Saakhi – Bhai Mardana Da Sawaal Ate Salas Rai JohariSaakhi - Bhai Mardana Da Sawaal Ate Salas Rai Johari

यह साखी हिन्दी में पढ़ें

ਭਾਈ ਮਰਦਾਨਾ ਦਾ ਸਵਾਲ ਅਤੇ ਸਾਲਸ ਰਾਇ ਜੌਹਰੀ

ਜਗਤ ਜਲੰਧੇ ਨੂੰ ਤਾਰਦੇ ਹੋਏ ਗੁਰੂ ਨਾਨਕ ਦੇਵ ਜੀ ਆਪਣੇ ਸੰਗੀ ਬਾਲੇ ਅਤੇ ਮਰਦਾਨੇ ਨਾਲ ਪਟਨਾ ਸ਼ਹਿਰ ਦੇ ਬਾਹਰ ਜਾ ਡੇਰਾ ਕੀਤਾ। ਮਰਦਾਨੇ ਨੇ ਬਾਬਾ ਜੀ ਅੱਗੇ ਸ਼ੰਕਾ ਪ੍ਰਕਟ ਕਰਦੇ ਹੋਏ ਪੁੱਛਿਆ, ਸਭ ਸੰਤ, ਸਭ ਗ੍ਰੰਥ ਮਨੁੱਖਾ ਜਨਮ ਨੂੰ ਅਮੋਲਕ ਰਤਨ ਕਹਿੰਦੇ ਹਨ। ਫਿਰ ਮਨੁੱਖ ਇਸ ਅਮੋਲਕ ਦਾਤ ਨੂੰ ਵਿਸ਼ੇ ਵਿਕਾਰਾਂ ਵਿੱਚ ਕਿਓਂ ਗਵਾ ਲੈਂਦਾ ਹੈ, ਨਾਮ ਜਪ ਕੇ ਸਫਲਾ ਕਿਓ ਨਹੀਂ ਕਰ ਲੈਂਦਾ ? ਬਾਬਾ ਜੀ ਨੇ ਕਿਹਾ, ਭਾਈ ਮਰਦਾਨਾ! ਮਨੁੱਖ ਜਨਮ ਤਾਂ ਅਮੋਲਕ ਰਤਨ ਹੈ, ਪਰ ਕਦਰ ਨਹੀਂ. ਤੂੰ ਪ੍ਰੀਖਿਆ ਕਰ ਲੈ।

ਗੁਰੂ ਜੀ ਨੇ ਇਕ ਕੀਮਤੀ ਲਾਲ ਭਾਈ ਮਰਦਾਨਾ ਨੂੰ ਦਿੰਦੇ ਹੋਏ ਕਿਹਾ, ਇਸਨੂੰ ਸ਼ਹਿਰ ਵਿੱਚ ਲੈ ਜਾਹ ਤੇ ਕੀਮਤ ਪਵਾ ਕੇ ਸਾਨੂੰ ਦੱਸੀਂ। ਗੁਰੂ ਹੁਕਮ ਮੰਨ ਭਾਈ ਮਰਦਾਨਾ ਜੀ ਸ਼ਹਿਰ ਵਿੱਚ ਆ ਗਏ ਅਤੇ ਓਸ ਲਾਲ ਨੂੰ ਵਿਖਾ, ਮੁੱਲ ਪਵਾਉਣ ਲੱਗੇ। ਕਿਸੇ ਨੇ ਇਸਦਾ ਮੁੱਲ ਦੋ ਮੂਲੀਆਂ, ਕਿਸੇ ਨੇ ਸੇਰ ਮਿਠਾਈ, ਕਿਸੇ ਨੇ ਦੋ ਗਜ ਕਪੜਾ ਮੁੱਲ ਪਾਇਆ। ਫਿਰ ਭਾਈ ਮਰਦਾਨਾਂ ਜੋਹਰੀ ਬਾਜਾਰ ਗਿਆ ਤਾਂ ਕਿਸੇ ਨੇ ਦਸ ਰੁੱਪਏ, ਕਿਸੇ ਨੇ ਸੌ, ਕਿਸੇ ਨੇ ਦੋ ਸੌ ਰੁੱਪਏ ਕੀਮਤ ਦੱਸੀ। ਅੰਤ ਨੂੰ ਭਾਈ ਮਰਦਾਨਾ ਜੀ ਸਾਲਸ ਰਾਇ  ਜੌਹਰੀ ਨੇ ਇਹ ਲਾਲ ਦੇਖ ਕੇ ਕਿਹਾ, ਭਾਈ! ਤੇਰਾ ਲਾਲ ਅਮੋਲਕ ਹੈ। ਕਰੋੜ ਰੁੱਪਯਾ ਭੀ ਇਸਦੀ ਕੀਮਤ ਕਹਿਣੀ ਥੋੜੀ ਹੈ। ਮੈ ਇਸਦੀ ਕੀਮਤ ਨਹੀਂ ਦੇ ਸਕਦਾ ਤੁਸੀਂ ਸੌ ਰੁੱਪਯਾ ਇਸ ਦੀ ਨਜ਼ਰ ਕਬੂਲ ਕਰੋ।

ਭਾਈ ਮਰਦਾਨਾ ਜੀ ਸੌ ਰੁੱਪਯਾ ਲੈ ਗੁਰੂ ਚਰਣਾਂ ਵਿੱਚ ਹਾਜਿਰ ਹੋ ਗਏ ਅਤੇ ਸਾਰੀ ਕਥਾ ਸੁਣਾਈ। ਗੁਰੂ ਜੀ ਨੇ ਕਿਹਾ, ਭਾਈ ਮਰਦਾਨਾ ਹੁਣ ਤਾਂ ਤੇਰੀ ਤੱਸਲੀ ਹੋ ਗਈ। ਮਨੁੱਖਾ ਦੇਹ ਇਸ ਲਾਲ ਵਾਂਗੂ ਹੀ ਅਮੋਲਕ ਹੈ ਪਰ ਕਦਰ ਕੋਈ ਸਾਲਸ ਰਾਇ ਜਿਹਾ ਜੌਹਰੀ ਹੀ ਪਾ ਸਕਦਾ ਹੈ ਬਾਕੀ ਤੁਛ ਤੁਛ ਵਿਸ਼ੇ ਵਿਕਾਰਾਂ ਵਿੱਚ ਗਵਾ ਛਡਦੇ ਹਨ। ਹੁਣ ਤੂੰ ਜਾਹ ਅਤੇ ਇਹ ਸੌ ਰੁੱਪਯਾ ਸਾਲਸ ਰਾਇ ਨੂੰ ਵਾਪਸ ਦੇ ਆਓ।

ਜਦੋਂ ਮਰਦਾਨਾ ਮੋੜਨ ਗਿਆ ਤਾਂ ਜੌਹਰੀ ਨੇ ਲੈਣ ਤੋ ਨਾਂਹ ਕਰ ਦਿੱਤੀ ਅਤੇ ਕਿਹਾ ਇਹ ਮਾਇਆ ਲਾਲ ਦੇ ਨਜ਼ਰ ਕੀਤੀ ਸੀ ਹੁਣ ਮੈ ਨਹੀਂ ਲੈ ਸਕਦਾ। ਮਰਦਾਨਾ ਜੀ ਨੇ ਕਿਹਾ, ਜੀ ਮੇਰਾ ਮਾਲਕ ਵੀ ਭੀ ਨਹੀ ਲੈਂਦਾ। ਮਰਦਾਨਾ ਜੀ ਬਿਨਾ ਰੁੱਪਏ ਮੋੜੇ ਗੁਰੂ ਜੀ ਕੋਲ ਆ ਗਏ ਤਾਂ ਗੁਰੂ ਜੀ ਨੇ ਕਿਹਾ ਮੁੜ ਜਾ ਕੇ ਰੁੱਪਏ ਵਾਪਸ ਕਰਕੇ ਆਓ। ਇਹ ਰੁੱਪਏ ਨਾਂ ਬਾਬਾ ਜੀ ਰਖਣ ਅਤੇ ਨਾ ਸਾਲਸ ਰਾਇ। ਮਰਦਾਨਾ ਜੀ ਨੇ ਵਿਚ੍ਹੋ ਵਿੱਚ ਦੋ ਤਿੰਨ ਗੇੜੇ ਲਾਏ।

ਅਖੀਰ ਸਾਲਸ ਰਾਇ ਨੇ ਸੋਚਿਆ ਓਹ ਕੋਈ ਪੂਰਨ ਪੁਰਖ ਹੈ, ਜਿਸ ਨੂੰ ਰੁੱਪਯੇ ਦਾ ਲਾਲਚ ਨਹੀਂ। ਸਾਲਸ ਰਾਇ ਨੇ ਸੌ ਰੁੱਪਯੇ ਲੈ ਲਏ ਅਤੇ ਆਪਣੇ ਸੇਵਕ ਅਧਰੱਕੇ ਅਰੋੜੇ ਦੇ ਸਿਰ ਉੱਤੇ ਕੁਛ ਮਿਠਾਈ ਚੁਕਵਾ ਗੁਰੂ ਜੀ ਦੇ ਦਰਸ਼ਨ ਕਰਨ ਲਈ ਹਾਜਿਰ ਹੋ ਗਿਆ। ਗੁਰੂ ਜੀ ਨੇ ਕਿਹਾ, ਭਾਈ ਏਹ ਤਾਂ ਭਾਈ ਮਰਦਾਨੇ ਦੇ ਪ੍ਰਸ਼ਨ ਦਾ ਉੱਤਰ ਪਰਪੱਕ ਕਰਕੇ ਦਿਖਾਯਾ ਹੈ। ਜਿਨ੍ਹਾਂ ਨੂੰ ਕਰਤਾਰ ਨੇ ਅਕਲ ਬਕਸ਼ੀ ਹੈ ਓਹ ਇਸੇ ਤਰ੍ਹਾਂ ਮਨੁੱਖਾ ਦੇਹ ਦੀ ਕਦਰ ਕਰਦੇ ਹਨ ਬਾਕੀ ਵਿਸ਼ੇ ਵਿਕਾਰਾਂ ਵਿੱਚ ਫਸ ਜਮ ਦੰਡ ਸਹਾਰਦੇ ਹਨ, ਪਛਤੋਉਂਦੇ ਹਨ। ਪਰਮੇਸ਼ਵਰ ਦੀ ਭਗਤੀ ਗਿਆਨ ਬਿਨਾਂ ਮਨੁੱਖ ਪਸ਼ੁ ਦੇ ਸਮਾਨ ਹੈ। 

ਗੁਰੂ ਸਾਹਿਬ ਨੂੰ ਸਾਲਸ ਰਾਇ ਬਿਨਤੀ ਕਰ ਅਪਨੀ ਧਰਮਸ਼ਾਲ ਵਿੱਚ ਲੈ ਆਇਆ ਅਤੇ ਬਹੁਤ ਸੇਵਾ ਚਾਕਰੀ ਕੀਤੀ। ਗੁਰੂ ਜੀ ਤਿੰਨ ਮਹੀਨੇ ਸਾਲਸ ਰਾਇ ਦੀ ਧਰਮਸ਼ਾਲ ਵਿੱਚ ਰਹੇ ਅਤੇ ਸੰਗਤ ਨੂੰ ਨਿਹਾਲ ਕਰਦੇ ਰਹੇ। ਜਦੋ ਗੁਰੂ ਜੀ ਐਥੋ ਚਲਣ ਲੱਗੇ ਤਾਂ ਸੰਗਤ ਨੇ ਕਿਹਾ ਕਿ ਤੁਸੀਂ ਤਾਂ ਜਾ ਰਹੇ ਹੋ ਹੁਣ ਅਸੀਂ ਕਿਸ ਦੀ ਸੰਗਤ ਕਰਾਂਗੇ ? ਕਿਸੇ ਦੀ ਬਾਂਹ ਫੜਾ ਜਾਓ ? ਤਾਂ ਬਾਬਾ ਜੀ ਨੇ ਸਾਲਸ ਰਾਇ ਦੇ ਸੇਵਾਦਾਰ ਅਧਰੱਕੇ ਨੂੰ ਮੰਜੀ ਬਖਸ਼ੀ।

