Saakhi – Guru Gobind Singh Ji Ate Bhai Kirtia Ji

0
13278
Saakhi - Guru Gobind Singh Ji Ate Bhai Kirtia Ji

Saakhi – Guru Gobind Singh Ji Ate Bhai Kirtia JiSaakhi - Guru Gobind Singh Ji Ate Bhai Kirtia Ji

ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਕੀਰਤੀਆ ਜੀ

ਧੰਨ ਸ੍ਰੀ ਗੁਰੂ ਗੋਬਿੰਦ ਜੀ ਦਾ ਦਰਬਾਰ ਲੱਗਾ ਸੀ ਤਾਂ ਉਸ ਸਮੇਂ ਇਕ ਰਿੱਛ ਵਾਲੇ ਨੇ ਆ ਕੇ ਨਮਸਕਾਰ ਕੀਤਾ ਤੇ ਕਿਹਾ, ਸਤਿਗੁਰੂ ਜੀ ਜੇਕਰ ਆਗਿਆ ਦੇਵੋ ਤਾਂ ਮੈਂ ਆਪਣੇ ਰਿੱਛ ਦੀ ਹਾਜ਼ਰੀ ਲਗਵਾ ਲਵਾਂ। ਮੇਰੇ ਰਿੱਛ ਨੇ ਨੱਚਣਾ ਹੈ। ਸਤਿਗੁਰੂ ਜੀ ਨੇ ਇਜਾਜ਼ਤ ਦੇ ਦਿੱਤੀ।

ਗੁਰੂ ਸਾਹਿਬ ਜੀ ਸਿੰਘਾਸਣ ‘ਤੇ ਬੈਠੇ ਸੀ। ਜਦੋਂ ਮਾਲਕ ਸੋਟੀ ਥੱਲੇ ਕਰੇ, ਰਿੱਛ ਨਮਸਕਾਰ ਕਰੇ। ਮਾਲਕ ਆਖੇ, ਵੱਡਾ ਘਰ ਹੈ, ਵੱਡੀ ਦਾਤ ਮਿਲੇਗੀ। ਕਰ ਨਮਸਕਾਰ। ਸਾਰੇ ਹੱਸਣ ਕਿ ਇਕ ਜਾਨਵਰ ਨੂੰ ਕਿਵੇਂ ਸਿਖਾਇਆ ਹੋਇਆ ਹੈ।

ਜਦੋਂ ਭਾਈ ਕੀਰਤੀਆ ਚੌਰ ਸਾਹਿਬ ਕਰਨ ਵਾਲਾ ਵੀ ਹੱਸਿਆ ਤਾਂ ਗੁਰੂ ਸਾਹਿਬ ਕਹਿੰਦੇ, ਸਾਰੇ ਭਾਵੇਂ ਹੱਸਣ ਪਰ ਤੂੰ ਨਾ ਹੱਸ। ਉਹ ਕਹਿਣ ਲੱਗਾ, ਕਿ ਮੈਂ ਕਿਉਂ ਨਾ ਹੱਸਾਂ? ਸਤਿਗੁਰੂ ਜੀ ਕਹਿੰਦੇ, ਤੂੰ ਨਾ ਹੱਸ, ਕਿਉਂਕਿ ਇਹ ਰਿੱਛ ਜੋ ਨੱਚ ਰਿਹਾ ਹੈ, ਤੇਰਾ ਪਿਤਾ ਸੋਭਾ ਰਾਮ ਹੈ। ਉਹ ਕਹਿਣ ਲੱਗਾ, ਮੇਰਾ ਪਿਤਾ ਤਾਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਰਬਾਰ ਵਿਚ ਸੰਗਤ ਕਰਦਾ ਰਿਹਾ ਸੀ, ਸੇਵਾ ਕਰਦਾ ਰਿਹਾ ਸੀ। ਕੜਾਹ ਪ੍ਰਸ਼ਾਦ ਦੀ ਦੇਗ਼ ਵਰਤਾਉਣ ਦੀ ਡਿਊਟੀ ਸੀ ਉਸ ਦੀ।

