Saakhi – Guru Hargobind Ji Ate Bhai Gopala Ji

Saakhi - Guru Hargobind Ji Ate Bhai Gopala Ji

साखी हिंदी में पढ़ें

ਭਾਈ ਗੁਪਾਲਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ

ਜੰਗਾਂ, ਯੁੱਧਾਂ ਵਿਚ ਰੁਝੇ ਰਹਿਣ ਕਰਕੇ ਗੁਰੂ ਜੀ ਨੇ ਬੇਸ਼ਕ ਆਪ ਬਾਣੀ ਨਹੀਂ ਸੀ ਲਿਖੀ ਪਰ ਉਹ ਬਾਣੀ ਦਾ ਸਤਿਕਾਰ ਬਹੁਤ ਕਰਦੇ ਸਨ। ਜਦ ਕੀਰਤਨ ਹੁੰਦਾ ਸੀ ਤਾਂ ਬੜੇ ਪਿਆਰ ਨਾਲ ਸਰਵਣ ਕਰਦੇ ਸਨ। ਇਤਨੇ ਇਕਾਗਰ ਚਿੱਤ ਹੋ ਜਾਂਦੇ ਸਨ ਕਿ ਬਾਹਰਲੀ ਦੁਨੀਆਂ ਦੀ ਹੋਂਦ ਹੀ ਭੁੱਲ ਜਾਂਦੇ ਸਨ। ਇਕ ਦਿਨ ਦਰਬਾਰ ਲੱਗਾ ਹੋਇਆ ਸੀ ਅਤੇ ਗੁਰੂ ਜੀ ਕੀਰਤਨ ਉਪਰੰਤ ਸਿੱਖਾਂ ਨੂੰ ਉਪਦੇਸ਼ ਦੇ ਰਹੇ ਸਨ। ਸ਼ੁੱਧ ਬਾਣੀ ਪਾਠ ਦੀ ਮਹੱਤਤਾ ਨੂੰ ਦਰਸਾਉਂਦਿਆਂ ਉਨ੍ਹਾਂ ਕਿਹਾ, “ਸ਼ੁੱਧ ਪਾਠ ਕਰਨ ਨਾਲ ਜਿਥੇ ਹਿਰਦਾ ਸ਼ੁੱਧ ਹੁੰਦਾ ਹੈ, ਓਥੇ ਮਨੁੱਖ ਦਾ ਪ੍ਰਭੂ ਨਾਲ ਵੀ ਮੇਲ ਹੁੰਦਾ ਹੈ । ਸ਼ੁੱਧ ਪਾਠ ਕਰਨ ਵਾਲਾ ਗੁਰੂ ਦੀਆਂ ਖ਼ੁਸ਼ੀਆਂ ਵੀ ਪ੍ਰਾਪਤ ਕਰਦਾ ਹੈ। |

