Saakhi – Guru Nanak Ji Da Jagnannath De Brahamn Nu Updesh
ਗੁਰੂ ਨਾਨਦ ਦੇਵ ਜੀ ਦਾ ਜਗਨਨਾਥ ਦੇ ਬ੍ਰਾਹਮਣ ਨੂ ਉਪਦੇਸ਼
ਗੁਰੂ ਨਾਨਕ ਦੇਵ ਜੀ ਅਪਣੀ ਉਦਾਸੀ ਸਮੇਂ ਪੂਰਨਮਾਸ਼ੀ ਵਾਲੇ ਦਿਨ ਜਗਨਨਾਥ (ਉੜੀਸਾ) ਵਿਖੇ ਪੁੱਜੇ। ਉਸ ਦਿਨ ਉਸ ਤੀਰਥ ਉੱਪਰ ਨਹਾਉਣ ਦਾ ਮੇਲਾ ਲੱਗਾ ਹੋਇਆ ਸੀ। (ਇਸ ਤੀਰਥ ਅਸਥਾਨ ਉੱਪਰ ਕ੍ਰਿਸ਼ਨ ਦੀ ਇੱਕ ੮੪ ਫੁੱਟ ਉੱਚੀ ਮੂਰਤੀ ਹੈ ਜਿਸ ਦਾ ਨਾਂ ਜਗਨਨਾਥ ਹੈ। ਹਰ ਸਾਲ ਉਸ ਮੂਰਤੀ ਨੂੰ ਰਥ ਉੱਪਰ ਰੱਖ ਕੇ ਜਲੂਸ ਕੱਢਿਆ ਜਾਂਦਾ ਹੈ।) ਬ੍ਰਾਹਮਣਾਂ ਨੇ ਇਹ ਸਿੱਧ ਕੀਤਾ ਹੋਇਆ ਸੀ, ਜਿਹੜਾ ਉਸ ਰਥ ਦੇ ਪਹੀਏ ਥੱਲੇ ਆ ਕੇ ਮਰੇਗਾ ਉਸਨੂੰ ਮੁਕਤੀ ਮਿਲੇਗੀ। ਇਸ ਲਈ ਕਈ ਮੁਕਤੀ ਦੇ ਚਾਹਵਾਨ ਘਰ-ਘਾਟ ਦਾਨ ਕਰ ਕੇ ਰਥ ਦੇ ਥੱਲੇ ਸਰੀਰ ਤਿਆਗ ਦਿੰਦੇ ਸਨ।
ਮੇਲੇ ਵਿਚ ਗੁਰੂ ਜੀ ਦੀ ਨਜਰ ਇੱਕ ਬਾਹਮਣ ਉੱਪਰ ਗਈ ਜਿਹੜਾ ਹੱਥ ਵਿਚ ਮਾਲਾ ਫੜ ਕੇ, ਅੱਖਾਂ ਬੰਦ ਕਰ ਕੇ , ਚੌਕੜੀ ਮਾਰ ਕੇ ਇਕ ਮੂਰਤੀ ਦੇ ਅੱਗੇ ਬੈਠਾ ਸੀ। ਗੁਰੂ ਜੀ ਨੇ ਉਸਨੂੰ ਜਾ ਕੇ ਪੁੱਛਿਆ, “ਭਗਤ ਜੀ, ਅੱਖਾਂ ਬੰਦ ਕਰ ਕੇ ਕਿਸ ਦਾ ਧਿਆਨ ਧਰਦੇ ਹੋ, ਜਦੋਂ ਕਿ ਮੁਰਤੀ ਆਪ ਦੇ ਅੱਗੇ ਪਈ ਹੈ ?
