ਜਿਸ ਵੇਲੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਿੱਲੀ ਨੂੰ ਜਾ ਰਹੇ ਸਨ। ਤਾਂ
ਸਤਿਗੁਰੂ ਜੀ ਜਦੋਂ ਨਗਰ ਪੰਜੋਖਰੇ (ਅੰਬਾਲਾ ਸ਼ਹਿਰ) ਪਹੁੰਚੇ, ਉੱਥੇ ਨਗਰ ਤੋਂ ਬਾਹਰਵਾਰ
ਉਤਾਰਾ ਕੀਤਾ। ਉੱਥੇ ਇੱਕ ਵਿੱਦਿਆ ਅਭਿਮਾਨੀ ਪੰਡਿਤ ਲਾਲ ਚੰਦ ਜਿਹੜਾ ਆਪਣੇ
ਬਰਾਬਰ ਦੂਸਰੇ ਨੂੰ ਨਹੀਂ ਸੀ ਗਿਣਦਾ, ਇਸ ਵਿੱਚ ਦੋ ਅਭਿਮਾਨ ਇਕੱਠੇ ਸਨ, ਇੱਕ ਤਾਂ
ਵਿਦਿਆ ਦਾ ਅਭਿਮਾਨ, ਦੂਜਾ ਜਾਤੀ ਅਭਿਮਾਨ ਕਿ ਮੈਂ ਬ੍ਰਾਹਮਣ ਹਾਂ। ਉਹ ਸੁਭਾਵਿਕ
ਹੀ ਉੱਥੇ ਆ ਪਹੁੰਚਿਆ, ਜਿੱਥੇ ਸਤਿਗੁਰੂ ਜੀ ਦਾ ਡੇਰਾ ਲੱਗਿਆ ਹੋਇਆ ਸੀ। ਉਸ ਨੇ
ਇੱਕ ਸਿੱਖ ਨੂੰ ਪੁੱਛਿਆ ਕਿ ਇੱਥੇ ਕੌਣ ਉਤਰਿਆ ਹੈ? ਕਿੱਥੋਂ ਆਇਆ ਹੈ ? ਕਿੱਥੇ ਜਾ
ਰਿਹਾ ਹੈ? ਇਸਦਾ ਨਾਮ ਕੀ ਹੈ ?
ਤਾਂ ਸਿੱਖ ਨੇ ਜਵਾਬ ਦਿੱਤਾ ਕਿ ਗੁਰੂ ਨਾਨਕ ਜੀ ਦੀ ਅੱਠਵੀਂ ਜੋਤ ਸ੍ਰੀ ਗੁਰੂ
ਹਰਿਕ੍ਰਿਸ਼ਨ ਸਾਹਿਬ ਜੀ ਕੀਰਤਪੁਰ ਤੋਂ ਆਏ ਨੇ ਤੇ ਦਿੱਲੀ ਜਾ ਰਹੇ ਹਨ।
ਇਹ ਸੁਣ ਕੇ ਪੰਡਿਤ ਸਤਿਗੁਰਾਂ ਦੀ ਵਡਿਆਈ ਸਹਿਣ ਨਾ ਕਰ ਸਕਿਆ। ਮਨ
ਵਿੱਚ ਖੁਨਸਿਆ, ਹੰਕਾਰ ਦਾ ਅੰਨ੍ਹਾ ਕੀਤਾ ਹੋਇਆ ਕਹਿੰਦਾ ਕਿ ਦੁਆਪਰ ਵਿੱਚ
ਈਸ਼ਵਰ ਅਵਤਾਰ ਭਗਵਾਨ ਜੀ ਹੋਏ ਹਨ, ਸਾਰਾ ਜੱਗ ਜਾਣਦਾ ਹੈ। ਨਾਮ ਭਗਵਾਨ
ਕ੍ਰਿਸ਼ਨ ਤੋਂ ਵੀ ਵੱਡਾ ਰਖਾਇਆ ਹੈ। ਉਨ੍ਹਾਂ ਦਾ ਨਾਮ ਸ੍ਰੀ ਕ੍ਰਿਸ਼ਨ ਤੇ ਇਨ੍ਹਾਂ ਦਾ ਨਾਮ
ਸ੍ਰੀ ਹਰਿਕ੍ਰਿਸ਼ਨ। ਭਗਵਾਨ ਕ੍ਰਿਸ਼ਨ ਨੇ ਗੀਤਾ ਨਾਮ ਦਾ ਗ੍ਰੰਥ ਬਣਾਇਆ ਹੈ, ਜਿਸ ਨੂੰ
