Saakhi – Guru Gobind Singh Ji Da Jawab
ਗੁਰੂ ਗੋਬਿੰਦ ਸਿੰਘ ਜੀ ਦਾ ਜਵਾਬ
ਸ੍ਰੀ ਅਨੰਦਪੁਰ ਦੀ ਪਾਵਨ ਧਰਤੀ ਉੱਪਰ ਅੱਠ-ਦਸ ਗੁਰਸਿੱਖ ਬੈਠੇ ਆਪਸੀ ਵਿਚਾਰ-ਵਟਾਂਦਰਾ ਕਰ ਰਹੇ ਸਨ। ਵੀਚਾਰ ਖਤਮ ਹੁੰਦੇ ਸਾਰ ਇੱਕ ਗੁਰਸਿੱਖ ਨੇ ਸਵਾਲ ਰੱਖ ਦਿੱਤਾ ਕਿ ਸੰਸਾਰ ਅੰਦਰ ਲੰਮੇ ਸਮੇਂ ਤੱਕ ਮਨੁੱਖ ਦਾ ਨਾਮ ਕਿਵੇਂ ਰਹਿ ਸਕਦਾ ਹੈ? ਗੁਰਸਿੱਖ ਦਾ ਇਹ ਪ੍ਰਸ਼ਨ ਸੁਣ ਕੇ ਇੱਕ ਸਿਆਣੇ ਗੁਰਸਿੱਖ ਨੇ ਉੱਤਰ ਦਿੱਤਾ ਕਿ ਮਨੁੱਖ ਦਾ ਨਾਮ ਉਸਦੇ ਘਰ ਸੰਤਾਨ ਦੁਆਰਾ ਕਾਇਮ ਰਹਿੰਦਾ ਹੈ। ਪੁਤੱਰ ਕਰਕੇ ਬਾਪ ਦਾ ਨਾਮ ਲੋਕ ਜਾਣਦੇ ਹਨ। ਦੂਸਰੇ ਗੁਰਸਿੱਖ ਨੇ ਉੱਤਰ ਦਿੱਤਾ, ਠੀਕ ਹੈ ਦੋ-ਤਿੰਨ ਪੀੜ੍ਹੀਆਂ ਤੱਕ ਤਾਂ ਮਨੁੱਖ ਦਾ ਨਾਮ ਜਾਣਿਆ ਜਾ ਸਕਦਾ ਹੈ ਤੇ ਉਹ ਵੀ ਪ੍ਰਵਾਰ ਦੇ ਬੰਦੇ ਹੀ ਜਾਨਣਗੇ, ਉਸ ਪਿੱਛੋਂ ਸਿਲਸਿਲਾ ਖਤਮ ਹੋ ਜਾਏਗਾ। ਦੂਸਰਾ ਜੇ ਪੁੱਤਰ ਭੈੜੇ ਲੱਛਣਾਂ ਵਾਲਾ ਜੰਮ ਪਿਆ, ਨਾਮ ਰਹਿਣ ਦੀ ਥਾਂ ਸਗੋਂ ਉਹ ਆਪਣੇ ਬਾਪ ਦੇ ਨਾਮ ਨੂੰ ਮਿੱਟੀ ਵਿੱਚ ਮਿਲਾ ਦੇਵੇਗਾ। ਪੁੱਤਰ ਦੇ ਮਾੜੇ ਕਰਮਾਂ ਦੀ ਬਦੌਲਤ ਮਨੁੱਖ ਨੂੰ ਯਾਦ ਕਰਨ ਦੀ ਥਾਂ ਲੋਕ ਸਗੋਂ ਪੁਤੱਰ ਦੇ ਬਾਪ ਦੇ ਨਾਮ ਨੂੰ ਨਫ਼ਰਤ ਕਰਨਗੇ।
ਫਿਰ ਦੂਸਰੇ ਗੁਰਸਿੱਖ ਨੇ ਉੱਤਰ ਦਿੱਤਾ ਕਿ ਪੁੱਤਰ ਨਾਲ ਪ੍ਰਵਾਰ ਵਿੱਚ ਤਾਂ ਮਾੜਾ ਮੋਟਾ ਕੁਝ ਚਿਰ ਨਾਮ ਰਹੇਗਾ ਪਰ ਲੋਕਾਈ ਉਸ ਦੇ ਨਾਮ ਨੂੰ ਨਹੀਂ ਜਾਣੇਗੀ। ਮੇਰੀ ਵੀਚਾਰ ਅਨੁਸਾਰ ਜੇ ਮਨੁੱਖ ਦੇ ਕੋਲ ਮਾਇਆ ਹੋਵੇ ਉਸ ਮਾਇਆ ਨਾਲ ਉਹ ਸਰਾਂ ਬਣਾ ਕੇ ਨਾਲ ਖੂਹ ਲਗਵਾ ਦੇਵੇ, ਸਰਾਂ ਦੇ ਖੂਹ ਉੱਪਰ ਉਸ ਮਨੁੱਖ ਦਾ ਨਾਮ ਲਿਖ ਦਿੱਤਾ ਜਾਵੇ ਕਿ ਇਸ ਸਰਾਂ ਤੇ ਖੂਹ ਦੀ ਸੇਵਾ ਕਿਸ ਮਨੁੱਖ ਨੇ ਕਰਵਾਈ ਹੈ। ਹਰ ਰਹਿਣ ਵਾਲਾ ਮੁਸਾਫਰ ਜਦੋਂ ਸਰਾਂ ਵਿੱਚ ਠਹਿਰੇਗਾ ਤੇ ਖੂਹ ਤੇ ਜਲ ਛਕੇਗਾ ਉਹ ਖੂਹ ਲੁਆਣ ਤੇ ਸਰਾਂ ਬਨਾਉਣ ਵਾਲੇ ਨੂੰ ਯਾਦ ਵੀ ਕਰੇਗਾ ਤੇ ਅਗਾਂਹ ਉਸ ਦੇ ਨਾਮ ਦੀ ਵਡਿਆਈ ਲੋਕਾਈ ਵਿੱਚ ਵੀ ਕਰੇਗਾ।
ਤੀਸਰੇ ਗੁਰਸਿੱਖ ਨੇ ਦਲੀਲ ਦਿੱਤੀ ਕਿ ਜਿਸ ਮਨੁੱਖ ਪਾਸ ਜ਼ਮੀਨ ਹੋਵੇ। ਉਹ ਦਸ ਪੰਦਰਾਂ ਏਕੜਾਂ ਵਿੱਚ ਅੰਬਾਂ ਦਾ ਬਾਗ ਲੁਆ ਦੇਵੇ। ਦਰੱਖਤਾਂ ਦੀ ਬੜੀ ਲੰਬੇਰੀ ਉਮਰ ਹੁੰਦੀ ਹੈ ਤੇ ਉਹ ਬਾਗ ਧਰਮ ਅਰਥ ਸਭ ਲਈ ਸਾਂਝਾ ਦਾਨ ਕਰ ਦੇਵੇ। ਆaਣੁ ਜਾਣ ਵਾਲੇ ਮੁਸਾਫਰ ਉਸ ਬਾਗ ਦੇ ਫਲ ਜਦੋਂ ਖਾਣਗੇ ਤੇ ਅੰਬਾਂ ਦੀ ਛਾਂਵੇਂ ਬੈਠਣਗੇ।ਬਾਗ ਤੋਂ ਛਾਂ ਪ੍ਰਾਪਤ ਕਰਨ ਤੇ ਫਲ ਖਾਣ ਵਾਲੇ ਉਸ ਬਾਗ ਲੁਆਣ ਵਾਲੇ ਦਾ ਜਸ ਵੀ ਕਰਨਗੇ ਤੇ ਉਸ ਨੂੰ ਹਮੇਸ਼ਾਂ ਯਾਦ ਵੀ ਕਰਨਗੇ ਪਰ ਸੰਸਾਰ ਵਿੱਚ ਨਾਮ ਕਿਵੇਂ ਸਥਿਰ ਰਹਿ ਸਕਦਾ ਹੈ?, ਇਸ ਨੁਕਤੇ ਤੇ ਸਾਰਿਆਂ ਦੀ ਇੱਕ ਰਾਇ ਨਾ ਬਣੀ।
ਸਾਰਿਆਂ ਨੇ ਮਤਾ ਪਕਾਇਆ ਕਿ ਅਸੀਂ ਤਾਂ ਆਪੋ ਆਪਣੀ ਬੁੱਧੀ ਅਨੁਸਾਰ ਰਾਇ ਦਿੱਤੀ ਹੈ ਪਰ ਸਾਡੀ ਸਾਰਿਆਂ ਦੀ ਸਹਿਮਤੀ ਨਹੀਂ ਹੋਈ, ਕਿਉਂ ਨਾ ਆਪਾਂ ਸਤਿਗੁਰੂ ਕਲਗੀਧਰ ਜੀ ਨੂੰ ਪੁੱਛੀਏ ਕਿ ਮਨੁੱਖ ਦਾ ਨਾਮ ਸੰਸਾਰ ਵਿੱਚ ਸਦਾ ਵਾਸਤੇ ਕਿਵੇਂ ਤੇ ਕਿਹੜਾ ਕਰਮ ਕਰਨ ਨਾਲ ਰਹਿੰਦਾ ਹੈ?
