Shaheed Bhai Taru Singh Ji

ਭਾਈ ਤਾਰੂ ਸਿੰਘ ਜੀ ਪਿੰਡ ਪੂਹਲੇ (ਅੰਮ੍ਰਿਤਸਰ) ਦੇ ਵਸਨੀਕ ਸਨ। ਭਾਈ ਸਾਹਿਬ ਜੀ ਰੋਜ਼ ਅੰਮ੍ਰਿਤ ਵੇਲੇ ੨੧ ਪਾਠ ਜਾਪੁ ਸਾਹਿਬ ਦੇ ਕਰ ਕੇ ਫੇਰ ਕੁਝ ਛੱਕਦੇ ਸਨ। ਖੇਤੀ-ਬਾੜੀ ਦਾ ਕੰਮ ਕਰਦੇ ਸਨ। ਆਏ ਗਏ ਗੁਰਸਿੱਖ ਦੇ ਰਹਿਣ ਲਈ ਪ੍ਰਬੰਧ ਕਰਦੇ। ਜੰਗਲਾਂ ਵਿਚ ਰਹਿੰਦੇ ਸਿੰਘਾਂ ਲਈ ਲੰਗਰ ਤਿਆਰ ਕਰਕੇ ਛਕਾਉਣ ਦੀ ਸੇਵਾ ਕਰਦੇ ਸਨ। ਉਹਨਾਂ ਦਿਨਾਂ ਵਿਚ ਲਾਹੌਰ ਦਾ ਗਵਰਨਰ ਜ਼ਕਰੀਆ ਖ਼ਾਂ ਸੀ ਜੋ ਸਿੱਖਾਂ ‘ਤੇ ਬੜਾ ਜ਼ੁਲਮ ਕਰਦਾ ਸੀ।
ਸਿਖਾਂ ਨੂੰ ਖ਼ਤਮ ਕਰਨ ਦਾ ਇਸ ਨੇ ਫ਼ੈਸਲਾ ਕੀਤਾ ਹੋਇਆ ਸੀ। ਸਿੱਖਾਂ ਨੂੰ ਚੁਣ-ਚੁਣ ਕੇ ਖ਼ਤਮ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਸਨ। ਇਨਾਮ ਦੇ ਲਾਲਚ ਵਿਚ ਕਿਸੇ ਦੋਖੀ ਨੇ ਭਾਈ ਤਾਰੂ ਸਿੰਘ ਜੀ ਵਿਰੁਧ ਸ਼ਿਕਾਇਤ ਕਰ ਦਿੱਤੀ। ਭਾਈ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਜਦੋਂ ਸਿਪਾਹੀ ਉਨ੍ਹਾਂ ਦੇ ਘਰ ਪਹੁੰਚੇ ਤਾਂ ਭਾਈ ਸਾਹਿਬ ਜੀ ਘਰ ਨਹੀਂ ਸਨ। ਭਾਈ ਸਾਹਿਬ ਜੀ ਦੇ ਮਾਤਾ ਜੀ ਕਹਿਣ ਲੱਗੇ, “ਪਹਿਲਾਂ ਪ੍ਰਸ਼ਾਦਾ ਛੱਕ ਲਵੋ।” ਸਿਪਾਹੀਆਂ ਨੇ ਪ੍ਰਸ਼ਾਦਾ ਛੱਕਿਆ ਤੇ ਮੁੱਖ ਵਿਚੋਂ ਕਿਹਾ ਸਿੱਖ ਇਤਨੇ ਨਿਰਵੈਰ ਹਨ ! ਇੰਨੇ ਨੂੰ ਭਾਈ ਤਾਰੂ ਸਿੰਘ ਜੀ ਵੀ ਪਹੁੰਚ ਗਏ ਤੇ ਸਿਪਾਹੀਆਂ ਨੇ ਭਾਈ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰ ਲਿਆ। ਭਾਈ ਸਾਹਿਬ ਜੀ ਨੂੰ ਕਿਹਾ ਗਿਆ ਕਿ ਉਹ ਸਿੱਖੀ ਛੱਡ ਦੇਣ। ਪਰ ਭਾਈ ਸਾਹਿਬ ਜੀ ਨੂੰ ਸਿੱਖੀ ਜਾਨ ਨਾਲੋਂ ਵੀ ਵੱਧ ਪਿਆਰੀ ਸੀ, ਇਸ ਲਈ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਭਾਈ ਸਾਹਿਬ ਜੀ ਨੂੰ ਬੜੇ ਲਾਲਚ ਵੀ ਦਿੱਤੇ ਗਏ ਤੇ ਡਰਾਵੇ ਵੀ, ਪਰ ਭਾਈ ਸਾਹਿਬ ਜੀ ਰਤਾ ਨਾ ਡੋਲੇ। ਜ਼ਕਰੀਆ ਖ਼ਾਂ ਨੇ ਚਲਾਕੀ ਵਰਤੀ ਤੇ ਭਾਈ ਸਾਹਿਬ ਜੀ ਨੂੰ ਕਿਹਾ ਕਿ ਮੈਂ ਸੁਣਿਆ ਹੈ ਤੁਹਾਡੇ ਗੁਰੂ ਕੋਲੋਂ ਅਤੇ ਗੁਰੂ ਕੇ ਸਿੰਘਾਂ ਕੋਲੋਂ ਜੋ ਮੰਗੀਏ ਉਹ ਮਿਲਦਾ ਹੈ। ਮੈਂ ਵੀ ਤੁਹਾਡੇ ਕੋਲੋਂ ਇਕ ਚੀਜ਼ ਦੀ ਮੰਗ ਕਰਦਾ ਹਾਂ ਕਿ ਮੈਨੂੰ ਤੁਹਾਡੇ ਕੇਸ ਚਾਹੀਦੇ ਹਨ। ਤਾਂ ਭਾਈ ਸਾਹਿਬ ਜੀ ਨੇ ਜਵਾਬ ਦਿੱਤਾ, “ਕੇਸ ਦੇਵਾਂਗਾ ਜ਼ਰੂਰ ਪਰ ਕੱਟ ਕੇ ਨਹੀਂ ਖੋਪਰੀ ਸਮੇਤ ਦੇਵਾਂਗਾ।” ਜ਼ਕਰੀਆ ਖ਼ਾਂ ਦੇ ਹੁਕਮ ਤੇ ਜਲਾਦ ਜਦੋਂ ਰੰਬੀ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਉਤਾਰਨ ਲੱਗਾ ਤਾਂ ਹੰਕਾਰ ਵਿਚ ਜ਼ਕਰੀਆ ਖਾਂ ਬਹੁਤ ਹੱਸਿਆ। ਭਾਈ ਤਾਰੂ ਸਿੰਘ ਜੀ ਦੇ ਮੁੱਖ ਵਿਚੋਂ ਸਹਿਜ-ਸੁਭਾਅ ਬਚਨ ਨਿਕਲਿਆ, “ਬਹੁਤਾ ਹੱਸ ਨਾ ਤੈਨੂੰ ਅੱਗੇ ਲਾ ਕੇ ਜੁੱਤੀਆਂ ਮਾਰ ਕੇ ਨਰਕਾਂ ਵਿਚ ਪਹਿਲਾਂ ਭੇਜਾਂਗੇ, ਅਸੀਂ ਦਰਗਾਹ ਵਿਚ ਬਾਅਦ ਵਿਚ ਜਾਵਾਂਗੇ।” ਭਾਈ ਤਾਰੂ ਸਿੰਘ ਜੀ ਦੀ ਰੰਬੀ ਨਾਲ ਖੋਪਰੀ ਉਤਾਰ ਦਿੱਤੀ ਗਈ, ਪਰ ਗੁਰੂ ਦੇ ਸਿੱਖ ਦਾ ਬਚਨ ਸੱਚ ਹੋਇਆ। ਜ਼ਕਰੀਆਂ ਖਾਂ ਦਾ ਪਿਸ਼ਾਬ ਰੁਕ ਗਿਆ, ਉਹ ਬਹੁਤ ਦੁਖੀ ਹੋਇਆ। ਉਸ ਦੇ ਅਹਿਲਕਾਰ ਭਾਈ ਤਾਰੂ ਸਿੰਘ ਜੀ ਦਾ ਜੋੜਾ ਉਸ ਦੇ ਸਿਰ ‘ਤੇ ਮਾਰਦੇ ਤਾਂ ਉਸ ਨੂੰ ਪਿਸ਼ਾਬ ਆਉਂਦਾ। ਇਸ ਰੋਗ ਨਾਲ ਜ਼ਕਰੀਆ ਖਾਂ ਦੀ ਮੌਤ ਪਹਿਲਾਂ ਹੋਈ ਪਰ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੀ ਖੋਪਰੀ ਉੱਤਰੀ ਹੋਈ ਸੀ ਅਤੇ ਫ਼ਿਰ ਵੀ ੨੨ ਦਿਨ ਜਿਊਂਦੇ ਰਹੇ ਅਤੇ ਦਰਗਾਹ ਵਿਚ ਗਏ।

ਸਾਰੇ ਆਖੋ : ਧੰਨ ਗੁਰੂ, ਧੰਨ ਗੁਰੂ ਦੇ ਪਿਆਰੇ।

ਸਿੱਖਿਆ :- ਸਿੱਖ ਕੇਸਾਂ ਨੂੰ ਜਾਨ ਤੋਂ ਵੀ ਪਿਆਰਾ ਰੱਖਦਾ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.