ਮਾਤਾ ਕੌਲਾਂ ਜੀ ਲਾਹੌਰ ਮੁਝੰਗ ਨਿਵਾਸੀ ਕਾਜ਼ੀ ਰੁਸਤਮ ਖ਼ਾਂ ਦੀ ਪੁੱਤਰੀ ਸਨ। ਇਸੇ
ਪਿੰਡ ਵਿੱਚ ਪੂਰਨ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ। ਮਾਤਾ ਕੌਲਾਂ
ਜੀ ਨੂੰ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ
ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਿਸ ਦਾ ਸਦਕਾ ਆਪ ਜੀ ਨੂੰ ਗੁਰਬਾਣੀ
ਨਾਲ ਅਥਾਹ ਪ੍ਰੇਮ ਹੋ ਗਿਆ। ਮਾਤਾ ਕੌਲਾਂ ਜੀ ਦਿਨ ਰਾਤ ਸ੍ਰੀ ਗੁਰੂ ਅਰਜਨ ਦੇਵ ਜੀ
ਦੀ ਰਚਨਾ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਪੜ੍ਹਦੇ ਰਹਿੰਦੇ ਸਨ। ਗੁਰਬਾਣੀ ਅਤੇ ਗੁਰ
ਘਰ ਨਾਲ ਜੁੜਦਿਆਂ ਦੇਖ ਕਾਜ਼ੀ ਨੇ ਮੌਤ ਦਾ ਫਤਵਾ ਦੇ ਦਿੱਤਾ। ਸਾਈਂ ਮੀਆਂ ਮੀਰ ਜੀ
ਨੂੰ ਇਸ ਫਤਵੇ ਬਾਰੇ ਪਤਾ ਲੱਗਣ ਤੇ ਆਪਣੇ ਚੇਲੇ ਅਬਦੁਲਾ ਸ਼ਾਹ ਨਾਲ ਮਾਤਾ ਕੌਲਾਂ
ਜੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਭੇਜ ਦਿੱਤਾ। ਨਿਆਸਰਿਆਂ
ਦੇ ਆਸਰਾ ਗੁਰੂ ਜੀ ਨੇ ਗੁਰੂ ਘਰ ਵੱਲ ਮਾਤਾ ਕੌਲਾਂ ਜੀ ਦਾ ਪੂਰਨ ਪ੍ਰੇਮ ਵੇਖਦੇ ਹੋਏ
ਅੰਮ੍ਰਿਤਸਰ ਤੇ ਉਸ ਅਸਥਾਨ ਜਿਸ ਦਾ ਪੁਰਾਤਨ ਨਾਮ ”ਫੁੱਲਾਂ ਦੀ ਢਾਬ” ਸੀ। ਇਸ
ਵੇਲੇ ਜਿੱਥੇ ਗੁਰਦੁਆਰਾ ਤੇ ਸਰੋਵਰ ਕੌਲਸਰ ਸਾਹਿਬ ਹੈ, ਇੱਥੇ ਮਾਤਾ ਕੌਲਾਂ ਜੀ ਦਾ
ਨਿਵਾਸ ਕਰਾਇਆ। ਇੱਥੇ ਮਾਤਾ ਕੌਲਾਂ ਜੀ ਨੇ ਸਾਰਾ ਜੀਵਨ ਸਿੱਖੀ ਅਸੂਲਾਂ ਅਨੁਸਾਰ
ਨਾਮ ਦਾ ਅਭਿਆਸ ਜਪ-ਤਪ ਕਰਦੇ ਹੋਏ ਬਿਤਾਇਆ। ਮਾਤਾ ਕੌਲਾਂ ਜੀ ਨੇ ਗੁਰੂ ਜੀ
ਅੱਗੇ ਇੱਕ ਦਿਨ ਵੰਸ਼ ਨਿਸ਼ਾਨ ਪੁੱਤਰ ਦਾ ਸੰਕਲਪ ਕੀਤਾ। ਜਿਸ ਨੂੰ ਗੁਰੂ ਸਾਹਿਬ ਜੀ
ਨੇ ਆਪਣੀ ਬਖਸ਼ਿਸ਼ ਦੁਆਰਾ ਗਿਆਨ ਦੇ ਕੇ ਮਿਟਾ ਦਿੱਤਾ ਅਤੇ ਵਰ ਦਿੱਤਾ ਕਿ ਅਸੀਂ