ਸਾਰੇ ਗੁਰਸਿੱਖ ਸ਼ਾਮ ਨੂੰ ਸਤਿਗੁਰਾਂ ਦੇ ਸਨਮੁੱਖ ਦੀਵਾਨ ਵਿੱਚ ਇਕੱਤਰ ਹੋਏ ਤੇ ਇੱਕ ਮੋਹਰੀ ਸਿੱਖ ਨੇ ਸਤਿਗੁਰਾਂ ਦੇ ਸਨਮੁੱਖ ਗਲ ਪੱਲਾ ਪਾ ਬੇਨਤੀ ਕੀਤੀ, ਪਾਤਸ਼ਾਹ! ਅੱਜ ਅਸੀਂ ਸਵੇਰੇ ਸੱਤ-ਅੱਠ ਗੁਰਸਿੱਖ ਬੈਠੇ ਵੀਚਾਰ ਕਰ ਰਹੇ ਸਾਂ ਕਿ ਮਨੁੱਖ ਦਾ ਸੰਸਾਰ ਵਿੱਚ ਸਦਾ ਵਾਸਤੇ ਨਾਮ ਕਿਵੇਂ ਤੇ ਕਿਸ ਕਾਰਜ ਨੂੰ ਕਰਨ ਨਾਲ ਰਹਿੰਦਾ ਹੈ? ਕਿਸੇ ਨੇ ਪੁੱਤਰ ਦੀ ਬਦੌਲਤ, ਕਿਸੇ ਨੇ ਯਾਤਰੂ ਸਰਾਂ ਬਨਾਉਣ, ਕਿਸੇ ਨੇ ਖੂਹ ਲਗਵਾਉਣ ਤੇ ਕਿਸੇ ਨੇ ਪੁੰਨ ਅਰਥ ਅੰਬਾਂ ਦਾ ਬਾਗ ਲਵਾਉਣ ਨਾਲ ਦੁਨੀਆਂ ਵਿੱਚ ਨਾਮ ਰਹਿਣ ਦੀ ਗੱਲ ਕਹੀ ਹੈ ਪਰ ਸਾਰਿਆਂ ਦੀ ਸਹਿਮਤੀ ਇੱਕ ਨੁਕਤੇ ਤੇ ਨਹੀਂ ਹੋਈ। ਆਪ ਜੀ ਕਿਰਪਾ ਕਰਕੇ ਦੱਸੋ ਕਿ ਮਨੁੱਖ ਦਾ ਸੰਸਾਰ ਅੰਦਰ ਸਦਾ ਵਾਸਤੇ ਨਾਮ ਕਿਸ ਤਰ੍ਹਾਂ ਰਹਿੰਦਾ ਹੈ ?
