Saakhi – Guru Gobind Singh Ji Ate Bhai Lal Singh

Also Read In Hindi | English

Saakhi - Guru Gobind Singh Ji Ate Bhai Lal Singh

ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਲਾਲ ਸਿੰਘ

ਇਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ, ਲਾਲ ਸਿੰਘ ਨਾਂ ਦਾ ਇਕ ਸਿੱਖ ਢਾਲ ਲੈਕੇ ਹਾਜਿਰ ਹੋਇਆ. ਉਸਨੇ ਇਹ ਢਾਲ ਬਨਾਉਣ ਵਿੱਚ ਬਹੁਤ ਸਮਾਂ ਲਗਾਇਆ ਸੀ ਅਤੇ ਇਸ ਢਾਲ ਨੂ ਬਿਨ੍ਹਣਾ ਲਗਭਗ ਅਸੰਭਵ ਸੀ. ਇਹ ਢਾਲ ਨਾ ਸਿਰਫ ਮਜ਼ਬੂਤ ਸੀ ਬਲਕਿ ਇਹ ਬਹੁਤ ਹਲਕਾ ਵੀ ਸੀ. ਦਰਬਾਰ ਵਿਚ ਹਰ ਕਿਸੇ ਨੇ ਢਾਲ ਦੀ ਸ਼ਲਾਘਾ ਕੀਤੀ ਅਤੇ ਗੁਰੂ ਸਾਹਿਬ ਨੇ ਵੀ ਢਾਲ ਦੇਖ ਆਪਣੀ ਖੁਸ਼ੀ ਪ੍ਰਗਟ ਕੀਤੀ.

ਭਾਈ ਲਾਲ ਸਿੰਘ ਬਹੁਤ ਚੰਗੇ ਸਿੱਖ ਸਨ. ਪਰ ਜਦੋਂ ਬਹੁਤ ਸਾਰੇ ਲੋਕਾਂ ਨੇ ਉਸ ਦੀ ਢਾਲ ਅਤੇ ਕਾਰੀਗਰੀ ਦੀ ਪ੍ਰਸੰਸਾ ਕੀਤੀ ਤਾਂ ਉਸ ਅੰਦਰ ਹਉਮੈ (ਅਹੰਕਾਰ) ਪੈਦਾ ਹੋ ਗਈ ਅਤੇ ਉਸਨੇ ਸੰਗਤ ਵਿਚ ਇਹ ਐਲਾਨ ਕੀਤਾ ਗਿਆ ਕਿ ਬੰਦੂਖ ਦੀ ਗੋਲੀ ਵੀ ਇਸ ਢਾਲ ਨੂੰ ਨਹੀ ਬਿੰਨ੍ਹ ਸਕਦੀ. ਜਿਉਂ ਹੀ ਉਸ ਨੇ ਇਹ ਕਿਹਾ ਤਾਂ ਗੁਰੂ ਸਾਹਿਬ ਨੇ ਉਸਨੂੰ ਕਿਹਾ ਕਿ ਉਹ ਕੱਲ ਇਸ ਢਾਲ ਦੀ ਪਰਖ ਕਰਨਗੇ. ਭਾਈ ਲਾਲ ਸਿੰਘ ਨੂੰ ਅਜੇ ਵੀ ਆਪਣੀ ਗ਼ਲਤੀ ਦਾ ਅਹਿਸਾਸ ਨਹੀਂ ਹੋਇਆ ਅਤੇ ਇਹ ਕਹਿੰਦੇ ਹੋਏ ਕਿ ਕੋਈ ਗੋਲੀ ਇਹ ਢਾਲ ਨਹੀ ਪਾਰ ਕਰ ਸਕਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ.

ਪਰ ਜਿਵੇਂ ਹੀ ਉਹ ਗੁਰੂ ਸਾਹਿਬ ਦੇ ਦਰਬਾਰ ਵਿਚੋਂ ਨਿਕਲਿਆ, ਉਸਨੂੰ ਇਹ ਇਹਸਾਸ ਹੋ ਗਿਆ ਕਿ ਗੁਰੂ ਸਾਹਿਬ ਨੂੰ ਚੁਣੌਤੀ ਦੇ, ਉਸਨੇ ਇੱਕ ਵੱਡੀ ਗ਼ਲਤੀ ਕਰ ਲਈ ਹੈ. ਉਸਨੇ ਆਪਣੇ ਆਪ ਨੂੰ ਕਿਹਾ ਕਿ ਗੁਰੂ ਸਾਹਿਬ ਇੱਕ ਜਾਣੇ-ਪਛਾਣੇ ਸੂਰਬੀਰ ਯੋਧੇ ਹਨ ਅਤੇ ਇਸਦੇ ਸਿਖਰ ‘ਤੇ ਉਹ ਸਤਿਗੁਰੂ ਵੀ ਹਨ. ਉਹਨਾਂ ਨੂੰ ਇਸ ਢਾਲ ਨੂੰ ਛੇਦਣ ਤੋ ਕੌਣ ਰੋਕ ਸਕਦਾ ਹੈ?

ਉਸਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਹੋਇਆ ਅਤੇ ਦੁਖੀ ਮਨ ਨਾਲ ਓਹ ਆਪਣੇ ਘਰ ਆ ਗਿਆ. ਉਸਨੂੰ ਸੰਗਤ ਨੂੰ ਚੁਣੋਤੀ ਦੇਣ ਦਾ ਬੜਾ ਦੁਖ ਲਗਿਆ ਅਤੇ ਬਹੁਤ ਪਛਤਾਵਾ ਹੋਇਆ, ਪਰ ਓਹ ਅਜੇ ਵੀ ਇਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਉਸਦੀ ਲਾਜ ਰੱਖ ਲੈਣ ਅਤੇ ਕੋਈ ਵੀ ਇਸ ਢਾਲ ਨੂ ਨਾਂ ਬਿਨ੍ਹ ਸਕੇ. ਉਸਨੇ ਆਪਣੇ ਗੁਰਸਿੱਖ ਸਾਥੀਆਂ ਨੂੰ ਇਸ ਬਾਰੇ ਦਸਿਆ ਅਤੇ ਓਹਨਾਂ ਨੂੰ ਪੁੱਛਿਆ ਕਿ ਹੁਣ ਮੈਨੂੰ ਕਿ ਕਰਨਾ ਚਾਹਿਦਾ ਹੈ ? ਓਹ੍ਨਾ ਕਿਹਾ ਕਿ ਗੁਰੂ ਸਾਹਿਬ ਸਮਰਥ ਹਨ ਅਤੇ ਓਹ ਢਾਲ ਨੂੰ ਬਿਨ੍ਹ ਸਕਦੇ ਹਨ. ਓਹਨਾ ਗੁਰਸਿਖਾਂ ਨੇ ਲਾਲ ਸਿੰਘ ਨੂ ਕਿਹਾ ਕਿ ਜੇ ਤੂੰ ਆਪਣਾ ਮਾਨ ਕਾਇਮ ਰਖਣਾ ਚਾਹੁਦਾ ਹੈ ਤਾਂ ਇਹਦਾ ਸਿਰਫ ਇਕੋ ਹੱਲ ਹੈ ਕਿ ਤੁਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਕਿ ਓਹ ਥੋਡਾ ਮਾਨ ਸਨਮਾਨ ਬਚਾਏ ਰਖਣ.

ਭਾਈ ਲਾਲ ਸਿੰਘ ਨੇ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਅਤੇ ਆਪਣੇ ਸਾਥੀਆਂ ਨਾਲ ਮਿਲਕੇ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਕੀਤੀ ਕਿ ਮੇਰੀ ਲਾਜ ਅਤੇ ਮਾਨ ਸਨਮਾਨ ਬਣਾਈ ਰਖਿਓ. ਭਾਈ ਲਾਲ ਸਿੰਘ ਨੇ ਸਾਰੀ ਰਾਤ ਜਾਗਦੇ ਹੋਏ ਅਤੇ ਬਾਣੀ ਪੜਦੇ ਹੋਇ ਬਿਤਾਈ. ਅਗਲੇ ਦਿਨ ਓਹ ਦਰਬਾਰ ਵਿਚ ਬੜੀ ਨਿਮਰਤਾ ਸਹਿਤ ਹਾਜਿਰ ਹੋਇਆ, ਅੱਜ ਓਹਦੇ ਵਿਚ ਕਲ ਵਾਲੀ ਹੋਉਮੇ ਨਹੀ ਸੀ.

ਕੀਰਤਨ ਦੇ ਭੋਗ ਪਿਛੋਂ, ਗੁਰੂ ਸਾਹਿਬ ਨੇ ਲਾਲ ਸਿੰਘ ਨੂੰ ਢਾਲ ਦੀ ਪਰਖ ਕਰਵਾਉਣ ਲਈ ਤਿਆਰ ਹੋਣ ਲਈ ਕਿਹਾ. ਪਰ ਅੱਜ ਲਾਲ ਸਿੰਘ ਨੇ ਕੱਲ ਵਾਂਗੂ ਚੁਣੋਤੀ ਨਹੀ ਸਵੀਕਾਰੀ, ਅਤੇ ਹੌਲੀ ਜੇਹੀ ਸਿਰ ਹਿਲਾ ਹਾਂ ਕਰ ਦਿੱਤੀ. ਗੁਰੂ ਸਾਹਿਬ ਨੇ ਸਭ ਤੋਂ ਪਿਹਲਾਂ ਭਾਈ ਆਲਮ ਸਿੰਘ ਜੀ ਨੂੰ ਢਾਲ ਪਰਖਣ ਦਾ ਹੁਕੁਮ ਕੀਤਾ. ਲਾਲ ਸਿੰਘ ਆਪਣੀ ਢਾਲ ਲੈ ਕੇ ਨਿਸ਼ਾਨੇ ਤੇ ਖੜਾ ਹੋ ਗਿਆ ਅਤੇ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਦਿੱਤਾ. ਭਾਈ ਆਲਮ ਸਿੰਘ ਨੇ ਤਿੰਨ ਵਾਰ ਗੋਲੀ ਚਲਾਈ ਪਰ ਨਿਸ਼ਾਨਾ ਚੁੱਕ ਗਿਆ ਅਤੇ ਢਾਲ ਨੂੰ ਨਹੀ ਲੱਗਾ.

