Saakhi – Guru Sahib Ate Sai Fakeer
ਗੁਰੂ ਗੋਬਿੰਦ ਸਿੰਘ ਜੀ ਅਤੇ ਮੁਸਲਮਾਨ ਸਾਂਈ ਫਕੀਰ
ਇੱਕ ਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਨੰਦਪੁਰ ਸਾਹਿਬ ਦਰਬਾਰ ਸਜਿਆ ਹੋਇਆ ਸੀ ਤੇ ਆਪ ਤੱਖਤ ਉਪਰ ਬਿਰਾਜਮਾਨ ਸਨ। ਆਪ ਜੀ ਨੇ ਸੁੰਦਰ ਪੁਸ਼ਾਕ ਪਾਈ ਹੋਈ ਸੀ ਤੇ ਸਿਰ ਤੇ ਕਲਗੀ ਸੋਭ ਰਹੀ ਸੀ। ਇੱਕ ਹੱਥ ਬਾਜ ਤੇ ਦੁਸਰੇ ਹੱਥ ਵਿੱਚ ਸ਼ਮਸ਼ੀਰ ਫੜੀ ਹੋਈ ਸੀ। ਪਿਠ ਪਿੱਛੇ ਸੋਨੇ ਦੀਆਂ ਨੋਕਾਂ ਵਾਲੇ ਤੀਰਾਂ ਨਾਲ ਭਰਿਆ ਹੋਇਆ ਭਥਾ ਲਮਕ ਰਿਹਾ ਸੀ। ਦੂਰੋਂ ਨੇੜਿਓ ਆਈਆਂ ਸੰਗਤਾਂ ਵਿਚੋਂ ਇੱਕ ਪਾਸੇ ਸੂਰਵੀਰ ਸਿੰਘ ਤੇ ਦੂਸਰੇ ਪਾਸੇ ਸਿੰਘਣੀਆਂ ਬੈਠੀਆਂ ਗੁਰੂ ਜੀ ਦੇ ਬਚਨ ਸੁਣ ਰਹੀਆਂ ਸਨ। ਏਨੇ ਨੂੰ ਇੱਕ ਮੁਸਲਮਾਨ ਸਾਂਈ ਫਕੀਰ ਦਰਸ਼ਨਾਂ ਨੂੰ ਆਇਆ ਪਰ ਇਹ ਸਾਰਾ ਸ਼ਾਹੀ ਠਾਠ ਵੇਖ ਕੇ ਪਿਛੇ ਹੀ ਖੜਾ ਹੈਰਾਨ ਹੋ ਰਿਹਾ ਸੀ ਕਿ ਉਹ ਤਾਂ ਸੋਚਦਾ ਸੀ ਕਿ ਨਾਨਕ ਪੀਰ ਦੀ ਗੱਦੀ ਦਾ ਵਾਰਸ ਕੋਈ ਫਕੀਰੀ ਲਿਬਾਸ ਵਿੱਚ ਫੱਟੇ ਪੁਰਾਣੇ ਕੱਪੜੇ ਪਾਈ, ਸਿਰ ਤੇ ਜਟਾਵਾਂ ਤੇ ਹੱਥ ਵਿੱਚ ਮਾਲਾ ਹੋਵੇਗੀ। ਇਥੇ ਤਾਂ ਬਿਲਕੁਲ ਗੱਲ ਉਲਟ ਹੋ ਰਹੀ ਹੈ।
ਏਨੇ ਨੂੰ ਕਾਬਲ ਦੀ ਸੰਗਤ ਆਈ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਬੀਬੀਆਂ ਸਨ। ਸਾਰਿਆਂ ਨੇ ਆ ਕੇ ਗੁਰੂ ਜੀ ਨੂੰ ਮੱਥੇ ਟੇਕੇ ਤੇ ਉਨ੍ਹਾਂ ਨੇ ਸਭ ਨੂੰ ਅਸੀਸਾਂ ਦਿੱਤੀਆਂ। ਇਹ ਸਾਰਾ ਨਜਾਰਾ ਵੇਖ ਕੇ ਫਕੀਰ ਦੀ ਸ਼ਰਧਾ ਹੋਰ ਵੀ ਡਾਵਾਂ ਡੋਲ ਹੋ ਗਈ ਕਿ ਜਿਹੜਾ ਗੁਰੂ ਐਸੇ ਸ਼ਾਹਨਸ਼ਾਹ ਵਾਲੇ ਠਾਠ ਵਿੱਚ ਰਹਿੰਦਾ ਹੋਵੇ ਉਹ ਕਿਵੇ ਭਗਤੀ ਕਰ ਸਕਦਾ ਹੈ ਤੇ ਜਿਸ ਦੇ ਅੱਗੇ ਪਿਛੇ ਸੁੰਦਰ ਇਸਤਰੀਆਂ ਫਿਰਦੀਆਂ ਹੋਣ ਉਹ ਕਿਵੇਂ ਕਾਮਵਾਸਨਾ ਤੋਂ ਬਚਿਆ ਰਹਿ ਸਕਦਾ ? ਦਿਲ ਅੱਗੇ ਜਾਣ ਲਈ ਨਾ ਮਨਿਆ ਤੇ ਨਿਰਾਸ਼ ਹੋ ਕੇ ਵਾਪਸ ਮੁੜਨ ਲੱਗਾ। ਅੰਤਰਜਾਮੀ ਗੁਰੂ ਸਾਹਿਬ ਨੇ ਵੇਖ ਲਿਆ ਤੇ ਇੱਕ ਸਿੱਖ ਨੂੰ ਭੇਜਿਆ ਕਿ ਉਸ ਨੂੰ ਬੁਲਾਕੇ ਲਿਆਵੋ।
