Saakhi – Guru Gobind Singh Ji Da Hukum
ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ
ਕਲਗੀਧਰ ਸਤਿਗੁਰੂ ਅੰਮ੍ਰਿਤ ਵੇਲੇ ਇਸ਼ਨਾਨ ਕਰ, ਸੁੰਦਰ ਬਸਤ੍ਰ ਪਹਿਨ ਕੇ ਮਹਿਲਾਂ ਤੋਂ ਸੰਗਤ ਸਮੇਤ ਕੇਸਗੜ੍ਹ ਸਾਹਿਬ ਜਾਣ ਲਈ ਤੁਰੇ। ਰਸਤੇ ਵਿੱਚ ਭਾਈ ਨੰਦ ਸਿੰਘ ਨਾਉਂ ਦਾ ਇਕ ਗੁਰਸਿੱਖ ਨੌਜਵਾਨ ਗਾਰੇ ਨਾਲ ਆਪਣੀ ਕੰਧ ਲਿੱਪ ਰਿਹਾ ਸੀ। ਨੰਦ ਸਿੰਘ ਬੇ-ਧਿਆਨਾ ਆਪਣੇ ਕੰਮ ਵਿੱਚ ਮਸਤ ਸੀ। ਉਸ ਨੇ ਧਿਆਨ ਨਾ ਦਿੱਤਾ ਕਿ ਗੁਰੂ ਸਾਹਿਬ ਜੀ ਜਾ ਰਹੇ ਹਨ। ਭਾਈ ਨੰਦ ਸਿੰਘ ਜੋ ਗਾਰੇ ਨਾਲ ਕੰਧ ਲਿਪ ਰਿਹਾ ਸੀ, ਜਦੋਂ ਉਸ ਨੇ ਕੰਧ ਉੱਪਰ ਗਾਰੇ ਦੀ ਥੋਪੀ ਮਾਰੀ, ਉਸ ਦੇ ਛਿੱਟੇ ਦੂਰ-ਦੂਰ ਤੱਕ ਪਏ ਤੇ ਕਲਗੀਧਰ ਜੀ ਦੇ ਬਸਤਰਾਂ ਉੱਪਰ ਵੀ ਗਾਰੇ ਦੇ ਛਿੱਟਿਆਂ ਦੇ ਨਿਸ਼ਾਨ ਪੈ ਗਏ।
ਗੁਰੂ ਸਾਹਿਬ ਦੇ ਜੀਵਨ ਬਾਰੇ ਪੜ੍ਹੋ ਜੀ
ਸਤਿਗੁਰੂ ਜੀ ਖਲੋ ਗਏ ਤੇ ਅਵਾਜ਼ ਦਿੱਤੀ ਕਿ ਨੰਦ ਸਿੰਘ ਬੜਾ ਗੁਸਤਾਖ਼ ਹੈ, ਅੱਧਾ ਮਿੰਟ ਅਟਕ ਜਾਂਦਾ, ਸੰਗਤ ਲੰਘ ਜਾਂਦੀ ਫਿਰ ਕੰਧ ਉੱਪਰ ਗਾਰੇ ਦੀ ਥੋਪੀ ਮਾਰਦਾ। ਇਸ ਦੀ ਅਣਗਹਿਲੀ ਨਾਲ ਸਾਰਿਆਂ ਦੇ ਬਸਤਰਾਂ ਉੱਤੇ ਗਾਰੇ ਦੇ ਛਿੱਟੇ ਪੈ ਕੇ ਬਸਤਰ ਖਰਾਬ ਹੋ ਗਏ ਹਨ। ਇਸ ਨੂੰ ਇੱਕ ਚਪੇੜ ਮਾਰੋ ਤਾਂ ਜੋ ਅਗਾਂਹ ਲਈ ਅਜਿਹਾ ਨਾ ਕਰੇ ਤੇ ਇਸ ਨੂੰ ਮਹਿਸੂਸ ਹੋ ਜਾਵੇ ਕਿ ਕੋਈ ਵੀ ਕੰਮ ਕਰਨਾ ਹੋਵੇ ਅੱਗਾ-ਪਿੱਛਾ ਵੇਖ ਧਿਆਨ ਨਾਲ ਕਰਨਾ ਚਾਹੀਦਾ ਹੈ।
