ਸ਼ਹੀਦ ਬਾਬਾ ਉਦੈ ਸਿੰਘ ਜੀ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੂਰਬੀਰ ਜੋਧਿਆਂ ਵਿਚੋ ਬਾਬਾ ਉਦੈ ਸਿੰਘ ਜੀ ਦਾ ਨਾਮ ਸਿਖੀ ਦੇ ਅਸਮਾਨ ਵਿਚ ਸਦਾ ਚਮਕਦਾ ਰਹੇਗਾ। ਬਾਬਾ ਉਦੈ ਸਿੰਘ ਜੀ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਤੀਜੇ ਸਪੁੱਤਰ ਸਨ ਅਤੇ ਗੁਰੂ ਸਾਹਿਬ ਦੇ ਮੁਖ ਜਰਨੈਲਾਂ ਵਿਚੋਂ ਇੱਕ ਸਨ।
ਆਪ ਨੇ ਹੀ ਸੰਨ 1700 ਵਿਚ ਆਨੰਦਪੁਰ ਸਾਹਿਬ ਦੀ ਪਹਿਲੀ ਜੰਗ ਸਮੇਂ ਰਾਜੇ ਕੇਸਰੀ ਚੰਦ ਦਾ ਸਿਰ ਵੱਡ ਕੇ ਦਸਮੇਸ਼ ਪਿਤਾ ਦੇ ਚਰਨਾ ਚ ਲਿਆ ਧਰਿਆ ਸੀ। ਇਸ ਜੰਗ ਵਿਚ ਆਪ ਦੇ ਵੱਡੇ ਭਰਾ ਬਾਬਾ ਬਚਿੱਤਰ ਸਿੰਘ ਜੀ ਨੇ ਖੂਨੀ ਹਾਥੀ ਦਾ ਟਾਕਰਾ ਕੀਤਾ ਸੀ। ਹਾਥੀ ਭੱਜਣ ਮਗਰੋਂ ਦਸਮੇਸ਼ ਨੇ ਹੁਕਮ ਕੀਤਾ ਸੀ ਕੇ ਸਾਡੇ ਵੱਲ ਇਹ ਹਾਥੀ ਛਡਣ ਵਾਲੇ ਕੇਸਰੀ ਚੰਦ ਦਾ ਸਿਰ ਕੌਣ ਲੈਕੇ ਆਵੇਗਾ? ਬਾਬਾ ਉਦੈ ਸਿੰਘ ਨੇ ਆਗਿਆ ਮੰਗੀ ਅਤੇ ਕੁਝ ਮਿੰਟਾ ਵਿਚ ਹੀ ਰਾਜੇ ਕੇਸਰੀ ਚੰਦ ਦਾ ਸਿਰ ਵੱਡ ਕੇ ਲੈ ਆਏ। ਆਨੰਦਪੁਰ ਸਾਹਿਬ ਦੀ ਤੀਜੀ ਜੰਗ ਵੇਲੇ ਜਦੋਂ ਬਾਬਾ ਉਦੈ ਸਿੰਘ ਅਤੇ ਬਾਬਾ ਆਲਮ ਸਿੰਘ ਨੇ ਫੌਜਾਂ ਦੀ ਕਮਾਂਡ ਸੰਭਾਲੀ ਤਾਂ ਜੰਗ ਵਿਚ ਦੁਸ਼ਮਨ ਦੇ ਇਕ ਵਾਰ ਨਾਲ ਨਿਸ਼ਾਨ ਸਾਹਿਬ ਵੱਡਿਆ ਗਿਆ ਅਤੇ ਧਰਤੀ ਦੇ ਡਿੱਗ ਗਿਆ। ਸਿੰਘਾ ਨੇ ਜੰਗ ਫਤਿਹ ਕਰਨ ਮਗਰੋਂ, ਮਹਾਰਾਜ ਨੂੰ ਸਾਰੀ ਵਾਰਤਾ ਦੱਸੀ। ਮਹਾਰਾਜ ਨੇ ਪਾਟੇ ਹੋਏ ਨਿਸ਼ਾਨ ਸਾਹਿਬ ਦੇ ਟੁਕੜੇ ਸਿੰਘਾ ਦੇ ਦੁਮਾਲਿਆਂ ਵਿਚ ਸਜਾ ਦਿੱਤੇ ਅਤੇ ਮੁਸਕਰਾ ਕੇ ਬਚਨ ਕੀਤਾ, ਹੁਣ ਤੁਹਾਡੇ ਸੀਸ ਤਾਂ ਲਥ ਜਾਣਗੇ ਪਰ ਤੁਹਾਡੇ ਜਿਓੰਦੇ ਜੀ ਇਹ ਨਿਸ਼ਾਨ ਨਹੀ ਡਿਗਦੇ। ਦੁਮਾਲੇ ਵਿਚ ਲੱਗਾ ”ਫਰਲਾ” ਨਿਸ਼ਾਨ ਸਾਹਿਬ ਦਾ ਹੀ ਪ੍ਰਤੀਕ ਹੈ ਅਤੇ ਸਭ ਤੋਂ ਪਹਿਲਾਂ ਇਹ ਫਰਲਾ ਬਾਬਾ ਉਦੈ ਸਿੰਘ ਜੀ ਦੇ ਸੀਸ ਤੇ ਹੀ ਸਜਾਇਆ ਗਿਆ।
ਆਨੰਦਪੁਰ ਸਾਹਿਬ ਛਡਣ ਵੇਲੇ ਜਦੋਂ ਗੁਰੂ ਸਾਹਿਬ ਸਿਰਸਾ ਕੰਡੇ ਕੀਰਤਨ ਕਰਦੇ ਸਨ ਤਾਂ ਮੁਗਲਾਂ ਅਤੇ ਪਹਾੜੀਆਂ ਨੇ ਕਸਮਾਂ ਤੋੜਕੇ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਬਾਬਾ ਉਦੈ ਸਿੰਘ ਵਹੀਰ ਦੇ ਪਿਛੇ ਤੁਰ ਰਹੇ ਸਨ, ਰਖਿਆ ਵਾਸਤੇ। ਜਦ ਹਮਲਾ ਹੋਇਆ ਤਾਂ ਬਾਬਾ ਉਦੈ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਗੁਰੂ ਪਿਤਾ ਵੀ ਵਲ ਭੇਜ ਦਿੱਤਾ ਅਤੇ ਆਪ ਸਿਆਹੀ ਟਿੱਬੀ ਦੇ ਨੇੜੇ ਆਪਣੇ 100 ਸਿੰਘਾਂ ਨਾਲ ਮੋਰਚਾ ਲਾ ਲਿਆ। ਗਹਿ-ਗਚ ਜੁਧ ਹੋਇਆ। ਲਹੂ ਦੀਆਂ ਨਦੀਆਂ ਵਹਿ ਤੁਰੀਆਂ। ਸਿਆਹੀ ਟਿੱਬੀ ਤੇ ਭਿਆਨਕ ਜੁਧ ਹੋਇਆ ਜਿਸਦੀ ਕਮਾਂਡ ਬਾਬਾ ਉਦੈ ਸਿੰਘ ਜੀ ਨੇ ਕੀਤੀ। ਸਿੰਘ ਓਦੋਂ ਤਕ ਜੂਝਦੇ ਰਹੇ ਜਦ ਤੱਕ ਗੁਰੂ ਸਾਹਿਬ ਅਤੇ ਸਾਰਾ ਪਰਿਵਾਰ ਸਿਰਸਾ ਪਾਰ ਕਰਕੇ ਦੂਰ ਨਹੀ ਚਲੇ ਗਏ।
ਅਖੀਰ ਲਖਾਂ ਦੀ ਫੌਜ ਦਾ ਟਾਕਰਾ ਕਰਦੇ ਹੋਏ 7 ਪੋਹ ਸਵੇਰ ਗੁਰੂ ਸਾਹਿਬ ਦੇ ਕਿਰਪਾ ਪਾਤਰ, ਬਾਬਾ ਅਜੀਤ ਸਿੰਘ ਜੀ ਦੇ ਮਹਾਨ ਸਾਥੀ ਜਰਨੈਲ, ਬਾਬਾ ਮਨੀ ਸਿੰਘ ਜੀ ਦੇ ਸਪੁੱਤਰ, ਜਥੇਦਾਰ ਬਾਬਾ ਉਦੈ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