ਗੁਰੂ ਨਾਨਕ ਦੇਵ ਜੀ ਦਾ ਮੱਕੇ ਜਾਣਾ
ਇਕ ਦਿਨ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ”ਤੁਸੀਂ ਮੈਨੂੰ ਜੰਗਲਾਂ ਵਿਚ, ਪਹਾੜਾਂ ਦੀਆਂ ਟੀਸੀਆਂ ਉੱਪਰ ਅਤੇ ਉਨ੍ਹਾਂ ਥਾਵਾਂ ਉੱਪਰ ਜਿਥੇ ਕੋਈ ਨਹੀਂ ਵੱਸਦਾ, ਲਈ ਫਿਰਦੇ ਹੋ। ਇਸਲਾਮ ਧਰਮ ਵਿਚ ਮੱਕੇ ਦੇ ਹੱਜ ਦੀ ਬਹੁਤ ਸਿਫ਼ਤ ਕੀਤੀ ਗਈ ਹੈ। ਤੁਸੀਂ ਮੈਨੂੰ ਮੱਕੇ ਦਾ ਹੱਜ ਕਰਵਾ ਦੇਵੋ।” ਗੁਰੂ ਜੀ ਭਾਈ ਮਰਦਾਨੇ ਦੀ ਬੇਨਤੀ ਮੰਨ ਕੇ, ਉਸਨੂੰ ਨਾਲ ਲੈ ਕੇ ਮੱਕੇ ਵੱਲ ਚਲ ਪਏ। ਰਸਤੇ ਵਿਚ ਉਨ੍ਹਾਂ ਨੂੰ ਕੁਝ ਹੋਰ ਹਾਜੀ ਮਿਲ ਗਏ ਜਿਹੜੇ ਇੱਧਰ-ਉੱਧਰ ਦੀਆਂ ਗੱਲਾਂ ਕਰਨ ਲੱਗੇ। ਗੁਰੂ ਜੀ ਨੇ ਕਿਹਾ, ”ਭਾਈ ਮਰਦਾਨਿਆ, ਜਦੋਂ ਹੱਜ ਲਈ ਜਾਈਏ ਤਾਂ ਉਸ ਖ਼ੁਦਾ ਦੀ ਸਿਫ਼ਤ ਦੀ ਗੱਲ-ਬਾਤ ਹੋਣੀ ਚਾਹੀਦੀ ਹੈ। ਹੋਰ ਫਾਲਤੂ ਗੱਲਾਂ ਕਰਦੇ ਜਾਣਾ ਹਾਜੀਆਂ ਲਈ ਸ਼ੋਭਾ ਨਹੀਂ ਦਿੰਦਾ ਅਤੇ ਇਸ ਤਰ੍ਹਾਂ ਦਾ ਹੱਜ ਕਰਨ ਵਾਲੇ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ।” ਗੁਰੂ ਜੀ ਅਤੇ ਭਾਈ ਮਰਦਾਨਾ ਨੇ ਉਨ੍ਹਾਂ ਹਾਜੀਆਂ ਦਾ ਸਾਥ ਛੱਡ ਦਿੱਤਾ ਅਤੇ ਪਰਮਾਤਮਾ ਦੀ ਸਿਫ਼ਤ-ਸਲਾਹ ਕਰਦੇ ਮੱਕੇ ਦੇ ਨੇੜੇ ਪੁੱਜੇ, ਜਿੱਥੇ ਉਨ੍ਹਾਂ ਹਾਜੀਆਂ ਵਾਲਾ ਨੀਲਾ ਬਾਣਾ ਪਹਿਨ ਲਿਆ ਅਤੇ ਗੁਰੂ ਜੀ ਨੇ ਬਗ਼ਲ ਵਿਚ ਆਪਣੀ ਬਾਣੀ ਦੀ ਕਿਤਾਬ ਰੱਖ ਲਈ। ਇਸ ਤਰ੍ਹਾਂ ਦੇ ਪਹਿਰਾਵੇ ਵਿਚ ਉਹ ਮੱਕੇ ਦੀ ਮਸੀਤ ਅੰਦਰ ਚਲੇ ਗਏ। ਸਾਰਾ ਦਿਨ ਖ਼ੁਦਾ ਦੇ ਗੁਣ ਗਾਉਂਦਿਆਂ ਗੁਜ਼ਾਰ ਦਿੱਤਾ ਅਤੇ ਰਾਤ ਨੂੰ ਆਰਾਮ ਕਰਨ ਗਏ। ਸਵੇਰੇ ਸਵੇਰੇ ਭਾਰਤ ਤੋਂ ਗਿਆ ਇਕ ਹਾਜੀ ਮੁੱਲਾ, ਜਿਸ ਦਾ ਨਾਂ ਇਤਿਹਾਸ ਵਿਚ ਜੀਵਨ ਆਇਆ ਹੈ, ਉਹ ਸੁੱਤੇ ਪਏ ਹਾਜੀਆਂ ਵਿਚੋਂ ਦੀ ਲੰਘ ਰਿਹਾ ਸੀ, ਉਸਦੀ ਨਿਗਾਹ ਗੁਰੂ ਜੀ ਦੇ ਪੈਰਾਂ ਉੱਪਰ ਪਈ ਜਿਹੜੇ ਕਾਅਬੇ ਵੱਲ ਸਨ। ਉਸਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ। ਉਸਨੇ ਗੁਰੂ ਜੀ ਦੀ ਪਿੱਠ ਵਿਚ ਲੱਤ ਮਾਰ ਕੇ ਕਿਹਾ, ”ਓ ਕਾਫ਼ਰ, ਤੈਨੂੰ ਨਜ਼ਰ ਨਹੀਂ ਆਉਂਦਾ ਕਿ ਤੂੰ ਖ਼ੁਦਾ ਦੇ ਘਰ ਵੱਲ ਪੈਰ ਕੀਤੇ ਹੋਏ ਹਨ।” ਗੁਰੂ ਜੀ ਨੇ ਅੱਗੋਂ ਬੜੀ ਹਲੀਮੀ ਨਾਲ ਉੱਤਰ ਦਿੱਤਾ, ”ਮੁੱਲਾ ਜੀ, ਮੇਰੇ ਪਾਸੋਂ ਭੁੱਲ ਹੋ ਗਈ। ਮੈਨੂੰ ਨਹੀਂ ਸੀ ਪਤਾ ਕਿ ਸਿਰਫ਼ ਇਸ ਪਾਸੇ ਹੀ ਖ਼ੁਦਾ ਦਾ ਘਰ ਹੈ। ਤੁਸੀਂ ਮੇਰੇ ਪੈਰ ਉਸ ਪਾਸੇ ਕਰ ਦੇਵੋ ਜਿਸ ਪਾਸੇ ਖ਼ੁਦਾ ਨਹੀਂ ਰਹਿੰਦਾ।” ਇਹ ਸੁਣ ਕੇ ਮੁੱਲਾ ਜੀਵਨ ਦਾ ਗ਼ੁੱਸਾ ਹੋਰ ਵੀ ਵੱਧ ਗਿਆ। ਉਸਨੇ ਬੜੀ ਬੇਦਰਦੀ ਨਾਲ ਗੁਰੂ ਜੀ ਦੀਆਂ ਲੱਤਾਂ ਫੜੀਆਂ ਅਤੇ ਘਸੀਟ ਕੇ ਦੂਜੇ ਪਾਸੇ ਕਰ ਦਿੱਤੀਆਂ। ਗੁਰੂ ਜੀ ਨੇ ਕਿਹਾ, ”ਮੁੱਲਾ ਜੀ, ਕੀ ਇਸ ਪਾਸੇ ਖ਼ੁਦਾ ਦਾ ਘਰ ਨਹੀਂ?” ਮੁੱਲਾ ਜੀਵਨ ਨੇ ਜਦੋਂ ਉਸ ਪਾਸੇ ਤੱਕਿਆ ਤਾਂ ਉਸ ਨੂੰ ਮੱਕਾ ਉਸ ਪਾਸੇ ਵੀ ਨਜ਼ਰ ਆਇਆ। ਮੁੱਲਾ ਜੀਵਨ, ਗੁੱਸੇ ਵਿਚ ਜਿਸ ਪਾਸੇ ਗੁਰੂ ਜੀ ਦੀਆਂ ਲੱਤਾਂ ਨੂੰ ਕਰੇ ਉਸੇ ਪਾਸੇ ਉਸਨੂੰ ਮੱਕਾ ਨਜ਼ਰ ਆਵੇ। ਉਸਨੇ ਇਹ ਦੇਖ ਕੇ ਰੌਲਾ ਪਾ ਦਿੱਤਾ। ਸਾਰੇ ਹਾਜੀ ਜਾਗ ਪਏ। ਤੇ ਇਹ ਕੌਤਕ ਦੇਖ ਹੈਰਾਨ ਹੋਣ ਲੱਗੇ, ਜਿਸ ਦਾ ਕਥਨ ਪ੍ਰਤੱਖ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਮਿਲਦਾ ਹੈ:-
ਬਾਬਾ ਫਿਰ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ।
ਬੈਠਾ ਜਾਇ ਮਸੀਤ ਵਿਚ ਜਿਥੈ ਹਾਜੀ ਹਜਿ ਗੁਜਾਰੀ।
ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਰਾਬੇ ਪਾਇ ਪਸਾਰੀ।
ਜੀਵਣਿ ਮਾਰੀ ਲਤਿ ਦੀ, ਕੇਹੜਾ ਸੁਤਾ ਕੁਫਰ ਕੁਫਾਰੀ।
ਲਤਾ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੁਇ ਬਜਿਗਾਰੀ।
ਟੰਗੋਂ ਪਕੜਿ ਘਸੀਟਿਆ ਫਿਰਆ ਮੱਕਾ ਕਲਾ ਦਿਖਾਰੀ।
