ਨਾਨਕ ਮਤਾ ਸਾਹਿਬ ਤੋਂ ਗੁਰੂ ਜੀ ਹਿਮਾਲਿਆ ਪਰਬਤ ਵੱਲ ਤੁਰ ਪਏ। ਨੈਨੀਤਾਲ ਤੋਂ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਸਿੱਧਾਂ ਦੀ ਬਸਤੀ ਵਿਚ ਪੁੱਜੇ। ਜਦੋਂ ਮਰਦਾਨਾ ਜੀ ਨੂੰ ਭੁੱਖ ਲੱਗੀ ਪਰ ਸਿੱਧਾਂ ਦੀ ਬਸਤੀ ਤੋਂ ਕੁਝ ਨਾ ਮਿਲਣ ਤੇ ਉਨ੍ਹਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ। ਗੁਰੂ ਜੀ ਨੇ ਸਾਹਮਣੇ ਲਗੇ ਰੀਠੇ ਦੇ ਰੁੱਖ ਵੱਲ ਕ੍ਰਿਪਾ-ਦ੍ਰਿਸ਼ਟੀ ਕਰਦੇ ਹੋਏ ਇਸ਼ਾਰਾ ਕਰਕੇ ਬਚਨ ਕੀਤਾ ਕਿ ਰੁੱਖ ਤੋਂ ਰੀਠੇ ਤੋੜ ਲਿਆਉ। ਮਰਦਾਨਾ ਜੀ ਸਤਿ ਬਚਨ ਕਹਿ ਕੇ ਰੀਠੇ ਦੇ ਬਿਰਖ ਤੋਂ ਰੀਠੇ ਤੋੜ ਕੇ ਗੁਰੂ ਜੀ ਕੋਲ ਲਿਆਏ ਅਤੇ ਗੁਰੂ ਜੀ ਨਾਲ ਮਿਲਕੇ ਛੱਕਣ ਲੱਗੇ। ਉਹ ਜ਼ਹਿਰ ਵਰਗੇ ਕੌੜੇ ਰੀਠੇ ਗੁਰੂ ਸਾਹਿਬ ਜੀ ਦੀ ਨਦਰਿ ਸਦਕੇ ਛੁਹਾਰੇ ਵਾਂਗੂੰ ਮਿੱਠੇ ਹੋ ਗਏ ਜਿਨ੍ਹਾਂ ਉੱਪਰ ਗੁਰੂ ਜੀ ਨੇ ਆਪਣੀ ਮਿਹਰ ਦੀ ਨਿਗਾਹ ਕੀਤੀ (ਅੱਖਾਂ ਨਾਲ ਦੇਖਿਆ) ਇਹ ਕੌਤਕ ਵੇਖ ਸਾਰੇ ਸਿੱਧ ਹੈਰਾਨ ਹੋ ਗਏ। ਫਿਰ ਮਰਦਾਨਾ ਜੀ ਨੇ ਰੁੱਖ ਦੇ ਦੂਸਰੇ ਪਾਸੇ ਰੀਠੇ ਤੋੜੇ ਉਹ ਕੌੜੇ ਹੀ ਨਿਕਲੇ। ਜਿਸ ਪਾਸੇ ਵੱਲ ਗੁਰੂ ਨਾਨਕ ਦੇਵ ਜੀ ਨੇ ਨਿਗਾਹ ਕੀਤੀ, ਉਹ ਰੀਠੇ ਅੱਜ ਵੀ ਮਿੱਠੇ ਹਨ ਅਤੇ ਦੂਜੇ ਪਾਸੇ ਵਾਲੇ ਰੀਠੇ ਕੌੜੇ ਹਨ।