ਗੁਰੂ ਸਾਹਿਬ ਜੀ ਨੇ ਹਲਕਾ ਜਿਹਾ ਹਸਦੇ ਹੋਏ ਬੰਦੂਕ ਆਪਣੇ ਹੱਥ ਵਿਚ ਫੜ ਲਈ ਅਤੇ ਢਾਲ ਤੇ ਨਿਸ਼ਾਨਾ ਟਿਕਾ ਲਿਆ. ਗੁਰੂ ਸਾਹਿਬ ਜੀ ਨਿਸ਼ਾਨਾ ਬਿਨ੍ਹ ਕੇ ਥੋੜਾ ਸਮਾਂ ਖੜੇ ਰਹੇ ਪਰ ਗੋਲੀ ਨਹੀ ਚਲਾਈ. ਕੁਛ ਸਮੇ ਬਾਅਦ ਓਹਨਾਂ ਨੇ ਆਪਣਾ ਨਿਸ਼ਾਨਾ ਹਟਾ ਲਿਆ ਅਤੇ ਭਾਈ ਲਾਲ ਸਿੰਘ ਨੂੰ ਪੁੱਛਿਆ ਕਿ ਓਹ ਸਾਰੀ ਰਾਤ ਕਿ ਕਰ ਰਿਹਾ ਸੀ ? ਭਾਈ ਲਾਲ ਸਿੰਘ ਦੇ ਨੇਤਰਾਂ ਵਿੱਚ ਅਥਰੂ ਭਰ ਆਏ ਅਤੇ ਓਹ ਆਪਣੀ ਢਾਲ ਪਰੇ ਸਿੱਟ ਗੁਰੂ ਜੀ ਦੇ ਚਰਣ ਕਮਲਾਂ ਤੇ ਡਿੱਗ ਪਿਆ ਅਤੇ ਓਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ.

ਗੁਰੂ ਸਾਹਿਬ ਨੇ ਭਾਈ ਲਾਲ ਸਿੰਘ ਨੂ ਥਾਪੜਾ ਦਿੰਦੇ ਹੋਏ ਕਿਹਾ ਕਿ ਇਸ ਢਾਲ ਨੂੰ ਓਦੋ ਤਕ ਕੋਈ ਨਹੀ ਬਿਨ੍ਹ ਸਕਦਾ ਜਦੋਂ ਤਕ ਇਹਦੀ ਰੱਖਿਆ ਆਪ ਵਾਹਿਗੁਰੂ ਅਤੇ ਸਾਰੇ ਗੁਰੂ ਸਾਹਿਬਾਨ ਖੁਦ ਹਾਜਿਰ ਰਹਿ ਕੇ ਕਰ ਰਹੇ ਹਨ. ਗੁਰੂ ਸਾਹਿਬ ਜੀ ਨੇ ਭਾਈ ਲਾਲ ਸਿੰਘ ਜੀ ਨੂੰ ਅੱਗੇ ਤੋਂ ਕਦੇ ਵਿਚ ਹੋਉਮੇ ਵਿੱਚ ਨਾਂ ਬੋਲਣ ਲਈ ਹੁਕੁਮ ਕੀਤਾ.

ਸਿੱਖਿਆ – ਸਾਨੂੰ ਸੰਗਤ ਵਿਚ ਕਦੇ ਵੀ ਹੋਉਮੇ ਨਹੀ ਰਖਣੀ ਚਾਹੀਦੀ. ਗੁਰੂ ਸਾਹਿਬ ਸਮਰਥ ਹਨ ਅਤੇ ਆਪਣੇ ਸਿਖਾਂ ਦੇ ਮਾਣ ਦੀ ਆਪ ਰੱਖਿਆ ਕਰਦੇ ਹਨ. ਜਦੋਂ ਅਸੀਂ ਗੁਰੂ ਚਰਨਾਂ ਵਿੱਚ ਪੂਰੀ ਸ਼ਰਧਾ ਨਾਲ ਅਰਦਾਸ ਕਰਦੇ ਹਾਂ ਤਾਂ ਓਹ ਜਰੂਰ ਪ੍ਰਵਾਨ ਹੁੰਦੀ ਹੈ.

Waheguru Ji Ka Khalsa Waheguru Ji Ki Fateh
— Bhull Chukk Baksh Deni Ji —

1 COMMENT

LEAVE A REPLY

This site uses Akismet to reduce spam. Learn how your comment data is processed.