ਉਸਨੇ ਉੱਤਰ ਦਿੱਤਾ, “ਮੈਨੂੰ ਅੱਖਾਂ ਬੰਦ ਕਰ ਕੇ ਤਿੰਨ ਲੋਕ ਨਜ਼ਰ ਆਉਂਦੇ ਹਨ। ਇਸ ਲਈ ਮੈਂ ਅੱਖਾਂ ਬੰਦ ਕਰਦਾ ਹਾਂ।” ਇਸ ਤਰ੍ਹਾਂ ਦਾ ਉੱਤਰ ਦੇ ਕੇ ਉਸਨੇ ਅੱਖਾਂ ਫਿਰ ਬੰਦ ਕਰ ਲਈਆਂ। ਜਿਸ ਮੂਰਤੀ ਅੱਗੇ ਲੋਕੀਂ ਪੈਸੇ ਦਾਨ ਕਰਦੇ ਸਨ, ਗੁਰੂ ਜੀ ਨੇ ਉਸਦੇ ਅੱਗੋਂ ਚੁੱਕ ਕੇ ਉਸਦੇ ਪਿੱਛੇ ਰਖ ਦਿੱਤੀ। ਜਦੋਂ ਬ੍ਰਾਹਮਣ ਨੇ ਅੱਖਾਂ ਖੋਲ੍ਹੀਆਂ ਤਾਂ ਉਸ ਨੂੰ ਮੂਰਤੀ ਨਜ਼ਰ ਨਾ ਆਈ। ਉਸਨੇ ਰੋਣਾ ਕੁਰਲਾਉਣਾ ਸ਼ੁਰੂ ਕਰ ਦਿੱਤਾ।
ਗੁਰੂ ਜੀ ਨੇ ਕਿਹਾ, “ਭਗਤ ਜੀ, ਰੋਣ ਦੀ ਲੋੜ ਨਹੀਂ। ਆਪਣੀਆਂ ਅੱਖਾਂ ਬੰਦ ਕਰੋ ਅਤੇ ਦੇਖ ਲਵੇ ਕਿ ਤੁਹਾਡੀ ਮੂਰਤੀ ਕਿੱਥੇ ਹੈ। ਤੁਹਾਨੂੰ ਤਾਂ ਅੱਖਾਂ ਬੰਦ ਕਰ ਕੇ ਤਿੰਨ ਲੋਕਾਂ ਦੀ ਸੋਝੀ ਪੈ ਜਾਂਦੀ ਹੈ। ਬਾਹਮਣ ਨੇ ਕਿਹਾ, “ਤਪਾ ਜੀ, ਮੈਂ ਤਾਂ ਮੁਰਤੀ ਦੇ ਆਸਰੇ ਪਲਦਾ ਸੀ। ਅੱਖਾਂ ਬੰਦ ਕਰ ਕੇ ਮੈਨੂੰ ਕੁਝ ਨਜ਼ਰ ਨਹੀਂ ਆਉਂਦਾ।
ਗੁਰੂ ਜੀ ਨੇ ਕਿਹਾ, “ਇਹ ਤੇਰੀ ਦੂਜੀ ਭੁੱਲ ਹੈ ਜੋ ਤੂੰ ਸੋਚਦਾ ਹੈਂ ਕਿ ਇਹ ਮੂਰਤੀ ਤੈਨੂੰ ਖਾਣ ਨੂੰ ਦਿੰਦੀ ਸੀ। ਰੋਟੀ ਤਾਂ ਤੈਨੂੰ ਪਰਮਾਤਮਾ ਦਿੰਦਾ ਹੈ। ਇਹ ਮੂਰਤੀ ਨਾ ਤੈਨੂੰ ਰੋਟੀ ਦੇ ਸਕਦੀ ਹੈ ਅਤੇ ਨਾ ਹੀ ਖੋਹ ਸਕਦੀ ਹੈ। ਇਨ੍ਹਾਂ ਮੂਰਤੀਆਂ ਦੀ ਪੂਜਾ, ਤੀਰਥਾਂ ਦਾ ਇਸ਼ਨਾਨ ਅਤੇ ਹੋਰ ਪਖੰਡ ਕਿਸੇ ਕੰਮ ਦੇ ਨਹੀਂ। ਸਿਰਫ਼ ਇੱਕ ਪਰਮਾਤਮਾ ਦਾ ਸਿਮਰਨ ਕਰ। ਪਰਮਾਤਮਾ ਦਾ ਸੱਚਾ ਆਸਰਾ ਲੈ।
