Saakhi – Guru Gobind Singh Ji Ate Sikhan Da Pakhand

Saakhi - Guru Gobind Singh Ji Ate Sikhan Da Pakhand

इसे हिन्दी में पढ़ें 

ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ਦਾ ਪਖੰਡ

ਵਿਸਾਖੀ ਦੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਿਗੁਰੂ ਗਰੂ ਗੋਬਿੰਦ ਜੀ ਦੇ ਦਰਬਾਰ ਵਿੱਚ ਕੁਝ ਇੱਕ ਪ੍ਰੇਮੀ ਸਿੱਖ ਗੁਰੂ ਦਰਸ਼ਨਾਂ ਨੂੰ ਆਏ। ਕਈ ਦਿਨ ਸਵੇਰੇ-ਸ਼ਾਮ ਕੀਰਤਨ ਅਤੇ ਗੁਰੂ ਬਚਨ ਸਰਵਣ ਕਰ ਨਿਹਾਲ ਹੂੰਦੇ ਰਹੇ। ਇਕ ਦਿਨ ਉਹਨਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜਰ ਹੋ ਬੇਨਤੀ ਕੀਤੀ, ਸੱਚੇ ਪਾਤਸ਼ਾਹ! ਸਾਡੇ ਕੋਈ ਪਿਛਲੇ ਚੰਗੇ ਕਰਮ ਹਨ ਜੋ ਆਪ ਜੀ ਦੇ ਦਰਸ਼ਨ ਸਾਨੂੰ ਪ੍ਰਾਪਤ ਹੋਏ। ਆਪ ਜੀ ਨੇ ਸਾਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ, ਅਸੀਂ ਆਪ ਜੀ ਦੇ ਤਨੋ-ਮਨੋ ਸਿੱਖ ਹਾਂ। ਇਹ ਪਿਛਲੇ ਚਾਰ-ਪੰਜ ਦਿਨ ਤਾਂ ਅਸੀਂ ਬੈਕੁੰਠ ਵਿੱਚ ਬਿਤਾਏ ਹਨ। ਅਗਲਾ ਬੈਕੁੰਠ ਤਾਂ ਅਸੀਂ ਨਹੀਂ ਵੇਖਿਆ। ਜੋ ਚਾਰ ਦਿਨ ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਆਪ ਦੇ ਦਰਸ਼ਨ ਕਰ, ਕੀਰਤਨ ਸਰਵਣ ਕਰ, ਸਾਡੀ ਆਤਮਾਂ ਨੂੰ ਸ਼ਾਂਤੀ ਤੇ ਅਨੰਦ ਪ੍ਰਾਪਤ ਹੋਇਆ ਹੈ, ਸਾਡਾ ਇਹ ਸਮਾਂ ਕਈ ਬੈਕੁੰਠਾਂ ਦੇ ਅਨੰਦ ਤੋ ਵਧੀਕ ਬਤੀਤ ਹੋਇਆ ਹੈ। ਸਾਡਾ ਮਨ ਤਾਂ ਘਰਾਂ ਨੂੰ ਵਾਪਿਸ ਜਾਣ ਨੂੰ ਨਹੀਂ ਕਰਦਾ ਪਰ ਕੰਮਾਂ-ਕਾਰਾਂ ਕਰਕੇ ਜਾਣਾ ਪੈਂਦਾ ਹੈ, ਸੋ ਆਪ ਜੀ ਹੁਣ ਸਾਨੂੰ ਵਾਪਸ ਜਾਣ ਦੀ ਆਗਿਆ ਬਖਸ਼ੋ।

ਸਤਿਗੁਰੂ ਜੀ ਮੁਸਕੁਰਾਏ ਤੇ ਕਹਿਣ ਲੱਗੇ, ਭਾਈ ਗੁਰਸਿੱਖੋ! ਸੰਸਾਰ ਵਿੱਚ ਬੰਦਾ ਸਰੀਰਕ ਸੁੱਖ ਤੇ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਲਈ ਕੋਈ ਤਪ ਕਰਦਾ ਹੈ, ਕੋਈ ਜਪ ਕਰਦਾ, ਕੋਈ ਧੂਣੀਆਂ ਤਾਪਦਾ, ਕੋਈ ਘਰ ਬਾਹਰ ਛੱਡ ਬਾਹਰ ਜੰਗਲਾਂ ਵਿੱਚ ਜਾਂਦਾ ਹੈ। ਤੁਸੀਂ ਵਡਭਾਗੇ ਹੋ ਜਿੰਨ੍ਹਾਂ ਨੂੰ ਸੰਗਤ ਵਿੱਚ ਆ ਕੇ ਸੁੱਖ ਤੇ ਸ਼ਾਂਤੀ ਪ੍ਰਾਪਤ ਹੋਈ ਹੈ। ਸਵਰਗ ਤੇ ਬੈਕੁੰਠ ਦੀ ਪ੍ਰਾਪਤੀ ਵਾਸਤੇ ਕੋਈ ਅਸਵਮੇਧ ਯੱਗ ਕਰਦਾ, ਕੋਈ ਸੋਨੇ, ਚਾਂਦੀ, ਭੂਮੀ ਦਾ ਦਾਨ ਕਰਦਾ, ਕੋਈ ਹੋਰ ਔਖੇ ਸਾਧਨ ਕਰਕੇ ਸਰੀਰ ਨੂੰ ਕਸ਼ਟ ਵਿੱਚ ਪਾਉਂਦਾ। ਤੁਸੀਂ ਧੰਨਭਾਗੇ ਹੋ, ਜਿਨ੍ਹਾਂ ਨੂੰ ਬੈਕੁੰਠ ਦਾ ਅਨੰਦ ਪ੍ਰਾਪਤ ਹੋਇਆ। ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਜਿੱਥੇ ਤੁਸੀਂ ਚਾਰ ਦਿਨ ਸ਼ਾਂਤੀ ਨਾਲ ਬਤੀਤ ਕੀਤੇ ਤੇ ਬੈਕੁੰਠ ਦਾ ਅਨੰਦ ਮਾਣਿਆ, ਅਜਿਹੇ ਸਮੇਂ ਪ੍ਰਭੂ ਮਿਹਰ ਤੇ ਭਾਗਾਂ ਨਾਲ ਹੀ ਪ੍ਰਾਪਤ ਹੁੰਦੇ ਹਨ। ਤੁਸੀਂ ਅੱਠ ਦਿਨ ਹੋਰ ਸਵਰਗ ਦਾ ਅਨੰਦ ਲਉ ਅਤੇ ਮਨ ਦੀ ਸ਼ਾਂਤੀ ਪ੍ਰਾਪਤ ਕਰੋ, ਗੁਰੂ ਭਲੀ ਕਰੇਗਾ। ਘਰਾਂ ਦੇ ਕੰਮ ਕਾਰ ਕਦੇ ਰੁਕਦੇ ਨਹੀਂ, ਉਹ ਤੇ ਚਲਦੇ ਹੀ ਰਹਿਣੇ ਹਨ ਪਰ ਅਜਿਹੇ ਸਮੇਂ ਜ਼ਿੰਦਗੀ ਵਿੱਚ ਕਿਤੇ ਵਿਰਲੇ ਹੀ ਪ੍ਰਾਪਤ ਹੁੰਦੇ ਹਨ ਸੋ ਇਸ ਬੈਕੁੰਠ ਦਾ ਅਨੰਦ ਕੁੱਝ ਸਮਾਂ ਹੋਰ ਮਾਣ ਲਵੋ।

ਸਤਿਗੁਰੂ ਜੀ ਦਾ ਇਹ ਬਚਨ ਸੁਣ ਕੇ ਸਿੱਖਾਂ ਦੇ ਚਿਹਰੇ ਮੁਰਝਾ ਗਏ ਅਤੇ ਓਪਰੇ ਦਿਲੋਂ ਸਤਿਬਚਨ ਕਿਹਾ ਅਤੇ ਆਪੋ ਆਪਣੇ ਟਿਕਾਣਿਆਂ ਤੇ ਚਲੇ ਗਏ। ਕਿਉਂਕਿ ਸਿੱਖਾਂ ਨੇ ਸਤਿਗੁਰੂ ਜੀ ਦੇ ਸਨਮੁੱਖ ਜੋ ਬਚਨ ਕਹੇ ਸਨ ਉਸ ਪਾਏ ਦੀ ਬਿਰਤੀ ਉਨ੍ਹਾਂ ਦੀ ਅਜੇ ਬਣੀ ਨਹੀਂ ਸੀ। ਸਾਰੇ ਇਕੱਠੇ ਹੋਏ ਆਪਸੀ ਵਿਚਾਰ ਕਰਨ ਲੱਗੇ ਕਿ ਅਸੀਂ ਚੰਗੇ ਕਸੂਤੀ ਸਥਿੱਤੀ ਵਿੱਚ ਫਸੇ ਹਾਂ। ਅੱਠ-ਅੱਠ ਦਿਨ ਘਰਾਂ ਵਿੱਚੋਂ ਨਿਕਲਿਆਂ ਨੂੰ ਹੋ ਗਏ ਹਨ। ਹੁਣ ਸਤਿਗੁਰੂ ਜੀ ਨੇ ਅੱਠ ਦਿਨ ਹੋਰ ਇੱਥੇ ਰਹਿਣ ਲਈ ਹੁਕਮ ਕਰ ਦਿੱਤਾ ਹੈ।

