Saakhi – Shaheed Bhai Sangat Singh Ate Chamkour Di Garhi
ਗ੍ਰੀਟਿੰਗ Download ਕਰੋ हिन्दी में पढ़ें
Saakhi – Shaheed Bhai Sangat Singh Ate Chamkour Di Garhi
ਸ਼ਹੀਦ ਭਾਈ ਸੰਗਤ ਸਿੰਘ ਜੀ ਅਤੇ ਚਮਕੌਰ ਦੀ ਗੜ੍ਹੀ
ਗੁਰੂ ਸਾਹਿਬ ਜੀ ਅਨੰਦਗੜ੍ਹ ਦਾ ਕਿਲ੍ਹਾ ਛੱਡਣ ਉਪਰੰਤ ਚਮਕੌਰ ਸਾਹਿਬ ਪਹੁੰਚੇ। ਵੈਰੀ ਵੀ ਉਹਨਾਂ ਪਿਛੇ ਆ ਪਹੁੰਚਿਆ। ਚਾਰੇ ਪਾਸੇ ਲੱਖਾਂ ਦੀ ਫੌਜ ਨੇ ਘੇਰਾ ਪਾ ਲਿਆ। ਚਮਕੌਰ ਵਿਚ ਬੜੀ ਭਾਰੀ ਜੰਗ ਹੋਈ ਜਿਸ ਵਿੱਚ ਬਹੁਤ ਸਾਰੇ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਬਾਕੀ ਬਚੇ ੧੧ ਸਿੰਘਾਂ ਨੇ ਆਪਸ ਵਿੱਚ ਰਲ ਮਤਾ ਪਾਸ ਕੀਤਾ ਕੀ ਗੁਰੂ ਸਾਹਿਬ ਜੀ ਏਥੋ ਸੁਰਖਿਅਤ ਨਿਕਲ ਜਾਣ, ਕਿਉਂਕਿ ਉਹ ਜਾਣਦੇ ਸਨ ਕਿ ਬਿਖੜੇ ਸਮੇਂ ਵਿਚ ਸਿੱਖ ਕੌਮ ਨੂੰ ਗੁਰੂ ਸਾਹਿਬ ਜੀ ਦੀ ਅਗਵਾਈ ਦੀ ਬਹੁਤ ਜ਼ਰੂਰਤ ਹੈ। ਇਸ ਲਈ ਸਿੰਘਾਂ ਨੇ ਪੰਜ ਪਿਆਰੇ ਚੁਣ ਕੇ ਗੁਰੂ ਸਾਹਿਬ ਜੀ ਨੂੰ ਚਮਕੌਰ ਦੀ ਗੜ੍ਹੀ ਛੱਡ ਜਾਣ ਦਾ ਹੁਕਮ ਦਿੱਤਾ।
Download Images for Martyrdom Day of Baba Sangat Singh Ji
ਗੁਰੂ ਸਾਹਿਬ ਜੀ ਨੇ ਵੀ ਖਾਲਸੇ ਨੂੰ ਗੁਰੂ ਰੂਪ ਜਾਣ ਕੇ ਗੜ੍ਹੀ ਛੱਡ ਜਾਣ ਦਾ ਹੁਕਮ ਪ੍ਰਵਾਨ ਕਰ ਲਿਆ ਅਤੇ ਆਪਣੀ ਜਿਗ੍ਹਾ ਕਲਗੀ ਅਤੇ ਪੌਸ਼ਾਕ ਬਾਬਾ ਸੰਗਤ ਸਿੰਘ ਦੇ ਸੀਸ ਉਤੇ ਸਜਾ ਕੇ ਖਾਲਸੇ ਨੂੰ ਗੁਰੂਤਾ ਬਖਸ਼ ਦਿੱਤੀ। ਬਾਬਾ ਸੰਗਤ ਸਿੰਘ ਦੀ ਸ਼ਕਲ-ਸੂਰਤ ਗੁਰੂ ਸਾਹਿਬ ਜੀ ਨਾਲ ਮਿਲਦੀ ਸੀ। ਮੁਗ਼ਲਾਂ ਨੇ ਦੁਬਾਰਾ ਚਮਕੌਰ ਦੀ ਗੜ੍ਹੀ ਉਤੇ ਹਮਲਾ ਕੀਤਾ ਕਿਉਂਕਿ ਬਾਬਾ ਜੀ ਦੇ ਪਹਿਨੀ ਹੋਈ ਗੁਰੂ ਸਾਹਿਬ ਵਾਲੀ ਪੌਸ਼ਾਕ ਮੁਗਲਾਂ ਨੂੰ ਗੁਰੂ ਸਾਹਿਬ ਦਾ ਬਾਰ-ਬਾਰ ਭੁਲੇਖਾ ਪਾਉਂਦੀ ਸੀ।
ਬਾਬਾ ਸੰਗਤ ਸਿੰਘ ਦੀ ਕਮਾਂਡ ਹੇਠ ਸਿੰਘਾਂ ਨੇ ਬੜੀ ਬਹਾਦਰੀ ਅਤੇ ਦਲੇਰੀ ਨਾਲ ਵੈਰੀ ਦਾ ਮੁਕਾਬਲਾ ਕੀਤਾ। ਬਾਬਾ ਸੰਗਤ ਸਿੰਘ ਨੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਤੀਰਾਂ ਨਾਲ ਦੁਸ਼ਮਣਾਂ ਦਾ ਨਾਸ਼ ਕੀਤਾ। ਬਾਬਾ ਜੀ ਜ਼ਖਮੀ ਹੋਏ ਵੀ ਅੰਤ ਸਮੇਂ ਤਕ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦੇ ਹੋਏ ਸ਼ਹਾਦਤ ਪ੍ਰਾਪਤ ਕਰ ਕੇ ਸਦਾ ਲਈ ਗੁਰੂ-ਚਰਨਾਂ ਵਿਚ ਜਾ ਬਿਰਾਜੇ।
ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਚਾਰ ਮਹੀਨੇ ਬਾਅਦ ੨੫ ਅਪ੍ਰੈਲ ੧੬੬੭ ਈ. (੧੭੨੩ ਬਿ: ਸੰਮਤ ੧੬ ਫੱਗਣ) ਨੂੰ ਭਾਈ ਰਣੀਏ ਜੀ ਦੇ ਘਰ ਬੀਬੀ ਅਮਰੋ ਜੀ ਦੀ ਕੁੱਖੋਂ ਹੋਇਆ। ਬਾਬਾ ਸੰਗਤ ਸਿੰਘ ਦਾ ਮੁੱਢਲਾ ਜੀਵਨ ਪਟਨੇ ਸ਼ਹਿਰ ਵਿਚ ਦਸਮੇਸ਼ ਪਿਤਾ ਜੀ ਨਾਲ ਹੱਸ-ਖੇਡ ਕੇ ਅਤੇ ਬਾਲ-ਲੀਲ੍ਹਾ ਦੇ ਕੌਤਕ ਦੇਖਦਿਆਂ ਗੁਜ਼ਰਿਆ। ਦਸਮੇਸ਼ ਪਿਤਾ ਜੀ ਨਾਲ ਰਹਿ ਕੇ ਭਾਈ ਸੰਗਤੇ ਨੇ ਸ਼ਸਤਰ ਵਿੱਦਿਆ, ਨਿਸ਼ਾਨੇਬਾਜ਼ੀ, ਨੇਜੇਬਾਜ਼ੀ ਅਤੇ ਘੋੜਿਆਂ ਦੀਆਂ ਦੌੜਾਂ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ।
੩੦ ਮਾਰਚ ੧੬੯੯ ਨੂੰ ਜਾਤ-ਪਾਤ ਦੀ ਭਾਵਨਾ ਨੂੰ ਮੂਲੋਂ ਹੀ ਖ਼ਤਮ ਕਰ ਕੇ ਦਸਮੇਸ਼ ਪਿਤਾ ਜੀ ਨੇ ਸੰਗਤਾਂ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਾਇਆ ਤਾਂ ਭਾਈ ਸੰਗਤ ਸਿੰਘ ਅਤੇ ਉਸਦੇ ਸਾਥੀਆਂ, ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ, ਭਾਈ ਰਾਮ ਸਿੰਘ ਨੇ ਕਲਗੀਧਰ ਪਿਤਾ ਤੋਂ ਅੰਮ੍ਰਿਤਪਾਨ ਕੀਤਾ ਅਤੇ ਬਾਅਦ ਵਿਚ ਗੁਰੂ ਸਾਹਿਬ ਜੀ ਨੇ ਭਾਈ ਸੰਗਤ ਸਿੰਘ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਪ੍ਰਚਾਰਨ ਲਈ ਮਾਲਵੇ ਦਾ ਸਿੱਖੀ ਪ੍ਰਚਾਰਕ ਨਿਯੁਕਤ ਕੀਤਾ।
ਚਮਕੌਰ ਦੀ ਜੰਗ ਤੋਂ ਪਹਿਲਾਂ ਭਾਈ ਸੰਗਤ ਸਿੰਘ ਨੇ ਬੱਸੀ ਕਲਾਂ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਬ੍ਰਾਹਮਣੀ ਛੁਡਾ ਕੇ ਲਿਆਉਣ, ਭੰਗਾਣੀ ਦੀ ਜੰਗ, ਅਗੰਮਪੁਰੇ ਦੀ ਜੰਗ, ਸਰਸਾ ਦੀ ਜੰਗ ਵਿਚ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਸਨ। ਧੰਨ ਹਨ ਗੁਰੂ ਦੇ ਪਿਆਰੇ ਸਿੱਖ ਧੰਨ ਹਨ।
ਸਿੱਖਿਆ – ਬੁਰੇ ਵਕਰ ਵਿੱਚ ਵੀ ਗੁਰੂ ਦਾ ਲੜ ਨਹੀਂ ਛਡਣਾਂ ਚਾਹਿਦਾ। ਧਰਮ ਦੀ ਰੱਖਿਆ ਅਤੇ ਜੁਲਮ ਦੇ ਟਾਕਰੇ ਲਈ ਸਦਾ ਤੈਆਰ-ਬਰ-ਤੈਆਰ ਰਹਿਣਾ ਚਾਹਿਦਾ ਹੈ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –
Very nice website indeed. You’ve included each and every article related to SIKHISM. Enjoyed reading the SAKHIS especially. Good work!!! Keep it up.