ਗ਼ਰੀਬ ਘਾਹੀ ਸਿੱਖ
ਪੂਰਨ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ ਸ਼ਰਧਾ ਨਾਲ ਸਿੱਖ ਸੱਚੇ ਪਾਤਸ਼ਾਹ ਜੀ ਕਹਿ ਕੇ ਸਤਿਕਾਰ ਦਿੰਦੇ ਸਨ। ਬਾਦਸ਼ਾਹ ਜਹਾਂਗੀਰ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ। ”ਸੱਭ ਸੰਗਤ ਜਿਸ ਦਰਸਨ ਕੋ ਆਵੈ। ਸਚੇ ਪਾਤਸਾਹ ਕਹਿ ਕੈ ਬੁਲਾਵੈ।” (ਮਹਿਮਾ ਪ੍ਰਕਾਸ਼)
ਇਕ ਵਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਜਹਾਂਗੀਰ ਬਾਦਸ਼ਾਹ ਸੈਰ ਕਰਨ ਗਏ ਤਾਂ ਜਿਥੇ ਟਿਕਾਣਾ ਕੀਤਾ, ਗੁਰੂ ਜੀ ਤੇ ਬਾਦਸ਼ਾਹ ਦਾ ਡੇਰਾ ਕੋਲੋਂ-ਕੋਲ ਸੀ। ਇਕ ਗ਼ਰੀਬ ਘਾਹੀ ਸਿੱਖ ਭੁਲੇਖੇ ਨਾਲ ਬਾਦਸ਼ਾਹ ਜਹਾਂਗੀਰ ਦੇ ਤੰਬੂ ਵਿਚ ਚਲਾ ਗਿਆ ਤੇ ਟਕਾ ਅਤੇ ਘਾਹ ਦੀ ਪੰਡ ਰੱਖ ਕੇ ਬਾਦਸ਼ਾਹ ਨੂੰ ਕਿਹਾ, ”ਸੱਚੇ ਪਾਤਸ਼ਾਹ ! ਜਮਾਂ ਤੋਂ ਬਚਾਉਣਾ। ਮੇਰਾ ਜਨਮ ਮਰਨ ਕੱਟਣਾ ਜੀ। ਕਿਰਪਾ ਕਰਨੀ।” ਸੁਣ ਕੇ ਬਾਦਸ਼ਾਹ ਨੂੰ ਅੰਦਰੋਂ ਕੁਝ ਮਹਿਸੂਸ ਹੋਣ ਲੱਗਾ ਕਿ ਛੇਵੇਂ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਕਿਉਂ ਆਖਦੇ ਹਨ। ਬਾਦਸ਼ਾਹ ਕਹਿੰਦਾ ਹੈ, ”ਸਿੱਖਾ, ਮੈਂ ਜਮਾਂ ਤੋਂ ਨਹੀਂ ਬਚਾ ਸਕਦਾ। ਜਨਮ ਮਰਨ ਨਹੀਂ ਕੱਟ ਸਕਦਾ, ਐਸੀ ਕਿਰਪਾ ਕਰਨ ਵਾਲੇ ਸੱਚੇ ਪਾਤਸ਼ਾਹ ਦਾ ਡੇਰਾ ਅੱਗੇ ਹੈ। ਮੈਂ ਤਾਂ ਕੇਵਲ ਇਸ ਦੁਨੀਆਂ ਦੇ ਪਦਾਰਥ ਦੇ ਸਕਦਾ ਹਾਂ।” ਇਹ ਸੁਣ ਕੇ ਬੇਪਰਵਾਹ ਸਿੱਖ ਨੇ ਟਕਾ ਅਤੇ ਘਾਹ ਦੀ ਪੰਡ ਚੁੱਕ ਲਈ ਅਤੇ ਗੁਰੂ ਜੀ ਦੇ ਤੰਬੂ ਵਿਚ ਚਲਾ ਗਿਆ। ਟਕਾ ਤੇ ਘਾਹ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਕਿਹਾ, ”ਸੱਚੇ ਪਾਤਸ਼ਾਹ ! ਜਮਾਂ ਤੋਂ ਬਚਾਉਣਾ, ਜਨਮ ਮਰਨ ਕੱਟਣਾ ਜੀ।” ਹਜ਼ੂਰ ਨੇ ਕਿਹਾ, ”ਸਿੱਖਾ, ਨਾਮ ਜਪਿਆ ਕਰ, ਗੁਰੂ ਨਾਨਕ ਤੇਰੀ ਰੱਖਿਆ ਕਰਨਗੇ।” ਜਹਾਂਗੀਰ ਨੂੰ ਵੀ ਅੱਜ ਪਤਾ ਲੱਗਾ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ, ਉਹ ਇਸ ਲੋਕ ਦੀਆਂ ਖੁਸ਼ੀਆਂ ਵੀ ਦਿੰਦੇ ਹਨ ਤੇ ਜਨਮ ਮਰਨ ਵੀ ਕੱਟਦੇ ਹਨ।
ਸਿੱਖਿਆ : ਦੁਨੀਆਵੀ ਬਾਦਸ਼ਾਹ ਧਨ, ਦੌਲਤ, ਰਾਜ-ਭਾਗ ਆਦਿ ਦੇ ਸਕਦਾ ਹੈ ਪਰ ਜਮਾਂ ਤੋਂ ਰਾਖੀ ਨਹੀਂ ਕਰ ਸਕਦਾ। ਜਮਾਂ ਤੋਂ ਰਾਖੀ ਤਾਂ ਸੱਚਾ ਪਾਤਸ਼ਾਹ ਹੀ ਕਰ ਸਕਦਾ ਹੈ। ਸਾਨੂੰ ਸੱਚੇ ਪਾਤਸ਼ਾਹ ਅੱਗੇ ਹੀ ਝੋਲੀ ਅੱਡਣੀ ਚਾਹੀਦੀ ਹੈ। ਜਿਹੜਾ ਲੋਕ ਦੇ ਸੁੱਖ ਵੀ ਦੇ ਸਕਦਾ ਹੈ ਤੇ ਪਰਲੋਕ ਦੀਆਂ ਦਾਤਾਂ ਵੀ ਦੇ ਸਕਦਾ ਹੈ।