ਉਹਨਾਂ ਇੱਕ ਦੋ ਦਿਨ ਔਖੇ ਸੌਖੇ ਕੱਟੇ, ਘਰਾਂ ਦੀ, ਧੀਆਂ-ਪੁਤਰਾਂ ਦੀ ਯਾਦ ਮੁੜ-ਮੁੜ ਤੰਗ ਕਰਨ ਲੱਗੀ।ਇੱਕ-ਇੱਕ ਦਿਨ ਮਹੀਨੇ ਸਮਾਨ ਬਤੀਤ ਹੋਣ ਲੱਗਾ। ਦੂਸਰੇ ਪਾਸੇ ਸਤਿਗੁਰੂ ਜੀ ਨੇ ਅਨੰਦਗੜ੍ਹ ਦੇ ਕਿਲ੍ਹੇ ਅੰਦਰ ਜੋ ਪਹਿਰੇਦਾਰ ਸਨ ਉਨ੍ਹਾਂ ਨੂੰ ਸੱਦ ਕੇ ਸਖਤੀ ਨਾਲ ਕਹਿ ਦਿੱਤਾ ਕਿ ਤੁਸੀਂ ਇਨ੍ਹਾਂ ਸਿੱਖਾਂ ਦਾ ਖਾਸ ਖਿਆਲ ਰੱਖਣਾ ਹੈ। ਸਾਡੀ ਇਜ਼ਾਜ਼ਤ ਤੋਂ ਬਿਨਾਂ ਇਹ ਸਿੱਖ ਕਿਲ੍ਹੇ ਵਿੱਚੋਂ ਬਾਹਰ ਨਾ ਜਾਣ।

ਉਹ ਸਾਰੇ ਸਿੱਖ ਜੋ ਕਹਿੰਦੇ ਸਨ ਕਿ ਸਤਿਗੁਰੂ ਜੀ! ਤੁਹਾਡੇ ਦਰਸ਼ਨ ਕਰਕੇ ਬਚਨ ਬਿਲਾਸ ਤੇ ਕੀਰਤਨ ਸੁਣ ਕੇ ਸਾਨੂੰ ਬੈਕੁੰਠ ਨਾਲੋਂ ਭੀ ਜਿਆਦਾ ਅਨੰਦ ਆਉਂਦਾ ਹੈ, ਉਨ੍ਹਾਂ ਨੇ ਮਸਾਂ ਚਾਰ ਕੁ ਦਿਨਾਂ ਦਾ ਸਮਾਂ ਕੱਢਿਆ ਤੇ ਸਾਰਿਆਂ ਨੇ ਇਕੱਠੇ ਹੋ ਕੇ ਆਪਸੀ ਗਰੁ ਮਤਾ ਕੀਤਾ ਕਿ ਜੇ ਆਪਾਂ ਚਾਰ ਦਿਨ ਹੋਰ ਵੀ ਔਖ ਸੌਖ ਨਾਲ ਕੱਟ ਲਏ, ਜਦੋਂ ਆਪਾਂ ਸਤਿਗੁਰੂ ਜੀ ਪਾਸੋਂ ਘਰਾਂ ਨੂੰ ਜਾਣ ਦੀ ਆਗਿਆ ਮੰਗੀ, ਜੇ ਫਿਰ ਸਤਿਗੁਰੂ ਜੀ ਨੇ ਅੱਠ-ਦੱਸ ਦਿਨ ਹੋਰ ਰਹਿਣ ਲਈ ਕਹਿ ਦਿੱਤਾ, ਫਿਰ ਕੀ ਕਰਾਂਗੇ? ਸਤਿਗੁਰੂ ਜੀ ਨੂੰ ਆਪਾਂ ਜੁਆਬ ਦੇ ਨਹੀਂ ਸਕਣਾ। ਜ਼ੋਰ ਨਾਲ ਅਸੀਂ ਕਿਲ੍ਹੇ ਤੋਂ ਬਾਹਰ ਨਿਕਲ ਨਹੀਂ ਸਕਦੇ, ਪਹਿਰਾ ਬੜਾ ਸਖ਼ਤ ਹੈ। ਹੋਵੇ ਨਾਂ ਤਾਂ ਆਪਾਂ ਕੋਈ ਵਿਉਂਤ ਬਣਾ ਕੇ ਕਿਸੇ ਤਰ੍ਹਾਂ ਇੱਕ ਵਾਰੀ ਕਿਲ੍ਹੇ ‘ਚੋਂ ਬਾਹਰ ਨਿਕਲ ਚਲੀਏ। 