ਉਪਦੇਸ਼ ਕਰਦੇ ਕਰਦੇ ਉਹ ਰੁੱਕ ਗਏ ਅਤੇ ਕਹਿਣ ਲੱਗੇ, “ਕੀ ਤੁਹਾਡੇ ਵਿਚ ਕੋਈ ਐਸਾ ਸਿੱਖ ਵੀ ਹੈ ਜਿਹੜਾ ਜਪੁਜੀ ਸਾਹਿਬ ਦਾ ਸ਼ੁੱਧ ਪਾਠ ਕਰ ਸਕਦਾ ਹੋਵੇ।” ‘ ਕਾਫ਼ੀ ਦੇਰ ਦਰਬਾਰ ਵਿਚ ਚੁੱਪ ਪਸਰੀ ਰਹੀ ਅਤੇ ਕਿਸੇ ਸਿੱਖ ਵੀ ਇਹ ਹਿੰਮਤ ਨਾ ਕੀਤੀ ਕਿ ਸ਼ੁੱਧ ਪਾਠ ਕਰਨ ਦਾ ਦਾਅਵਾ ਪੇਸ਼ ਕਰ ਸਕੇ । ਭਾਵੇਂ ਸੈਂਕੜੇ ਸਿੱਖਾਂ ਨੂੰ ਜਪੁ ਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਸੀ ਪਰ ਗੁਰੂ ਜੀ ਨੂੰ ਸੁਣਾਉਣ ਵਿਚ ਹਰ ਕੋਈ ਝਿਜਕਦਾ ਸੀ। | ਕੁਝ ਸਮੇਂ ਬਾਅਦ ਭਾਈ ਗੁਪਾਲਾ ਉਠ ਕੇ ਖੜਾ ਹੋਇਆ। ਉਹ ਕਹਿਣ ਲੱਗਾ, “ਮੈਂ ਸ਼ੁੱਧ ਪਾਠ ਦਾ ਦਾਅਵਾ ਤਾਂ ਨਹੀਂ ਕਰਦਾ ਹਾਂ, ਪਰ ਮੈਂ ਇਹ ਕੋਸ਼ਿਸ਼ ਕਰਾਂਗਾ। ਬਾਕੀ ਆਪ ਜੀ ਦੀ ਕਿਰਪਾ ਹੋਣੀ ਚਾਹੀਦੀ ਹੈ, ਸ਼ੁੱਧ ਪਾਠ ਆਪਣੇ ਆਪ ਹੋ ਜਾਂਦਾ ਹੈ । ਗੁਰੂ ਜੀ ਨੇ ਉਸ ਨੂੰ ਪਾਠ ਕਰਨ ਦੀ ਆਗਿਆ ਦੇ ਦਿੱਤੀ। ਗੁਰੂ ਜੀ ਉਸ ਸਮੇਂ ਪਲੰਘ ਦੇ ਸਰਹਾਣੇ ਵਾਲੇ ਪਾਸੇ ਬੈਠੇ ਸਨ।

ਭਾਈ ਗੁਪਾਲਾ ਏਨੀ ਇਕਾਗਰਤਾ ਨਾਲ ਸ਼ੁੱਧ ਪਾਠ ਕਰਨ ਲੱਗਾ ਕਿ ਸੰਗਤਾਂ ਵਿਚ ਮਸਤੀ ਛਾ ਗਈ। ਹਰ ਕੋਈ ਪਾਠ ਦੇ ਨਾਲ ਨਾਲ ਹੀ ਝੂਮ ਰਿਹਾ ਸੀ। ਓਧਰ ਗੁਰੂ ਜੀ ਪਾਠ ਸੁਣਦੇ-ਸੁਣਦੇ ਸਿਰਹਾਣੇ ਤੋਂ ਪੈਂਦ ਵਲ ਖਿਸਕਦੇ ਆ ਰਹੇ ਸਨ। ਗੁਰੂ ਜੀ ਆਪਣੇ ਮਨ ਵਿਚ ਸੋਚ ਰਹੇ ਸਨ ਜੇ ਇਹ ਏਨੀ ਇਕਾਗਰਤਾ ਅਤੇ ਸ਼ੁੱਧਤਾ ਨਾਲ ਪਾਠ ਕਰ ਗਿਆ ਤਾਂ ਮੈਂ ਇਸ ਨੂੰ ਗੁਰ-ਗੱਦੀ ਸੌਂਪ ਦੇਵਾਂਗਾ, ਪਰ ਭਾਈ ਗੁਪਾਲਾ ਜਦ ਆਖ਼ਰੀ ਪੌੜੀਆਂ ‘ਤੇ ਪੁੱਜਾ ਤਾਂ ਉਸ ਦੇ ਮਨ ਦੀ ਇਕਾਗਰਤਾ ਵੀ ਭੰਗ ਹੋ ਗਈ। ਉਹ ਸੋਚਣ ਲੱਗਾ ਕਿ ਮੇਰੇ ਏਨੇ ਸ਼ੁੱਧ ਪਾਠ ਤੋਂ ਖ਼ੁਸ਼ ਹੋ ਕੇ ਗੁਰੂ ਜੀ ਮੈਨੂੰ ਕਹਿਣਗੇ, “ਭਾਈ ਗੁਪਾਲਾ! ਤੂੰ ਪਾਠ ਬੜੀ ਇਕਾਗਰਤਾ ਨਾਲ ਕੀਤਾ ਹੈ, ਅਸੀਂ ਤੇਰੇ ‘ਤੇ ਬਹੁਤ ਖ਼ੁਸ਼ ਹੋਏ ਹਾਂ, ਮੰਗ ਜੋ ਕੁਝ ਮੰਗਦਾ ਹੈ? ਫਿਰ ਮੈਨੂੰ ਕੀ ਮੰਗਣਾ ਚਾਹੀਦਾ ਹੈ। ਮੈਨੂੰ ਉਹ ਚੀਨਾ ਘੋੜਾ ਮੰਗ ਲੈਣਾ ਚਾਹੀਦਾ ਹੈ ਜਿਹੜਾ ਕਿ ਸੁਭਾਗੇ ਨੇ ਗੁਰੂ ਜੀ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਸੋਚਾਂ ਵਿਚ ਭਾਈ ਗੁਪਾਲਾ ਜੀ ਨੇ ਜਪੁਜੀ ਸਾਹਿਬ ਦੀ ਸਮਾਪਤੀ ਦਾ ਸਲੋਕ ਪੜਿਆ ।

ਗੁਰੂ ਜੀ ਜਿਹੜੇ ਪੈਂਦ ਵੱਲ ਖਿਸਕਦੇ ਆਉਂਦੇ ਸਨ ਫਿਰ ਸਿਰਹਾਣੇ ਵੱਲ ਹੋ ਗਏ। ਗੁਰੂ ਜੀ ਕਹਿਣ ਲੱਗੇ, “ਜਦ ਭਾਈ ਗੁਪਾਲਾ ਪਾਠ ਕਰਨ ਲੱਗੇ ਸਨ ਤਾਂ ਇਨ੍ਹਾਂ ਨੇ ਚਿੱਤ ਇਕ ਪ੍ਰਭੂ ਨਾਲ ਜੋੜਿਆ ਹੋਇਆ ਸੀ। ਉਸ ਸਮੇਂ ਅਸੀਂ ਵਿਚਾਰ ਬਣਾਇਆ ਕਿ ਇਸ ਨੂੰ ਗੁਰ-ਗੱਦੀ ਹੀ ਦੇ ਦੇਵਾਂਗੇ ਪਰ ਆਖ਼ਰੀ ਪਉੜੀਆਂ ‘ਤੇ ਪਹੁੰਚਣ ਉਤੇ ਇਸ ਦੀ ਖ਼ਾਹਿਸ਼ ਚੀਨੇ ਘੋੜੇ ‘ਤੇ ਚਲੇ ਗਈ। ( ਅਸੀਂ ਉਹ ਚੀਨਾ ਘੋੜਾ ਭਾਈ ਗੁਪਾਲੇ ਨੂੰ ਇਨਾਮ ਵਜੋਂ ਦਿੰਦੇ ਹਾਂ। ਫਿਰ ਗੁਰੂ ਜੀ ਭਾਈ ਗੁਪਾਲੇ ਨੂੰ ਸੰਬੋਧਨ ਕਰਦੇ ਕਹਿਣ ਲੱਗੇ, “ਜੇ ਤੁਸੀਂ ਇਕ ਮਨ, ਇਕ ਚਿੱਤ ਇਕਾਗਰ ਹੋ ਕੇ ਸਾਰਾ ਪਾਠ ਕਰ ਜਾਂਦੇ ਤਾਂ ਗੁਰਿਆਈ ਦਾ ਹੱਕਦਾਰ ਹੋ ਜਾਣਾ ਸੀ। ਪਰ ਪ੍ਰਭੂਮਿਲਾਪ ਦੀ ਬਜਾਏ ਸੰਸਾਰਿਕ ਵਸਤੂਆਂ ਦੀ ਖਿੱਚ ਨੇ ਤੁਹਾਨੂੰ ਹੇਠਾਂ ਲੈ ਆਂਦਾ। ਹੁਣ ਤੁਸੀਂ ਕੇਵਲ ਇਕ ਘੋੜੇ ਦੀ ਕਲਪਨਾ ਕੀਤੀ ਸੀ, ਘੋੜਾ ਹਾਜ਼ਰ ਹੈ।”