ਸਤਿਗੁਰੂ ਜੀ ਗੁਰਸਿੱਖ ਦੀ ਬੇਨਤੀ ਸੁਣ ਕੇ ਮੁਸਕ੍ਰਾਏ ਤੇ ਸਨਮੁੱਖ ਬੈਠੀ ਸੰਗਤ ਨੂੰ ਸੰਬੋਧਨ ਕਰਕੇ ਪੁੱਛਣ ਲੱਗੇ, ਗੁਰਸਿੱਖੋ! ਤੁਸੀਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਨੂੰ ਜਾਣਦੇ ਹੋ? ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾਇਆ ਕਿ ਪਾਤਸ਼ਾਹ! ਅਸੀਂ ਸਾਰੇ ਬਾਬਾ ਕਬੀਰ ਜੀ ਤੇ ਭਗਤ ਨਾਮਦੇਵ ਜੀ ਨੂੰ ਜਾਣਦੇ ਹਾਂ ਉਨ੍ਹਾਂ ਦੀ ਬਾਣੀ ਪੜ੍ਹਦੇ ਤੇ ਸੁਣਦੇ ਹਾਂ।
ਸਤਿਗੁਰੂ ਜੀ ਕਹਿਣ ਲੱਗੇ, ਜਿਸ ਵੇਲੇ ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਹੋਏ ਹਨ ਉਸ ਵੇਲੇ ਬਾਦਸ਼ਾਹ ਕੋਣ ਸੀ? ਕਿਸੇ ਨੇ ਅਕਬਰ, ਕਿਸੇ ਨੇ ਹੰਮਾਯੂ, ਕਿਸੇ ਨੇ ਬਿਨੇਪਾਲ ਕਹਿ ਦਿੱਤਾ।ਸਤਿਗੁਰੂ ਜੀ ਨੇ ਦੂਸਰੀ ਵਾਰੀ ਪੁਛਿੱਆ ਕਿ ਭਗਤ ਕਬੀਰ ਜੀ, ਨਾਮਦੇਵ ਜੀ ਦੇ ਸਮੇਂ ਜਿੰਨ੍ਹਾਂ ਨੇ ਸਰਾਂਵਾਂ ਬਣਾਈਆਂ, ਖੂਹ ਲਵਾਏ ਜਾਂ ਪੁੰਨ-ਅਰਥ ਬਾਗ ਲਵਾਏ ਕੀ ਕਿਸੇ ਨੂੰ ਉਨ੍ਹਾਂ ਦਾ ਨਾਮ ਵੀ ਯਾਦ ਹੈ? ਸਭ ਨੇ ਨਾਹ ਕਰ ਦਿੱਤੀ ਤੇ ਕਿਹਾ ਪਾਤਸ਼ਾਹ! ਹਜ਼ਾਰਾਂ ਦਾਨੀ ਆਏ, ਹਜ਼ਾਰਾਂ ਚਲੇ ਗਏ, ਕੌਣ ਇਨ੍ਹਾਂ ਦਾ ਨਾਉਂ ਯਾਦ ਰੱਖ ਸਕਦਾ ਹੈ ?
ਸਤਿਗੁਰੂ ਜੀ ਸਿੱਖਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਤੁਸੀਂ ਆਪ ਹੀ ਦੱਸੋ ਬਾਬਾ ਕਬੀਰ ਜੀ, ਬਾਬਾ ਨਾਮਦੇਵ ਜੀ ਦੇ ਸਮਕਾਲੀ ਰਾਜਿਆਂ ਦੇ ਨਾਮ ਦਾ ਕਿਸੇ ਨੂੰ ਪਤਾ ਨਹੀਂ, ਤੇ ਨਾ ਹੀ ਉਸ ਸਮੇਂ ਦੇ ਦਾਨੀਆਂ, ਸ਼ਾਹੂਕਾਰਾਂ ਦਾ ਨਾਮ ਕੋਈ ਜਾਣਦਾ ਹੈ ਪਰ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਧ੍ਰੂ ਜੀ, ਪ੍ਰਹਿਲਾਦ ਜੀ ਤੇ ਹੋਰ ਭਗਤਾਂ ਦੇ ਨਾਮ ਤੁਸੀਂ ਸਾਰੇ ਜਾਣਦੇ ਹੋ। ਇਨ੍ਹਾਂ ਨੇ ਨਾ ਬਾਗ ਲਵਾਏ ਨਾ ਸਰਾਂਵਾਂ ਬਣਵਾਈਆਂ ਨਾ ਇਨ੍ਹਾਂ ਨੇ ਖੂਹ ਲਵਾਏ ਅਤੇ ਨਾ ਹੀ ਇਨ੍ਹਾਂ ਪਾਸ ਕੋਈ ਰਾਜ ਭਾਗ ਜਾਂ ਧਨ ਹੀ ਸੀ ਪਰ ਸਾਰਾ ਸੰਸਾਰ ਏਹ੍ਨਾ ਨੂੰ ਕਿਉ ਜਾਣਦਾ ਹੈ ? ਕੁਓਕੀ ਇਨ੍ਹਾਂ ਨੇ ਪਰਮਾਤਮਾਂ ਦਾ ਨਾਮ ਜਪਿਆ ਹੈ। ਜਦ ਤੱਕ ਨਾਮੀਂ ਹੈ ਤਦ ਤੱਕ ਨਾਮ ਜਪਣ ਵਾਲਿਆਂ ਦਾ ਨਾਮ ਕਾਇਮ ਰਹੇਗਾ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਬਾਣੀ ਅੰਦਰ ਫੁਰਮਾਨ ਹੈ:-
ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ॥
ਹੇ ਪ੍ਰਾਣੀ ਜਨੋਂ! ਸੰਸਾਰ ਵਿੱਚ ਸਦਾ ਵਾਸਤੇ, ਪਰਮਾਤਮਾਂ, ਪਰਮਾਤਮਾਂ ਦਾ ਨਾਮ, ਸਤਿਗੁਰੂ ਤੇ ਪਰਮਾਤਮਾਂ ਦਾ ਨਾਮ ਜਪਣ ਵਾਲੇ ਸਾਧੂ ਜਨ ਸਦਾ ਵਾਸਤੇ ਕਾਇਮ ਰਹਿੰਦੇ ਹਨ ਪਰ ਪਰਮਾਤਮਾਂ ਦਾ ਨਾਮ ਕੋਈ ਵਿਰਲਾ ਜਣਾ ਹੀ ਜਪਦਾ ਹੈ। ਸਤਿਗੁਰਾਂ ਦੂਸਰੀ ਪੰਕਤੀ ਵਿੱਚ ਫੁਰਮਾਨ ਕੀਤਾ ਹੈ:-
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ॥੫੬॥ ਮ:੯, ਅੰਗ: ੧੪੨੯
ਸਤਿਗੁਰੂ ਕਲਗੀਧਰ ਜੀ ਨੇ ਕਿਹਾ ਭਾਈ ਸਿੱਖੋ! ਦੇਖੋ ਨਾਮਦਵੇ ਜੀ ਦਿਨ ਰਾਤ “ਗੋਬਿੰਦ ਗੋਬਿੰਦ” ਕਰਦੇ ਸਨ, ਗੋਬਿੰਦ ਗੋਬਿੰਦ ਕਰਨ ਦੀ ਬਰਕਤ ਨਾਲ ਨਾਮਦੇਵ ਦਾ ਮਨ ਪਰਮਾਤਮਾ ਵਿੱਚ ਲੀਨ ਹੋ ਗਿਆ। ਲੋਕ ਜਿਸ ਨਾਮਦੇਵ ਨੂੰ ਅੱਧੀ ਕੌਡੀ ਦਾ ਸਮਝਦੇ ਸਨ “ਨਾਮ ਜਪ” ਕੇ ਉਹ ਲੱਖਪਤੀਆ ਬਣ ਗਿਆ।