ਸਤਿਗੁਰੂ ਜੀ ਦਾ ਹੁਕਮ ਸੁਣ ਕੇ ਸਾਰੇ ਸਿੱਖਾਂ ਨੇਂ ਗੁੱਸੇ ਵਿੱਚ ਆ ਜਿਵੇਂ ਕਿਸੇ ਉੱਪਰ ਧਾਵਾ ਬੋਲਣਾ ਹੁੰਦਾ ਹੈ, ਉਸ ਤਰ੍ਹਾਂ ਸਾਰਿਆਂ ਨੇ ਕੰਧ ਲਿਪਦੇ ਭਾਈ ਨੰਦ ਸਿੰਘ ਨੂੰ ਫੜ ਲਿਆ। ਕਿਸੇ ਚਪੇੜਾਂ ਮਾਰੀਆਂ, ਕਿਸੇ ਨੇ ਧੱਕੇ ਮਾਰੇ, ਇੱਕ ਚਪੇੜ ਦੀ ਥਾਂ ਕਈਆਂ ਨੇ ਨੰਦ ਸਿੰਘ ਦੇ ਕਈ-ਕਈ ਚਪੇੜਾਂ ਮਾਰ ਕੇ ਆਪਣੇ ਹੱਥ ਸਿੱਧੇ ਕੀਤੇ ਤੇ ਨੰਦ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ।
ਗੁਰੂ ਸਾਹਿਬ ਦੇ ਜੀਵਨ ਨਾਲ ਜੁੜੀਆਂ ਸਾਖੀਆਂ ਪੜ੍ਹੋ ਜੀ
ਇਹ ਦੇਖ ਸਤਿਗੁਰੂ ਜੀ ਨੇ ਰੋਹ ਵਿੱਚ ਆ ਕੇ ਉਨ੍ਹਾਂ ਨੂੰ ਹਟਾਇਆ ਤੇ ਕਿਹਾ ਕਿ ਅਸੀਂ ਤਾਂ ਨੰਦ ਸਿੰਘ ਨੂੰ ਇੱਕ ਚਪੇੜ ਮਾਰਨ ਲਈ ਕਿਹਾ ਸੀ, ਤੁਸੀਂ ਸਾਰਿਆਂ ਨੇ ਉਸ ਨੂੰ ਬੇਅੰਤ ਚਪੇੜਾਂ ਤੇ ਧੱਕੇ ਮਾਰੇ ਹਨ ਇਹ ਕਿਉਂ ? ਸਾਰੇ ਸਿੱਖਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਪਾਤਸ਼ਾਹ! ਤੁਸੀਂ ਕਿਸੇ ਇੱਕ ਸਿੱਖ ਦਾ ਨਾਉਂ ਨਹੀਂ ਲਿਆ ਸੀ। ਅਸੀਂ ਸਾਰੇ ਆਪ ਦੇ ਸਿੱਖ ਹਾਂ ਸੋ ਅਸੀਂ ਸਾਰਿਆਂ ਨੇ ਆਪ ਜੀ ਦੇ ਹੁਕਮ ਦੀ ਪਾਲਣਾ ਕੀਤੀ ਹੈ। ਅਸੀਂ ਤੁਹਾਡੇ ਹੁਕਮ ਤੋਂ ਕਿਵੇਂ ਮੂੰਹ ਮੋੜ ਸਕਦੇ ਹਾਂ?