ਭਾਈ ਗੁਪਾਲੇ ਨੇ ਗੁਰੂ ਸਾਹਿਬ ਦੀਆਂ ਇਨ੍ਹਾਂ ਗੱਲਾਂ ਨੂੰ ਸਵੀਕਾਰ ਕੀਤਾ ਅਤੇ ਕਿਹਾ, “ਗੁਰੂ ਜੀ ਠੀਕ ਫ਼ਰਮਾ ਰਹੇ ਹੋ, ਅਸੀਂ ਸੰਸਾਰੀ ਜੀਵ ਇਕ ਦਮ ਕਿਸ ਤਰ੍ਹਾਂ ਉਠ ਸਕਦੇ ਹਾਂ ਕਿ ਸੰਤਾਂ ਮਹਾਂਪੁਰਸ਼ਾਂ ਦਾ ਮੁਕਾਬਲਾ ਕਰ ਸਕੀਏ। ਦੁਨੀਆਂ ਵਿਚ ਵਿਰਲੇ ਹੀ ਇਨਸਾਨ ਹਨ ਜਿਹੜੇ ਮਾਇਆ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਮੁਕਤ ਹੁੰਦੇ ਹਨ।” ਪਰ ਗੁਰੂ ਜੀ ਨੇ ਉਸ ਨੂੰ ਟੋਕਦਿਆਂ ਕਿਹਾ, “ਗੁਰੂ ਘਰ ਵਿਚ ਜਿਹੜਾ ਵੀ ਸੱਚੇ ਦਿਲੋਂ ਪਾਠ ਕਰਦਾ ਹੈ, ਉਹ ਸੰਤ ਹੀ ਹੈ। ਪਾਠ ਕਰਦੇ ਸਮੇਂ ਧਿਆਨ ਸੰਸਾਰੀ ਕਾਰ-ਵਿਹਾਰ ਵਿਚ ਰਖਣ ਨਾਲ ਪਾਠ ਦਾ ਕੋਈ ਫ਼ਾਇਦਾ ਨਹੀਂ। ਪਰ ਸੱਚੇ ਦਿਲੋਂ ਇਕਾਗਰ ਹੋ ਕੇ ਇਕ ਵਾਰ ਪਾਠ ਕਰਨ ਵਾਲਾ ਮਹਾਤਮਾ ਬਣ ਜਾਂਦਾ ਹੈ। ਹੁਣੇ ਹੀ ਤੁਸੀਂ ਸਾਥੋਂ ਗੱਦੀ ਖੋਹਣ ਵਾਲੇ ਸੀ, ਇਹ ਸਭ ਤੁਹਾਡੀ ਇਕਾਗਰਤਾ ਦਾ ਸਿੱਟਾ ਸੀ।”

ਸਿਖਿਆ- ਪਾਠ ਕਰਦੇ ਸਮੇ ਸਾਨੂੰ ਸਾਡਾ ਧਿਆਨ ਇਕਾਗਰ ਰਖਣਾ ਚਾਹਿਦਾ ਹੈ।

Waheguru Ji Ka Khalsa Waheguru Ji Ki Fateh
– Bhull Chukk Baksh Deni Ji –

LEAVE A REPLY

This site uses Akismet to reduce spam. Learn how your comment data is processed.