Saakhi – Raagi Singh Di Shikayat
ਰਾਗੀ ਸਿੰਘ ਦੀ ਸ਼ਿਕਾਇਤ
ਇਕ ਵਾਰੀ ਦੀ ਗੱਲ ਹੈ ਕਿ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਿੰਘ ਜੀ ਦੀਵਾਨ ਸਜਿਆ ਹੋਇਆ ਸੀ ਪਰ ਸਤਿਗੁਰੂ ਅਜੇ ਦਰਬਾਰ ਵਿਚ ਨਹੀਂ ਸਨ ਆਏ। ਦੀਵਾਨ ਵਿਚ ਰਾਗੀ ਕੀਰਤਨ ਅਤੇ ਇਕ ਸ਼ਬਦ ਦੀ ਵਿਆਖਿਆ ਕਰ ਰਹੇ ਸਨ। ਉਸੇ ਸਮੇਂ ਭਾਈ ਸੁਥਰਾ ਜੀ ਜੋ ਗੁਰੂ ਸਾਹਿਬ ਦੇ ਪਿਆਰ ਵਾਲੇ ਸਨ ਦਰਬਾਰ ਵਿਦ ਆਏ। ਉਹਨਾਂ ਦੇਖਿਆ ਕਿ ਗੁਰੂ ਸਾਹਿਬ ਜੀ ਆਪਣੇ ਸਿੰਘਾਸਣ ਉਤੇ ਬਿਰਾਜਮਾਨ ਨਹੀਂ ਹਨ ਤੇ ਰਾਗੀ ਕੀਰਤਨ ਅਤੇ ਸ਼ਬਦ ਦੀ ਵਿਆਖਿਆ ਕਰ ਰਹੇ ਹਨ। ਪਰ ਸੰਗਤ ਵਿਚ ਬੈਠੇ ਕੁਛ ਸਿੰਘ ਅਤੇ ਮਾਈਆਂ ਗੱਲਾਂ ਕਰ ਰਹੇ ਹਨ।
ਸੁਥਰਾ ਇਹ ਕੁਝ ਦੇਖ ਕੇ ਚਕਿਤ ਰਹਿ ਗਿਆ ਉਹ ਦੋਵੇਂ ਹੱਥ ਜੋੜ ਕੇ ਰਾਗੀਆਂ ਵੱਲ ਪਿੱਠ ਕਰ ਕੇ ਉਨ੍ਹਾਂ ਅਗੇ ਜਾ ਖਲੋਤਾ। ਰਾਗੀਆਂ ਨੇ ਉਸਨੂੰ ਝਿੜਕਦਿਆਂ ਕਿਹਾ, “ਸੁਥਰਿਆ ! ਅਗੋਂ ਹੱਟ ਜਾ, ਦੇਖਦਾ ਨਹੀਂ ਕਿ ਕੀਰਤਨ ਹੋ ਰਿਹਾ ਹੈ ਤੇ ਤੂੰ ਅਗੇ ਆ ਖੜਾ ਏ । ‘ਸਾਧ ਸੰਗਤ ਜੀ ! ਸਤਿ ਕਰਤਾਰ । ਸੁਥਰੇ ਨੇ ਜ਼ੋਰ ਨਾਲ ਉਚੀ ਆਵਾਜ਼ ਵਿਚ ਕਿਹਾ। ਸਾਰਿਆਂ ਦਾ ਧਿਆਨ ਸੁਥਰੇ ਵੱਲ ਹੋ ਗਿਆ ਕਿ ਪਤਾ ਨਹੀਂ, ਇਹ ਕੀ ਕਹਿਣ ਲੱਗਾ ਹੈ। ਸੁਥਰਾ ਬੋਲਿਆ, “ਸਤਿਗੁਰੂ ਦੀ ਪਿਆਰੀ ਸਾਧ ਸੰਗਤ ਜੀ! ਲੱਖ ਲਾਨਤ ਸੁਣਾਉਣ ਵਾਲਿਆਂ ਨੂੰ ਤੇ ਛਿੱਟੇ ਮੂੰਹ ਸੁਣਨ ਵਾਲਿਆਂ ਦਾ।” ਇਹ ਸ਼ਬਦ ਕਹਿ ਕੇ ਸੁਥਰਾ ਖਿਸਕਦਾ ਹੋਇਆ। ਰਾਗੀਆਂ ਨੇ ਇਸ ਵਿਚ ਆਪਣੀ ਬੇਇਜਤੀ ਮਹਿਸੂਸ ਕੀਤੀ। ਸੰਗਤ ਵਿਚ ਵੀ ਇਹਨਾਂ ਸ਼ਬਦਾਂ ਦਾ ਚਰਚਾ ਛਿੜ ਪਿਆ।