ਜਦੋਂ ਪਾਸ ਆਇਆ ਤਾਂ ਗੁਰੂ ਜੀ ਨੇ ਕਿਹਾ ਕਿ ਸਾਂਈ ਫਕੀਰ ਵਾਪਸ ਕਿਉਂ ਜਾ ਰਹੇ ਹੋ ? ਫਕੀਰ ਨੇ ਉੱਤਰ ਦਿੱਤਾ “ਜੋ ਮੈਂ ਵੇਖਣਾ ਸੀ ਵੇਖ ਲਿਆ ਹੈ। ਸਾਰਾ ਝੂਠ ਦਾ ਪਸਾਰਾ ਹੈ, ਉੱਚੀ ਦੁਕਾਨ ਤੇ ਫਿੱਕਾ ਪਕਵਾਨ ਹੈ।” ਗੁਰੂ ਜੀ ਨੇ ਕਿਹਾ ਕਿ ਸਾਂਈ ਫਕੀਰ ਤੈਨੂੰ ਪਤਾ ਨਹੀਂ ਕਿ ਅੱਜ ਤੋਂ ਦਸਵੇਂ ਦਿਨ ਤੇਰੀ ਮੌਤ ਹੋ ਜਾਂਣੀ ਹੈ। ਇਹ ਸੁਣਦੇ ਸਾਰ ਫਕੀਰ ਬਹੁਤ ਘਬਰਾ ਗਿਆ ਤੇ ਗੁਰੂ ਦੇ ਚਰਨੀ ਡਿੱਗ ਪਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਜੇ ਇਹ ਸੱਚ ਹੈ ਤਾਂ ਮੈਨੂੰ ਆਪਣੇ ਚਰਨਾਂ ਵਿੱਚ ਥੋੜੀ ਥਾਂ ਦੇਵੋ ਤਾਂ ਜੋ ਮੈਂ ਇਹ ਬਾਕੀ ਦੇ ਥੋੜੇ ਦਿਨ ਬੰਦਗੀ ਕਰਕੇ ਗੁਜਾਰ ਸਕਾਂ। ਗੁਰੂ ਜੀ ਮੰਨ ਗਏ ਤੇ ਉਸ ਦੇ ਰਹਿਣ ਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਕਰ ਦਿੱਤਾ। ਹੁਣ ਫਕੀਰ ਸਭ ਕੁਝ ਭੁੱਲ ਗਿਆ ਤੇ ਹਰ ਸਮੇਂ ਅਲਾਹ-ਅਲਾਹ ਦਾ ਜਾਪ ਕਰਨ ਲੱਗ ਗਿਆ।
4-5 ਦਿਨਾਂ ਬਾਅਦ ਦਰਬਾਰ ਵਿੱਚ ਇੱਕ ਵੇਸਵਾ ਆਪਣੇ ਸਾਥੀਆਂ ਨਾਲ ਆਈ ਤੇ ਆਪਣੀ ਨਿਰਤਕਾਰੀ ਵਿਖਾਉਣ ਲਈ ਸਮਾਂ ਮੰਗਿਆ। ਗੁਰੂ ਜੀ ਨੇ ਸਾਫ ਇਨਕਾਰ ਕਰ ਦਿੱਤਾ ਕਿ ਗੁਰੂ ਨਾਨਕ ਦੇ ਦਰਬਾਰ ਵਿੱਚ ਨਾਚ ਤੇ ਗਾਣੇ ਲਈ ਕੋਈ ਥਾਂ ਨਹੀਂ। ਫਿਰ ਖਿਆਲ ਆਇਆ ਕਿ ਚਲੋ ਇਸ ਨੂੰ ਫਕੀਰ ਪਾਸ ਭੇਜ ਦਿੰਦੇ ਹਾਂ ਤਾਂ ਜੋ ਉਸ ਦਾ ਦਿਲ ਪ੍ਰਚਾਵਾ ਹੋ ਜਾਵੇਗਾ।