ਸੋਚਦਿਆਂ-ਸੋਚਦਿਆਂ ਸਾਰੇ ਇੱਕ ਵਿਚਾਰ ਤੇ ਸਹਿਮਤ ਹੋਏ ਕਿ ਆਪਣੇ ਵਿੱਚੋਂ ਇੱਕ ਨੂੰ ਮੁਰਦਾ ਬਣਾ ਲਈਏ ਤੇ ਓਸ ਨੂੰ ਸੀੜੀ ਉੱਪਰ ਪਾ ਲਈਏ। ਚਾਰ ਜਾਣੇ ਉਸ ਨੂੰ ਚੁੱਕ ਲਵਾਂਗੇ। ਇੱਕ ਜਾਣਾ ਅੱਗੇ ਦੋ ਜਾਣੇ ਪਿੱਛੇ ਤੁਰ ਪਵਾਂਗੇ। ਅੱਗੇ ਵਾਲਾ ਸਿੱਖ “ਰਾਮ ਰਾਮ ਸੱਤ ਹੈ, ਹਰ ਕਾ ਨਾਮ ਸੱਤ ਹੈ” ਕਹਿਣ ਲੱਗ ਜਾਵੇਗਾ ਜੇ ਪਹਿਰੇਦਾਰ ਪੁੱਛੇਗਾ ਕਿ ਕਿਧਰ ਚੱਲੇ ਹੋ, ਤਾਂ ਕਹਿ ਦੇਵਾਂਗੇ ਕਿ ਗੁਰੂ ਕਾ ਅਤੀ ਪਿਆਰਾ ਸਿੱਖ ਰਾਤ ਪੇਟ ਦਰਦ ਹੋਣ ਨਾਲ “ਰਾਮ ਸਤਿ” ਹੋ ਗਿਆ ਹੈ। ਉਸ ਦਾ ਦਾਹ ਸਸੰਕਾਰ ਕਰਨ ਵਾਸਤੇ ਬਾਹਰ ਚੱਲੇ ਹਾਂ।

ਸੋ ਸਾਰੀ ਵਿਉਂਤ ਬਣਾ ਕੇ ਦਿਨ ਚੜ੍ਹੇ ਰਾਤ ਦੀ ਬਣਾਈ ਸਕੀਮ ਅਧੀਨ, ਇੱਕ ਨੂੰ ਮੁਰਦਾ ਬਣਾ, ਚਿੱਟਾ ਬਸਤ੍ਰ ਉੱਪਰ ਪਾ, ਆਪਣੇ ਆਪ ਨੂੰ ਸਿਦਕੀ ਸਿੱਖ ਕਹਿਲਾਉਣ ਵਾਲੇ ਸਿੱਖ, “ਰਾਮ-ਰਾਮ ਸੱਤ ਹੈ” ਕਹਿੰਦੇ ਤੇ “ਸੇਵਕ ਕੀ ਓੜਕਿ ਨਿਬਹੀ ਪ੍ਰੀਤਿ” ਸ਼ਬਦ ਪੜ੍ਹਦੇ ਕਿਲ੍ਹੇ ਦੇ ਦਰਵਾਜ਼ੇ ਕੋਲ ਪਹੁੰਚੇ। ਦਰਬਾਨ ਸਿੱਖ ਨੇ ਪੁੱਛਿਆ ਕਿ ਕੀ ਗੱਲ ਹੈ? ਕਿਧਰ ਚੱਲੇ ਹੋ? ਸਿੱਖਾਂ ਦੱਸਿਆ ਕਿ ਰਾਤ ਸਾਡਾ ਸਾਥੀ ਸਿੱਖ ਜੋ ਬਹੁਤ ਗੁਰੂ ਪ੍ਰੇਮੀ ਸੀ, ਅਚਾਨਕ ਦਰਦ ਹੋਣ ਕਾਰਣ ਰਾਮ ਸੱਤ ਹੋ ਗਿਆ ਹੈ, ਇਸ ਦਾ ਅੰਤਿਮ ਸੰਸਕਾਰ ਕਰਨ ਵਾਸਤੇ ਇਸ ਦੇ ਸਰੀਰ ਨੂੰ ਬਾਹਰ ਲਿਜਾ ਰਹੇ ਹਾਂ।