ਪੜ੍ਹ-ਸੁਣ ਕੇ ਲੋਕ ਗਿਆਨ ਦੇ ਰਸਤੇ ਚਲਦੇ ਹਨ। ਗੀਤਾ ਦੇ ਸਲੋਕ ਬੜੇ ਮਹਾਨ ਅਰਥ
ਵਾਲੇ ਹਨ। ਬ੍ਰਾਹਮਣ ਸਿੱਖ ਨੂੰ ਕਹਿਣ ਲੱਗਾ ਕਿ ਵੱਡੇ-ਵੱਡੇ ਨਾਮ ਧਰਾਉਣੇ ਸੌਖੇ ਹਨ,
ਭਗਵਾਨ ਕ੍ਰਿਸ਼ਨ ਦੇ ਉਚਾਰਨ ਕੀਤੇ ਗੀਤਾ ਦੇ ਸਲੋਕ, ਉਨ੍ਹਾਂ ਦੇ ਅਰਥ ਹੀ ਕਰਕ
ਵਿਖਾ ਦੇਣ, ਫਿਰ ਮੈਂ ਮੰਨ ਜਾਵਾਂਗਾ ਕਿ ਇਨ੍ਹਾਂ ਦਾ ਧਰਾਇਆ ਨਾਮ ਸਕਾਰਥ ਹੈ, ਨਹੀਂ
ਤਾਂ ਨਾਮ ਧਰਾਉਣਾ ਝੂਠ ਹੀ ਹੈ। ਇਹ ਸੁਣ ਕੇ ਸਿੱਖ ਨੇ ਕਿਹਾ ਕਿ ਤੂੰ ਇੱਥੇ ਹੀ ਖੜਾ
ਰਹਿ, ਮੈਂ ਹੁਣੇ ਹੀ ਸਤਿਗੁਰੂ ਜੀ ਤੋਂ ਉੱਤਰ ਲੈ ਕੇ ਆਉਂਦਾ ਹਾਂ। ਗੁਰੂ ਜੀ ਸਮਰੱਥ ਹਨ,
ਤੇਰਾ ਉੱਤਰ ਜ਼ਰੂਰ ਦੇਣਗੇ। ਇਹ ਕਹਿ ਕੇ ਸਿੱਖ ਗੁਰੂ ਜੀ ਪਾਸ ਗਿਆ, ਸਿਰ ਨਿਵਾ
ਕੇ ਬੇਨਤੀ ਕੀਤੀ ਕਿ ਹੰਕਾਰੀ ਬ੍ਰਾਹਮਣ ਆਪ ਜੀ ‘ਤੇ ਸ਼ੰਕਾ ਕਰ ਰਿਹਾ ਹੈ। ਕਹਿੰਦਾ
ਹੈ ਕਿ ਗੀਤਾ ਦੇ ਅਰਥ ਹੀ ਕਰਕੇ ਵਿਖਾ ਦੇਣ। ਮੁਸਕਰਾਉਂਦੇ ਹੋਏ ਸਤਿਗੁਰੂ ਜੀ ਨੇ
ਬਚਨ ਕੀਤਾ ਕਿ ਬ੍ਰਾਹਮਣ ਨਿਸ਼ਰਧਕ ਹੈ, ਜੇ ਉੱਤਰ ਚਾਹੁੰਦਾ ਹੈ ਤਾਂ ਸਾਡੇ ਕੋਲ ਆ
ਕੇ ਉੱਤਰ ਲਵੇ, ਜਿਵੇਂ ਚਾਹੁੰਦਾ ਹੈ ਉਸੇ ਤਰ੍ਹਾਂ ਉੱਤਰ ਦੇ ਦਿਆਂਗੇ। ਇਸਦੇ ਬੁੱਧ ਰੂਪ
ਨੇਤਰਾਂ ਵਿੱਚ ਹੰਕਾਰ ਦਾ ਮੋਤੀਆ ਉਤਰਿਆ ਹੋਇਆ ਹੈ। ਇਸਦੀ ਦਵਾਈ ਗਿਆਨ
ਦਾ ਸੁਰਮਾ ਪਾ ਕੇ ਬੁੱਧ ਰੂਪ ਨੇਤਰਾਂ ‘ਚੋਂ ਹੰਕਾਰ ਦਾ ਮੋਤੀਆ ਦੂਰ ਕਰਨਾ ਹੈ। ਸਿੱਖ ਨੇ
ਬ੍ਰਾਹਮਣ ਨੂੰ ਜਾ ਕੇ ਕਿਹਾ ਕਿ ਗੁਰੂ ਜੀ ਕੋਲ ਜਾ ਕੇ ਆਪਣਾ ਉੱਤਰ ਲੈ ਲਵੋ। ਉਤਸ਼ਾਹ