ਮੂਰਤੀ ਦਾ ਝੂਠਾ ਆਸਰਾ ਛੱਡ ਬ੍ਰਾਹਮਣ ਨੇ ਕਿਹਾ, “ਜੇ ਮੈਂ ਝੂਠ ਨਾ ਬੋਲਾਂਗਾ ਤਾਂ ਖਾਵਾਂਗਾ ਕਿੱਥੋਂ ? ਗੁਰੂ ਜੀ ਨੇ ਕਿਹਾ, “ਤੂੰ ਤਾਂ ਕਹਿੰਦਾ ਸੀ ਕਿ ਤੈਨੂੰ ਅੱਖਾਂ ਬੰਦ ਕਰ ਕੇ ਤਿੰਨ ਲੋਕ ਨਜ਼ਰ ਆਉਂਦੇ ਹਨ ਪਰ ਤੈਨੂੰ ਪਰਮਾਤਮਾ ਨਜ਼ਰ ਨਹੀਂ ਆਉਂਦਾ ਜਿਹੜਾ ਸਭ ਦੀ ਪਾਲਣਾ ਕਰਦਾ ਹੈ। ਉਹ ਤੈਨੂੰ ਵੀ ਖਾਣ ਨੂੰ ਦੇਵੇਗਾ। ਤੂੰ ਝੂਠ ਤਿਆਗ ਦੇ।”
ਬਾਹਮਣ ਨੇ ਗੁਰੂ ਜੀ ਦਾ ਕਿਹਾ ਮੰਨ ਕੇ ਮੂਰਤੀ ਪਰੇ ਸੁੱਟ ਦਿੱਤੀ ਅਤੇ ਪਰਮਾਤਮਾ ਦੇ ਗੁਣ ਗਾਉਣ ਲੱਗਾ। ਇਸ ਘਟਨਾ ਸਮੇਂ ਜਿਹੜੇ ਹਾਜ਼ਰ ਸਨ ਉਨ੍ਹਾਂ ਬ੍ਰਾਹਮਣ ਦੇ ਅੱਗੇ ਪੈਸੇ ਰਖਣੇ ਸ਼ੁਰੂ ਕਰ ਦਿੱਤੇ। ਜਿਹੜਾ ਵੀ ਉਸ ਰਸਤੇ ਲੰਘਦਾ, ਬ੍ਰਾਹਮਣ ਦੇ ਅੱਗੇ ਪਏ ਪੈਸੇ ਦੇਖ ਕੇ ਆਪ ਹੀ ਕੁਝ ਨਾ ਕੁਝ ਭੇਟ ਕਰ ਜਾਂਦਾ। ਇਸ ਤਰ੍ਹਾਂ ਉਸ ਬ੍ਰਾਹਮਣ ਦਾ ਨਿਭਾ ਮੂਰਤੀ ਤੋਂ ਬਿਨਾਂ ਹੀ, ਉਸ ਮਾਲਕ ਦੇ ਗੁਣ ਗਾਉਣ ਨਾਲ ਹੋਣ ਲੱਗ ਪਿਆ। ਉਸਨੂੰ ਸਮਝ ਪੈ ਗਈ ਕਿ ਝੂਠੇ ਵਿਖਾਵੇ ਦੀ ਲੋੜ ਨਹੀਂ। ਸਾਰਿਆਂ ਨੂੰ ਖਾਣ ਲਈ ਉਹ ਭੰਡਾਰੀ ਦਿੰਦਾ ਹੈ ਜਿਸ ਨੇ ਉਨ੍ਹਾਂ ਨੂੰ ਪੈਦਾ ਕੀਤਾ ਹੈ। ਝੂਠ ਪਿੱਛੇ ਲੱਗ ਕੇ ਝੂਠੇ ਫ਼ਿਕਰ ਪਾਉਣ ਦਾ ਕੋਈ ਲਾਭ ਨਹੀਂ।
ਸਿਖਿੱਆ- ਸਾਨੂੰ ਅਪਣਾ ਗੁਜਾਰਾ ਕਰਨ ਲਈ ਝੂਠ ਨਹੀਂ ਬੋਲਣਾ ਚਾਹਿਦਾ ਅਤੇ ਨਾ ਹੀ ਕਿਸੇ ਪਾਖੰਡ ਦਾ ਸਹਾਰਾ ਲੈਣਾਂ ਚਾਹਿਦਾ ਹੈ। ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ ਉਹ ਸਦਾ ਸਾਡੀ ਰਖਿੱਆ ਕਰਦਾ ਹੈ। ਇਸ ਲਈ ਝੂਠ, ਪਾਖੰਡ ਛੱਡ ਕੇ ਉਸ ਪਰਮਾਤਮਾ ਦਾ ਗੁਣਗਾਣ ਕਰਨਾ ਚਾਹਿਦਾ ਹੈ।
Waheguru Ji Ka Khalsa Waheguru Ji Ki Fateh
– Bhull Chukk Baksh Deni Ji –