ਦਰਬਾਨ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਦੂਸਰੇ ਸਿੱਖ ਨੂੰ ਸਾਰੀ ਵਿਥਿਆ ਸਤਿਗੁਰੂ ਨੂੰ ਦੱਸਣ ਵਾਸਤੇ ਭੇਜਿਆ। ਉਸ ਸਿੱਖ ਨੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਾਤਸ਼ਾਹ! ਰਾਤ ਨੂੰ ਇੱਕ ਆਪ ਜੀ ਦਾ ਬਹੁਤ ਪਿਆਰ ਵਾਲਾ ਸਿੱਖ ਦਰਦ ਹੋਣ ਨਾਲ ਅਕਾਲ ਚਲਾਣਾ ਕਰ ਗਿਆ ਹੈ। ਉਸ ਦੇ ਸਰੀਰ ਦਾ ਸਸਕਾਰ ਕਰਨ ਵਾਸਤੇ ਸੱਤ-ਅੱਠ ਸਿੱਖ ਉਸ ਦਾ ਬਿਬਾਣ ਬਣਾ ਕੇ ਬਾਹਰ ਲਿਜਾਣ ਲਈ ਕਿਲ੍ਹੇ ਦੇ ਦਰਵਾਜੇ ਅੱਗੇ ਖੜੇ,”ਸੇਵਕ ਕੀ ਓੜਕਿ ਨਿਬਹੀ ਪ੍ਰੀਤਿ” ਸ਼ਬਦ ਪੜ੍ਹ ਰਹੇ ਹਨ, ਸਾਹਿਬਾਂ ਦੀ ਕੀ ਆਗਿਆ ਹੈ?

ਸਤਿਗੁਰੂ ਜੀ ਬੇਨਤੀ ਕਰਨ ਵਾਲੇ ਸਿੱਖ ਨੂੰ ਕਹਿਣ ਲੱਗੇ ਕਿ ਅਜਿਹਾ ਗੁਰੂ ਦੇ ਪਿਆਰ ਵਾਲਾ ਸਿਦਕੀ ਸਿੱਖ ਜੇ ਅਕਾਲ ਚਲਾਣਾ ਕਰ ਗਿਆ ਹੈ ਤਾਂ ਉਸ ਦਾ ਅੰਤਿਮ ਸੰਸਕਾਰ ਅਸੀਂ ਆਪਣੇ ਹੱਥੀਂ ਕਿਲ੍ਹੇ ਵਿੱਚ ਹੀ ਕਰਾਂਗੇ। ਬਾਹਰ ਭੇਜਣ ਦੀ ਲੋੜ ਨਹੀਂ ਸਗੋਂ ਉਨ੍ਹਾਂ ਨੂੰ ਵਾਪਸ ਕਿਲ੍ਹੇ ਵਿੱਚ ਲੈ ਆਵੋ ਤੇ ਚਿਖਾ ਬਣਾਵੋ, ਅਸੀਂ ਵੀ ਸ਼ੀਘਰ ਹੀ ਆਉਂਦੇ ਹਾਂ।

ਦਰਬਾਨ ਸਿੱਖ ਨੇ ਬਨਾਵਟੀ ਬਣੇ ਮੁਰਦੇ ਦੇ ਵਾਰਸਾਂ ਨੂੰ ਸਤਿਗੁਰਾਂ ਦਾ ਸੁਨੇਹਾ ਦਿੱਤਾ ਕਿ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਕਿ ਅਜਿਹੇ ਸਿਦਕੀ ਸਿੱਖ ਦਾ ਸਸਕਾਰ ਬਾਹਰ ਨਹੀਂ ਕਰਨਾ, ਅਸੀਂ ਕਿਲ੍ਹੇ ਦੇ ਅੰਦਰ ਹੀ ਉਸ ਦਾ ਸਸਕਾਰ ਆਪਣੇ ਹੱਥੀਂ ਕਰਾਂਗੇ। ਮੁਰਦੇ ਨੂੰ ਵਾਪਸ ਲੈ ਆਵੋ, ਇਹ ਸਤਿਗੁਰਾਂ ਦਾ ਹੁਕਮ ਹੈ।