ਇਸੇ ਤਰ੍ਹਾ ਭਗਤ ਕਬੀਰ ਜੀ ਨੇ ਬੁਨਣੇ ਤੇ ਤਾਣਾ ਤਨਣ ਵੱਲੋਂ ਧਿਆਨ ਸੰਕੋਚ ਕੇ ਪਰਮਾਤਮਾ ਦੇ ਨਾਮ ਨਾਲ ਪ੍ਰੀਤ ਬਣਾ ਲਈ। ਜਿਸ ਕਬੀਰ ਨੂੰ ਲੋਕ ਨੀਚ ਕਹਿ ਕੇ ਦੁਰਕਾਰਦੇ ਸਨ, ਪਰਮਾਤਮਾਂ ਦੇ ਨਾਮ ਦੀ ਬਰਕਤ ਨਾਲ ਉਹ ਗੁਣਾਂ ਦਾ ਸਮੁੰਦਰ ਬਣ ਕੇ ਸੰਸਾਰ ਪ੍ਰਸਿੱਧ ਹੋਇਆ। ਰਵਿਦਾਸ ਜੀ ਜੋ ਦਿਨ ਰਾਤ ਮਰੇ ਹੋਏ ਪਸ਼ੂਆਂ ਨੂੰ ਢੋਹ ਕੇ ਬਾਹਰ ਸੁੱਟਣ ਅਤੇ ਚਮੜੇ ਲਾਹੁਣ ਦਾ ਕੰਮ ਕਰਦੇ ਸਨ, ਉਨ੍ਹਾਂ ਨੇ ਮਾਇਆ ਦਾ ਪਿਆਰ ਤਿਆਗ ਕੇ ਪਰਮਾਤਮਾਂ ਦੇ ਨਾਮ ਨਾਲ ਪ੍ਰੀਤੀ ਬਣਾ ਲਈ। ਨਾਮ ਦੀ ਪ੍ਰੀਤੀ ਦੀ ਬਦੌਲਤ ਉਨ੍ਹਾਂ ਨੂੰ ਪਰਮਾਤਮਾਂ ਦੇ ਦਰਸ਼ਨ ਹੋ ਗਏ ਅਤੇ ਉਹ ਜਗਤ ਪ੍ਰਸਿੱਧ ਹੋ ਗਏ। ਸੈਣ ਨਾਈ ਜੋ ਲੋਕਾਂ ਦੀਆਂ ਬੁੱਤੀਆ ਕੱਢਦਾ ਸੀ ਨਾਮ ਜਪਣ ਦੀ ਬਦੌਲਤ ਪ੍ਰਮਾਤਮਾਂ ਉਸ ਦੇ ਹਿਰਦੇ ਵਿੱਚ ਵਸ ਗਿਆ ਜਿਸ ਕਰਕੇ ਉਹ ਜਗਤ ਪ੍ਰਸਿੱਧ ਹੋ ਭਗਤਾਂ ਦੀ ਸ਼੍ਰੇਣੀ ਵਿੱਚ ਸ਼ੁਮਾਰ ਹੋ ਗਿਆ। ਇਹਨਾਂ ਭਗਤਾਂ ਦੀਆ ਗਾਥਾਵਾਂ ਤੇ ਪ੍ਰਸਿੱਧੀ ਸੁਣ ਕੇ ਧੰਨਾ ਜੱਟ ਵੀ ਪਰਮਾਤਮਾਂ ਦੀ ਭਗਤੀ ਕਰਨ ਲਗ ਪਿਆ। ਭਗਤੀ ਕਰਨ ਦੀ ਬਰਕਤ ਨਾਲ ਧੰਨੇ ਨੂੰ ਪਰਮਾਤਮਾਂ ਦੇ ਸਾਖਿਆਤ ਦਰਸ਼ਨ ਹੋਏ ਤੇ ਧੰਨਾ ਜੱਟ ਵੱਡਿਆਂ ਭਾਗਾਂ ਵਾਲਾ ਹੋ ਗਿਆ। ਇਹ ਸਾਰੀ ਬਰਕਤ ਕੇਵਲ ਨਾਮ ਦੀ ਸੀ ਤੇ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਫੁਰਮਾਨ ਹੈ:-
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥
ਆਸਾ ਮ: ੫, ਅੰਗ: ੪੮੮
