Saakhi – Guru Ramdas Ji Ate Bhai Soma Ji Saakhi - Guru Amardas Ji Ate Bhai Soma Ji

ਗੁਰੂ ਰਾਮਦਾਸ ਜੀ ਅਤੇ ਭਾਈ ਸੋਮਾ ਜੀ

ਭਾਈ ਸੋਮਾ ਉਮਰ 14 ਸਾਲ, ਪਿਤਾ ਦਾ ਸਾਇਆ ਨਹੀਂ। ਮਾਂ ਨੇ ਘਰ ਗ਼ਰੀਬੀ ਹੋਣ ਕਾਰਨ ਸਕੂਲ ਭੇਜਣਾ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰਾਂਗੀ ਤੂੰ ਵੇਚ ਆਇਆ ਕਰ। ਪਹਿਲੇ ਦਿਨ ਘੁੰਗਣੀਆਂ ਬਣਾਈਆਂ, ਛਾਬਾ ਤਿਆਰ ਕੀਤਾ। ਸੋਮਾ ਮਾਂ ਨੂੰ ਪੁੱਛਦਾ ਹੈ, ਕਿੱਥੇ ਬੈਠ ਕੇ ਵੇਚਾਂ? ਮਾਂ ਕਹਿੰਦੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਤਾਲ (ਸਰੋਵਰ) ਦੀ ਖੁਦਵਾਈ ਕਰਵਾ ਰਹੇ ਹਨ, ਉੱਥੇ ਬਹੁਤ ਸੰਗਤਾਂ ਆਉਂਦੀਆਂ ਹਨ, ਬਹੁਤ ਇਕੱਠ ਹੁੰਦਾ ਹੈ, ਉੱਥੇ ਤੇਰੀ ਛਾਬੜੀ ਜਲਦੀ ਵਿੱਕ ਜਾਵੇਗੀ। ਰੋਜ਼ ਛਾਬੜੀ ਲਗਾਉਣੀ ਤੇ ਵੇਚਣੀ।

ਇੱਕ ਦਿਨ ਕਰਮਾਂ ਭਾਗਾਂ ਵਾਲਾ ਦਿਨ ਆ ਗਿਆ। ਸੋਮਾ ਜਿੱਥੇ ਘੁੰਗਣੀਆਂ ਵੇਚਦਾ ਹੈ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਘੇ। ਜਿਧਰ ਸੋਮੇ ਨੇ ਛਾਬਾ ਲਾਇਆ ਸੀ, ਦੂਜੀ ਭਾਗਾਂ ਦੀ ਬਾਤ ਛਾਬੇ ਵੱਲ ਨਜ਼ਰ ਪੈ ਗਈ, ਤੀਜੀ ਬਾਤ ਛਾਬੇ ਵੱਲ ਵੇਖ ਗੁਰੂ ਜੀ ਨੂੰ ਆਪਣਾ ਸਮਾਂ ਯਾਦ ਆ ਗਿਆ ਕਿ ਜੱਦ ਮੈਂ ਛੋਟਾ ਸੀ ਉਦੋਂ ਮੈਂ ਵੀ ਇਸੇ ਤਰ੍ਹਾਂ ਘੁੰਗਣੀਆਂ ਵੇਚਦਾ ਸੀ। ਚੌਥੀ ਗੱਲ ਗੁਰੂ ਸਾਹਿਬ ਸੋਮੇ ਦੀ ਛਾਬੜੀ ਦੇ ਕੋਲ ਆ ਗਏ। ਪੰਜਵੀਂ ਬਖਸ਼ਿਸ਼ ਪੁੱਛ ਲਿਆ ਕੀ ਨਾਂ ਹੈ,  ਤੂੰ ਕੀ ਕਰਦਾ ਹੈਂ ? ਛੇਵੀਂ ਬਖਸ਼ਿਸ਼ ਤਲੀ ਅੱਡ ਕੇ ਕਹਿੰਦੇ ਜੇ ਅੱਜ ਦੀ ਵੱਟਕ (ਘੁੰਗਣੀਆਂ ਵੇਚ ਕੇ ਇਕੱਠੀ ਹੋਈ ਮਾਇਆ) ਸਾਨੂੰ ਦੇ ਦੇਵੇਂ। ਬੜਾ ਔਖਾ ਵੱਟਕ ਦੇਣੀ ਪਰ ਉਸ ਬੱਚੇ ਨੇ ਸਾਰੀ ਵੱਟਕ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ।

ਜਦੋਂ ਘਰ ਗਿਆ। ਮਾਂ ਕਹਿੰਦੀ ਵਟਕ ਕਿੱਥੇ ਹੈ? ਘਰ ਵਿੱਚ ਬੜੀ ਗ਼ਰੀਬੀ ਸੀ। ਸੋਮਾ ਕਹਿਣ ਲੱਗਾ, ਅੱਜ ਮੇਰੇ ਛਾਬੇ ਅੱਗੋਂ ਗੁਰੂ ਰਾਮਦਾਸ ਲੰਘੇ ਤੇ ਕਹਿੰਦੇ ਅੱਜ ਦੀ ਸਾਰੀ ਵੱਟਕ ਸਾਨੂੰ ਦੇ ਦੇ, ਮੈਂ ਦੇ ਦਿੱਤੀ। ਮਾਂ ਕਹਿੰਦੀ ਸ਼ੁਕਰ ਹੈ ਸਾਡੀ ਸਾਂਝ ਪੈ ਗਈ। ਜੇ ਕੱਲ੍ਹ ਵੀ ਲੰਘਣ ਤੇ ਕੱਲ੍ਹ ਵੀ ਵਟਕ ਦੇ ਦੇਵੀਂ। ਜੇ ਨਾ ਲੰਘਣ ਦੇਣ ਚਲਾ ਜਾਵੀਂ।

ਅਗਲੇ ਦਿਨ ਫਿਰ ਗੁਰੂ ਜੀ ਉਧਰੋਂ ਲੰਘੇ ਤੇ ਸੋਮੇ ਨੇ ਵੱਟਕ ਦੇ ਦਿੱਤੀ। ਤੀਜੇ ਦਿਨ ਗੁਰੂ ਜੀ ਨਹੀਂ ਆਏ, ਸੋਮਾ ਆਪ ਵੱਟਕ ਦੇਣ ਚਲਾ ਗਿਆ। ਗੁਰੂ ਜੀ ਤਲੀ ਅੱਗੇ ਕਰਕੇ ਕਹਿੰਦੇ ਲਿਆ ਸੋਮਿਆ ਵੱਟਕ, ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆਂ ਤੇਰੀ ਵੱਟਕ ਘੱਟਦੀ ਕਿਉਂ ਜਾ ਰਹੀ ਹੈ? ਪਹਿਲੇ ਦਿਨ ਸਵਾ ਰੁਪਿਆ, ਦੂਜੇ ਦਿਨ 70 ਪੈਸੇ, ਤੀਜੇ ਦਿਨ 40 ਪੈਸੇ। ਸੋਮਾ ਕਹਿੰਦਾ ਮੈਂ ਗ਼ਰੀਬ ਹਾਂ। ਗੁਰੂ ਸਾਹਿਬ ਦਇਆ ਦੇ ਘਰ ਵਿੱਚ ਆ ਗਏ, ਕਹਿੰਦੇ, ”ਤੂੰ ਗ਼ਰੀਬ ਨਹੀਂ ਸ਼ਾਹ ਹੈਂ” ਸੋਮਾ ਕਹਿੰਦਾ, ”ਮੈਂ ਸ਼ਾਹ ਨਹੀਂ, ਗ਼ਰੀਬ ਹਾਂ,” ਸਤਿਗੁਰੂ ਫਿਰ ਕਹਿੰਦੇ ਤੂੰ ਗ਼ਰੀਬ ਨਹੀਂ ਸ਼ਾਹ ਹੈਂ। ਗੁਰੂ ਜੀ ਨੇ ਉਸ ਸਮੇਂ ਤਕ ਇੰਝ ਕਹਿਣਾ ਜਾਰੀ ਰਖਿਆ ਜਦੋਂ ਤੱਕ ਜਨਮਾਂ-ਜਨਮਾਂ ਦੀ ਗ਼ਰੀਬੀ ਨਹੀਂ ਕੱਟੀ ਗਈ। ਹੁਣ ਸਤਿਗੁਰੂ ਜੀ ਨੇ ਸੋਚਿਆ ਇਸ ਦੇ ਮੂੰਹ ਤੋਂ ਸੁਣਨਾ ਹੈ ਕਿ ਇਹ ਸ਼ਾਹ ਹੈ।

ਗੁਰੂ ਜੀ ਕਹਿੰਦੇ ਦੱਸ ਸੋਮਿਆ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਹੈ ਜਾਂ ਲੈਣ ਵਾਲਾ? ਤਾਂ ਭਾਈ ਸੋਮਾ ਆਖਣ ਲੱਗਾ, ”ਮਹਾਰਾਜ ਦੇਣ ਵਾਲਾ।” ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਹੈ ਕਿ ਅਸੀਂ ਤੈਨੂੰ ਦਿੱਤੀ ਹੈ? ਭੋਲੇ ਭਾਅ ਕਹਿਣ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ। ਗੁਰੂ ਜੀ ਕਹਿਣ ਲੱਗੇ, ”ਫਿਰ ਤੂੰ ਸ਼ਾਹ ਹੋਇਆ ਕਿ ਅਸੀਂ?” ਭੋਲੇ ਭਾਅ ਕਹਿੰਦਾ, ”ਜੀ ਮੈਂ ਸ਼ਾਹ ਹੋਇਆ।” ਗੱਲ ਨਾਲ ਲਗਾ ਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਤੇ ਵਰ ਦਿੱਤਾ, ”ਭਾਈ ਸੋਮਾ ਸ਼ਾਹ, ਸ਼ਾਹਾਂ ਦਾ ਸ਼ਾਹ, ਬੇਪਰਵਾਹ” ਤੇ ਨਾਲ ਬਚਨ ਕੀਤਾ, ”ਇਹ ਵਰ (ਬਖਸ਼ਿਸ਼) ਤੇਰੀਆਂ ਕੁਲਾਂ ਤੱਕ ਚਲੇਗਾ।”

ਸ਼ਰਧਾ ਸਹਿਤ ਗੁਰੂ ਨਾਲ ਨਾਤਾ ਜੋੜਿਆ। ਸੋਮਾਂ ਜੀ ਬਖਸ਼ਿਸ਼ਾਂ ਦੇ ਪਾਤਰ ਬਣ ਗਏ। ਵੱਡੀ ਗੱਲ ਅੱਜ ਤੱਕ ਉਹਨਾਂ ਦੀ ਕੁਲ ਚੱਲ ਰਹੀ ਹੈ ਤੇ ਨਿਰੰਤਰ ਉਸੇ ਤਰ੍ਹਾਂ ਬਖਸ਼ਿਸ਼ਾਂ ਵਰਤ ਰਹੀਆਂ ਹਨ। ਇਸ ਸਮੇਂ ਭਾਈ ਸੋਮਾ ਜੀ ਦੀ ਕੁਲ ਵਿੱਚੋਂ ਦਿੱਲੀ ਵਿਖੇ ਭਾਈ ਅਵਤਾਰ ਸ਼ਾਹ ਸਿੰਘ ਜੀ ਸੇਵਾ ਨਿਭਾ ਰਹੇ ਹਨ।

ਸਿੱਖਿਆ: ਗੁਰੂ ਜੀ ਦੀ ਨਦਰਿ ਪਲ ਵਿੱਚ ਕੁਲਾਂ ਤੱਕ ਬਾਦਸ਼ਾਹੀਆਂ ਬਖਸ਼ ਸਕਦੀ ਹੈ।

Waheguru Ji Ka Khalsa Waheguru Ji Ki Fateh
— Bhull Chukk Baksh Deni Ji —

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.