ਦਰਬਾਨ ਦੇ ਮੁੱਖੋਂ ਇਹ ਸੁਨੇਹਾ ਸੁਣ ਕੇ ਪਖੰਡ ਰਚਾਉਣ ਵਾਲਿਆਂ ਨੂੰ ਠੰਡੀਆਂ ਤ੍ਰੇਲੀਆਂ ਆਉਣ ਲੱਗ ਪਈਆਂ, ਸਾਰੇ ਮਨੋ-ਮਨੀ ਸੋਚਣ ਲੱਗੇ ਕਿ ਹੁਣ ਕੀ ਕਰਾਂਗੇ? ਸਾਡੀ ਬਣਾਈ ਵਿਉਂਤ ਸਾਨੂੰ ਹੀ ਪੁੱਠੀ ਪੈ ਗਈ ਹੈ। ਜਾਣੀ ਜਾਣ ਸਤਿਗੁਰੂ ਜੀ ਅੱਗੇ ਸਾਡਾ ਪਾਜ ਉੱਘੜ ਜਾਣਾ ਹੈ ਤੇ ਬਾਕੀ ਸਿੱਖ ਵੀ ਸਾਨੂੰ ਲਾਹਣਤਾਂ ਪਾਉਣਗੇ ਕਿ ਇਨ੍ਹਾਂ ਨੇ ਬਾਹਰ ਜਾਣ ਵਾਸਤੇ ਇਹ ਕੀ ਪਖੰਡ ਰਚਿਆ ਹੈ? ਇਨ੍ਹਾਂ ਸੋਚਾਂ ਅਧੀਨ ਛਾਤੀ ਤੇ ਪੱਥਰ ਧਰ ਕੇ ਮੁੜ “ਰਾਮ ਨਾਮ ਸੱਤ” ਕਰਦੇ ਵਾਪਸ ਕਿਲ੍ਹੇ ਵਿੱਚ ਆ ਗਏ ਤੇ ਅਰਥੀ ਰੱਖ ਦਿੱਤੀ।

ਉਧਰੋਂ ਸ੍ਰੀ ਕਲਗੀਧਰ ਜੀ ਵੀ ਸਿੱਖਾਂ ਸਮੇਤ ਪੁੱਜ ਗਏ। ਉਨ੍ਹਾਂ ਵੱਲ ਵੇਖ ਕੇ ਮੁਸਕਰਾਏ ਤੇ ਪੁੱਛਿਆ, ਸਿੰਘੋ! ਇਸ ਦੀ ਕਿਸ ਤਰ੍ਹਾਂ ਮੌਤ ਹੋਈ ਹੈ? ਦੋ ਸਿੱਖਾਂ ਨੇ ਦੱਸਿਆ, ਪਾਤਸ਼ਾਹ! ਰਾਤ ਨੂੰ ਇਹ ਸਿੰਘ ਲੰਗਰ ਛਕ ਕੇ ਸੁੱਤਾ, ਤੜਕਸਾਰ ਇਸ ਦੇ ਦਰਦ ਹੋਈ। ਥੋੜਾ ਦੁਆ ਦਾਰੂ ਜੋ ਸਾਡੇ ਪਾਸ ਸੀ, ਇਸ ਨੂੰ ਦਿੱਤਾ ਪਰ ਅਰਾਮ ਆਉਣ ਦੀ ਬਜਾਏ ਇਹ ਰਾਮ ਸੱਤ ਹੋ ਗਿਆ, ਕਹਿ ਕੇ ਦੋਵੇਂ ਰੋਣ ਲੱਗ ਗਏ।

ਜਾਣੀ ਜਾਣ ਸਤਿਗੁਰੂ ਜੀ ਨੇ ਸਾਰਿਆਂ ਨੂੰ ਦਿਲਾਸਾ ਦਿੱਤਾ ਤੇ ਇੱਕ ਸਿੱਖ ਨੂੰ ਕਿਹਾ ਕਿ ਲੱਕੜ ਨੂੰ ਰੂਈਂ ਬੰਨ, ਤੇਲ ਪਾ ਕੇ ਅੱਗ ਲਾ ਲਿਆਵੇ ਤਾਂ ਜੋ ਤਸੱਲੀ ਕਰ ਲਈ ਜਾਵੇ ਕਿ ਵਾਕਿਆ ਹੀ ਸਿੱਖ ਚੜ੍ਹਾਈ ਕਰ ਗਿਆ ਹੈ, ਕਿਤੇ ਜਿੰਦਾ ਹੀ ਨਾ ਸਾੜਿਆ ਜਾਵੇ। ਗੁਰੂ ਹੁਕਮ ਮੰਨ ਸਿੱਖ ਲੱਕੜ ਨੂੰ ਰੂਈਂ ਬੰਨ, ਤੇਲ ਨਾਲ ਭਿਉਂ ਕੇ ਅੱਗ ਲਾ ਲਿਆਇਆ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਇਸ ਮੁਰਦੇ ਨੂੰ ਚਿਖਾ ਵਿੱਚ ਬਾਅਦ ਵਿੱਚ ਰੱਖਾਂਗੇ, ਪਹਿਲਾਂ ਇਸ ਦੇ ਪੈਰਾਂ ਨੂੰ ਅੱਗ ਲਾ ਕੇ ਨਿਰਣਾ ਕਰ ਲਵੋ ਕਿ ਸਿੱਖ ਸੱਚੀਂ ਹੀ ਰਾਮ ਸੱਤ ਹੋ ਗਿਆ ਹੈ।