ਤੁਹਾਨੂੰ ਐਸਾ ਪੁੱਤਰ ਬਖਸ਼ਾਂਗੇ ਜਿਸ ਨਾਲ ਤੁਹਾਡਾ ਨਾਮ ਜ਼ਗਤ ਵਿੱਚ ਅਮਰ ਰਹੇਗਾ
ਅਤੇ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਮਾਤਾ ਕੌਲਾਂ ਜੀ ਦੇ ਨਾਮ ਤੇ ਸਰੋਵਰ ਦਾ
ਕੰਮ ਸਪੁਰਦ ਕੀਤਾ ਅਤੇ ਮਾਤਾ ਕੌਲਾਂ ਜੀ ਨੂੰ ਕਿਹਾ ਕਿ ਇਸ ਸਰੋਵਰ ਦਾ ਨਾਮ ਕੌਲਸਰ
ਰੱਖਿਆ ਜਾਵੇਗਾ, ਤੁਸੀਂ ਇਸੇ ਨੂੰ ਆਪਣਾ ਪੁੱਤਰ ਸਮਝੋ। ਇਹ ਸਰੋਵਰ 1624 ਈ. ਤੋਂ
1627 ਈ. ਤੱਕ ਬਾਬਾ ਬੁੱਢਾ ਜੀ ਨੇ ਆਪਣੀ ਨਿਗਰਾਨੀ ਹੇਠ ਤਿਆਰ ਕਰਵਾਇਆ ਅਤੇ
ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ
ਕਰਨ ਤੋਂ ਪਹਿਲਾਂ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਹੁਕਮ ਦਿੱਤਾ।
ਇਹ ਹੈ ਗੁਰੂ ਸਾਹਿਬ ਜੀ ਦਾ ਬਿਰਦ, ਆਪਣੇ ਭਗਤਾਂ ਅਤੇ ਹੁਕਮ ਮੰਨਣ ਵਾਲਿਆਂ
ਨੂੰ ਆਪਣੇ ਤੋਂ ਵੱਧ ਵਡਿਆਈ ਦੇਣੀ। ਕੁਝ ਚਿਰ ਬਾਅਦ ਮਾਤਾ ਜੀ ਕਰਤਾਰਪੁਰ ਜਾ
ਕੇ ਰਹਿਣ ਲੱਗੇ। ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਛੇਵੇਂ ਪਾਤਸ਼ਾਹ ਜੀ ਨੂੰ ਸੁਨੇਹਾ
ਭੇਜਿਆ, ਜਿਸ ਤੇ ਛੇਵੇਂ ਪਾਤਸ਼ਾਹ ਸੰਗਤਾਂ ਸਮੇਤ ਕਰਤਾਰਪੁਰ ਪੁਜੇ। ਸਵੇਰੇ ਸ਼ਾਮ ਕੀਰਤਨ
ਦੇ ਦੀਵਾਨ ਸੱਜਣ ਲੱਗੇ। 1629 ਈ. ਨੂੰ ਮਾਤਾ ਕੌਲਾਂ ਜੀ ਨਾਮ ਸਿਮਰਨ, ਬੰਦਗੀ ਕਰਦੇ
ਹੋਏ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਛੇਵੇਂ ਪਾਤਸ਼ਾਹ ਜੀ ਨੇ ਮਾਤਾ ਕੌਲਾਂ
ਜੀ ਨੂੰ ਗੁਰੂ ਘਰ ਦਾ ਸੇਵਕ ਜਾਣਦੇ ਹੋਏ ਉਹਨਾਂ ਦਾ ਅਖੀਰਲਾ ਸਮਾਂ ਆਪ ਸੰਭਾਲਿਆ।
ਸਿੱਖਿਆ ¸ ਸ਼ਰਨ ਆਏ ਦੀ ਕਿਵੇਂ ਸਤਿਗੁਰੂ ਲਾਜ ਰੱਖਦੇ ਹਨ, ਸਦੀਆਂ ਤੱਕ
ਵਡਿਆਈ, ਧਰਤੀ ਤੇ ਨਾਮ ਰਹਿਣਾ ਝੋਲੀ ‘ਚ ਪਾ ਦਿੱਤਾ।