ਸਤਿਗੁਰੂ ਜੀ ਨੇ ਸਿੱਖਾਂ ਨੂੰ ਸੰਬੋਧਨ ਕਰਕੇ ਕਿਹਾ ਭਾਈ ਸਿੱਖੋ! ਹਰ ਮਨੁੱਖ ਭੁੱਲ ਕਰ ਸਕਦਾ ਹੈ। ਸਤਿਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:-
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ ਅੰਗ: 61
ਭਾਈ ਨੰਦ ਸਿੰਘ ਨੇ ਭੁੱਲ ਕੀਤੀ, ਤੁਸੀਂ ਉਸ ਨੂੰ ਭੁੱਲ ਨਾਲੋਂ ਕਈ ਗੁਣਾਂ ਜਿਆਦਾ ਸਜ਼ਾ ਦੇ ਦਿੱਤੀ। ਤੁਸੀਂ ਸਾਰੇ ਸਾਡੇ ਹੁਕਮੀ ਸਿੱਖ ਹੋ ਨਾ? ਹੁਣ ਮੇਰਾ ਹੁਕਮ ਹੈ, ਨੰਦ ਸਿੰਘ ਬੜਾ ਸੁਹਣਾ ਹੈ, ਸੋਹਣੀ ਡੀਲ-ਡੋਲ ਵਾਲਾ ਨੌਜਵਾਨ ਸਿੱਖ ਹੈ, ਹੁਣ ਤੁਹਾਡੇ ਵਿੱਚੋਂ ਕੋਈ ਸਿੱਖ ਭਾਈ ਨੰਦ ਸਿੰਘ ਨੂੰ ਆਪਣੀ ਬੱਚੀ ਦਾ ਸਾਕ ਦੇਵੇ। ਸਤਿਗੁਰੂ ਜੀ ਦਾ ਇਹ ਬਚਨ ਸੁਣ ਕੇ ਸਾਰਿਆਂ ਨੇ ਧੌਣਾਂ ਨੀਵੀਆਂ ਪਾ ਲਈਆਂ ਤੇ ਚੁੱਪ ਹੋ ਗਏ। ਸਤਿਗੁਰੂ ਕਲਗੀਧਰ ਜੀ ਨੇ ਮੁੜ ਦੁਬਾਰਾ ਸਿੱਖਾਂ ਨੂੰ ਸੰਬੋਧਨ ਕਰ ਕੇ ਕਿਹਾ ਕਿ ਸੌਖਾ ਹੁਕਮ ਤਾਂ ਤੁਸੀਂ ਸਾਰਿਆਂ ਨੇ ਬੜੀ ਛੇਤੀ ਨਾਲ ਮੰਨ ਲਿਆ। ਕੋਈ ਸਿੱਖ ਆਪਣੀ ਬੇਟੀ ਦਾ ਸਾਕ ਭਾਈ ਨੰਦ ਸਿੰਘ ਨੂੰ ਦੇਵੋ ਇਹ ਵੀ ਮੇਰਾ ਹੁਕਮ ਹੈ; ਤੁਸੀਂ ਇਸ ਨੂੰ ਕਿਉਂ ਨਹੀਂ ਮੰਨਦੇ?