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਥੋੜੀ ਕੁ ਦੇਰ ਮਗਰੋਂ ਮੀਰੀ-ਪੀਰੀ ਦੇ ਮਾਲਕ ਸਤਿਗੁਰੂ ਜੀ ਗੁਰਦਰਬਾਰ ਵਿਚ ਪਧਾਰੇ। ਸਤਿਗੁਰਾਂ ਪੁੱਛਿਆ ਕੀ ਗੱਲ ਹੈ ? ਅੱਜ ਕੀਰਤਨ ਕਿਉਂ ਨਹੀਂ ਹੋ ਰਿਹਾ ? ਇਹ ਰੌਲਾ ਕਿਸ ਗੱਲ ਦਾ ਮਚਿਆ ਹੋਇਆ ਹੈ ? ਇਕ ਰਾਗੀ ਉਠਿਆ ਤੇ ਬੇਨਤੀ ਕਰਨ ਲੱਗਾ, “ ਸੱਚੇ ਪਾਤਸ਼ਾਹ ! ਅੱਜ ਤੁਹਾਡਾ ਲਾਡਲਾ ਸੁਥਰਾ ਸੰਗਤ ਵਿਚ ਗਾਲਾਂ ਕੱਢ ਕੇ ਗਿਆ ਹੈ ਤੇ ਆਪ ਖਿਸਕ ਗਿਆ ਹੈ।
ਹਜ਼ੂਰ ਨੇ ਪੁੱਛਿਆ, ‘ਕਿਉਂ ਬਈ ਗੁਰਮੁਖੋ ! ਉਹ ਕੀ ਗਾਲਾਂ ਕੱਢ ਕੇ ਗਿਆ ਹੈ ਤੇ ਕਿਹੜੀ ਗੱਲੋਂ ਅਤੇ ਕਿਸ ਨੂੰ ਗਾਲਾਂ ਕੱਢੀਆਂ ਸਨ ?
“ਸੱਚੇ ਪਾਤਸ਼ਾਹ ਜੀਓ ! ਆਪ ਘਟ-ਘਟ ਦੇ ਜਾਣੀ ਜਾਣ ਹੋ। ਰਾਗੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਅਤੇ ਕਿਹਾ ਸੱਚੇ ਪਾਤਸ਼ਾਹ ਜੀਓ। ਉਸ ਨੇ ਕਿਸੇ ਨੂੰ ਗਾਲ ਨਹੀਂ ਕੱਢੀ। ਸਗੋਂ ਸੰਗਤ ਵਿਚ ਇਹ ਕਹਿ ਕੇ ਗਿਆ ਏਂ, ਲੱਖ ਲਾਨਤ ਸੁਣਾਉਣ ਵਾਲਿਆਂ ਦਾ ਤੇ ਫਿਟੇ ਮੂੰਹ ਸੁਣਨ ਵਾਲਿਆਂ ਦਾ। ਸਤਿਗੁਰੂ ਜੀ ਹੈਰਾਨ ਸਨ ਕਿ ਇਹ ਗੱਲ ਕਿਉਂ ਹੋਈ ? ਕੀ ਕਿਸੇ ਨੇ ਉਸ ਨੂੰ ਕੁਝ ਕਿਹਾ ਸੀ ? ਆਪ ਨੇ ਹੁਕਮ ਕੀਤਾ, ਕਿ ਜਾਓ ! ਜਿਥੇ ਵੀ ਸੁਥਰਾ ਮਿਲੇ ਫੜ ਲਿਆਓ ।
ਸੁਥਰਾ ਸ਼ਹਿਰੋ ਬਾਹਰ ਖਿਸਕ ਗਿਆ। ਇਕ ਦੋ ਦਿਨ ਉਸ ਦੀ ਖੋਜ ਹੁੰਦੀ ਰਹੀ, ਪਰ ਉਹ ਕਿਤੇ ਨਾ ਮਿਿਲਆ। ਹੌਲੀ-ਹੌਲੀ ਇਹ ਗੱਲ ਸਾਰਿਆਂ ਨੂੰ ਭੁੱਲ ਗਈ। ਤਿੰਨਾਂ ਸਵਾ ਤਿੰਨਾਂ ਮਹੀਨਿਆਂ ਬਾਦ ਸੁਥਰਾ ਫਿਰ ਗੁਰ-ਦਰਬਾਰ ਵਿਚ ਆ ਹਾਜ਼ਰ ਹੋਇਆ। ਸੁਥਰੇ ਨੂੰ ਦੇਖ ਉਸ ਦਿਨ ਵਾਲਾ ਰਾਗੀ ਸਤਿਗੁਰਾਂ ਦੀ ਹਜ਼ੂਰੀ ਵਿਚ ਆ ਕੇ ਕਹਿਣ ਲੱਗਾ, “ਸ਼ਹਿਨਸ਼ਾਹ ਜੀ! ਸੁਥਰਾ ਆ ਗਿਆ ਹੈ।”
ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਸਤਿਗੁਰਾਂ ਨੇ ਫੁਰਮਾਇਆ, ਭਾਈ ਸੁਥਰਿਆ ! ਤੇਰੀ ਇਹ ਸ਼ਕਾਇਤ ਕਰਦੇ ਨੇ ਕਿ ਤੂੰ ਇਨ੍ਹਾਂ ਨੂੰ ਗਾਲਾਂ ਕੱਢੀਆਂ ਸਨ। ‘ਨਹੀਂ ਸੱਚੇ ਪਾਤਸ਼ਾਹ ! ਮੈਂ ਗਾਲਾਂ ਕਿਉਂ ਕੱਢਣੀਆਂ ਸਨ ਮੇਰਾ ਇਨ੍ਹਾਂ ਨੇ ਕੀ ਵਿਗਾੜਿਆ ਏ, ਜੋ ਮੈਂ ਗਾਲਾਂ ਕੱਢਣੀਆਂ ਸਨ। ਮੈਂ ਤੇ ਹਜ਼ੂਰ ਤਿੰਨ ਮਹੀਨਿਆਂ ਮਗਰੋਂ ਆਪ ਜੀ ਦੀ ਹਜ਼ੂਰੀ ਵਿਚ ਹਾਜ਼ਰ ਹੋਇਆ ਹਾਂ! ਸੁਥਰੇ ਨੇ ਬੜੀ ਹਲੀਮੀ ਨਾਲ ਕਿਹਾ।
ਹਾਂ, ਹਾਂ, ਤਿੰਨ ਮਹੀਨੇ ਹੀ ਹੋਏ ਹਨ, ਜਦੋਂ ਇਹ ਗਾਲਾਂ ਕੱਢ ਕੇ ਗਿਆ ਸੀ। ਰਾਗੀ ਨੇ ਹੱਥ ਜੋੜ ਕੇ ਬੇਨਤੀ ਕੀਤੀ।
ਮੇਰੇ ਸ਼ਹਿਨਸ਼ਾਹ ਜੀਓ ! ਮੈਨੂੰ ਤੇ ਕੋਈ ਇਹੋ ਜਿਹੀ ਗੱਲ ਯਾਦ ਨਹੀ ਜਿਸ ਤੋਂ ਝਗੜਾ ਹੋ ਪਿਆ ਹੋਵੇ ਤੇ ਗਾਲਾਂ ਕੱਢੀਆਂ ਹੋਣ। ਇਨਾਂ ਕੋਲੋਂ ਪੁੱਛਿਆ ਜਾਵੇ ਕਿ ਗਲ ਕੀ ਸੀ ਕਿ ਮੈਂ ਗਾਲਾਂ ਕੱਢਣ ਲੱਗ ਪਿਆ ਸਾਂ। ਸੁਥਰੇ ਨੇ ਅਰਜ਼ ਕੀਤੀ।