ਇਸ ਤੋਂ ਬਾਅਦ ਸਾਲਸ ਰਾਇ ਨੇ ਅਪਨੀ ਅਮੀਰੀ ਨੂੰ ਨਾ ਚਿਤਾਰਦੇ ਹੋਏ ਅਪਨੇ ਸੇਵਕ ਅਧਰੱਕੇ ਨੂੰ ਸਭ ਤੋਂ ਪਹਿਲੇ ਭੇਟਾ ਧਰ ਮੱਥਾ ਟੇਕਿਆ। ਬਾਬਾ ਜੀ ਜਦ ਤੁਰਨ ਲੱਗੇ ਤਾਂ ਸਾਲਸ ਰਾਇ ਨੇ ਹੱਥ ਜੋੜ ਅਰਜ਼ ਕੀਤੀ, ਆਪ ਜੀ ਦੇ ਫੇਰ ਵੀ ਦਰਸ਼ਨ ਹੋਣਗੇ ? ਤਾਂ ਬਾਬਾ ਜੀ ਨੇ ਕਿਹਾ, ਗੁਰਮੁਖਾਂ ਨੂੰ ਸਦਾ ਹੀ ਦਰਸ਼ਨ ਹਨ। ਪਟਨੇ ਨੂੰ ਵਰ ਬਖਸ਼ ਦੀਆਂ ਕਿਹਾ ਏਥੇ ਭੀ ਸਤਪੁਰਖ (ਗੁਰੂ ਗੋਬਿੰਦ ਸਿੰਘ ਜੀ) ਪ੍ਰਗਟੇਗਾ। ਏਸੇ ਸਾਲਸ ਰਾਇ ਦੀ ਸੰਤਾਨ ਵਿਚ੍ਹੋ ਫਤੇ ਚੰਦ ਮੈਣੀ ਖਤ੍ਰੀ ਦਸਵੇਂ ਪਾਤਸ਼ਾਹ ਦੇ ਪਰਮ ਭਗਤ ਸੀ ਜਿਸ ਦੇ ਘਰ ਵਿੱਚ ਦਸਵੇਂ ਗੁਰੂ ਹਮੇਸ਼ਾ ਜਾ ਕੇ ਖੇਲਦੇ ਰਹਿੰਦੇ ਸਨ।

ਸਿੱਖਿਆ – ਸਾਨੂੰ ਵਿਸ਼ੇ ਵਿਕਾਰਾਂ ਵਿੱਚ ਨਾਂ ਫਸਦੇ ਹੋਏ ਨਾਮ ਜਪ ਕੇ ਅਮੋਲਕ ਮੰਨੁਖਾ ਜਨਮ ਸਫਲਾ ਕਰਨਾ ਚਾਹਿਦਾ ਹੈ ਅਤੇ ਅਪਨੇ ਝੂਠੇ ਹੰਕਾਰ ਨੂੰ ਤਿਆਗ ਕੇ ਗੁਰੁਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ।

Waheguru Ji Ka Khalsa Waheguru Ji Ki Fateh
– Bhull Chukk Baksh Deni Ji –

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.