Saakhi – Guru Nanak Ji Da Nawab Nu Nasihat Dena
ਸਾਖੀ – ਗੁਰੂ ਨਾਨਕ ਜੀ ਦਾ ਨਵਾਬ ਨੂੰ ਨਸੀਹਤ ਦੇਣਾ
ਸੁਲਤਾਨਪੁਰ ਵਿਖੇ ਮੋਦੀਖਾਨੇ ਦੀ ਕਾਰ ਮਿਲਣ ਪਿੱਛੋ, ਇੱਕ ਦਿਨ ਗੁਰੂ ਨਾਨਕ ਦੇਵ ਜੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਲਈ ਗਏ ਅਤੇ ਬਾਹਰ ਹੀ ਨਾ ਨਿਕਲੈ। ਇਹ ਘਟਨਾ 1497 ਈ. ਦੀ ਹੈ, ਜਦੋਂ ਗੁਰੂ ਜੀ ਦੀ ਉਮਰ 27 ਸਾਲਾਂ ਦੀ ਸੀ। ਭਾਈ ਮਰਦਾਨਾ ਉਡੀਕ ਉਡੀਕ ਕੇ, ਥੱਕ ਕੇ ਘਰ ਨੂੰ ਚਲਾ ਆਇਆ ਅਤੇ ਨਵਾਬ ਨੂੰ ਗੁਰੂ ਜੀ ਦੇ ਨਦੀ ਵਿੱਚੋਂ ਬਾਹਰ ਨਾ ਨਿਕਲਣ ਦੀ ਖ਼ਬਰ ਦਿੱਤੀ।
ਨਵਾਬ ਨੇ ਆਪਣੇ ਆਦਮੀ ਗੁਰੂ ਜੀ ਦੀ ਭਾਲ ਲਈ ਭੇਜੇ ਪਰ ਉਨ੍ਹਾਂ ਨੂੰ ਗੁਰੂ ਜੀ ਨਦੀ ਵਿਚ ਜਾਂ ਬਾਹਰ ਆਸੇ ਪਾਸੇ ਕਿਧਰੇ ਨਾ ਮਿਲੇ। ਸ਼ਹਿਰ ਦੇ ਸਾਰੇ ਲੋਕਾਂ ਨੂੰ ਆਪਣੇ ਸਿਆਣੇ ਅਤੇ ਈਮਾਨਦਾਰ ਮੋਦੀ ਦੇ ਲਾਪਤਾ ਹੋਣ ਦਾ ਬਹੁਤ ਅਫ਼ਸੋਸ ਹੋਇਆ। ਇਸ ਘਟਨਾ ਤੋਂ ਤੀਜੇ ਦਿਨ ਕਿਸੇ ਨੇ ਗੁਰੂ ਜੀ ਨੂੰ ਕਬਰਿਸਤਾਨ ਵਿਚ ਬੈਠੇ ਦੇਖਿਆ। ਗੁਰੂ ਜੀ ਦੇ ਕਬਰਿਸਤਾਨ ਵਿਚ ਬੈਠੇ ਹੋਣ ਦੀ ਖ਼ਬਰ ਨਵਾਬ ਦੌਲਤ ਖ਼ਾਨ ਪਾਸ ਵੀ ਪੁੱਜ ਗਈ। ਉਸ ਸਮੇਂ ਸ਼ਹਿਰ ਦਾ ਵੱਡਾ ਕਾਜ਼ੀ, ਨਵਾਬ ਪਾਸ ਹੀ ਖੜਾ ਸੀ। ਨਵਾਬ ਨੇ ਉਸਨੂੰ ਨਾਲ ਲਿਆ ਅਤੇ ਗੁਰੂ ਜੀ ਪਾਸ ਕਬਰਿਸਤਾਨ ਵਿਚ ਪੁੱਜ ਗਿਆ। ਉਨ੍ਹਾਂ ਆਪਣੇ ਕੰਨੀਂ ਗੁਰੂ ਜੀ ਨੂੰ ਕਹਿੰਦੇ ਸੁਣਿਆ, “ਏਥੇ ਨਾ ਕੋਈ ਹਿੰਦੂ ਹੈ ਅਤੇ ਨਾ ਮੁਸਲਮਾਨ” ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ। ਉਨ੍ਹਾਂ ਕਿਹਾ, “ਹੇ ਨਾਨਕ, ਜੋ ਤੈਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਕੋਈ ਫ਼ਰਕ ਨਹੀਂ ਲਗਦਾ, ਸਾਰੇ ਇੱਕ ਖ਼ੁਦਾ ਦੇ ਪੈਦਾ ਕੀਤੇ ਲਗਦੇ ਹਨ, ਜੇ ਤੇਰਾ ਖ਼ਿਆਲ ਹੈ ਕਿ ਖ਼ੁਦਾ ਦੇ ਦਰਬਾਰ ਵਿਚ ਇਨ੍ਹਾਂ ਦੇ ਚੰਗੇ ਬੁਰੇ ਕਰਮ ਪਰਖ ਕੇ ਫੈਸਲੇ ਹੋਣਗੇ ਤਾਂ ਤੂੰ ਸਾਡੇ ਨਾਲ ਖ਼ੁਦਾ ਦੇ ਘਰ ਮਸੀਤ ਵਿਚ, ਖ਼ੁਦਾ ਦੀ ਭੇਜੀ ਨਮਾਜ਼ ਪੜਨ ਲਈ ਚੱਲ।”
ਗੁਰੂ ਜੀ ਨਵਾਬ ਦੇ ਕਹਿਣ ਉੱਪਰ ਉਨ੍ਹਾਂ ਨਾਲ ਮਸੀਤ ਅੰਦਰ ਚਲੇ ਗਏ। ਗੁਰੂ ਜੀ ਤੋਂ ਬਿਨਾਂ ਸਾਰੇ ਨਮਾਜ਼ੀ ਨਮਾਜ਼ ਪੜ੍ਹਨ ਲੱਗੇ। ਨਮਾਜ਼ ਦੇ ਖ਼ਤਮ ਹੋਣ ਤੇ ਨਵਾਬ ਨੇ ਗੁਰੂ ਜੀ ਪਾਸੋਂ ਪੁੱਛਿਆ, “ਤੁਸੀਂ ਨਮਾਜ਼ ਕਿਉਂ ਨਹੀਂ ਪੜੀ ? ਤੁਸੀਂ ਚੁੱਪ ਕਰ ਕੇ ਕਿਉਂ ਖੜੇ ਰਹੇ, ਜਦੋਂ ਅਸੀਂ ਨਮਾਜ਼ ਪੜ੍ਹ ਰਹੇ ਸੀ ?” ਗੁਰੂ ਜੀ ਨੇ ਉੱਤਰ ਦਿੱਤਾ, “ਨਵਾਬ ਜੀ, ਮੈਂ ਨਮਾਜ਼ ਵਿਚ ਕਿਸ ਦਾ ਸਾਥ ਦਿੰਦਾ ? ਆਪ ਦਾ ਮਨ ਤਾਂ ਕੰਧਾਰ ਵਿਚ ਘੋੜੇ ਖ਼ਰੀਦਣ ਗਿਆ ਹੋਇਆ ਸੀ ਭਾਵੇਂ ਸਰੀਰ ਏਥੇ ਸੀ। ਨਵਾਬ ਨੇ ਕਿਹਾ, “ਨਾਨਕ, ਜੇ ਮੇਰਾ ਮਨ ਨਮਾਜ਼ ਵਿਚ ਹਾਜ਼ਰ ਨਹੀਂ ਸੀ ਤਾਂ ਤੁਸੀਂ ਕਾਜ਼ੀ ਦਾ ਸਾਥ ਦੇਣਾ ਸੀ। ਗੁਰੂ ਜੀ ਨੇ ਕਿਹਾ, “ਨਵਾਬ ਸਾਹਿਬ, ਕਾਜ਼ੀ ਦਾ ਮਨ ਘਰ ਵਿਚ ਨਵੀਂ ਸੂਈ ਘੋੜੀ ਦੀ ਦੇਖਭਾਲ ਕਰ ਰਿਹਾ ਸੀ। ਇਹ ਸੁਣ ਕੇ ਕਾਜ਼ੀ ਨੇ ਕਿਹਾ, “ਨਵਾਬ ਸਾਹਿਬ, ਨਾਨਕ ਸੱਚ ਕਹਿੰਦਾ ਹੈ।ਮੇਰੀ ਘੋੜੀ ਅੱਜ ਸਵੇਰੇ ਸੂਈ ਸੀ।
ਨਮਾਜ਼ ਕਰਦੇ ਕਰਦੇ ਮੇਰੇ ਮਨ ਵਿਚ ਆਇਆ ਕਿ ਇਸ ਤਰ੍ਹਾਂ ਨਾ ਹੋਵੇ ਕਿ ਵਛੇਰਾ ਟੋਏ ਵਿਚ ਡਿੱਗ ਪਵੇ ਅਤੇ ਨਿਕਲ ਨਾ ਸਕੇ।” ਗੁਰੂ ਨਾਨਕ ਨੇ ਕਿਹਾ, “ਕਾਜ਼ੀ ਸਾਹਿਬ, ਖ਼ੁਦਾ ਦੇ ਦਰ ਉੱਪਰ ਉਹ ਨਮਾਜ਼ ਪ੍ਰਵਾਨ ਹੁੰਦੀ ਹੈ ਜਿਹੜੀ ਮਨ ਤਨ ਇਕਾਗਰ ਕਰ ਕੇ ਕੀਤੀ ਜਾਵੇ। ਮਨ ਦੀ ਇਕਾਗਰਤਾ ਤੋਂ ਬਿਨਾਂ ਪੜੀ ਨਮਾਜ਼ ਆਪਣੇ ਆਪ ਨਾਲ ਧੋਖਾ ਹੈ ਅਤੇ ਦੂਜਿਆਂ ਲਈ ਦਿਖਾਵਾ ਹੈ।”
ਸਿੱਖਿਆ – ਸਾਨੂੰ ਨਿਤਨੇਮ ਕਰਣ ਅਤੇ ਬਾਣੀ ਪਣਨ ਵੇਲੇ ਅਪਣਾ ਮਨ ਇਕਾਗਰ ਰਖਣਾ ਚਾਹਿਦਾ ਹੈ।
Waheguru Ji Ka Khalsa Waheguru Ji Ki Fateh
– Bhull Chukk Baksh Deni Ji –