ਉਹ ਰਾਗੀ ਬੋਲਿਆ, “ਮਹਾਰਾਜ ! ਗੱਲ ਤੇ ਕੋਈ ਆ ਮਹਾਰਾਜ ! ਗੱਲ ਤੇ ਕੋਈ ਵੀ ਨਹੀਂ ਸੀ ਹੋਈ ਤੇ ਨਾ ਹੀ ਕੋਈ ਝਗੜਾ ਹੋਇਆ ਸੀ । ਅਸੀਂ ਕੀਰਤਨ ਕਰਦੇ ਪਏ ਸੀ ਤੇ ਨਾਲ ਹੀ ਸ਼ਬਦ ਦੀ ਵਿਆਖਿਆ ਕਰਦੇ ਪਏ ਸਾਂ, ਤਾਂ ਇਹ ਸੰਗਤ ਵਿਚ ਆ ਕੇ ਸਾਨੂੰ ਤੇ ਸੁਣਨ ਵਾਲਿਆਂ ਨੂੰ ਫਿਟਕਾਰ ਪਾ ਕੇ ਚਲਾ ਗਿਆ।
ਸੁਥਰੇ ਬੋਲਿਆ, ਪਾਤਸ਼ਾਹ ਜੀਓ ! ਇਹਨਾਂ ਕੋਲੋਂ ਪੁੱਛਿਆ ਜਾਵੇ ਕਿ ਉਹ ਕਿਹੜਾ ਸ਼ਬਦ ਸੀ, ਜਿਸ ਦੀ ਇਹ ਵਿਆਖਿਆ ਕਰਦੇ ਪਏ ਸਨ ਤੇ ਮੈਂ ਫਿਟਕਾਰਾਂ ਪਾਈਆਂ।
‘ਮਹਾਰਾਜ ! ਤਿੰਨ ਮਹੀਨੇ ਤੋਂ ਵੱਧ ਹੋ ਗਏ ਨੇ, ਐਨਾ ਚਿਰਾਂ ਦਾ ਯਾਦ ਰਹਿੰਦਾ ਏ ਕਿ ਉਹ ਕਿਹੜਾ ਸ਼ਬਦ ਸੀ, ਜਿਸ ਦੀ ਵਿਆਖਿਆ ਕਰਦੇ ਪਏ ਸਾਂ ਤੇ ਇਸ ਨੇ ਫਿਟਕਾਰਾਂ ਪਾਈਆਂ। ਉਸ ਰਾਗੀ ਨੇ ਹੱਥ ਜੋੜ ਕੇ ਬੇਨਤੀ ਕੀਤੀ ।
ਮਹਾਰਾਜ ! ਅਸੀਂ ਸੰਗਤ ਵਿਚ ਨਾਮ ਬਾਣੀ ਦਾ ਲਾਭ ਪ੍ਰਾਪਤ ਕਰਨ ਆਉਂਦੇ ਹਾਂ, ਪਰ ਇਹ ਰਾਗੀ ਸਾਹਿਬ ਕਹਿੰਦੇ ਪਏ ਹਨ ਕਿ ਇਹਨਾਂ ਨੂੰ ਉਹ ਸ਼ਬਦ ਯਾਦ ਹੀ ਨਹੀਂ, ਜਿਸ ਦੀ ਇਹ ਵਿਆਖਿਆ ਕਰਦੇ ਪਏ ਸਨ। ਤਾਂ ਫੇਰ ਉਸ ਨਾਲੋਂ ਤਾਂ ਮੇਰੀਆਂ ਉਹ ਗਾਲਾਂ ਹੀ ਚੰਗੀਆਂ ਰਹੀਆਂ ਜਿਹੜੀਆਂ ਅਜੇ ਤਕ ਯਾਦ ਤੇ ਹਨ, ਉਹ ਸ਼ਬਦ ਤੇ ਇਹ ਭੁੱਲ ਗਏ ਹਨ, ਸੁਥਰੇ ਨੇ ਕਿਹਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਅਨਮੋਲ ਵਚਨ ਪੜ੍ਹਨ ਲਈ ਐਥੇ ਕਲਿਕ ਕਰੋ ਜੀ
ਸ਼ਹਿਨਸ਼ਾਹ ਮੀਰੀ-ਪੀਰੀ ਦੇ ਮਾਲਕ ਸਥਰੇ ਦੀ ਇਹ ਦਲੀਲ ਸੁਣ ਕੇ ਹੱਸ ਪਏ ਤੇ ਕਹਿਣ ਲੱਗੇ, ਸੁਥਰਿਆ! ਤੂੰ ਜੋ ਕਿਹਾ ਏ ਠੀਕ ਹੈ। ਗੁਰਸਿੱਖਾਂ ਨੂੰ ਗੁਰਬਾਣੀ ਵੱਲ ਧਿਆਨ ਕਰਨਾ ਚਾਹੀਦਾ ਹੈ। ਜੇ ਮਨ ਬਾਣੀ ਨਾਲ ਇਕ ਸੁਰ ਹੋਵੇ, ਦੂਸਰਾ ਭਾਵੇਂ ਕੁਝ ਕਹਿੰਦਾ ਫਿਰੇ, ਉਸ ਨੂੰ ਉਸ ਦੀ ਕਹੀ ਗੱਲ ਦਾ ਪਤਾ ਹੀ ਨਹੀਂ ਲੱਗਦਾ, ਪਰ ਜਿਨਾਂ ਦਾ ਮਨ ਬਾਹਰਲੀਆਂ ਗੱਲਾਂ ਵੱਲ ਉਡਦਾ ਪਿਆ ਹੋਵੇ ਉਹ ਭਾਵੇਂ ਜਿੰਨੇ ਮਰਜ਼ੀ ਪਾਠ ਕਰਨ ਜਾਂ ਕੀਰਤਨ ਕਰਨ, ਉਨ੍ਹਾਂ ਦਾ ਮਨ ਲੀਨ ਨਹੀਂ ਹੋ ਸਕਦਾ। ਪੰਚਮ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਵਿਚ ਮਨਮੁਖ ਦਾ ਇਹ ਲੱਛਣ ਦੱਸਿਆ ਹੈ :
ਰਹਤ ਅਵਰ ਕਛੁ ਅਵਰ ਕਮਾਵਤ ॥
ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
ਸਤਿਗੁਰਾਂ ਦੇ ਮੁਖਾਰਬਿੰਦ ਤੋਂ ਇਹ ਮਹਾਂਵਾਕ ਸੁਣ ਕੇ ਰਾਗੀ ਬੜਾ ਸ਼ਰਮਿੰਦਾ ਹੋਇਆ ਤੇ ਖਿਮਾ ਮੰਗ ਕੇ ਖਿਸਕਦਾ ਹੋਇਆ।
ਸਿੱਖਿਆ – ਗੁਰਸਿੱਖਾਂ ਨੂੰ ਗੁਰਬਾਣੀ ਵੱਲ ਧਿਆਨ ਕਰਨਾ ਚਾਹੀਦਾ ਹੈ। ਪਰ ਜਿਨਾਂ ਦਾ ਮਨ ਬਾਹਰਲੀਆਂ ਗੱਲਾਂ ਵੱਲ ਉਡਦਾ ਪਿਆ ਹੋਵੇ ਉਹ ਭਾਵੇਂ ਜਿੰਨੇ ਮਰਜ਼ੀ ਪਾਠ ਕਰਨ ਜਾਂ ਕੀਰਤਨ ਕਰਨ, ਉਨ੍ਹਾਂ ਦਾ ਮਨ ਲਿਵਲੀਨ ਨਹੀਂ ਹੋ ਸਕਦਾ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –