡੀ ਦਾ ਰਾਜਾ ਸਿਧ ਸੈਨ ਤੇ ਹੋਰ ਰਾਜੇ ਨਜ਼ਰਾਨੇ ਲੈ ਕੇ ਪੇਸ਼ ਹੋਏ। ਚੰਬੇ ਦੇ ਰਾਜੇ, ਉਦੇ ਸਿੰਘ, ਨੇ ਰਾਜ ਘਰਾਣੇ ਦੀ ਲੜਕੀ ਬਾਬਾ ਜੀ ਨਾਲ ਵਿਆਹ ਦਿੱਤੀ, ਜਿਸ ਦੀ ਕੁੱਖੋਂ ਅਜੈ ਸਿੰਘ ਦਾ ਜਨਮ ਹੋਇਆ।

ਮੁਗ਼ਲ ਸਮਰਾਟ ਬਹਾਦਰ ਸ਼ਾਹ ਦੀ 18 ਫਰਵਰੀ, 1712 ਨੂੰ ਲਾਹੌਰ ਵਿਖੇ ਮੌਤ ਹੋ ਗਈ। ਮੌਕੇ ਦਾ ਲਾਭ ਉਠਾਉਂਦਿਆਂ, ਬੰਦਾ ਸਿੰਘ ਬਹਾਦਰ ਜੀ ਨੇ ਮੁੜ ਆਪਣੀ ਸ਼ਕਤੀ ਨੂੰ ਸੰਗਠਿਤ ਕੀਤਾ ਅਤੇ ਕਈ ਇਲਾਕਿਆਂ ’ਤੇ ਕਾਬਜ਼ ਹੋ ਗਏ। ਉਨ੍ਹਾਂ ਨੇ ਮਾਰਚ, 1715 ਵਿਚ ਕਲਾਨੌਰ ਤੇ ਬਟਾਲੇ ’ਤੇ ਕਬਜ਼ਾ ਕਰ ਲਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਸਿੱਖਾਂ ਸਮੇਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਮੁਗਲ਼ ਫ਼ੌਜ ਦੇ ਘੇਰੇ ਵਿਚ ਆ ਗਏ। ਇਹ ਘੇਰਾ ਕਈ ਮਹੀਨਿਆਂ ਤੱਕ ਜਾਰੀ ਰਿਹਾ ਅਤੇ ਰਸਦ ਪਾਣੀ ਮੁੱਕ ਗਿਆ। ਸਿੱਖਾਂ ਨੇ ਦਰਖ਼ਤਾਂ ਦੇ ਪੱਤੇ ਆਦਿ ਖਾ ਕੇ ਗੁਜ਼ਾਰਾ ਕੀਤਾ। 7 ਦਸੰਬਰ, 1715 ਨੂੰ ਸ਼ਾਹੀ ਫ਼ੌਜਾਂ ਨੇ ਗੜ੍ਹੀ ’ਤੇ ਕਬਜ਼ਾ ਕਰ ਲਿਆ। ਸ਼ਾਹੀ ਫ਼ੌਜਾਂ ਦੀ ਜਿੱਤ ’ਤੇ ਟਿੱਪਣੀ ਕਰਦਿਆਂ, ਹਾਜੀ ਕਾਮਵਰ ਖਾਂ ਆਪਣੀ ਪੁਸਤਕ ‘ਤਜ਼ਕਿਰਾਤੂ-ਸਲਾਤੀਨ ਚੁਗਤਾਂਈਆ’, ਵਿਚ ਲਿਖਦਾ ਹੈ ਕਿ ‘‘ਇਹ ਕਿਸੇ ਦੀ ਅਕਲਮੰਦੀ ਜਾਂ ਬਹਾਦਰੀ ਦਾ ਨਤੀਜਾ ਨਹੀਂ ਸੀ, ਬਲਕਿ ਰੱਬ ਦੀ ਮਿਹਰਬਾਨੀ ਸੀ। ਕਾਫ਼ਰ ਸਿੱਖ (ਬੰਦਾ ਸਿੰਘ ਬਹਾਦਰ) ਅਤੇ ਉਸ ਦੇ ਸਾਥੀ ਭੁੱਖ ਨੇ ਅਧੀਨ ਹੋਣ ਲਈ ਮਜ਼ਬੂਰ ਕਰ ਦਿੱਤੇ ਸਨ।’’

ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਲਗਭਗ 800 ਸਿੱਖਾਂ ਨੂੰ ਕੈਦੀ ਬਣਾ ਕੇ ਪਹਿਲਾਂ ਲਾਹੌਰ ਲਿਆਂਦਾ ਗਿਆ। ਫਿਰ ਅਤਿ ਖੁਆਰੀ ਦੀ ਹਾਲਤ ਵਿਚ ਜਲੂਸ ਦੀ ਸ਼ਕਲ ਵਿਚ ਦਿੱਲੀ ਲਿਜਾਇਆ ਗਿਆ। ਇਹ ਜਲੂਸ 27 ਫਰਵਰੀ, 1716 ਨੂੰ ਦਿੱਲੀ ਵਿਚ ਦਾਖਲ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਉਸ ਦੇ ਮੁੱਖ ਸਾਥੀਆਂ ਨੂੰ ਤ੍ਰਿਪੋਲੀਏ ਵਿਖੇ ਕੈਦ ਕਰਨ ਲਈ ਇਬਰਾਹੀਮ-ਉਦ-ਦੀਨ ਮੀਰ ਆਤਿਸ਼ ਦੇ ਹਵਾਲੇ ਕਰ ਦਿੱਤਾ ਗਿਆ। ਬਾਕੀਆਂ ਨੂੰ ਸਰਬਰਾਹ ਖਾਨ ਦੇ ਹਵਾਲੇ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਪਤਨੀ ਅਤੇ ਉਸ ਦੇ ਚਾਰ ਵਰ੍ਹਿਆਂ ਦੇ ਪੁੱਤਰ ਅਜੈ ਸਿੰਘ ਨੂੰ ਵੱਖਰੇ ਤੌਰ ’ਤੇ ਕੈਦ ਵਿਚ ਰੱਖਿਆ ਗਿਆ। 5 ਮਾਰਚ, 1715 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਹਰ ਰੋਜ਼ 100 ਸਿੱਖ ਸ਼ਹੀਦ ਕੀਤੇ ਜਾਂਦੇ ਸਨ। ਸੱਤ ਦਿਨਾਂ ਤੱਕ ਸ਼ਹੀਦੀਆਂ ਦਾ ਸਿਲਸਿਲਾ ਜਾਰੀ ਰਿਹਾ।

9 ਜੂਨ, 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਉਸ ਦੇ ਸਾਥੀਆਂ ਨੂੰ ਇੱਕ ਜਲੂਸ ਦੀ ਸ਼ਕਲ ਵਿਚ ਕੁਤਬ-ਮੀਨਾਰ ਦੇ ਨੇੜੇ ਖੁਆਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਕਰਨ ਤੋਂ ਪਹਿਲਾਂ ਉਸ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰਕੇ ਉਸ ਦਾ ਧੜਕਦਾ ਹੋਇਆ ਦਿਲ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ। ਫਿਰ ਤਸੀਹੇ ਦੇਣ ਲਈ ਭਖਦੇ ਹੋਏ ਲਾਲ ਗਰਮ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ। ਛੁਰੇ ਦੀ ਨੋਕ ਨਾਲ ਅੱਖਾਂ ਕੱਢੀਆਂ ਗਈਆਂ, ਹੱਥ-ਪੈਰ ਕੱਟ ਦਿੱਤੇ ਗਏ ਅਤੇ ਅੰਤ ਸਿਰ ਕਲਮ ਕਰ ਦਿੱਤਾ ਗਿਆ। ਸ਼ਹੀਦ ਹੋਣ ਸਮੇਂ ਜਿਸ ਅਡੋਲਤਾ ਦਾ ਪ੍ਰਗਟਾਵਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤਾ, ਉਹ ਕੇਵਲ ਇੱਕ ਮਹਾਨ ਯੋਧਾ ਤੇ ਗੁਰੂ ਦਾ ਸਿੱਖ ਹੀ ਕਰ ਸਕਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਮਹਾਨ ਜਰਨੈਲ, ਨਿਰਭੈ ਯੋਧੇ ਅਤੇ ਸੱਚੇ ਸ਼ਰਧਾਲੂ ਸਿੱਖ ਦੇ ਤੌਰ ’ਤੇ ਸਾਡੇ ਸਾਹਮਣੇ ਆਉਂਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੁਸ਼ਮਣ ਦੀਆਂ ਫ਼ੌਜਾਂ ਨਾਲ ਆਪ ਟੱਕਰ ਲੈ ਕੇ ਇਹ ਸਿੱਧ ਕਰ ਦਿੱਤਾ ਕਿ ਖ਼ਾਲਸਾ ਕੇਵਲ ਆਪਣੀ ਰੱਖਿਆ ਲਈ ਹੀ ਨਹੀਂ ਲੜਦਾ ਸਗੋਂ ਜ਼ਾਲਮਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਸੋਧਣ ਦੀ ਸਮਰੱਥਾ ਵੀ ਰੱਖਦਾ ਹੈ।

ਸਿੱਖਿਆ – ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਤੋਂ ਸੇਧ ਲੈ ਕੇ ਗੁਰਮਤਿ ਜੀਵਨ ਦੇ ਧਾਰਨੀ ਬਣ ਕੇ ਪ੍ਰਭੂ ਭਾਣੇ ਵਿਚ ਜਿਊਣ ਦੀ ਜਾਚ ਸਿੱਖਣੀ ਚਾਹੀਦੀ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.