ਸਤਿਗੁਰੂ ਸੰਗਤ, ਸੇਵਾ ਕਰਨ ਵਾਲੇ ਨੂੰ ਰਿੱਛ ਦਾ ਜਨਮ ਜੇ ਇਸ ਘਰ ਤੋਂ ਮੇਰੇ ਪਿਤਾ ਨੂੰ ਇਹ ਕੁਝ ਮਿਲਿਆ ਤਾਂ ਮੈਨੂੰ ਕੀ ਲਾਭ ਹੈ ਗੁਰੂ ਘਰ ਦੀ ਸੇਵਾ ਕਰਨ ਦਾ। ਉਸਨੇ ਚੌਰ ਸਾਹਿਬ ਰੱਖ ਦਿੱਤਾ ਤੇ ਕਹਿੰਦਾ ਮੈਂ ਨਹੀਂ ਸੇਵਾ ਕਰਨੀ। ਤਾਂ ਸਤਿਗੁਰੂ ਜੀ ਨੇ ਆਖਿਆ ਭਾਈ ਕੀਰਤੀਆ ਗੁੱਸਾ ਨਾ ਕਰ ਤੇ ਆਰਾਮ ਨਾਲ ਬੈਠ ਕੇ ਸੁਣ, ਤੇਰੇ ਪਿਤਾ ਨੇ ਸੰਗਤ ਵੀ ਕੀਤੀ, ਸੇਵਾ ਵੀ ਕੀਤੀ ਪਰ ਸੰਗਤ ਦੀ ਪ੍ਰਸੰਨਤਾ ਨਾ ਲਈ।

ਕਿਧਰੇ ਕੋਈ ਹੁੰਦਾ ਆਪਣੀ ਪਛਾਣ ਦਾ, ਤੇ ਉਸ ਨਾਲ ਪਿਆਰ ਨਾਲ ਬੋਲਣਾ। ਬਾਕੀ ਸਾਰੀ ਸੰਗਤ ਨੂੰ ਗ਼ੁੱਸੇ ਨਾਲ ਪੈਂਦਾ ਸੀ। ਇਕ ਦਿਨ ਐਸਾ ਹੋਇਆ ਕਿ ਇਕ ਗ਼ਰੀਬ ਸਿੱਖ ਗੱਡੇ ਤੇ ਗੁੜ ਲੱਦ ਕੇ ਜਾ ਰਿਹਾ ਸੀ, ਰਸਤੇ ਵਿਚ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਦੂਜੇ ਪਾਸੇ ਉਸਦੇ ਗੱਡੇ ਨੂੰ ਬਲਦ ਲਈ ਜਾ ਰਿਹਾ ਸੀ। ਸਿੱਖ ਕਾਹਲੀ ਹੋਣ ਕਰਕੇ ਅੱਗੇ ਹੋਇਆ, ਤੇਰੇ ਪਿਤਾ ਪਾਸੋਂ ਪ੍ਰਸ਼ਾਦ ਦੀ ਮੰਗ ਕੀਤੀ ਤੇ ਤੇਰੇ ਪਿਤਾ ਨੇ ਨਾਂਹ ਕਰ ਦਿੱਤੀ। ਸਿੱਖ ਨੇ ਫਿਰ ਜਾਚਨਾ ਕੀਤੀ, ਤੇਰਾ ਪਿਤਾ ਗ਼ੁੱਸੇ ਨਾਲ ਬੋਲਿਆ, ਕਿਉਂ ਰਿੱਛ ਵਾਂਗ ਉੱਤੇ ਚੜ੍ਹੀ ਜਾ ਰਿਹਾ ਹੈ ਤਾਂ ਹੱਥ ਤੋਂ ਥੋੜਾ ਜਿਹਾ ਪ੍ਰਸ਼ਾਦ ਜ਼ਮੀਨ ‘ਤੇ ਡਿੱਗਾ।

