Saakhi – Bhai Mati Das Ji Di Shahidi
ਭਾਈ ਮਤੀਦਾਸ ਜੀ ਦੀ ਸ਼ਹੀਦੀ
ਭਾਈ ਮਤੀਦਾਸ ਜੋ ਕਿ ਭਾਈ ਪਿਰਾਗਾ ਦੇ ਸਪੁੱਤਰ ਸਨ। ਭਾਈ ਪਿਰਾਗਾ ਛੇਵੇਂ ਪਾਤਸ਼ਾਹ ਦਾ ਸਿੱਖ ਕੜੀਆਲਾ ਪਿੰਡ, ਜ਼ਿਲ੍ਹਾ ਜਿਹਲਮ, ਜੋ ਅੱਜ-ਕੱਲ੍ਹ ਪਾਕਿਸਤਾਨ ਵਿਚ ਹੈ, ਦੇ ਰਹਿਣ ਵਾਲਾ ਸੀ। ਭਾਈ ਪਿਰਾਗਾ ਦੇ ਚਾਰ ਸਪੁੱਤਰ ਸਨ-ਭਾਈ ਮਤੀਦਾਸ, ਸਤੀਦਾਸ, ਜਤੀਦਾਸ, ਸਖੀਦਾਸ। ਭਾਈ ਮਤੀਦਾਸ ਜੀ ਨੂੰ ਸਤਿਗੁਰੂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣਾ ਦੀਵਾਨ ਥਾਪਿਆ ਸੀ।
ਭਾਈ ਮਤੀਦਾਸ ਤੇ ਸਤੀਦਾਸ ਦੀ ਕੁਰਬਾਨੀ ਗੁਰੂ ਸਾਹਿਬ ਜੀ ਦੇ ਨਾਲ ਦਿੱਲੀ ਵਿਖੇ ਹੋਈ। ਜਦੋਂ ਗੁਰੂ ਸਾਹਿਬ ਜੀ ਲੋਹੇ ਦੇ ਪਿੰਜਰੇ ਵਿਚ ਕੈਦ ਸਨ ਤਾਂ ਭਾਈ ਮਤੀ ਦਾਸ ਜੀ ਨੂੰ ਕਾਜ਼ੀ ਨੇ ਆਖਿਆ ਸਿੱਖੀ ਛੱਡ ਕੇ ਮੁਸਲਮਾਨ ਹੋ ਜਾਉ, ਤੁਹਾਨੂੰ ਬਹੁਤ ਸੁੱਖ ਦਿੱਤੇ ਜਾਣਗੇ, ਪ੍ਰੰਤੂ ਭਾਈ ਜੀ ਨੇ ਸਾਰੇ ਦੁਨਿਆਵੀ ਸੁਖ ਤੇ ਲਾਲਚ ਠੁਕਰਾ ਦਿੱਤੇ ਤੇ ਕਿਹਾ, ਮੈਂ ਸਿੱਖੀ ਨਹੀਂ ਛੱਡ ਸਕਦਾ ਭਾਵੇਂ ਮੇਰੀ ਜਾਨ ਵੀ ਚਲੀ ਜਾਵੇ।
ਕਾਜ਼ੀ ਨੇ ਫਿਰ ਕਿਹਾ ਗੁਰੂ ਸਾਹਿਬ ਦਾ ਸਾਥ ਛੱਡ ਦਿਉ। ਭਾਈ ਸਾਹਿਬ ਨੇ ਕਿਹਾ ਗੁਰੂ ਸਾਹਿਬ ਜੀ ਨੂੰ ਛੱਡ ਕੇ ਮੈਂ ਜ਼ਿੰਦਾ ਨਹੀਂ ਰਹਿ ਸਕਦਾ। ਮਰਨਾ ਤਾਂ ਹੈ ਹੀ, ਕਿਉਂ ਨਾ ਸਿੱਖੀ ਨਿਭਾ ਕੇ ਹੀ ਮਰਾਂ। ਸਰਕਾਰ ਨੇ ਕਾਜ਼ੀ ਤੋਂ ਆਰੇ ਨਾਲ ਚੀਰਨ ਦਾ ਫ਼ਤਵਾ ਦਿਵਾਇਆ, ਜਿਸ ਨੂੰ ਭਾਈ ਸਾਹਿਬ ਨੇ ਹੱਸ ਕੇ ਕਬੂਲ ਕੀਤਾ। ਜਦੋਂ ਜਲਾਦ ਆਰੇ ਨੂੰ ਤਿੱਖਾ ਕਰਨ ਲੱਗੇ ਤਾਂ ਭਾਈ ਸਾਹਿਬ ਨੇ ਕਿਹਾ ਕਿ ਤੁਸੀਂ ਆਪਣੇ ਆਰੇ ਨੂੰ ਤਿੱਖਾ ਕਰੋ, ਮੈਂ ਆਪਣੇ ਮਨ ਨੂੰ ਤਿੱਖਾ ਕਰਾਂਗਾ।