ਸੋ ਗੁਰਸਿੱਖੋ! ਸੰਸਾਰ ਵਿੱਚ ਨਾਮ, ਨਾ ਕਿਸੇ ਅਮੀਰ ਦਾ, ਨਾ ਵਜ਼ੀਰ ਦਾ, ਨਾ ਰਾਜ ਭਾਗ ਵਾਲੇ ਦਾ, ਨਾ ਮਾਇਆਧਾਰੀ ਦਾ, ਨਾ ਹੀ ਉੱਚੇ ਮੁਰਾਤਬੇ ਵਾਲੇ ਦਾ ਸਦਾ ਰਹਿੰਦਾ ਹੈ। ਨਾਮ ਹਮੇਸ਼ਾ ਪਰਮਾਤਮਾਂ ਦਾ ਨਾਮ ਜਪਣ ਵਾਲਿਆ ਦਾ ਰਹਿੰਦਾ ਹੈ। ਜੇ ਤੁਹਾਡੇ ਮਨ ਵਿੱਚ ਵੀ ਆਪਣੇ ਨਾਮ ਨੂੰ ਪ੍ਰਸਿੱਧ ਕਰਨ ਦੀ ਲਾਲਸਾ ਹੈ ਤਾਂ ਆਪਣੇ ਨਾਮ ਨੂੰ ਪ੍ਰਸਿੱਧ ਕਰਨ ਦਾ ਯਤਨ ਨਾ ਕਰੋ। ਸਗੋਂ ਪਰਮਾਤਮਾਂ ਦੇ ਨਾਮ ਨਾਲ ਜੁੜੋ ਜੋ ਪ੍ਰਸਿੱਧ ਸੀ, ਪ੍ਰਸਿੱਧ ਹੈ ਤੇ ਸਦਾ ਪ੍ਰਸਿੱਧ ਰਹੇਗਾ। ਜੋ ਅਜਿਹੇ ਨਾਮ ਨਾਲ ਜੁੜੇਗਾ ਉਹ ਵੀ ਸਦਾ ਵਾਸਤੇ ਥਿਰ ਹੋ ਜਾਵੇਗਾ।
ਸਿਖਿੱਆ – ਗੁਰਦੇਵ ਜੀ ਮਾਂਝ ਦੀ ਵਾਰ ਅੰਦਰ ਫੁਰਮਾਨ ਕਰਦੇ ਹਨ ਕਿ ਮਨੁੱਖ ਸੰਸਾਰ ਵਿੱਚ ਆਉਂਦਾ ਹੈ, ਆਪਣਾ ਨਾਉਂ ਕਮਾਉਣ ਦਾ ਜਤਨ ਕਰਦਾ ਹੋਇਆ ਇਸ ਸੰਸਾਰ ਤੋਂ ਤੁਰ ਜਾਂਦਾ ਹੈ। ਥੋੜੇ ਸਮੇਂ ਪਿੱਛੋ ਉਸ ਦਾ ਨਾਮ ਵੀ ਮੁੱਕ ਜਾਂਦਾ ਹੈ:- ਆਇਆ ਗਇਆ ਮੁਇਆ ਨਾਉ॥ (ਮ:੧, ਅੰਗ:੧੩੮)। ਸਤਿਗੁਰੂ ਜੀ ਦੇ ਘਰ ਮਹਾਨਤਾ ਹੈ ਹੀ ਨਾਮ ਦੀ, “ਨਾਨਕ ਕੈ ਘਰਿ ਕੇਵਲ ਨਾਮ” ਸੋ ਆਪਾਂ ਇਸ ਸਦੀਵੀ ਸਥਿਰ ਰਹਿਣ ਵਾਲੇ ਨਾਮ ਦੀ ਕਮਾਈ ਕਰ ਕੇ ਆਪਣੇ ਜੀਵਨ ਨੂੰ ਸਫਲ ਕਰਨ ਲਈ ਨਾਮ ਦੀ ਅਮੋਲਕ ਦਾਤ ਗੁਰੂ ਬਖਸ਼ੀ ਮਰਯਾਦਾ ਅਨੁਸਾਰ ਪੰਜਾਂ ਪਿਆਰਿਆਂ ਪਾਸੋਂ ਖੰਡੇ ਦੀ ਪਾਹੁਲ ਦੁਆਰਾ ਪ੍ਰਾਪਤ ਕਰ ਕੇ ਉਸ ਨਾਮ ਨਾਲ ਜੁੜਨ ਲਈ ਯਤਨਸ਼ੀਲ ਹੋਈਏ। ਯਤਨਸ਼ੀਲ ਹੋਵਾਂਗੇ, ਸਤਿਗੁਰੂ ਜੀ ਜ਼ਰੂਰ ਸਫਲਤਾ ਪ੍ਰਦਾਨ ਕਰਨਗੇ।
Waheguru Ji Ka Khalsa Waheguru Ji Ki Fateh
– Bhull Chukk Baksh Deni Ji –