ਹੋਇ ਹੈਰਾਨੁ ਕਰੇਨਿ ਜੁਹਾਨੀ ।। (ਵਾਰ 1-32)
ਸਾਰੇ ਹਾਜੀਆਂ ਵਿਚੋਂ ਇਕ ਰੁਕਨਦੀਨ ਨਾਂ ਦੇ ਕਾਜ਼ੀ ਨੇ ਪੁੱਛਿਆ ਤੁਹਾਡੀ ਇਸ ਕਿਤਾਬ ਵਿਚ ਕੀ ਹੈ? ਤਾਂ ਗੁਰੂ ਜੀ ਨੇ ਉੱਤਰ ਦਿੱਤਾ, ਖ਼ੁਦਾ ਦੀ ਉਸਤਤਿ ਤੇ ਮਨੁੱਖਤਾ ਦਾ ਸਿਧਾਂਤ। ਰੁਕਨਦੀਨ ਨੇ ਕਿਹਾ ਦੱਸੋ ਵੱਡਾ ਕੌਣ ਹੈ ਹਿੰਦੂ ਕਿ ਮੁਸਲਮਾਨ? ਗੁਰੂ ਜੀ ਨੇ ਉੱਤਰ ਦਿੱਤਾ, ”ਖ਼ੁਦਾ ਦੇ ਦਰ ਉੱਪਰ ਨੇਕ ਕਰਮ ਪ੍ਰਵਾਨ ਹਨ। ਉਸਦੇ ਦਰਬਾਰ ਵਿੱਚ ਨੇਕ ਕਰਮਾਂ ਬਿਨਾਂ ਨਾ ਹਿੰਦੂ ਲਈ ਕੋਈ ਥਾਂ ਹੈ ਅਤੇ ਨਾ ਹੀ ਮੁਸਲਮਾਨ ਲਈ।” ਇਹ ਉੱਤਰ ਸੁਣ ਕੇ ਹਾਜੀਆਂ ਨੇ ਗੁਰੂ ਜੀ ਨੂੰ ਹੋਰ ਵੀ ਬਹੁਤ ਸਵਾਲ ਕੀਤੇ। ਗੁਰੂ ਜੀ ਨੇ ਉਨ੍ਹਾਂ ਸਾਰਿਆਂ ਦੇ ਮਨਾਂ ਦੇ ਸ਼ੰਕੇ ਦੂਰ ਕੀਤੇ। ਜਦੋਂ ਗੁਰੂ ਜੀ ਮਦੀਨੇ ਵੱਲ ਜਾਣ ਲਈ ਤਿਆਰ ਹੋਏ ਤਾਂ ਕਾਜ਼ੀ ਰੁਕਨਦੀਨ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਮੱਕੇ ਵਿਖੇ, ਆਪਣੇ ਆਉਣ ਦੀ ਯਾਦ ਵਿੱਚ ਕੋਈ ਨਿਸ਼ਾਨੀ ਛੱਡ ਜਾਣ। ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰ ਕੇ ਆਪਣੇ ਖੜਾਂਵ ਕਾਜ਼ੀ ਰੁਕਨਦੀਨ ਨੂੰ ਦੇ ਦਿੱਤੇ। ਉਨ੍ਹਾਂ ਸਤਿਕਾਰ ਸਹਿਤ ਇਨ੍ਹਾਂ ਖੜਾਂਵਾਂ ਨੂੰ ਸੁਸ਼ੋਭਿਤ ਕੀਤਾ, ਜਿਸ ਦਾ ਵੇਰਵਾ ਸਾਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਮਿਲਦਾ ਹੈ,
”ਧਰੀ ਨੀਸਾਨੀ ਕਉਸਿ ਦੀ ਮੱਕੇ ਅੰਦਰਿ ਪੂਜ ਕਰਾਈ।”
ਅੱਜ ਤੱਕ ਜਦੋਂ ਮੁਸਲਮਾਨ ਵੀਰ ਮੱਕੇ ਜਾਂਦੇ ਹਨ ਤਾਂ ਇਨ੍ਹਾਂ ਖੜਾਂਵਾਂ ਦੇ ਦਰਸ਼ਨ ਵੀ ਕਰਦੇ ਹਨ ਤਾਂ ਆਪਣੀ ਯਾਤਰਾ ਸਫਲ ਸਮਝਦੇ ਹਨ।
ਸਿੱਖਿਆ: ਗੁਰੂ ਨਾਨਕ ਦੇਵ ਜੀ ਨੇ ਕਾਜ਼ੀਆਂ, ਮੌਲਵੀਆਂ ਦੀ ਕੱਟੜਤਾ ਨੂੰ ਤੋੜਿਆ ਸੀ ਕਿ ਰੱਬ ਮੱਕੇ ‘ਚ ਵੀ ਹੈ ਤੇ ਸਭੇ ਪਾਸੇ ਵੀ ਹੈ। (ਹਰ ਧਰਮ ਦਾ ਸਤਿਕਾਰ ਕਰੀਏ)।