ਨਾਲ ਚੱਲਿਆ, ਹੰਕਾਰ ਵਿੱਚ ਜਾ ਕੇ ਕੋਲ ਬੈਠ ਗਿਆ। ਇਸ ਨੂੰ ਦੇਖ ਕੇ ਸਤਿਗੁਰੂ ਜੀ
ਬੋਲੇ ਕਿ ਹੇ ਬ੍ਰਾਹਮਣ ! ਕੀ ਜਾਣਨਾ ਚਾਹੁੰਦਾ ਹੈਂ? ਬ੍ਰਾਹਮਣ ਨੇ ਉਹੀ ਗੱਲ ਦੁਹਰਾਈ,
ਨਾਮ ਤਾਂ ਭਗਵਾਨ ਕ੍ਰਿਸ਼ਨ ਤੋਂ ਵੱਡਾ ਹਰਿਕ੍ਰਿਸ਼ਨ ਰਖਾਇਆ ਹੈ। ਸੋ ਭਗਵਾਨ ਜੀ ਨੇ
ਤਾਂ ਗੀਤਾ ਗ੍ਰੰਥ ਉਚਾਰਨ ਕੀਤਾ ਤੁਸੀਂ ਗੀਤਾ ਦੇ ਸਲੋਕਾਂ ਦੇ ਅਰਥ ਕਰ ਕੇ ਵਿਖਾ
ਦਿਓ ਤਾਂ ਮੈਂ ਸਮਝਾਂਗਾ ਕਿ ਤੁਹਾਡਾ ਹਰਿਕ੍ਰਿਸ਼ਨ ਨਾਮ ਧਰਾਇਆ ਸਫਲਾ ਹੈ। ਸ੍ਰੀ ਗੁਰੂ
ਹਰਿਕ੍ਰਿਸ਼ਨ ਜੀ ਨੇ ਬ੍ਰਾਹਮਣ ਦੀ ਗੱਲ ਸੁਣ ਕੇ ਕਿਹਾ ਕਿ ਜੇ ਅਸੀਂ ਤੈਨੂੰ ਗੀਤਾ ਦੇ
ਅਰਥ ਕਰਕੇ ਸੁਣਾ ਦਿੱਤੇ ਤਾਂ ਤੇਰਾ ਸੰਸਾ ਨਵਿਰਤ ਨਹੀਂ ਹੋਵੇਗਾ, ਫੇਰ ਤੇਰੇ ਮਨ ਵਿੱਚ
ਇਹ ਸੰਸਾ ਹੋਵੇਗਾ ਕਿ ਗੁਰੂ ਦੇ ਪੁੱਤਰ ਸਨ, ਕਿਸੇ ਵਿਦਵਾਨ ਬ੍ਰਾਹਮਣ ਤੋਂ ਗੀਤਾ ਦੇ
ਅਰਥ ਬਚਪਨ ਵਿੱਚ ਹੀ ਪੜ੍ਹ੍ਵ ਲਏ ਹੋਣਗੇ। ਇਸ ਲਈ ਹੇ ਬ੍ਰਾਹਮਣ! ਜੇ ਤੂੰ ਗੀਤਾ ਦੇ
ਅਰਥ ਦੀ ਗੱਲ ਕਰਦਾ ਹੈਂ ਅਸੀਂ ਕਰੀਏ ਤਾਂ ਅਨੰਦ ਨਹੀਂ ਹੈ। ਤੂੰ ਆਪਣੀ ਮਰਜ਼ੀ ਨਾਲ
ਨਗਰ ‘ਚੋਂ ਕਿਸੇ ਨੂੰ ਵੀ ਲੈ ਆ, ਅਸੀਂ ਉਸ ਤੋਂ ਹੀ ਗੁਰੂ ਨਾਨਕ ਦੀ ਬਖਸ਼ਿਸ਼ ਸਦਕਾ
ਅਰਥ ਕਰਵਾ ਦਿਆਂਗੇ। ਇਹ ਸੁਣ ਕੇ ਬ੍ਰਾਹਮਣ ਆਪਣੇ ਨਗਰ ਵਿੱਚ ਗਿਆ। ਇੱਕ
ਝੀਵਰ, ਛੱਜੂ ਨਾਮ ਦਾ ਦੇਖਿਆ, ਜਿਹੜਾ ਘਰ-ਘਰ ਵਿੱਚ ਪਾਣੀ ਢੋਣ ਦਾ ਕੰਮ ਕਰ
