ਡਿਗੀ ਵਾਲੇ ਵਪਾਰੀ ਦੀ ਸਾਖੀ
ਪਰਮ ਕ੍ਰਿਪਾਲੂ ਸ਼੍ਰੀ ਗੁਰੂ ਨਾਨਕ ਦੇਵ ਜੀ ਕਲਯੁੱਗੀ ਜੀਆਂ ਨੂੰ ਤਾਰਦੇ ਹੋਏ ਭਾਈ ਬਾਲੇ ਅਤੇ ਮਰਦਾਨੇ ਸਮੇਤ ਰਸਤੇ ਵਿੱਚ ਤੁਰੇ ਜਾ ਰਹੇ ਸਨ। ਤਾਂ ਰਸਤੇ ਵਿੱਚ ਅੱਗੋਂ ਆ ਰਿਹਾ ਇੱਕ ਵਪਾਰੀ ਮਿਲਿਆ, ਜੋ ਮੋਢੇ ਉੱਪਰ ਡਿੱਗੀ (ਗੱਠੜੀ) ਚੁੱਕ ਕੇ ਪਿੰਡਾਂ-ਪਿੰਡਾਂ ਵਿੱਚ ਜਾ ਕੇ ਸੌਦਾ ਵੇਚ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਸੀ।
ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੇਖ ਕੇ ਸਾਧੂ ਜਾਣ ਕਰ ਮਸਤਕ ਝੁਕਾਇਆ।
ਹਜ਼ੂਰ ਨੇ ਪੁੱਛਿਆ, “ਭਾਈ ਗੱਠੜੀ ਵਿੱਚ ਕੀ ਹੈ, ਖੋਲ੍ਹ ਕੇ ਵਿਖਾ?” ਤਾਂ ਉਸ ਨੇ ਗੱਠੜੀ ਖੋਲ੍ਹੀ।
ਦੱਸਣ ਲੱਗਾ, “ਜੀ ਇਹ ਲੂਣ ਹੈ, ਇਹ ਹਲਦੀ ਹੈ ਅਤੇ ਇਹ ਮਿਰਚਾਂ ਹਨ”।
ਵਪਾਰੀ ਨੂੰ ਪਾਤਸ਼ਾਹ ਜੀ ਨੇ ਗੱਠੜੀ ਵਿੱਚ ਪਏ ਵੱਟਿਆਂ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਇਹ ਕੀ ਹੈ?
ਤਾਂ ਉਸ ਨੇ ਦੱਸਿਆ ਜੀ ਵੱਟੇ ਹਨ ਭਾਰ ਤੋਲਣ ਵਾਸਤੇ।
ਪਹਿਲਾ ਵੱਟਾ ਕੱਢਿਆ, ਸਤਿਗੁਰੂ ਜੀ ਕਹਿੰਦੇ ਇਸ ਦਾ ਕੀ ਨਾਮ ਹੈ ?
ਇੱਕ ਸੇਰ,
ਦੂਜਾ ਵੱਟਾ ਕੱਢਿਆ। ਸਤਿਗੁਰੂ ਜੀ ਕਹਿੰਦੇ ਇਸ ਦਾ ਨਾਮ ਕੀ ਹੈ।
ਵਪਾਰੀ ਕਹਿੰਦਾ ਦੋ ਸੇਰ,
ਤੀਜਾ ਵੱਟਾ ਕੱਢਿਆ ਕਹਿੰਦਾ ਪੰਜ ਸੇਰ।
ਅੱਧਾ ਸੇਰ, ਅਖੀਰ ਵੱਟਾ ਕੱਢਿਆ ਗੁਰ ਜੀ ਕਹਿੰਦੇ ਇਸ ਦਾ ਨਾਮ ਕੀ ਹੈ?