ਜਲਾਦਾਂ ਨੇ ਪੁੱਛਿਆ ਕਿ ਅਸੀਂ ਤਾਂ ਰੇਤੀ ਨਾਲ ਆਰੇ ਨੂੰ ਤਿੱਖਾਂ ਕਰਾਂਗੇ, ਤੇਰੇ ਕੋਲ ਮਨ ਨੂੰ ਤਿੱਖਾ ਕਰਨ ਦਾ ਕੀ ਸਾਧਨ ਹੈ? ਤਾਂ ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਮੇਰੇ ਕੋਲ ਗੁਰੂ ਨਾਨਕ ਦਾ ਬਖਸ਼ਿਆ ਜਪੁਜੀ ਸਾਹਿਬ ਦਾ ਪਾਠ ਹੈ। ਜਿਸ ਜਪੁਜੀ ਦੇ ਰੰਗ ਨੂੰ ਮੇਰੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਪ੍ਰਸੰਨ ਹੋ ਕੇ ਚਾੜ੍ਹਨਾ ਕੀਤਾ ਹੈ। ਜਲਾਦਾਂ ਨੇ ਮਤੀ ਦਾਸ ਜੀ ਨੂੰ ਪੁੱਛਿਆ ਤੈਨੂੰ ਆਰੇ ਨਾਲ ਅੱਜ ਚੀਰਿਆ ਜਾਣਾ ਹੈ, ਤੈਨੂੰ ਡਰ ਨਹੀਂ ਲੱਗ ਰਿਹਾ? ਤੇਰਾ ਮਨ ਨਹੀਂ ਕੰਬ ਰਿਹਾ? ”ਮਤੀ ਦਾਸ ਜੀ ਆਖਣ ਲੱਗੇ, ਜਿਸ ਸਿੱਖ ਅੰਦਰ ਗੁਰੂ ਦੀ ਬਾਣੀ ਦਾ ਵਾਸਾ ਹੋਵੇ ਊਸਨੂੰ ਡਰ ਨਹੀਂ ਲੱਗਦਾ, ਨਾ ਮਨ ਕੰਬਦਾ ਹੈ, ਮੈਂ ਤਾਂ ਅੱਜ ਬਹੁਤ ਖ਼ੁਸ਼ ਹਾਂ ਜੋ ਗੁਰੂ ਸਾਹਿਬ ਜੀ ਦੇ ਸਾਹਮਣੇ ਮੈਨੂੰ ਪੰਥ ਦੀ ਖਾਤਰ ਸ਼ਹੀਦੀ ਪ੍ਰਾਪਤ ਹੋ ਰਹੀ ਹੈ। ਜ਼ਿੰਦਗੀ ਦੀ ਕੋਈ ਐਸੀ ਚੀਜ਼ ਨਹੀਂ ਹੋਈ ਜਿਸਦਾ ਮੈਂ ਗੁਰੂ ਕ੍ਰਿਪਾ ਸਦਕਾ ਸੁਆਦ (ਆਨੰਦ) ਨਾ ਪ੍ਰਾਪਤ ਕੀਤਾ ਹੋਵੇ। ਬੱਸ ਇਕ ਇਹ ਆਰਾ ਰਹਿ ਗਿਆ ਸੀ ਜਿਸ ਦੇ ਨਾਲ ਮੈਨੂੰ ਚੀਰ ਕੇ ਸ਼ਹੀਦ ਕੀਤਾ ਜਾਣਾ ਹੈ।
ਮਤੀਦਾਸ ਜੀ ਨੂੰ ਆਖ਼ਰੀ ਇੱਛਾ ਪੁੱਛਣ ਤੇ ਭਾਈ ਸਾਹਿਬ ਨੇ ਜਲਾਦਾਂ ਨੂੰ ਕਿਹਾ ਕਿ ਅੰਤ ਸਮੇਂ ਮੇਰਾ ਮੁਖ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਿੰਜਰੇ ਵੱਲ ਹੋਵੇ, ਤਾਂ ਜੋ ਮੈਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਦਰਗਾਹ ਨੂੰ ਜਾਵਾਂ। ਭਾਈ ਸਾਹਿਬ ਨੇ ਜਪੁਜੀ ਦਾ ਪਾਠ ਸ਼ੁਰੂ ਕੀਤਾ, ਨਾਲ ਹੀ ਜਲਾਦਾਂ ਨੇ ਆਰਾ ਚਲਾਉਣਾ ਸ਼ੁਰੂ ਕਰ ਦਿੱਤਾ ਸੁੱਚੇ ਲਹੂ ਦੀਆਂ ਧਾਰਾਂ ਦੂਰ-ਦੂਰ ਤਕ ਵੱਗਣ ਲੱਗੀਆਂ, ਖ਼ੂਨ ਦੇ ਪਰਨਾਲੇ ਛੁੱਟ ਪਏ। ਵੇਖਣ ਵਾਲੇ ਲੋਕ, ਆਰਾ ਚਲਾਉਣ ਵਾਲਾ ਜਲਾਦ, ਫਤਵਾ ਦੇਣ ਵਾਲਾ ਕਾਜ਼ੀ ਕੰਬ ਉਠੇ, ਇਹ ਦੇਖ ਦੰਗ ਰਹਿ ਗਏ ਪਰ ਭਾਈ ਸਾਹਿਬ ਜੀ ਨੂੰ ਜ਼ਰਾ ਵੀ ਘਬਰਾਹਟ ਨਹੀਂ ਸੀ।
ਜਿਵੇਂ-ਜਿਵੇਂ ਆਰਾ ਚਲ ਰਿਹਾ ਸੀ ਚਿਹਰੇ ਤੇ ਜਲਾਲ ਵੱਧ ਰਿਹਾ ਸੀ। ਵੇਖਣ ਵਾਲਿਆਂ ਦੇ ਰੋਂਗਟੇ ਖੜੇ ਹੋ ਗਏ। ਇਸ ਤਰ੍ਹਾਂ ਦੀ ਸ਼ਹੀਦੀ ਉਨ੍ਹਾਂ ਪਹਿਲਾਂ ਕਦੇ ਨਹੀਂ ਸੀ ਦੇਖੀ। ਅਜੇ ‘ਅਸੰਖ ਜਪੁ’ ਵਾਲੀ ਪਉੜੀ ‘ਤੇ ਹੀ ਪਹੁੰਚੇ ਸਨ ਕਿ ਜਲਾਦਾਂ ਨੇ ਸਰੀਰ ਨੂੰ ਚੀਰ ਕੇ ਦੋ ਹਿੱਸਿਆ ਵਿਚ ਵੰਡ ਦਿੱਤਾ। ਭਾਈ ਸਾਹਿਬ ਦੀ ਜਲਾਦਾਂ ਨੂੰ ਹਦਾਇਤ ਸੀ ਕਿ ਚੀਰ ਬਿਲਕੁਲ ਸਿੱਧਾ ਹੋਵੇ, ਜੇ ਤੁਹਾਡੀ ਗ਼ਲਤੀ ਨਾਲ ਚੀਰ ਟੇਢਾ ਲੱਗ ਗਿਆ ਤਾਂ ਕਿਤੇ ਕੋਈ ਇਹ ਨਾ ਕਹੇ ਕਿ ਭਾਈ ਸਾਹਿਬ ਆਰੇ ਤੋਂ ਡਰਦਾ ਡੋਲ ਗਿਆ ਸੀ, ਜਦ ਕਿ ਮੈਂ ਅਡੋਲ ਖੜਾ ਹਾਂ।
ਇਸ ਤੋਂ ਬਾਅਦ ਇਕ ਹੋਰ ਅਸਚਰਜ ਗੱਲ ਹੋਈ ਕਿ ਸਰੀਰ ਦੇ ਦੋ ਹਿੱਸੇ ਹੋਣ ਤੋਂ ਬਾਅਦ ਵੀ ਜਪੁਜੀ ਸਾਹਿਬ ਦੀ ਅਵਾਜ਼ ਬੰਦ ਨਹੀਂ ਹੋਈ, ਦੋ ਹਿੱਸਿਆਂ ਵਿਚੋਂ ਇਕ ਹੀ ਅਵਾਜ਼ ਆਉਂਦੀ ਰਹੀ। ਜੈਸਾ ਕਿ ਇਕ ਹਿੱਸਾ ਬੋਲਦਾ ਹੈ ‘ਅੰਤੁ ਨ ਸਿਫਤੀ ਕਹਣਿ ਨ ਅੰਤੁ।’ ਦੂਜਾ ਹਿੱਸਾ ਵਿੱਚੋਂ ਅਵਾਜ਼ ਆਉਂਦੀ ਹੈ ‘ਅੰਤੁ ਨ ਕਰਣੈ ਦੇਣਿ ਨ ਅੰਤੁ।’ ਇਉਂ ਜਪੁਜੀ ਸਾਹਿਬ ਜੀ ਦਾ ਸੰਪੂਰਨ ਪਾਠ ਸਮਾਪਤ ਹੋਇਆ ਤੇ ਭਾਈ ਸਾਹਿਬ ਸ਼ਹੀਦ ਹੋ ਗਏ। ਦੁਨੀਆਂ ਦੇ ਇਤਿਹਾਸ ਤੇ ਭਾਈ ਸਾਹਿਬ ਜੀ ਦੀ ਸ਼ਹਾਦਤ ਬੇ-ਮਿਸਾਲ ਹੈ।
ਅਰੋਧ ਅਰਧ ਚਿਰਾਇ ਸੁ ਡਾਰਾ। ਪਰਯੋ ਪ੍ਰਿਥਵੀ ਪਰ ਹ੍ਵੈ ਦੋ ਫਾਰਾ।
ਦੋਨਹੁੰ ਤਨ ਤੇ ਜਪੁ ਜੀ ਪਢੈ। ਹੇਰਤ ਸਭ ਕੇ ਅਚਰਜ ਬਢੈ ।46।
(ਗੁਰ ਪ੍ਰਤਾਪ ਸੂਰਜ, ਰਾਸਿ 12, ਅੰਸੂ 54)
ਇਸ ਪ੍ਰਕਾਰ ਭਾਈ ਮਤੀਦਾਸ ਜੀ ਦਾ ਮਨ ਨਾਮ ਦੇ ਗੂੜ੍ਹੇ ਰੰਗ ਵਿਚ ਰੰਗਿਆ ਹੋਇਆ ਸੀ। ਜਿਵੇਂ ਮਜੀਠੇ ਦਾ ਰੰਗ ਕੱਪੜੇ ਨੂੰ ਹੰਢਾਉਣ-ਪਾਟਣ ਤੋਂ ਬਾਅਦ ਵੀ ਨਹੀਂ ਲਹਿੰਦਾ। ਇਸੇ ਤਰ੍ਹਾਂ ਸਰੀਰ ਨੂੰ ਚੀਰਨ ਤੋਂ ਬਾਅਦ ਵੀ ਉਹ ਰੰਗ ਉਤਰਿਆ ਨਹੀਂ।
ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ
ਜਿਉ ਰੰਗੁ ਮਜੀਠ ਬਹੁ ਲਾਗਾ।। (ਅੰਗ 995)
ਸਿੱਖਿਆ: ਧੰਨ ਹਨ ਗੁਰੂ ਦੇ ਪਿਆਰ ਵਾਲੇ ਸਿੱਖ, ਜਿਨ੍ਹਾਂ ਦੇ ਜੀਵਨ ਪੜ੍ਹ ਕੇ ਐਸਾ ਪਿਆਰ ਗੁਰੂ ਨਾਲ ਸਾਡਾ ਵੀ ਹੋ ਜਾਵੇ।
Waheguru Ji Ka Khalsa Waheguru Ji Ki Fateh
— Bhull Chukk Baksh Deni Ji —