ਸਤਿਗੁਰੂ ਜੀ ਦਾ ਹੁਕਮ ਮੰਨ ਕੇ ਜਦੋਂ ਸਿੱਖਾਂ ਨੇ ਮੁਰਦੇ ਦੇ ਪੈਰਾਂ ਨੂੰ ਚੁਆਤੀ ਲਾਈ ਤਾਂ ਉਹ ਸੀੜ੍ਹੀ ਤੋਂ ਉੱਠ ਕੇ ਭੱਜ ਤੁਰਿਆ। ਇਹ ਚਮਤਕਾਰ ਵੇਖ ਕੇ ਸਤਿਗੁਰੂ ਜੀ ਤੇ ਸਾਰੀ ਸੰਗਤ ਹੱਸਣ ਲੱਗ ਪਈ ਤੇ ਉਹ ਸਿੱਖ ਜਿਨ੍ਹਾਂ ਨੇ ਇਹ ਪਖੰਡ ਰਚਿਆ ਸੀ ਸਤਿਗੁਰਾਂ ਦੇ ਚਰਨੀਂ ਢਹਿ ਪਏ ਤੇ ਰੋ-ਰੋ ਕੇ ਮੁਆਫ਼ੀ ਮੰਗੀ ਕਿ ਸਤਿਗੁਰੂ ਜੀ ਅਸੀਂ ਸਿਦਕ ਤੋਂ ਡੋਲ ਕੇ ਇਹ ਗਲਤੀ ਕੀਤੀ ਹੈ। ਸਾਨੂੰ ਘਰ ਦੇ ਕੰਮ ਤੇ ਧੀਆਂ-ਪੁਤਰਾਂ ਦੇ ਮੋਹ ਨੇ ਅਤਿਅੰਤ ਦੁਖੀ ਕੀਤਾ ਤੇ ਨਾਲ ਹੀ ਅਸੀਂ ਵੀਚਾਰਿਆ ਕਿ ਸਤਿਗੁਰੂ ਜੀ ਅੱਠ ਦਿਨ ਹੋਰ ਠਹਿਰਣ ਲਈ ਹੁਕਮ ਨਾ ਕਰ ਦੇਣ, ਜਿਸ ਕਾਰਣ ਅਸੀਂ ਬਾਹਰ ਨਿਕਲਣ ਲਈ ਪਖੰਡ ਰਚਿਆ ਸੀ।

ਸਤਿਗੁਰੂ ਜੀ ਨੇ ਉਨ੍ਹਾਂ ਸਿੱਖਾਂ ਦੀ ਬੇਨਤੀ ਸੁਣ ਕੇ ਬਚਨ ਕੀਤਾ, ਸਿੱਖੋ! ਗੁਰੂ ਹਮੇਸ਼ਾ ਬਖਸ਼ਿੰਦ ਹੈ। ਗੁਰੂ ਨੂੰ ਤੁਹਾਡੇ ਰਹਿਣ ਜਾਂ ਜਾਣ ਨਾਲ ਕੋਈ ਫਰਕ ਨਹੀਂ ਪੈਣਾ ਪਰ ਤੁਸੀਂ ਹੀ ਇਹ ਕਹਿੰਦੇ ਸੀ ਕਿ ਅਸੀਂ ਸੰਗਤ ਵਿੱਚ ਰਹਿ ਕੇ ਕੀਰਤਨ ਸੁਣ ਕੇ ਬੈਕੁੰਠ ਨਾਲੋਂ ਵੀ ਜਿਆਦਾ ਅਨੰਦ ਮਾਣਿਆ ਹੈ, ਦਰਅਸਲ ਇਹ ਸਾਰਾ ਕੁਝ ਤੁਹਾਡੇ ਕਹਿਣ ਮਾਤਰ ਹੀ ਸੀ। ਇਹ ਅਵਸਥਾ ਪ੍ਰਾਪਤ ਹੋਈ ਹੁੰਦੀ ਤਦ ਤੁਸੀਂ ਅਜਿਹਾ ਪਖੰਡ ਨਾ ਕਰਦੇ। ਇੱਕ ਪਾਸੇ ਤੁਸੀਂ ਗੁਰੂ ਨੂੰ ਸਰਬੱਗ ਤੇ ਅੰਤਰਯਾਮੀ ਕਹਿੰਦੇ ਹੋ। ਦੂਸਰੇ ਪਾਸੇ ਤੁਸੀਂ ਗੁਰੂ ਨੂੰ ਆਪਣੇ ਵਰਗਾ ਇਨਸਾਨ ਸਮਝ ਕੇ ਉਸ ਨੂੰ ਧੋਖਾ ਦੇਣ ਦਾ ਬਹਾਨਾ ਬਣਾਉਂਦੇ ਹੋ। ਅਸੀਂ ਤਾਂ ਅੰਦਰੋਂ ਬਾਹਰੋਂ ਇੱਕ, ਨਮੂਨੇ ਦੇ ਪੱਕੇ ਸਿੱਖ ਸਾਜਣੇ ਹਨ ਪਰ ਤੁਸੀਂ ਸਿੱਖ ਬਣ ਕੇ ਗੁਰੂ ਅੱਗੇ ਹੀ ਛਲ-ਕਪਟ ਦਾ ਵਿਖਾਵਾ ਕਰਨ ਲਗ ਪਏ। ਸਤਿਗੁਰਾਂ ਦੇ ਬਚਨ ਸੁਣ ਕੇ ਇਨ੍ਹਾਂ ਸਿਦ੍ਕੋੰ ਡੋਲੇ ਸਿੱਖਾਂ ਨੇ ਗੁਰੂ ਚਰਨਾਂ ਤੇ ਮੱਥੇ ਟੇਕ ਮੁਆਫੀ ਮੰਗੀ ਤੇ ਅੱਗੇ ਤੋ ਅੰਦਰੋ ਬਾਹਰੋ ਇੱਕ ਹੋ ਪਲੱਣ ਦਾ ਗੁਰਦੇਵ ਜੀ ਨਾਲ ਨਾਲ ਵਾਅਦਾ ਕੀਤਾ। ਸਤਿਗੁਰਾਂ ਨੇ ਆਪਣੇ ਬਖਸ਼ਿੰਦ ਸੁਭਾਅ ਅਨੁਸਾਰ, ਸਿੱਖਾਂ ਨੂੰ ਖਿਮਾਂ ਕਰ, ਅੰਦਰੋਂ ਖੋਟ ਕੱਢ, ਸਿੱਖੀ ਸਿਦਕ ਦੀਆਂ ਬਖਸ਼ਿਸ਼ਾਂ ਕਰ ਰੁਖਸਤ (ਵਿਦਾ) ਕੀਤਾ।

ਸਿੱਖਿਆ – ਬਨਾਉਟੀ ਪ੍ਰਗਟਾਵਾ ਬਹੁਤਾ ਚਿਰ ਤੱਕ ਸਾਥ ਨਹੀਂ ਦਿੰਦਾ। ਫਿਰ ਐਸੇ ਗੁਰੂ ਅੱਗੇ, ਜਿਹੜਾ ਗੁਰਸਿੱਖਾਂ ਨੂੰ ਵਾਰ-ਵਾਰ ਦ੍ਰਿੜ ਕਰਵਾਉਂਦਾ ਹੈ ਕਿ ਹੇ ਗੁਰਸਿੱਖੋ! ਤੁਸੀਂ ਆਪਣੇ ਅੰਦਰੋਂ ਕੂੜ-ਕਪਟ, ਛਲ-ਫਰੇਬ ਨੂੰ ਦੂਰ ਕਰਕੇ ਹਰੀ ਨਾਮ ਦੀ ਘਾਲ ਕਰੋ ਤਦ ਤੁਸੀਂ ਗੁਰੂ ਨਦਰ ਨਾਲ ਨਿਹਾਲ, ਨਿਹਾਲ, ਨਿਹਾਲ ਹੋ ਜਾਵੋਗੇ।

Waheguru Ji Ka Khalsa Waheguru Ji Ki Fateh
– Bhull Chuk Baksh Deni Ji –

LEAVE A REPLY

This site uses Akismet to reduce spam. Learn how your comment data is processed.