ਕਹਿੰਦਾ ਇਸ ਦਾ ਨਾਮ ਪਾਈਆ ਹੈ।
ਹਜ਼ੂਰ ਨੇ ਕਿਹਾ ”ਧੰਨ ਇਹ ਪਾਉ ਜਿਨ ਆਪਨਾ ਲਘ ਨਾਮ ਰਖਾਉ”।
ਅਸਾਂ ਤਾਂ ਭਾਈ ਇਹ ਛੋਟਾ ਹੀ ਸਤਿਕਾਰ ਯੋਗ ਜਾਣਿਆ ਹੈ ਜਿਸ ਨੇ ਆਪਣਾ ਨਾਮ ਛੋਟਾ ਰਖਾਇਆ ਹੈ।
ਇਸ ਕਰਕੇ ਭਾਈ ਤੂੰ ਵੀ ਪਾਈਆ ਬਣ ਜਾ ਭਾਵ ਚਰਨਾਂ ਦੀ ਧੂੜੀ ਬਣ ਜਾ।
ਤੇਰੀ ਕਿਰਤ ਸ਼ੁੱਧ ਹੈ ਜਿਸ ਕਰਕੇ ਸਾਡਾ ਤੇਰੇ ਨਾਲ ਮੇਲ ਹੋਇਆ।
ਬਸ ਇੱਕ ਘਾਟ ਹੈ ਤੈਨੂੰ ਸ਼ੁੱਧ ਕਿਰਤ ਕਰਨ ਦੀ ਹਉਮੈ ਬੜੀ ਹੈ।
ਹਊੁਮੈ ਨਾਲ ਗਤੀ ਨਹੀਂ ਹੁੰਦੀ, ਕੀਤਾ ਡੁੱਲ੍ਹ ਜਾਂਦਾ ਹੈ।
ਇਸ ਕਰਕੇ ਤੂੰ ਪਾਈਆ (ਭਾਵ ਪੈਰਾਂ ਦੀ ਧੂੜੀ) ਬਣ ਜਾ, ਨਿਮਰਤਾ ਰੱਖ।
ਇਹ ਬਚਨ ਕਹਿੰਦਿਆਂ ਵਪਾਰੀ ਉੱਪਰ ਐਸੀ ਦ੍ਰਿਸ਼ਟੀ ਪਾਈ ਕਿ ਉਸ ਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ।
ਤਤ ਛਿਨ ਖੁਲਿਗੇ ਬਿਕਟ ਕਪਾਟਾ।
ਅਦਭੁਤ ਭਯੋ ਅਪਰ ਹੀ ਠਾਟਾ। ਜਗਯੋ ਗਯਾਨ ਦੁਬਿਧਾ ਸਭ ਖੋਈ। ਤੀਨ ਲੋਕ ਕੀ ਸੋਝੀ ਉਰਿ ਹੋਈ।
ਇਹ ਵੇਖ ਕੇ ਭਾਈ ਬਾਲੇ ਨੇ ਪੁੱਛਿਆ, ”ਜੀ ਇਸ ਨੇ ਨਾ ਕੋਈ ਸੇਵਾ ਕੀਤੀ, ਨਾ ਸਿਮਰਨ, ਸ਼ੀਘਰ ਹੀ ਇਸ ਨੂੰ ਤਾਰ ਦਿੱਤਾ ਜੇ।”
ਇਨ ਵੈਪਾਰੀ ਤਤ ਛਿਨ ਪਾਈ। ਕਛ ਚਿਰ ਕਾਲ ਨ ਸੇਵ ਕਮਾਈ।
ਹਜ਼ੂਰ ਨੇ ਕਿਹਾ ਕਿ ਭਾਈ! ਇਸਦੀ ਪੂਰਬਲੇ ਜਨਮ ਦੀ ਕਮਾਈ ਸੀ, ਇਸ ਦੀ ਕਿਰਤ ਸ਼ੁੱਧ ਸੀ ਜਿਸ ਸਦਕੇ ਕ੍ਰਿਪਾ ਹੋਈ ਹੈ।
ਸ਼ੁੱਧ ਕਿਰਤ ਦੀ ਹਉਮੈ ਸੀ ਜੋ ਇਸ ਨੇ ਹੁਣ ਤਿਆਗ ਦਿੱਤੀ।
ਸਿੱਖਿਆ – ਸ਼ੁੱਧ ਕਿਰਤ ਕਰਨ ਵਾਲੇ ਤੇ ਗੁਰੂ ਜੀ ਦੀ ਪ੍ਰਸੰਨਤਾ ਹੁੰਦੀ ਹੈ। ਸਿੱਖ ਨੇ ਹਉਮੈ ਦੀ ਹਉਮੈ ਨੂੰ ਵੀ ਮਾਰਨਾ ਹੈ ਭਾਵ ਕੋਈ ਵੀ ਗੁਣ ਪੱਲੇ ਹੋਵੇ ਉਸ ਗੁਣ ਦੀ ਹਉਮੈ ਨਹੀਂ ਆਉਣ ਦੇਣੀ।