ਮਾਤਾ ਜਮਨਾ ਦੇਵੀ ਜੀ ਦੀ ਸ਼ਰਧਾ
ਸੰਨ 1671 ਈ: ਵਿਚ ਸਾਹਿਬਜ਼ਾਦਾ ਬਾਲ ਗੋਬਿੰਦ ਰਾਏ ਜੀ, ਗੁਰੂ ਤੇਗ਼ ਬਹਾਦਰ ਜੀ ਦਾ ਸੁਨੇਹਾ ਪੁੱਜਣ ਤੇ ਮਾਤਾ ਗੁਜਰੀ ਜੀ ਨਾਲ ਪਟਨਾ ਸਾਹਿਬ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ। ਪਟਨਾ ਸਾਹਿਬ ਦੀਆਂ ਸੰਗਤਾਂ ਦਾ ਸਾਹਿਬਜ਼ਾਦੇ ਨਾਲ ਅਥਾਹ ਪਿਆਰ ਸੀ। ਅਨੰਦਪੁਰ ਸਾਹਿਬ ਭੇਜਣ ਲਈ ਕਿਸੇ ਦਾ ਵੀ ਦਿਲ ਨਹੀਂ ਸੀ ਕਰਦਾ, ਸਭ ਦੀਆਂ ਅੱਖਾਂ ਵਿਚ ਪਿਆਰ ਦੇ ਹੰਝੂ ਸਨ। ਸੰਗਤਾਂ ਵਿਦਾਇਗੀ ਦੇਣ ਵਾਸਤੇ ਪਟਨਾ ਸਾਹਿਬ ਤੋਂ ਤਕਰੀਬਨ 13 ਕਿਲੋਮੀਟਰ ਦੀ ਦੂਰੀ ਪਿੰਡ ਦਾਨਾਪੁਰ ਤਕ ਨਾਲ ਆਈਆਂ। ਇਥੇ ਪਹੁੰਚਣ ਸਮੇਂ ਸ਼ਾਮ ਪੈਣ ਤੇ ਗੋਬਿੰਦ ਰਾਏ ਜੀ, ਮਾਤਾ ਗੁਜਰੀ ਜੀ ਅਤੇ ਪਟਨਾ ਸਾਹਿਬ ਤੋਂ ਨਾਲ ਆਈਆਂ ਸੰਗਤਾਂ ਨੇ ਰਾਤ ਬਿਸਰਾਮ ਕੀਤਾ। ਦਾਨਾਪੁਰ ਵਿਚ ਰਹਿਣ ਵਾਲੀ ਇਕ ਬੁੱਢੀ ਔਰਤ ਮਾਤਾ ਜਮਨਾ ਦੇਵੀ ਜੋ ਗੁਰੂ ਘਰ ਉੱਪਰ ਅਥਾਹ ਸ਼ਰਧਾ ਰੱਖਦੀ ਸੀ, ਪਰ ਉਮਰ ਵੱਡੀ ਹੋਣ ਕਾਰਨ ਇਧਰ-ਉਧਰ ਜਾ ਨਹੀਂ ਸਕਦੀ ਸੀ। ਜਿਸ ਵੇਲੇ ਉਸ ਨੂੰ ਪਤਾ ਲੱਗਾ ਕਿ ਦਾਨਾਪੁਰ ਵਿਚ ਸੰਗਤਾਂ ਸਮੇਤ ਗੋਬਿੰਦ ਰਾਏ ਜੀ ਆਏ ਹਨ ਤਾਂ ਉਸਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਹਾਂਡੀ ਵਿਚ ਖਿੱਚੜੀ ਬਣਾ ਕੇ ਲਿਆਂਦੀ। ਸਤਿਗੁਰੂ ਜੀ ਨੂੰ ਛੱਕਣ ਵਾਸਤੇ ਬੇਨਤੀ ਕੀਤੀ। ਮਾਈ ਅੰਦਰ ਬਹੁਤ ਪ੍ਰੇਮ ਸੀ, ਦੂਜਾ ਸਾਹਿਬਜ਼ਾਦੇ ਦੇ ਦਰਸ਼ਨ ਕਰਕੇ ਉਸ ਨੂੰ ਕੋਈ ਸੁੱਧ ਨਾ ਰਹੀ ਤੇ ਉਸਨੇ ਥਾਲ ਪਰੋਸ ਕੇ ਨਹੀਂ ਦਿੱਤਾ ਬਲਕਿ ਹਾਂਡੀ ਹੀ ਗੋਬਿੰਦ ਰਾਏ ਜੀ ਅੱਗੇ ਰੱਖ ਦਿੱਤੀ। ਗੋਬਿੰਦ ਰਾਏ ਜੀ ਨੇ ਉਸ ਮਾਈ ਦੇ ਪ੍ਰੇਮ ਵਜੋਂ ਬਣਾਈ ਖਿੱਚੜੀ ਸੰਗਤਾਂ ਵਿਚ ਵਰਤਾਈ ਤੇ ਆਪ ਵੀ ਛੱਕੀ। ਰਾਤ ਬਿਸਰਾਮ ਕਰਨ ਪਿਛੋਂ ਸਵੇਰੇ ਜਦ ਅਨੰਦਪੁਰ ਲਈ ਗੋਬਿੰਦ ਰਾਏ ਚਲਣ ਲੱਗੇ ਤਾਂ ਮਾਈ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਉਹ ਇਥੋਂ ਕਿਤੇ ਵੀ ਨਾ ਜਾਣ ਤੇ ਇਥੇ ਹੀ ਮੈਨੂੰ ਦਰਸ਼ਨ ਦੇਂਦੇ ਹੋਏ ਪਾਸ ਰਹਿਣ। ਗੋਬਿੰਦ ਰਾਏ ਜੀ ਨੇ ਕਿਹਾ ”ਦਾਦੀ ਮਾਂ ਮੈਂ ਸਦਾ ਆਪ ਜੀ ਦੇ ਪਾਸ ਹੀ ਹੋਵਾਂਗਾ, ਜਦ ਮੇਰੇ ਦਰਸ਼ਨ ਕਰਨੇ ਹੋਣ ਇੰਝ ਹੀ ਪਿਆਰ ਨਾਲ ਖਿੱਚੜੀ ਬਣਾ ਕੇ ਸੰਗਤਾਂ ਅਤੇ ਗ਼ਰੀਬ ਲੋੜਵੰਦਾਂ ਨੂੰ ਛਕਾਉਣਾ, ਮੈਂ ਉਨ੍ਹਾਂ ਵਿਚੋਂ ਹੀ ਤੁਹਾਨੂੰ ਇੰਝ ਬੈਠਾ ਨਜ਼ਰ ਆਵਾਂਗਾ।” ਮਾਤਾ ਜਮਨਾ ਦੇਵੀ ਦੇ ਦਿਲ ਵਿਚ ਜਦੋਂ ਵੀ ਗੋਬਿੰਦ ਰਾਏ ਦੇ ਦਰਸ਼ਨ ਕਰਨ
ਦੀ ਉਮੰਗ ਪੈਦਾ ਹੁੰਦੀ ਤਾਂ ਉਹ ਖਿੱਚੜੀ ਤਿਆਰ ਕਰਕੇ ਸੰਗਤਾਂ ਨੂੰ ਖੁਆ ਆਉਂਦੀ ਤਾਂ ਉਸਨੂੰ ਪ੍ਰਤੱਖ ਗੋਬਿੰਦ ਰਾਏ ਜੀ ਦੇ ਦਰਸ਼ਨ ਹੋ ਜਾਂਦੇ। ਇਸ ਤਰ੍ਹਾਂ ਮਾਈ ਅਖੀਰਲੇ ਸਵਾਸਾਂ ਤੱਕ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੀ ਰਹੀ। ਉਹ ਹਾਂਡੀ, ਜਿਸ ਵਿਚ ਮਾਈ ਨੇ ਗੋਬਿੰਦ ਰਾਏ ਜੀ ਲਈ ਖਿੱਚੜੀ ਤਿਆਰ ਕੀਤੀ ਉਥੇ ਹੁਣ ਗੁਰਦੁਆਰਾ ਹਾਂਡੀ ਸਾਹਿਬ ਹੈ। ਉਹ ਹਾਂਡੀ ਵੀ ਮੌਜੂਦ ਹੈ ਤੇ ਅੱਜ ਵੀ ਉਥੇ ਖਿੱਚੜੀ ਦਾ ਲੰਗਰ ਚੱਲਦਾ ਹੈ।
ਸਿੱਖਿਆ : ਜੇ ਅਸੀਂ ਸੰਗਤ ਦੀ ਖ਼ੁਸ਼ੀ ਲੈ ਲਈਏ ਤਾਂ ਗੁਰੂ ਦੀ ਖ਼ੁਸ਼ੀ ਆਪੇ ਮਿਲ ਜਾਂਦੀ ਹੈ।