ਰਿਹਾ ਸੀ, ਜਿਸ ਨੂੰ ਲੋਕ ਮਹਾਂਮੂਰਖ ਸਮਝਦੇ ਸਨ, ਤਨ ‘ਤੇ ਬਸਤਰ ਪਾਟੇ ਹੋਏ ਸਨ, ਮੂੰਹ
ਵਿੱਚੋਂ ਲਾਲਾਂ ਵੱਗ ਰਹੀਆਂ ਸਨ। ਉਸਨੇ ਆਪ ਤਾਂ ਕੀ ਪੜ੍ਹਨਾ ਸੀ, ਕਦੇ ਕਿਸੇ ਪੜ੍ਹਦੇ
ਨੂੰ ਭੀ ਨਹੀਂ ਦੇਖਿਆ ਸੀ। ਪਸ਼ੂਆਂ ਦੀ ਤਰ੍ਹਾਂ ਇਸ ਦੀ ਬਿਰਤੀ ਸੀ। ਰੰਗ ਕਾਲਾ, ਜ਼ੁਬਾਨ
ਤੋਂ ਗੂੰਗਾ। ਕੰਨਾਂ ਤੋਂ ਬਹਿਰਾ, ਕੇਵਲ ਇਸ਼ਾਰਾ ਥੋੜ੍ਹਾ ਬਹੁਤ ਸਮਝਦਾ ਸੀ। ਬ੍ਰਾਹਮਣ ਨੇ
ਇਸ਼ਾਰਾ ਕੀਤਾ ਕਿ ਕੁਝ ਸਮਾਂ ਮੇਰੇ ਨਾਲ ਚੱਲ। ਸਤਿਗੁਰੂ ਜੀ ਕੋਲ ਲਿਜਾ ਕੇ ਬਿਠਾ
ਦਿੱਤਾ। ਚਿੱਤ ਦੇ ਵਿੱਚ ਪ੍ਰਸ਼ਨ ਗੂੜ੍ਹੇ ਸੋਚ ਲਏ ਅਰ ਸੋਚਿਆ ਕਿ ਇਸ ਦਾ ਉੱਤਰ ਤਾਂ
ਕੋਈ ਵਿਦਵਾਨ ਵੀ ਜਲਦੀ ਨਹੀਂ ਦੇ ਸਕਦਾ। ਇਹ ਕਿਵੇਂ ਦੇਵੇਗਾ। ਗੁਰੂ ਹਰਿਕ੍ਰਿਸ਼ਨ
ਜੀ ਨੇ ਉਸਦੇ ਮਨ ਦੀ ਜਾਣ ਕੇ ਉਸ ਮੂਰਖ ਝੀਵਰ ਦੇ ਸਿਰ ‘ਤੇ ਛੜੀ ਰੱਖ ਦਿੱਤੀ ਅਰ
ਹੁਕਮ ਕੀਤਾ ਕਿ ਪੰਡਿਤ ਦੇ ਸਵਾਲਾਂ ਦਾ ਉੱਤਰ ਦਿਓ। ਇਹ ਬਚਨ ਕਹਿਣ ਦੀ ਦੇਰ
ਸੀ ਕਿ ਕੰਨਾਂ ਨੂੰ ਆਵਾਜ਼ ਸੁਣਨ ਲੱਗ ਪਈ, ਜੀਭ ਦਾ ਗੂੰਗਾਪਨ ਦੂਰ ਹੋ ਗਿਆ। ਚਾਰੇ
ਬੇਦਾਂ ਦਾ ਬਕਤਾ ਗੁਰੂ ਜੀ ਨੇ ਬਣਾ ਦਿੱਤਾ ਅਰ ਉਸਨੇ ਕਿਹਾ ਕਿ ਹੇ ਬ੍ਰਾਹਮਣ! ਕਿਹੜਾ
ਸ਼ਾਸਤ੍ਰ ਪੜ੍ਹਿਆ ਹੈਂ, ਜਿਸਦੇ ਅਨੁਸਾਰ ਤੈਨੂੰ ਉੱਤਰ ਦਿਆਂ। ਬੋਲ ਹਿੰਦੀ ਵਿੱਚ ਉੱਤਰ
ਦਿਆਂ ਜਾਂ ਸੰਸਕ੍ਰਿਤ ਵਿੱਚ।
ਸੋ, ਇਸ ਪ੍ਰਕਾਰ ਸੰਸਕ੍ਰਿਤ ਬੋਲਿਆ। ਜਿਤਨੇ ਸੰਸੇ ਸਨ ਬ੍ਰਾਹਮਣ ਦੇ ਚਿਤ ਵਿੱਚ
ਸਾਰਿਆਂ ਦੇ ਉੱਤਰ ਦੇ ਦਿੱਤੇ। ਦਸ ਕੁ ਸ਼ੰਕੇ ਬ੍ਰਾਹਮਣ ਦੇ ਹਿਰਦੇ ਵਿੱਚ ਸਨ, ਉਸਨੇ 20
ਦਾ ਉੱਤਰ ਦਿੱਤਾ। ਇਹ ਦੇਖ ਕੇ ਬ੍ਰਾਹਮਣ ਹੈਰਾਨ ਹੋ ਗਿਆ, ਚੁੱਪ ਹੀ ਕਰ ਗਿਆ।
ਵਿਦਿਆ ਦਾ ਜਿੰਨਾ ਮਨ ਵਿੱਚ ਹੰਕਾਰ ਸੀ, ਸਾਰਾ ਉਤਰ ਗਿਆ। ਕੋਈ ਪੂਰਬਲਾ ਭਾਗ
ਜਾਗਿਆ ਤੇ ਨਿਮ੍ਰਤਾ ਮਨ ਵਿੱਚ ਆ ਗਈ। ਹੱਥ ਜੋੜ ਲਏ ਤੇ ਲੰਮਾ ਪੈ ਕੇ ਡੰਡਉਤ
ਕੀਤੀ ਕਿ ਮਹਾਰਾਜ! ਤੁਹਾਡੀ ਮਹਿਮਾ ਅਪਾਰ ਹੈ।
ਮਹਾਰਾਜ ਮੇਰੇ ਸ਼ੰਕੇ ਖ਼ਤਮ ਹੋ ਗਏ। ਹੁਣ ਕਿਰਪਾ ਕਰਕੇ ਮੈਨੂੰ ਆਪਣਾ ਸਿੱਖ ਬਣਾ
ਲਓ। ਚਰਨਾਮ੍ਰਿਤ ਦੇ ਕੇ ਸਤਿਗੁਰੂ ਜੀ ਨੇ ਸਿੱਖ ਬਣਾਇਆ।
ਇਹੀ ਬ੍ਰਾਹਮਣ ਜਿਸ ਨੇ ਸਿਖੀ ਧਾਰਨ ਕੀਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ
ਸਮੇਂ ਤੱਕ ਸਿੱਖੀ ਅਸੂਲਾਂ ਤੇ ਚੱਲ ਕੇ ਗੁਰੂ ਘਰ ਦੀ ਸੇਵਾ ਕਮਾਈ। ਅੰਮ੍ਰਿਤ ਛੱਕ ਕੇ
ਪੰਡਿਤ ਲਾਲ ਚੰਦ ਤੋਂ ਲਾਲ ਸਿੰਘ ਸੱਜ ਗਿਆ। ਛੱਜੂ ਝੀਵਰ ਜਿਸ ਤੋਂ ਗੀਤਾ ਦੇ ਅਰਥ
ਕਰਵਾਏ ਉਹ ਵੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਤੋਂ ਚਰਨਾਮ੍ਰਿਤ ਲੈ ਕੇ ਸਿੱਖ ਸੱਜ ਗਿਆ।
ਇੰਨੀ ਸੇਵਾ ਥਾਏਂ ਪੈ ਗਈ ਪੰਜ ਪਿਆਰਿਆਂ ਚੋਂ ਹਿੰਮਤ ਸਿੰਘ ਜੀ ਛੱਜੂ ਝੀਵਰ ਦੀ
ਕੁਲ ਵਿੱਚੋਂ ਹੋਏ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਕੇ ਅਸੀਸਾਂ ਦੇ
ਪਾਤਰ ਬਣੇ।
ਸਿੱਖਿਆ ¸ ਇਸ ਸਾਖੀ ਤੋਂ ਸਿੱਖਿਆ ਮਿਲਦੀ ਹੈ ਕਿ ਗੁਰੂ ਸਾਹਿਬ ਦੀ
ਨਦਰਿ ਹੋਵੇ ਤਾਂ ਅਤਿ ਮੂਰਖ ਨੂੰ ਵੀ ਵਿਦਵਾਨ ਬਣਾ ਸਕਦੇ ਹਨ।