ਜਦੋਂ ਵੇਸਵਾ ਫਕੀਰ ਪਾਸ ਪੁੱਜੀ ਤਾਂ ਉਹ ਕੰਨਾਂ ਤੇ ਹੱਥ ਰੱਖਦਾ ਤੋਬਾ ਕਰਦਾ ਹੋਇਆ ਪੁਕਾਰ ਉਠਿਆ ਕਿ ਇਸ ਨੂੰ ਇਥੋਂ ਲੈ ਜਾਵੋ। ਏਨੇ ਨੂੰ ਗੁਰੂ ਜੀ ਆ ਗਏ ਤੇ ਸਮਝਾਇਆ ਕਿ ਵੇਖੋ ਸਾਂਈ ਫਕੀਰ, ਤੁਹਾਨੂੰ ਹੁਣ ਨਿਸਚਾ ਹੈ ਕਿ ਤੁਹਾਡੀ 5 ਦਿਨਾਂ ਬਾਅਦ ਮੌਤ ਹੋ ਜਾਂਣੀ ਹੈ ਤਾਂ ਤੁਸੀ ਕੋਈ ਵੀ ਗਲਤ ਕੰਮ ਕਰਨ ਲਈ ਰਾਜੀ ਨਹੀਂ। ਇਸੇ ਤਰਾਂ ਸਾਨੂੰ ਤਾਂ ਇਹ ਵੀ ਭਰੋਸਾ ਨਹੀਂ ਕਿ ਜਿਹੜਾ ਇੱਕ ਸਵਾਸ ਬਾਹਰ ਗਿਆ ਉਹ ਵਾਪਸ ਵੀ ਆਵੇਗਾ ਕਿ ਨਹੀਂ ਤਾਂ ਸਾਡੇ ਅੰਦਰ ਭੈੜੇ ਵਿਚਾਰ ਕਿਵੇਂ ਪੈਦਾ ਹੋ ਸਕਦੇ ਹਨ ? ਖੈਰ ਇਹ ਤਾਂ ਸਾਰਾ ਨਾਟਕ ਆਪ ਨੂੰ ਸਮਝਾਉਂਣ ਲਈ ਕਰਨਾ ਪਿਆ।
ਜਾਓ ਅਜੇ ਆਪ ਦੀ ਮੌਤ ਆਉਣ ਵਾਲੀ ਨਹੀਂ। ਸਦਾ ਬਾਬੇ ਨਾਨਕ ਦਾ ਇਹ ਕਲਾਮ ਯਾਦ ਰੱਖੋ :
ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥ – ਅੰਗ 540
ਅਰਥ : ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪਦਿਆਂ ਰਤਾ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ। ਕੀਹ ਪਤਾ ਹੈ! ਮਤਾਂ ਅਗਲਾ ਸਾਹ ਲਿਆ ਜਾਏ ਜਾਂ ਨਾਹ ਲਿਆ ਜਾਏ।
ਆਓੁ ਜਰਾ ਅਸੀਂ ਵੀ ਸੋਚੀਏ ਕਿ ਜੋ ਉਪਦੇਸ਼ ਗੁਰੂ ਜੀ ਸਾਂਈ ਫਕੀਰ ਨੂੰ ਦੇ ਰਹੇ ਸਨ, ਉਹ ਖਾਸ ਕਰਕੇ ਸਾਡੇ ਲਈ ਵੀ ਹੈ।
ਸਿੱਖਿਆ – ਗੁਰਬਾਣੀ ਸਾਨੂੰ ਵਾਰ-ਵਾਰ ਚਿਤਾਵਨੀ ਦਿੰਦੀ ਹੈ ਕਿ ਐ ਜੀਵ ! ਜਰਾ ਸਾਵਧਾਨ ਹੋ ਕਿਉਂਕਿ ਤੂੰ ਸਦਾ ਇਥੇ ਸੰਸਾਰ ਵਿੱਚ ਬੈਠੇ ਨਹੀਂ ਰਹਿਣਾ। ਤੈਨੂੰ ਪ੍ਰਮਾਤਮਾ ਵੱਲੋਂ ਗਿਣੇ ਮਿਣੇ ਸਵਾਸ ਮਿਲੇ ਹਨ ਤੇ ਜਦੋਂ ਉਹ ਪੂਰੇ ਹੋ ਗਏ ਤਾਂ ਮੌਤ ਦਾ ਬਲਾਵਾ ਜ਼ਰੂਰ ਆ ਜਾਵੇਗਾ। ਇਸ ਲਈ ਨਾਮ ਜਪ ਕੇ ਸਾਹਾਂ ਦੀ ਪੂੰਜੀ ਨੂੰ ਸਹੀ ਤਰੀਕੇ ਨਾਲ ਖਰਚ ਕਰੀਏ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –