Saakhi – Guru Gobind Singh Ji Ate Pehredar SikhSaakhi - Guru Gobind Singh Ji Ate Pehredar Sikh

साखी को हिंदी में पढ़ें 

ਗੁਰੂ ਗੋਬਿੰਦ ਸਿੰਘ ਜੀ ਅਤੇ ਪਹਿਰੇਦਾਰ ਸਿੱਖ

ਕਲਗੀਧਰ ਜੀ ਸ਼ਾਮ ਪਈ ਜਦ ਆਪਣੇ ਅਰਾਮ ਅਸਥਾਨ ਤੇ ਬਿਰਾਜਦੇ ਸਨ। ਪੰਜ ਜਾਂ ਦਸ ਸਿੰਘ ਦਿਨ-ਰਾਤ, ਹਰ-ਵੇਲੇ ਸਤਿਗੁਰੂ ਜੀ ਦੀ ਸੇਵਾ ਵਿੱਚ ਪਹਿਰੇ ਤੇ ਹਾਜ਼ਰ ਰਹਿੰਦੇ ਸਨ। ਇਕ ਦਿਨ ਅਨੰਦਪੁਰ ਸਾਹਿਬ ਦੇ ਲਾਗਲੇ ਪਿੰਡ ਵਿੱਚ ਪੁਤਲੀਆਂ ਦਾ ਤਮਾਸ਼ਾ ਹੋਣਾ ਸੀ। ਬਹੁਤ ਲੋਕ ਇਹ ਤਮਾਸ਼ਾ ਵੇਖਣ ਗਏ। ਗੁਰੂ ਮਹਾਰਾਜ ਜੀ ਦੇ ਸਰੀਰ ਤੇ ਪਹਿਰਾ ਦੇਣ ਵਾਲੇ ਸਿੱਖਾਂ ਦੇ ਕੰਨਾਂ ਵਿੱਚ ਵੀ ਤਮਾਸ਼ੇ ਦੀ ਅਵਾਜ਼ ਪਈ। ਕੁੱਝ ਸਿੰਘਾਂ ਨੇ ਸਲਾਹ ਕੀਤੀ ਕਿ ਸਤਿਗੁਰੂ ਜੀ ਅਰਾਮ ਕਰ ਰਹੇ ਹਨ, ਕਿਉਂ ਨਾ ਆਪਾਂ ਸਤਿਗੁਰਾਂ ਦੇ ਅਰਾਮ ਕਰਦੇ-ਕਰਦੇ ਭੱਜ ਕੇ ਪੁਤਲੀਆਂ ਦਾ ਤਮਾਸ਼ਾ ਵੇਖ ਆਈਏ। ਦੂਸਰੇ ਸਿੰਘ ਕਹਿਣ ਲੱਗੇ ਕਿ ਤੁਸੀਂ ਜਾਣਾ ਹੈ ਤਾਂ ਬੇਸ਼ੱਕ ਚਲੇ ਜਾਵੋ ਅਸੀਂ ਗੁਰੂ ਮਹਾਰਾਜ ਜੀ ਦਾ ਪਹਿਰਾ ਛੱਡ ਕੇ ਨਹੀਂ ਜਾ ਸਕਦੇ।

ਕੁਝ ਸਮਾਂ ਆਪਸੀ ਵਿਚਾਰ-ਵਟਾਂਦਰਾ ਉਪ੍ਰੰਤ ਕੁਝ ਸਿੰਘ ਪਹਿਰੇ ‘ਚੋਂ ਗੈਰ-ਹਾਜ਼ਰ ਹੋ ਨੇੜਲੇ ਨਗਰ ਕਠਪੁਤਲੀਆਂ ਦਾ ਤਮਾਸ਼ਾ ਵੇਖਣ ਚਲੇ ਗਏ। ਉਹ ਸਿੰਘ ਪੁਤਲੀਆਂ ਦਾ ਤਮਾਸ਼ਾ ਤਾਂ ਅੱਖਾਂ ਨਾਲ ਵੇਖਦੇ ਰਹੇ ਪਰ ਮਨ ਦਾ ਧਿਆਨ ਸਤਿਗੁਰੂ ਜੀ ਵੱਲ ਰਿਹਾ ਤੇ ਨਾਲ ਹੀ ਮਨ ਵਿੱਚ ਪਛਤਾਵਾ ਬਣਿਆ ਰਿਹਾ ਕਿ ਅਸੀਂ ਗਲਤੀ ਕੀਤੀ, ਸਤਿਗੁਰੂ ਜੀ ਦੇ ਪਹਿਰੇ ਨਾਲੋਂ ਪੁਤਲੀਆਂ ਦੇ ਤਮਾਸ਼ੇ ਨੂੰ ਜਿਆਦਾ ਪਹਿਲ ਦਿੱਤੀ। ਜੇ ਸਾਡੇ ਪਿੱਛੋਂ ਸਤਿਗੁਰੂ ਜੀ ਜਾਗ ਪਏ, ਅਸੀਂ ਗੁਰੂ ਸਾਹਿਬ ਜੀ ਨੂੰ ਕੀ ਮੂੰਹ ਦੇਵਾਂਗੇ? ਅਸੀਂ ਕੁਝ ਵੀ ਉੱਤਰ ਦੇਣ ਜੋਗੇ ਨਹੀਂ ਰਹਾਂਗੇ। ਤਮਾਸ਼ਾ ਵੇਖਦੇ, ਸਾਰਾ ਸਮਾਂ ਮਨ ਵਿੱਚ ਪਛਤਾਵਾ ਤੇ ਗੁਰੂ ਦੀ ਯਾਦ (ਹਜ਼ੂਰੀ) ਬਣੀ ਰਹੀ।

ਇਧਰ ਪਿੱਛੇ ਜੋ ਸਿੰਘ ਸਤਿਗੁਰਾਂ ਦੇ ਪਹਿਰੇ ਤੇ ਸਨ, ਉਹ ਸਰੀਰ ਕਰਕੇ ਤਾਂ ਗੁਰੂ ਹਜ਼ੂਰੀ ਵਿੱਚ ਪਹਿਰਾ ਦੇ ਰਹੇ ਸਨ ਪਰ ਮਨ ਕਰਕੇ ਉਨ੍ਹਾਂ ਦਾ ਧਿਆਨ ਕਠਪੁਤਲੀਆਂ ਦੇ ਤਮਾਸ਼ੇ ਵਿੱਚ ਰਿਹਾ ਕਿ ਜੇ ਅਸੀਂ ਵੀ ਚਲੇ ਜਾਂਦੇ ਤਾਂ ਤਮਾਸ਼ਾ ਵੇਖ ਆਉਂਦੇ। ਜਦ ਵੀ ਉਨ੍ਹਾਂ ਦੇ ਕੰਨਾਂ ਵਿੱਚ ਤਮਾਸ਼ੇ ਦੀ ਅਵਾਜ਼ ਪੈਂਦੀ ਮਨ ਗੁਰੂ ਹਜ਼ੂਰੀ ‘ਚੋਂ ਨਿਕਲਕੇ ਤਮਾਸ਼ੇ ਵੱਲ ਜਾਂਦਾ। ਉਨ੍ਹਾਂ ਦਾ ਮਨ ਸਾਰਾ ਸਮਾਂ ਤਮਾਸ਼ਾ ਵੇਖਣ ਨੂੰ ਲੋਚਦਾ ਰਿਹਾ। ਉਧਰੋਂ ਤਮਾਸ਼ਾ ਵੇਖਣ ਵਾਲੇ ਸਿੰਘ ਵੀ ਤਮਾਸ਼ਾ ਵੇਖ ਵਾਹੋ-ਦਾਹੀ ਪਛਤਾਵਾ ਕਰਦੇ, ਗੁਰੂ ਹਜ਼ੂਰੀ ਵਿੱਚ ਪੁੱਜ ਗਏ।

ਦਿਨ ਚੜ੍ਹਿਆ ਸਤਿਗੁਰੂ ਜੀ ਦੇ ਸਨਮੁੱਖ ਦੀਵਾਨ ਸੱਜਿਆ, ਰਾਤ ਵਾਲੇ ਸਿੰਘ ਵੀ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਸਨ। ਸਤਿਗੁਰਾਂ ਉੱਚੀ ਅਵਾਜ਼ ਵਿੱਚ ਕਿਹਾ ਕਿ “ਹਾਜ਼ਰ-ਗੈਰਹਾਜ਼ਰ, ਗੈਰਹਾਜ਼ਰ-ਹਾਜ਼ਰ” ਸਤਿਗੁਰਾਂ ਦੇ ਕਹੇ ਹੋਏ ਬਚਨ ਸੰਗਤ ਸਮਝ ਨਾ ਪਾਈ। ਸੰਗਤ ਵਿੱਚੋ ਸਿੰਘਾਂ ਨੇ ਬੇਨਤੀ ਕਰ ਸਤਿਗੁਰੂ ਜੀ ਨੂੰ ਇਨ੍ਹਾਂ ਰਮਜ਼ ਭਰੇ ਗੁਹਝ ਬਚਨਾਂ ਪ੍ਰਤੀ ਪੁੱਛਿਆ।

ਅੰਤਰਯਾਮੀ ਸਤਿਗੁਰੂ ਜੀ ਨੇ ਰਾਤ ਵਾਲੇ ਸਿੰਘਾਂ ਦੀ ਸਾਰੀ ਵਿਥਿਆ ਸੰਗਤਾਂ ਨੂੰ ਸੁਣਾਈ ਕਿ ਜੋ ਰਾਤ ਕਠ-ਪੁਤਲੀਆਂ ਦਾ ਤਮਾਸ਼ਾ ਵੇਖਣ ਗਏ ਸਨ। ਉਨ੍ਹਾਂ ਦੇ ਸ਼ਰੀਰ ਦੀਆਂ ਅੱਖਾਂ ਭਾਵੇਂ ਕਠ-ਪੁਤਲੀਆਂ ਦਾ ਤਮਾਸ਼ਾ ਵੇਖਦੀਆਂ ਸਨ ਪਰ ਉਨ੍ਹਾਂ ਸਿੱਖਾਂ ਦਾ ਮਨ ਸਾਡੀ ਹਜ਼ੂਰੀ ਵਿੱਚ ਸੀ। ਜੋ ਸਿੱਖ ਸਾਡੇ ਸਰੀਰ ਦਾ ਪਹਿਰਾ ਦੇ ਰਹੇ ਸਨ ਉਹ ਸਰੀਰ ਕਰਕੇ ਤਾਂ ਸਾਡੀ ਹਾਜ਼ਰੀ ਵਿੱਚ ਸਨ ਪਰ ਉਨ੍ਹਾਂ ਦਾ ਮਨ ਤਮਾਸ਼ੇ ਦੀ ਹਾਜ਼ਰੀ ਭਰਦਾ ਸੀ। ਗੁਰੂ ਦਰ ਵਿੱਚ ਹਾਜ਼ਰੀ ਨਾਲੋਂ ਹਜ਼ੂਰੀ ਦੀ ਜਿਆਦਾ ਮਹਾਨਤਾ ਹੈ।

ਸਤਿਗੁਰੂ ਕਲਗੀਧਰ ਜੀ ਨੇ ਸੰਗਤ ਨੂੰ ਸੰਬੋਧਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਮਾਜ ਵਾਲੀ ਸਾਖੀ ਸ੍ਰਵਣ ਕਰਾਈ। ਅਤੇ ਕਿਹਾ, ਸਿੱਖੋ! ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਹਾਜ਼ਰੀ ਨਾਲੋਂ ਹਜ਼ੂਰੀ ਨੂੰ ਜਿਆਦਾ ਮਹਾਨਤਾ ਦੇ ਕੇ ਕਾਜ਼ੀ ਤੇ ਨਵਾਬ ਨੂੰ ਹਾਜ਼ਰੀ ਨਾਲੋਂ ਹਜ਼ੂਰੀ ਵਿੱਚ ਨਮਾਜ਼ ਅਦਾ ਕਰਨ ਦਾ ਉਪਦੇਸ਼ ਦਿੱਤਾ ਸੀ।

ਵਾਹਿਗੁਰੂ ਨੂੰ ਉਹ ਹੀ ਕੀਤੀ ਹੋਈ ਬੰਦਗੀ ਪ੍ਰਵਾਨ ਹੈ, ਜਦੋਂ ਆਪਾਂ ਖੁਦਾ ਦੀ ਇਬਾਦਤ ਕਰਦੇ ਹੋਏ ਜੋ ਮੂੰਹ ਵਿੱਚੋਂ ਪ੍ਰਭੂ ਦੀ ਸਿਫ਼ਤ ਸਲਾਹ ਦੇ ਬੋਲ ਬੋਲਦੇ ਹਾਂ; ਜੇ ਸਾਡੀ ਸੁਰਤ ਉਹਨਾਂ ਬੋਲਾਂ ਨੂੰ, ਪ੍ਰਭੂ ਦੇ ਸਿਫਤ ਸਲਾਹ ਦੇ ਸ਼ਬਦਾਂ ਨੂੰ, ਧਿਆਨ ਮਗਨ ਹੋ ਕੇ ਸੁਣ ਰਹੀ ਹੈ ਤਦ ਉਹ ਬੰਦਗੀ ਪ੍ਰਵਾਨ ਹੈ। ਜੇ ਸੁਰਤ ਇਬਾਦਤ ਸਮੇਂ ਕਿਸੇ ਹੋਰ ਪਾਸੇ ਭਟਕਦੀ ਹੈ, ਐਸੀ ਬੰਦਗੀ ਪ੍ਰਭੂ ਦੇ ਦਰ ਵਿੱਚ ਪ੍ਰਵਾਨ ਨਹੀਂ, ਉਹ ਕੇਵਲ ਤੋਤਾ ਰਟਨੀ ਹੀ ਹੈ।

ਸਿੱਖਿਆ- ਅਸੀਂ ਜਦ ਵੀ ਗੁਰੂ ਹਾਜ਼ਰੀ ਵਿੱਚ ਜਾਈਏ ਉਥੇ ਸਰੀਰ ਦੀ ਹਾਜ਼ਰੀ ਦੇ ਨਾਲ ਮਨ ਨੂੰ ਵੀ ਗੁਰੂ ਹਜ਼ੂਰੀ ਵਿੱਚ ਰੱਖ ਕੇ ਗੁਰੂ ਖੁਸ਼ੀ ਪ੍ਰਾਪਤ ਕਰੀਏ। ਸਿਮਰਨ ਕਰਨ, ਬਾਣੀ ਪੜ੍ਹਨ, ਕੀਰਤਨ ਕਰਨ ਤੇ ਸੁਣਨ ਸਮੇਂ ਸਾਵਧਾਨ ਇਕਾਗਰ ਚੀਤ ਹੋ ਕੇ ਹਾਜ਼ਰੀ ਤੇ ਹਜ਼ੂਰੀ ਦੋਵਾਂ ਨੂੰ ਸੰਮਿਲਤ ਕਰਕੇ ਪੂਰਨ ਲਾਹਾ ਪ੍ਰਾਪਤ ਕਰੀਏ।

Waheguru Ji Ka Khalsa Waheguru Ji Ki Fateh
– Bhull Chukk Baksh Deni Ji –

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.