ਆਖ਼ਰ ਜਦੋਂ ਕਿਸੇ ਨੇ ਗੁਰੂ ਹੁਕਮ ਨਾ ਮੰਨਿਆ ਤਾਂ ਕੰਧਾਰ ਦੇ ਰਹਿਣ ਵਾਲਾ ਭਾਈ ਅਜਬ ਸਿੰਘ ਕੰਧਾਰੀ ਸੰਗਤਾਂ ਵਿੱਚੋਂ ਅੱਗੇ ਆਇਆ ਤੇ ਹੱਥ ਜੋੜ ਸਤਿਗੁਰਾਂ ਅੱਗੇ ਸਨਿਮਰ ਬੇਨਤੀ ਕੀਤੀ ਪਾਤਸ਼ਾਹ! ਭਾਈ ਨੰਦ ਸਿੰਘ ਦੇ ਸਾਕ ਕਰਨ ਲਈ ਮੇਰੀ ਕੰਨਯਾ ਹਾਜ਼ਰ ਹੈ। ਸਤਿਗੁਰੂ ਜੀ ਨੇ ਭਾਈ ਅਜਬ ਸਿੰਘ ਨੂੰ ਗਲਵੱਕੜੀ ਵਿੱਚ ਲੈ ਕੇ ਬਚਨ ਕੀਤਾ ਧੰਨ ਸਿੱਖੀ, ਧੰਨ ਸਿੱਖੀ ਪਰ ਅਜਬ ਸਿੰਘ ਤੇਰੇ ਵਰਗੇ ਵਿਰਲੇ ਹਨ ਜੋ ਹੁਕਮ ਦੀ ਕਮਾਈ ਕਰਦੇ ਹਨ। ਸੌਖਾ ਹੁਕਮ ਤਾਂ ਸਾਰੇ ਬੜੇ ਚਾਅ ਨਾਲ ਮੰਨਦੇ ਹਨ ਪਰ ਜਦੋਂ ਔਖਾ ਹੁਕਮ ਮੰਨਣਾ ਪਵੇ ਤਾਂ ਬਹੁਤੇ ਪਿੱਠ ਮੋੜ ਜਾਂਦੇ ਹਨ। ਮਨੁੱਖ ਆਪਣੇ ਮਨ ਦੀ ਮਰਜ਼ੀ ਦਾ ਹੁਕਮ ਬਹੁਤ ਜਲਦੀ ਮੰਨਦਾ ਹੈ ਪਰ ਅਸਲੀ ਹੁਕਮੀ ਬੰਦਾ ਕੋਈ ਵਿਰਲਾ ਹੈ।
ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਸਿੱਖੋ! ਖਸਮ ਮਾਲਕ ਨੂੰ ਉਹ ਹੀ ਚੰਗਾ ਲਗਦਾ ਹੈ, ਜੋ ਗੁਰੂ ਦੇ ਹਰ ਹੁਕਮ ਨੂੰ ਬਿਨਾਂ ਹੀਲ ਹੁੱਜਤ ਸੱਤ ਕਰਕੇ ਮੰਨਦਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਆਸਾ ਦੀ ਵਾਰ ਅੰਦਰ ਫੁਰਮਾਨ ਕਰਦੇ ਹਨ ਕਿ ਜੋ ਗੁਰੂ ਦਾ ਹੁਕਮ ਮੰਨਦਾ ਹੈ ਉਹ ਗੁਰੂ ਦੀ ਨਿਗਾਹ ਵਿੱਚ ਪ੍ਰਵਾਣ ਚੜ੍ਹ, ਪਰਮਾਤਮਾਂ ਦੇ ਨਿੱਜ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ। ਅਜਿਹਾ ਹੁਕਮੀ ਬੰਦਾ ਮਨ ਇੱਛਤ ਫਲ ਪ੍ਰਾਪਤ ਕਰ ਪ੍ਰਭੂ ਦਰਗਾਹ ਵਿੱਚ ਮਾਣ ਸਤਿਕਾਰ ਦਾ ਸਿਰੋਪਾ ਪ੍ਰਾਪਤ ਕਰਦਾ ਹੈ। ਸਾਹਿਬਾਂ ਦਾ ਬਚਨ ਹੈ:-
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥
ਤਾ ਦਰਗਹ ਪੈਧਾ ਜਾਇਸੀ ॥੧੫॥ ਅੰਗ: 471
ਸਿੱਖਿਆ – ਸਾਂਨੂ ਵਾਹਿਗੁਰੂ ਜੀ ਦੇ ਹਰ ਹੁਕਮ ਨੁਂ ਬਿਨਾਂ ਕਿਸੇ ਨਾਂ-ਨੁਕਰ ਸਤਿਕਾਰ ਨਾਲ ਮਨਣਾਂ ਚਾਹਿਦਾ ਹੈ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –