Saakhi – Guru Nanak Dev Ji Ate Bhai LaloSaakhi - Guru Nanak Dev Ji Ate Bhai Lalo

ਸਾਖੀ : ਗੁਰੂ ਨਾਨਕ ਦੇਵ ਜੀ ਅਤੇ ਭਾਈ ਲਾਲੋ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਅਤੇ ਬਾਲਾ ਜੀ ਸਮੇਤ ਸੁਲਤਾਨਪੁਰ ਲੋਧੀ ਤੋਂ ਵਿਦਾ ਹੋ ਕੇ ਪਹਿਲਾਂ ਪੜਾਅ ਸੈਦਪੁਰ (ਏਮਨਾਬਾਦ) ਵਿਚ ਕੀਤਾ। ਗੁਰੂ ਜੀ ਨੇ ਵੇਖਿਆ ਕਿ ਇਕ ਔਜ਼ਾਰ ਬਣਾਉਣ ਵਾਲਾ ਭਾਈ ਲਾਲੋ ਜੀ ਨਾਮ ਦਾ ਕਾਰੀਗਰ ਮਸਤੀ ਨਾਲ ਆਪਣੇ ਕੰਮ ਵਿਚ ਲੱਗਾ ਹੈ।

ਗੁਰੂ ਜੀ ਕੁਝ ਸਮਾਂ ਉਸ ਵੱਲ ਵੇਖਦੇ ਰਹੇ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਅੱਜ ਸਾਨੂੰ ਸੱਚਾ ਸਿੱਖ ਮਿਲ ਗਿਆ ਹੈ। ਜਦੋਂ ਭਾਈ ਲਾਲੋ ਜੀ ਨੇ ਕੰਮ ਕਰਦੇ ਹੋਏ ਵੇਖਿਆ ਕਿ ਇਕ ਨਿਰੰਕਾਰੀ ਜੋਤ ਉਸਦੇ ਘਰ ਆਈ ਖੜੀ ਹੈ, ਤਾਂ ਉਸਦੇ ਮਨ ਵਿਚ ਅਗੰਮੀ ਖ਼ੁਸ਼ੀ ਦੀ ਲਹਿਰ ਚਲ ਪਈ। ਉਨ੍ਹਾਂ ਨੇ ਉਠ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਜੀ ਆਇਆਂ ਆਖਿਆ। ਗੁਰੂ ਜੀ ਲਈ ਪ੍ਰਸ਼ਾਦਾ ਤਿਆਰ ਕਰਵਾਇਆ ਤੇ ਗੁਰੂ ਜੀ ਦੀ ਸੇਵਾ ਕਰਨ ਲੱਗ ਪਏ।

ਗੁਰੂ ਜੀ ਜਦੋਂ ਭਾਈ ਲਾਲੋ ਜੀ ਦੇ ਘਰ ਪ੍ਰਸ਼ਾਦਾ ਛੱਕਣ ਲੱਗੇ ਤਾਂ ਭਾਈ ਲਾਲੋ ਜੀ ਨੂੰ ਆਪਣੇ ਨਾਲ ਹੀ ਬਿਠਾ ਲਿਆ। ਇਹ ਵੇਖ ਕੇ ਆਸ-ਪਾਸ ਦੇ ਲੋਕ ਹੈਰਾਨ ਹੋਣ ਲੱਗ ਪਏ ਕਿ ਇਹ ਕਿਹੜੇ ਮਹਾਂਪੁਰਸ਼ ਹਨ ਜਿਹੜੇ ਊਚ-ਨੀਚ ਦਾ ਜ਼ਰਾ ਵੀ ਭੇਦ-ਭਾਵ ਨਹੀਂ ਰੱਖਦੇ।

ਦੂਜੇ ਪਾਸੇ ਮਲਕ ਭਾਗੋ ਜੋ ਇਲਾਕੇ ਦਾ ਵੱਡਾ ਜ਼ਿਮੀਦਾਰ ਸੀ, ਸੈਦਪੁਰ ਦੇ ਹਾਕਮ ਜ਼ਾਲਮ ਖ਼ਾਂ ਦਾ ਵੱਡਾ ਅਹਿਲਕਾਰ ਸੀ। ਉਹ ਗ਼ਰੀਬਾਂ ਤੇ ਕਮਜ਼ੋਰਾਂ ਦਾ ਲਹੂ ਚੂਸ ਕੇ ਧਨ ਇਕੱਠਾ ਕਰਦਾ ਸੀ। ਮਲਕ ਭਾਗੋ ਨੇ ਇਕ ਵੱਡੇ ਸਾਰੇ ਭੋਜਨ ਦਾ ਪ੍ਰਬੰਧ ਕੀਤਾ, ਇਸ ਭੋਜ ਵਿਚ ਬਹੁਤ ਸਾਰੇ ਪੰਡਿਤਾਂ, ਸਰੋਤਾਂ ਅਤੇ ਬਰਾਦਰੀ ਵਾਲਿਆਂ ਨੂੰ ਸੱਦਿਆ। ਉਥੇ ਇਲਾਕੇ ਵਿਚ ਆਏ ਰੱਬੀ ਪੈਗ਼ੰਬਰ ਗੁਰੂ ਨਾਨਕ ਦੇਵ ਜੀ ਨੂੰ ਵੀ ਸੱਦਿਆ, ਸਤਿਗੁਰੂ ਜੀ ਨੇ ਪਹਿਲਾਂ ਤਾਂ ਨਾਂਹ ਕਰ ਦਿੱਤੀ, ਫਿਰ ਬਹੁਤ ਜ਼ੋਰ ਪਾਉਣ ਤੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦਾ ਚੰਗਾ ਮੌਕਾ ਸਮਝ ਮਲਕ ਭਾਗੋ ਦੇ ਘਰ ਚਲੇ ਗਏ।

ਮਲਕ ਨੇ ਬੜਾ ਆਦਰ ਮਾਣ ਕੀਤਾ ਅਤੇ ਭੋਜਨ ਛੱਕਣ ਲਈ ਥਾਲ ਪਰੋਸ ਕੇ ਦਿੱਤਾ। ਗੁਰੂ ਜੀ ਨੇ ਭੋਜਨ ਛਕਣ ਤੋਂ ਨਾਂਹ ਕਰ ਦਿੱਤੀ। ਸਭਾ ਵਿਚ ਹੈਰਾਨੀ ਵਰਤ ਗਈ। ਮਲਕ ਨੇ ਨਾਂਹ ਦਾ ਬੜੇ ਗੁੱਸੇ ਵਿਚ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ”ਤੁਹਾਡੀ ਕਮਾਈ ਨੇਕ ਨਹੀਂ ਹੈ, ਤੁਸੀਂ ਗ਼ਰੀਬਾਂ ਨਾਲ ਧੱਕਾ ਕਰਕੇ ਉਨ੍ਹਾਂ ਦਾ ਲਹੂ ਨਿਚੋੜ ਕੇ ਧਨ ਇਕੱਠਾ ਕੀਤਾ ਹੈ, ਸਾਨੂੰ ਤੁਹਾਡੇ ਭੋਜਨ ਵਿੱਚੋਂ ਗ਼ਰੀਬਾਂ ਦਾ ਲਹੂ ਨਜ਼ਰ ਆਉਂਦਾ ਹੈ। ਇਸ ਲਈ ਸਾਥੋਂ ਇਹ ਭੋਜਨ ਖਾਧਾ ਨਹੀਂ ਜਾਂਦਾ।”

ਤਦ ਗੁਰੂ ਜੀ ਨੇ ਆਪਣੇ ਝੋਲੇ ਵਿਚੋਂ ਭਾਈ ਲਾਲੋ ਦੇ ਘਰ ਦੀ ਸੁੱਕੀ ਕੋਧਰੇ ਦੀ ਰੋਟੀ ਕੱਢੀ ਤੇ ਆਪਣੇ ਸੱਜੇ ਹੱਥ ਵਿਚ ਰੱਖਿਆ, ਦੂਜੇ ਪਾਸੇ ਮਲਕ ਭਾਗੋ ਦੇ ਭੋਜਨ ਵਿਚੋਂ ਇਕ ਰੋਟੀ ਚੁੱਕ ਕੇ ਖੱਬੇ ਹੱਥ ਵਿਚ ਰੱਖੀ, ਦੋਨਾਂ ਨੂੰ ਹੱਥਾਂ ਵਿਚ ਨਿਚੋੜਿਆ ਤਾਂ ਨੇਕ ਕਮਾਈ ਕਰਨ ਵਾਲੇ ਲਾਲੋ ਦੀ ਰੋਟੀ ਵਿਚੋਂ ਦੁੱਧ ਅਤੇ ਮਲਕ ਦੇ ਭੋਜਨ ਜੋ ਨੇਕ ਕਮਾਈ ਨਹੀਂ ਸੀ ਉਸਦੇ ਵਿਚੋਂ ਖ਼ੂਨ ਨਿਕਲਦਾ ਨਜ਼ਰ ਆਇਆ। ਇਹ ਵੇਖ ਕੇ ਮਲਕ ਦਾ ਹੰਕਾਰ ਟੁੱਟ ਗਿਆ ਤੇ ਗੁਰੂ ਜੀ ਦੇ ਚਰਨੀਂ ਪਿਆ। ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਸੱਚੀ-ਸੁੱਚੀ ਕਿਰਤ ਵਿਚ ਹੀ ਪਰਮਾਤਮਾ ਨੇ ਬਰਕਤ ਪਾਈ ਹੈ, ਸਾਨੂੰ ਗ਼ਰੀਬਾਂ ਤੇ ਅਤਿਆਚਾਰ ਤੇ ਧੋਖਾਧੜੀ ਨਾਲ ਕਮਾਈ ਹੋਈ ਕਿਰਤ ਨਹੀਂ ਕਰਨੀ ਚਾਹੀਦੀ।

ਸਿੱਖਿਆ : ਸਾਨੂੰ ਹਮੇਸ਼ਾਂ ਦਸਾਂ ਨਹੁੰਆਂ ਦੀ ਸੱਚੀ ਸੁੱਚੀ ਕਿਰਤ ਹੀ ਕਰਨੀ ਚਾਹੀਦੀ ਹੈ। ਗ਼ਰੀਬ ਮਾਰ ਕਰਕੇ ਗ਼ਲਤ ਤਰੀਕੇ ਨਾਲ ਇਕੱਠੀ ਕੀਤੀ ਮਾਇਆ ਪਾਪਾਂ ਦਾ ਭਾਗੀ ਬਣਾਉਂਦੀ ਹੈ।

Waheguru Ji Ka Khalsa Waheguru Ji Ki Fateh
— Bhull Chukk Baksh Deni Ji —

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.