ਸਿੱਖ ਨੇ ਚੁੱਕ ਕੇ ਛਕ ਲਿਆ, ਨਾਲ ਹੀ ਬਚਨ ਕੀਤਾ, ਗੁਰੂ ਘਰ ਵਿਚ ਗੁੱਸਾ ਨਹੀਂ ਪ੍ਰੇਮ ਚਾਹੀਦਾ ਹੈ, ਜਿਹੜੇ ਤੇਰੇ ਵਰਗੇ ਗੁੱਸੇਖੋਰੀ ਸੇਵਾਦਾਰ ਸੰਗਤ ਨੂੰ ਰਿੱਛ ਬਣਾਉਣ ਉਹ ਗੁਰੂ ਘਰ ਵਿਚ ਨਹੀਂ ਹੋਣੇ ਚਾਹੀਦੇ, ਰੱਬ ਕਰੇ ਤੂੰ ਖੁਦ ਰਿੱਛ ਬਣੇਂ। ਉਸ ਦੀ ਬਦੌਲਤ ਗੁਰ ਸੰਗਤ ਕੋਲੋਂ ਅਸੀਸ ਲੈਣ ਬਦਲੇ ਬਦਅਸੀਸ ਮਿਲੀ ਤੇ ਤੇਰਾ ਪਿਤਾ ਰਿੱਛ ਦੀ ਜੂਨੀ ਭੋਗ ਰਿਹਾ ਹੈ। ਅੱਜ ਇਹ ਗੁਰੂ ਘਰ ਵਿਚ ਕਿਸੇ ਬਹਾਨੇ ਪੁੱਜਾ ਹੈ, ਹੁਣ ਇਸ ਦਾ ਉਧਾਰ ਹੋਵੇਗਾ। ਭਾਈ ਕੀਰਤੀਆ ਨੇ ਇਹ ਸੁਣ ਕੇ ਗੁਰੂ ਜੀ ਤੋਂ ਮੁਆਫੀ ਮੰਗੀ ਤੇ ਪਹਿਲੇ ਦੀ ਤਰ੍ਹਾਂ ਚੌਰ ਸਾਹਿਬ ਦੀ ਸੇਵਾ ਕਰਨ ਲੱਗਾ ਅਤੇ ਗੁਰੂ ਸਾਹਿਬ ਜੀ ਦੀ ਅਸੀਸ ਦਾ ਪਾਤਰ ਬਣਿਆ।

ਨੋਟ: ਕਈ ਸੰਗਤ ਵਿਚ ਆਉਂਦੇ ਨੇ, ਸੇਵਾ ਵੀ ਕਰਦੇ ਨੇ ਪਰ ਗ਼ੁੱਸਾ ਨਹੀਂ ਜਾਂਦਾ, ਕਰੋਧ ਨਹੀਂ ਜਾਂਦਾ, ਮਨ ਨੀਵਾਂ ਨਹੀਂ ਹੁੰਦਾ। ਜਿੰਨੀਆਂ ਵੀ ਪੁਰਾਤਨ ਸਾਖੀਆਂ ਸਾਂਝੀਆਂ ਕਰ ਲਈਏ, ਜਿਸ ਨੇ ਵੀ ਸੰਗਤ ਕੀਤੀ, ਸੇਵਾ ਕੀਤੀ, ਨਾਲ ਸੰਗਤ ਦੀ ਪ੍ਰਸੰਨਤਾ ਲਈ, ਉਸ ਦੀ ਭਗਤੀ ਸਿਰੇ ਲੱਗੀ।

ਸਿੱਖਿਆ: ਸਾਨੂੰ ਕਰੋਧ ਵਿਚ ਗੁਰੂ ਘਰ ਸੇਵਾ ਨਹੀਂ ਕਰਨੀ ਚਾਹੀਦੀ। ਮਨ ਨੀਵਾਂ ਕਰਕੇ ਸੇਵਾ ਕਰਨ ਵਿਚ ਹੀ ਗੁਰੂ ਦੀ ਖ਼ੁਸ਼ੀ ਹੈ।

Waheguru Ji Ka Khalsa Waheguru Ji Ki Fateh
— Bhull Chukk Baksh Deni Ji —

 

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.