Saakhi – Guru Gobind Singh Ji Da Shisha
ਗੁਰੂ ਗੋਬਿੰਦ ਸਿੰਘ ਜੀ ਦਾ ਸ਼ੀਸ਼ਾ
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਜਿਥੇ ਅੱਜ ਪੰਜਵਾਂ ਤਖ਼ਤ ਦਮਦਮਾ ਸਾਹਿਬ ਹੈ, ਬਿਰਾਜਮਾਨ ਸਨ। ਦੂਰ-ਦੂਰ ਤੋਂ ਸੰਗਤਾਂ ਪਹੁੰਚ ਗੁਰੂ ਜੀ ਦੇ ਦਰਸ਼ਨ ਕਰ ਕੇ ਨਿਹਾਲ ਹੋ ਰਹੀਆਂ ਸਨ। ਇਕ ਦਿਨ ਕਾਬਲ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਵਾਸਤੇ ਸਾਬੋ ਕੀ ਤਲਵੰਡੀ ਆਈਆਂ। ਡੂੰਘੀ ਸੋਚ ਮੁਤਾਬਿਕ ਗੁਰੂ ਜੀ ਨੂੰ ਭੇਟਾ ਵਜੋਂ ਕੁਝ ਅਰਪਣ ਕਰਨ ਵਾਸਤੇ ਜਿਸ ਨਾਲ ਸੰਗਤ ਦੀ ਹਾਜ਼ਰੀ ਗੁਰੂ ਚਰਨਾਂ ਵਿਚ ਰੋਜ਼ ਲੱਗ ਸਕੇ ਦਰਪਣ (ਸ਼ੀਸ਼ਾ) ਲੈ ਕੇ ਆਈਆਂ। ਭਾਵਨਾ ਜਦ ਗੁਰੂ ਜੀ ਇਸ ਸ਼ੀਸ਼ੇ ਅੱਗੇ ਖੜੇ ਹੋ ਕੇ ਰੋਜ਼ ਦਸਤਾਰ ਸਜਾਉਣਗੇ ਤਾਂ ਸ਼ੀਸ਼ੇ ਵੱਲ ਦੇਖ ਸਾਡੀ ਸੰਗਤਾਂ ਦੀ ਯਾਦ ਆਏਗੀ ਤੇ ਸਾਡੀ ਗੁਰੂ ਚਰਨਾਂ ਵਿਚ ਹਾਜ਼ਰੀ ਲੱਗੇਗੀ। ਜਦ ਦਰਸ਼ਨ ਕਰਨ ਉਪਰੰਤ ਸੰਗਤਾਂ ਨੇ ਦਰਪਣ (ਸ਼ੀਸ਼ਾ) ਭੇਟਾ ਕੀਤਾ, ਸਤਿਗੁਰੂ ਜੀ ਨੇ ਆਪਣੇ ਹੱਥੀ ਖੋਲ੍ਹ ਕੇ ਦੇਖਿਆ, ਬੜੇ ਪ੍ਰਸ਼ੰਨ ਹੋਏ ਤੇ ਸੰਗਤਾਂ ਦੀ ਭਾਵਨਾ ਦੇਖ ਅਤਿਅੰਤ ਖ਼ੁਸ਼ੀਆਂ ਬਖਸ਼ੀਆਂ। ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ ਤੇ ਬਚਨ ਕੀਤਾ ਸੰਗਤ ਜੀ ਜਿੰਨੇ ਦਿਨ ਇਸ ਥਾਂ ਤੇ ਟਿਕਾਣਾ ਕਰਾਂਗੇ ਇਸ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਦਸਤਾਰ ਸਜਾਵਾਂਗੇ, ਪਰ ਤੁਸੀਂ ਪ੍ਰੇਮ ਸਹਿਤ ਸ਼ੀਸ਼ਾ ਲੈ ਕੇ ਆਏ ਹੋ ਇਸ ਕਰਕੇ ਇਸ ਸ਼ੀਸ਼ੇ ਦੀ ਹਾਜ਼ਰੀ ਸਦਾ-ਸਦਾ ਲਈ ਬਣੇ ਅਸੀਂ ਇਸ ਸ਼ੀਸ਼ੇ ਨੂੰ ਵਰ ਦੇਂਦੇ ਹਾਂ ਰਹਿੰਦੀ ਦੁਨੀਆਂ ਤਕ ਕਿਸੇ ਸਰੀਰ ਨੂੰ ਅਧਰੰਗ, ਲਕਵਾ ਭਾਵ ਸਰੀਰ ਦਾ ਇਕ ਪਾਸਾ ਮਰ ਜਾਵੇ, ਉਹ ਭਾਵਨਾ ਸਹਿਤ ਇਥੇ ਆ ਕੇ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇਗਾ ਤਾਂ ਉਸ ਸਰੀਰ ਦਾ ਇਹ ਰੋਗ ਰਾਜ਼ੀ ਹੋਵੇਗਾ।
ਇਹ ਸ਼ੀਸ਼ਾ ਸਾਬੋ ਕੀ ਤਲਵੰਡੀ ਬਠਿੰਡਾ ਸ਼ਹਿਰ ਤੋਂ ਕੁਝ ਕੁ ਮੀਲ ਦੂਰੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਸ਼ੋਬਿਤ ਹੈ। ਭਾਵਨਾ ਸਹਿਤ ਉਥੇ ਤਿੰਨ ਦਿਨ ਰਹਿ ਕੇ ਜੋ ਉਥੋਂ ਦੇ ਗ੍ਰੰਥੀ ਸਿੰਘ ਜੀ ਦੁਆਰਾ ਦੱਸੀ ਮਰਿਯਾਦਾ ਅਨੁਸਾਰ ਸ਼ੀਸ਼ੇ ਅੱਗੇ ਬੈਠਦਾ ਹੈ, ਐਸੇ ਰੋਗੀਆਂ ਦੇ ਰੋਗ ਦੂਰ ਹੁੰਦੇ ਹਨ।
ਸਿੱਖਿਆ: ਤਾਕਤ ਸ਼ੀਸ਼ੇ ਵਿਚ ਨਹੀਂ ਗੁਰੂ ਦੇ ਬਚਨਾਂ ਵਿਚ ਹੈ। ਉਸ ਬਚਨ ਸਦਕਾ ਅੱਜ ਵੀ ਝੋਲੀਆਂ ਭਰ ਰਹੀਆਂ ਹਨ।
Waheguru Ji Ka Khalsa Waheguru Ji Ki Fateh
— Bhull Chukk Baksh Deni Ji —