Sidki Sikh – Shaheed Baba Deep Singh Ji
ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ
Download Baba Deep Singh Ji Birthday Greetings
Sidki Sikh – Shaheed Baba Deep Singh Ji
ਕਲਮ ਅਤੇ ਖੰਡੇ ਦੇ ਧਨੀ ਬੁਢੇ ਜਰਨੈਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ (26 ਜਨਵਰੀ 1682–1757) ਨੂੰ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਪਿੰਡ ਪਹੂਿਵੰਡ ਨੇੜੇ ਭਿੱਖੀਵਿੰਡ (ਤਰਨ ਤਾਰਨ) ਵਿਚ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ ‘ਦੀਪਾ’ ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ ‘ਦੀਪਾ’ ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ ‘ਦੀਪੇ’ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ ‘ਦੀਪ ਸਿੰਘ’ ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾਂ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।
Download Baba Deep Singh Ji Shaheedi Greetings
ਵਿਦਵਾਨ ਤੇ ਸੂਰਬੀਰ – 20-22 ਸਾਲ ਦੀ ਉਮਰ ਵਿੱਚ ਹੀ ਬਾਬਾ ਦੀਪ ਸਿੰਘ ਇੱਕ ਸਿਆਣੇ ਵਿਦਵਾਨ ਤੇ ਸੂਰਬੀਰ ਸੈਨਿਕ ਬਣ ਗਏ। ਇੱਕ ਪਾਸੇ ਤਾਂ ਆਪ ਸਿੱਖ ਸੰਗਤ ਅੰਦਰ ਪਾਵਨ ਗੁਰਬਾਣੀ ਦਾ ਗਿਆਨ ਕਰਵਾਉਂਦੇ ਅਤੇ ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖਾਂ ਵਿੱਚ ਨਵਾਂ ਧਾਰਮਿਕ ਜੋਸ਼ ਭਰਦੇ ਸਨ, ਦੂਸਰੇ ਪਾਸੇ ਆਪ ਸਿੰਘ ਸੂਰਮਿਆਂ ਦੇ ਜਥੇ ਤਿਆਰ ਕਰਕੇ ਲੋੜ ਸਮੇਂ ਮੈਦਾਨ-ਏ-ਜੰਗ ਵਿੱਚ ਜਾ ਕੇ ਜੈਕਾਰੇ ਬੁਲਾਉਂਦੇ ਸਨ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ ਵੱਖ-ਵੱਖ ਅਸਥਾਨਾਂ ਰਾਹੀਂ ਹੁੰਦੇ ਹੋਏ ਪਾਵਨ ਅਸਥਾਨ ਦਮਦਮਾ ਸਾਹਿਬ, ਤਲਵੰਡੀ ਸਾਬੋ, ਜ਼ਿਲ਼੍ਹਾ ਬਠਿੰਡਾ ਵਿਖੇ ਪਹੁੰਚੇ। ਇਸ ਪਾਵਨ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਆਪ ਜੀ ਇੱਕ ਮਹਾਨ ਕੀਰਤਨੀਏ ਤੇ ਵਧੀਆ ਲਿਖਾਰੀ ਵੀ ਸਨ।
‘ਗੁਰੂ ਕੀ ਕਾਂਸ਼ੀ’ – ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ ਦੀ ਤਿਆਰੀ ਦਾ ਕੰਮ ਮੁੜ ਕੇ ਆਰੰਭ ਕੀਤਾ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਦਸਮ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਲਿਖਾਰੀ ਦਾ ਕੰਮ ਕਰਦੇ ਰਹੇ। ਗੁਰੂ ਪਾਤਸ਼ਾਹ ਜੀ ਜਦੋਂ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਜੀ ਨੂੰ ‘ਗੁਰੂ ਕੀ ਕਾਂਸ਼ੀ’ ਦਮਦਮਾ ਸਾਹਿਬ ਦੇ ਅਸਥਾਨ ਦੀ ਸੇਵਾ-ਸੰਭਾਲ ਅਤੇ ਗੁਰਬਾਣੀ ਪੜ੍ਹਨ-ਪੜ੍ਹਾਉਣ ਤੇ ਲਿਖਵਾਉਣ ਦੀ ਸੇਵਾ ਲਈ ਨਿਯਤ ਕਰ ਗਏ ਸਨ। ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਸਹਿਤ ਨਿਭਾਈ। ਆਪ ਖ਼ੁਦ ਗੁਰਬਾਣੀ ਦੇ ਅਭਿਲਾਸ਼ੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਕਾਰਜ ਕਰਦੇ ਅਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ ਸਨ। ਇਸ ਸਮੇਂ ਦੌਰਾਨ ਹੀ ਬਾਬਾ ਜੀ ਨੇ ਸ੍ਰੀ ਗੁਰੂ ਗੰਰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਆਪਣੇ ਹੱਥੀਂ ਉਤਾਰਾ ਕੀਤਾ ਸੀ। ਕਿਹਾ ਜਾਂਦਾ ਹੈ ਕਿ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਪਿੱਛੋਂ ਬਾਬਾ ਦੀਪ ਸਿੰਘ ਜੀ ਹੀ ਵੱਡੇ ਸਿੱਖ ਵਿਦਵਾਨ ਸਨ।
12 ਮਿਸਲਾਂ – 17ਵੀਂ ਸਦੀ ਵਿੱਚ ਸਮੁੱਚਾ ਖਾਲਸਾ ਪੰਥ ਜੰਗਲਾਂ ਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇੱਕ ਸੰਗਠਿਤ ਰੂਪ ਵਿੱਚ ਇਕੱਤਰ ਹੋਇਆ। ਖਾਲਸਾ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਇਕੱਤਰ ਕਰ ਕੇ 12 ਮਿਸਲਾਂ ਅੰਦਰ ਵੰਡਿਆ ਗਿਆ ਜਿਸ ਦੇ 12 ਮੁੱਖ ਜਥੇਦਾਰ ਥਾਪੇ ਗਏ। ਇਨ੍ਹਾਂ ਮਿਸਲਾਂ ਵਿੱਚੋਂ ਇੱਕ ਮਿਸਲ ਦਾ ਨਾਂ ਸੀ ‘ਸ਼ਹੀਦ ਮਿਸਲ’। ਬਾਬਾ ਦੀਪ ਸਿੰਘ ਜੀ ਇਸ ‘ਸ਼ਹੀਦ ਮਿਸਲ’ ਦੇ ਮੁੱਖ ਜਥੇਦਾਰ ਸਨ। ਇਸ ਸਦੀ ਅੰਦਰ ਭਾਰਤ ਨੂੰ ਵਿਦੇਸ਼ੀ ਹਮਲਾਵਾਰਾਂ ਨੇ ਖ਼ੂਬ ਲੁੱਟਿਆ ਤੇ ਇਥੋਂ ਦੀਆਂ ਬਹੂ-ਬੇਟੀਆਂ ਦੀ ਇੱਜ਼ਤ ਨੂੰ ਮਿੱਟੀ ਵਿੱਚ ਰੋਲ਼ਿਆ। ਇਸ ਸਮੇਂ ਮਿਸਲਾਂ ਦੇ ਜਥੇਦਾਰਾਂ ਨੇ ਮਿਲ ਕੇ ਇਨ੍ਹਾਂ ਅਫ਼ਗਾਨ ਧਾੜਵੀਆਂ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ ਜਿਸ ਨਾਲ ਭਾਰਤ ਦਾ ਲੁੱਟਿਆ ਬਹੁ-ਕੀਮਤੀ ਮਾਲ-ਅਸਬਾਬ ਵਾਪਸ ਦਿਵਾਇਆ ਜਾਂਦਾ ਰਿਹਾ। ਸਿੱਖੀ ਪਰੰਪਰਾ ਦਾ ਇੱਕ ਅਨਿੱਖੜਵਾਂ ਤੇ ਸਰਵੋਤਮ ਪੱਖ ਹੈ ਕਿ ਕਿਸੇ ਮਜ਼ਲੂਮ ਤੇ ਗਰੀਬ ਦੀ ਰੱਖਿਆ ਕਰਨਾ ਅਤੇ ਅਨਿਆਂ ਵਿਰੁੱਧ ਡਟ ਕੇ ਪਹਿਰਾ ਦੇਣਾ। ਉਸ ਸਮੇਂ ਸਿੱਖ ਪੰਥ ਨੇ ਸਿੱਖੀ ਦੀ ਇਸ ਮਹਾਨ ਪਰੰਪਰਾ ਉਂਪਰ ਬਾਖ਼ੂਬੀ ਅਮਲ ਕਰਦਿਆਂ ਪਹਿਰਾ ਦਿੱਤਾ ਅਤੇ ਮੁਗ਼ਲ ਤੇ ਅਫ਼ਗਾਨ ਧਾੜਵੀਆਂ ਨੂੰ ਪਛਾੜਿਆ।
ਲਕੀਰ ਖਿੱਚੀ – ਅਹਿਮਦ ਸ਼ਾਹ ਦੁਰਾਨੀ ਜੋ ਸਿੱਖਾਂ ਦੇ ਸਖ਼ਤ ਵਿਰੁੱਧ ਸੀ ਅਤੇ ਸਿੱਖਾਂ ਨੂੰ ਖ਼ਤਮ ਕਰਨ ਉਂਤੇ ਤੁਲਿਆ ਹੋਇਆ ਸੀ, ਆਪਣੇ 1757 ਈ: ਦੇ ਹਿੰਦੁਸਤਾਨ ਦੇ ਹਮਲੇ ਵੇਲੇ ਦਿੱਲੀ ਜਾਂਦਾ ਹੋਇਆ ਕੁਝ ਦੇਰ ਲਈ ਲਾਹੌਰ ਠਹਿਿਰਆ। ਉਸ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਹਿਆ। ਇਸ ਹਮਲੇ ਸਮੇਂ ਅੰਮ੍ਰਿਤਸਰ ਸ਼ਹਿਰ ਦੇ ਇਨਚਾਰਜ ਜਹਾਨ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਅਸਥਾਨ ‘ਤੇ ਪੁੱਜੀ ਤਾਂ ਆਪ ਦੇ ਦਿਲ ‘ਤੇ ਅਸਹਿ ਸੱਟ ਵੱਜੀ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤ੍ਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਆਸ-ਪਾਸ ਦੇ ਨਗਰਾਂ ਤੇ ਟਿਕਾਣਿਆਂ ‘ਤੇ ਇਤਲਾਹ ਦਿੱਤੀ ਗਈ। ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਜੀ ਦੀ ਅਗਵਾਈ ਵਿੱਚ ਪਾਵਨ ਧਰਮ ਅਸਥਾਨ ਦੀ ਰੱਖਿਆ ਲਈ ਹਾਜ਼ਰ ਹੋਏ। ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਣਗਿਣਤ ਹੋ ਗਈ। ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜੱਥਾ ਮਾਝੇ ਦੇ ਇਲਾਕੇ ਅੰਦਰ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ਵਿਖੇ ਪਹੁੰਚ ਕੇ ਸਿੰਘਾਂ ਦੇ ਸਾਰੇ ਸਮੂਹ ਨੇ ਅਰਦਾਸ ਕੀਤੀ। ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ।
ਅਫ਼ਗਾਨ ਸਿੰਘਾਂ ਦਾ ਟਾਕਰਾ – ਇਧਰ ਜਹਾਨ ਖਾਨ ਨੂੰ ਵੀ ਸੂਹੀਏ ਰਾਹੀਂ ਪਤਾ ਲੱਗ ਗਿਆ ਕਿ ਸਿੱਖ ਉਨ੍ਹਾਂ ਉਂਪਰ ਹਮਲਾ ਕਰਨ ਲਈ ਆ ਰਹੇ ਹਨ। ਇਹ ਖ਼ਬਰ ਸੁਣ ਕੇ ਜਹਾਨ ਖਾਨ ਨੇ ਆਪਣੇ ਸਹਾਇਕ ਅਤਾਈ ਖਾਨ ਨੂੰ ਸਿੱਖਾਂ ਉਂਤੇ ਹਮਲਾ ਕਰਨ ਦੇ ਆਦੇਸ਼ ਦਿੱਤੇ। ਜਹਾਨ ਖਾਨ ਆਪ ਘੋੜ ਸਵਾਰ ਫੌਜ ਨਾਲ ਲੈ ਕੇ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਗੋਹਲਵੜ ਦੇ ਸਥਾਨ ‘ਤੇ ਪਹੁੰਚ ਗਿਆ, ਜਿੱਥੇ ਸਿੰਘਾਂ ਤੇ ਅਫ਼ਗਾਨਾਂ ਦੀ ਟੱਕਰ ਹੋਈ। ਅਫ਼ਗਾਨ ਸਿੰਘਾਂ ਦਾ ਟਾਕਰਾ ਨਾ ਕਰ ਸਕੇ। ਸਿੰਘਾਂ ਦੇ ਅੱਗੇ ਲੱਗ ਕੇ ਮੈਦਾਨੋਂ ਭੱਜ ਨਿਕਲੇ। ਇਤਨੇ ਨੂੰ ਜਹਾਨ ਖਾਨ ਦਾ ਸਹਾਇਕ ਅਤਾਈ ਖਾਨ ਆਪਣੀ ਭਾਰੀ ਫੌਜ ਲੈ ਕੇ ਆ ਗਿਆ, ਜਿਸ ਨਾਲ ਮੈਦਾਨ-ਏ-ਜੰਗ ਦੀ ਰੂਪ-ਰੇਖਾ ਬਦਲ ਗਈ। ਇਸ ਘਮਸਾਨ ਦੀ ਜੰਗ ਅੰਦਰ ਸਿੱਖਾਂ ਦਾ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿੰਘ ਇਕ-ਇਕ ਕਰਕੇ ਸ਼ਹੀਦ ਹੋਣ ਲੱਗੇ। ਇਸ ਯੁੱਧ ਵਿੱਚ ਹੌਲੀ-ਹੌਲੀ ਸਿੰਘ ਅਫ਼ਗਾਨਾਂ ਨੂੰ ਧੱਕਦੇ-ਧੱਕਦੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਚਾਟੀਵਿੰਡ ਦਰਵਾਜੇ ਦੇ ਨੇੜੇ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਪੁੱਜ ਗਏ। ਬਾਬਾ ਦੀਪ ਸਿੰਘ ਜੀ 8 ਸੇਰ ਕੱਚੇ ਦਾ ਦੋ-ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੁਆਉਂਦੇ ਹੋਏ ਅੱਗੇ ਵਧਦੇ ਜਾ ਰਹੇ ਸਨ। ਉਹ ਸਖ਼ਤ ਜਖ਼ਮੀ ਹੋ ਗਏ ਸਨ। ਅਫ਼ਗਾਨ ਦੁਸ਼ਮਣ ਦਾ ਇੱਕ ਕਮਾਂਡਰ ਅਮਾਨ ਖਾਨ ਅੱਗੇ ਵਧਿਆ ਤੇ ਬਾਬਾ ਜੀ ‘ਤੇ ਵਾਰ ਕਰਨ ਲੱਗਾ। ਅੱਗੋਂ ਬਾਬਾ ਜੀ ਨੇ ਵੀ ਵਾਰ ਕੀਤਾ। ਇਸ ਸਾਂਝੇ ਵਾਰ ਵਿੱਚ ਬਾਬਾ ਜੀ ਨੇ ਉਸ ਮੁਗ਼ਲ ਕਮਾਂਡਰ ਨੂੰ ਤਾਂ ਥਾਂ ‘ਤੇ ਹੀ ਖ਼ਤਮ ਕਰ ਦਿੱਤਾ ਪਰ ਨਾਲ ਹੀ ਇਨ੍ਹਾਂ ਦੀ ਧੌਣ ਉਂਤੇ ਇੱਕ ਘਾਤਕ ਘਾਉ ਲੱਗਾ, ਜਿਸ ਨਾਲ ਬਾਬਾ ਜੀ ਦਾ ਸੀਸ ਇੱਕ ਪਾਸੇ ਉਲਰ ਗਿਆ। ਬਾਬਾ ਜੀ ਇੱਕ ਹੱਥ ਨਾਲ ਸਿਰ ਨੂੰ ਸਹਾਰਾ ਦੇ ਕੇ ਦੂਜੇ ਹਥ ਨਾਲ ਲੜਦੇ ਹੋਏ ਕਈ ਮੁਗਲਾਂ ਨੂੰ ਮਾਰਦੇ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਚ ਪੁੱਜ ਕੇ ਸੁਅਸ ਛੱਡੇ।
ਸ਼ਹੀਦ ਹੋਏ ਸਿੰਘ
ਸੰਨ 1757 ਈ: ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਹਿਤ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਇੱਕ ਥੜ੍ਹੇ ਉਂਪਰ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ। ਉਸ ਥੜ੍ਹੇ ਉਂਪਰ ਕੁਝ ਸਿੰਘਾਂ ਦੇ ਨਾਮ ਹੇਠ ਲਿਖੇ ਅਨੁਸਾਰ ਲਿਖੇ ਹੋਏ ਹਨ:
ਬਾਬਾ ਦੀਪ ਸਿੰਘ ਜੀ ਸ਼ਹੀਦ ਹੈਂਡ ਜਥੇਦਾਰ
ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ
ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ
ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ
ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ
ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ
ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ
ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ
ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ
ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ
ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਜ਼ਾਲਮਾਂ ਤੋਂ ਬਦਲਾ ਲੈਂਦੇ ਹੋਏ ਅਤੇ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ।
ਸ਼ਹੀਦੀ ਅਸਥਾਨ ਗੁਰਦੁਆਰਾ
ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਹੈ, ਜਿੱਥੇ ਅੱਜਕਲ੍ਹ ‘ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ’ ਸੁਸ਼ੋਭਿਤ ਹੈ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾਂ ਵਿੱਚ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਸੀ, ਉਥੇ ਵੀ ਪਾਵਨ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਬਾਬਾ ਦੀਪ ਸਿੰਘ ਜੀ ਦਾ ਉਹ ਦੋ-ਧਾਰਾ ਖੰਡਾ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਸਤਰਾਂ ਵਿੱਚ ਸੰਭਾਲ ਕੇ ਰੱਖਿਆ ਗਿਆ, ਜਿਸ ਦੇ ਹਰ ਰੋਜ਼ ਸ਼ਾਮ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.
| Gurpurab Dates 2022 | Sangrand Dates 2022 | Puranmashi Dates 2022 | Masya Dates 2022 | Panchami Dates 2022 | Dasmi Dates 2022 | Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |