Saakhi – Bhai Manjh Ji Di Sewa Bhavna
ਸਾਖੀ – ਭਾਈ ਮੰਝ ਜੀ ਦੀ ਸੇਵਾ ਭਾਵਨਾ
ਭਾਈ ਮੰਝ ਜੀ, ਜਿਨ੍ਹਾਂ ਦਾ ਅਸਲ ਨਾਮ ਤੀਰਥਾ ਸੀ। ਇਹ ਸੁਲਤਾਨੀਏ ਦੇ ਵੱਡੇ ਆਗੂ ਤੇ ਪ੍ਰਚਾਰਕ ਸਨ। ਇਨ੍ਹਾਂ ਦੇ ਘਰ ਸਖੀ ਸਰਵਰ ਦਾ ਪੀਰਖ਼ਾਨਾ ਵੀ ਸੀ। ਤੀਰਥਾ ਹਰ ਸਾਲ ਨਿਗਾਹੇ ਸਰਵਰ ਪੀਰ ਯਾਤਰਾ ਜਾਇਆ ਕਰਦਾ ਸੀ। ਇਹ ਪਿੰਡ ਦੇ ਚੌਧਰੀ ਸਨ। ਇਨ੍ਹਾਂ ਪਾਸ ਇਤਨਾ ਧਨ ਸੀ ਕਿ ਉਸ ਦੌਲਤ ਦੀਆਂ ਧੁੰਮਾਂ ਦੂਰ-ਦੂਰ ਤੱਕ ਪਈਆਂ ਹੋਈਆਂ ਸਨ। ਭਾਈ ਮੰਝ ਪਿੰਡ ਕੰਗ ਮਾਈ ਜ਼ਿਲਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੀ। ਉਹ ਪੀਰਖ਼ਾਨੇ ਤੇ ਹਰ ਵੀਰਵਾਰ ਨੂੰ ਨੇਮ ਨਾਲ ਰੋਟ ਚੜ੍ਹਾਂਦੇ ਸਨ ਅਤੇ ਵੱਡਾ ਜੱਥਾ ਸ਼ਰਧਾਲੂਆਂ ਦਾ ਲੈ ਕੇ ਪ੍ਰਚਾਰ ਤੇ ਨਿਕਲਦੇ ਸਨ।
1585 ਈ. ਦੀ ਗੱਲ ਹੈ ਕਿ ਆਪ ਜੱਥੇ ਸਮੇਤ ਨਿਗਾਹੇ ਤੋਂ ਹੋ ਕੇ ਵਾਪਸ ਪਿੰਡ ਜਾ ਰਹੇ ਸਨ ਕਿ ਆਪ ਨੇ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਜੀ ਦੀ ਸੰਗਤ ਦੀ ਰਹਿਣੀ-ਬਹਿਣੀ ਅਤੇ ਸਿੱਖਾਂ ਦੇ ਜੀਵਨ ਦੇ ਦਰਸ਼ਨ ਕੀਤੇ। ਸਤਿਗੁਰੂ ਜੀ ਅਤੇ ਗੁਰਸਿੱਖਾਂ ਦੀ ਸੰਗਤ ਨੇ ਐਸਾ ਰੰਗ ਲਾਇਆ ਕਿ ਉਹ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ।
ਇੱਕ ਦਿਨ ਮੰਝ ਜੀ ਨੇ ਸਤਿਗੁਰੂ ਜੀ ਕੋਲੋਂ ਸਿੱਖੀ ਦੀ ਦਾਤ ਮੰਗੀ। ਸਤਿਗੁਰੂ ਅਰਜਨ ਦੇਵ ਜੀ ਨੇ ਫੁਰਮਾਇਆ ”(ਪੁਰਖਾ!) ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਪਹਿਲਾਂ ਉਨ੍ਹਾਂ ਦਾ ਤਿਆਗ ਕਰ ਜੋ ਸਿੱਖ ਮੱਤ ਦੇ ਉਲਟ ਹਨ। ਤਾਂ ਤੂੰ ਸਿੱਖੀ ਨਿਭਾ ਸਕੇਂਗਾ। ਫਿਰ ਸਿੱਖੀ ਵਿੱਚ ਅਕਾਲ ਪੁਰਖ ਦੇ ਲੜ ਲਗੀਦਾ ਹੈ ਅਤੇ ਸੱਚ ਦੇ ਮਾਰਗ ‘ਤੇ ਚੱਲਦਿਆਂ ਆਮ ਲੋਕਾਂ ਦੀ ਨਾਰਾਜ਼ਗੀ ਵੀ ਬਰਦਾਸ਼ਤ ਕਰਨੀ ਪੈਂਦੀ ਹੈ। ਜੇ ਤੂੰ ਅਜਿਹੀ ਕੁਰਬਾਨੀ ਕਰ ਸਕਦਾ ਹੈਂ ਤਾਂ ਸਿੱਖੀ ਉੱਤੇ ਚੱਲ ਸਕੇਂਗਾ।”
ਭਾਈ ਮੰਝ ਜੀ ਆਪਣੇ ਪਿੰਡ ਆ ਗਏ ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਪੀਰਖ਼ਾਨੇ ਨੂੰ ਢਾਹ ਦਿੱਤਾ ਅਤੇ ਸਖੀ ਸਰਵਰ ਦੀ ਪੂਜਾ ਕਰਨੀ ਛੱਡ ਦਿੱਤੀ। ਕਈ ਮੁਸ਼ਕਿਲਾਂ ਆਈਆਂ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਈ ਮੰਝ ਜੀ ਨੇ ਗੁਰੂ-ਘਰ ਨਾਲ ਚਿਤ ਲਗਾਉਣ ਉਪਰੰਤ ਆਪਣੇ ਪਿੰਡ ਦੇ ਵਸਨੀਕਾਂ ਵੱਲੋਂ ਕੀਤੇ ਵਿਰੋਧ ਨੂੰ ਕੁੱਝ ਵੀ ਨਾ ਸਮਝਿਆ। ਕਹਿੰਦੇ ਹਨ ਕਿ ਉਨ੍ਹਾਂ ਦੇ ਘਰ ਦਾ ਆਰਥਿਕ ਸੰਕਟ ਇਸ ਕਦਰ ਡੂੰਘਾ ਹੋ ਗਿਆ ਕਿ ਘਰ ਖਾਣ ਲਈ ਵੀ ਕੁਝ ਨਾ ਰਿਹਾ। ਘਰ ਦਾ ਖਰਚ ਤੋਰਨ ਲਈ ਆਪ ਜੀ ਨੇ ਘਾਹ ਵੇਚਣਾ ਸ਼ੁਰੂ ਕੀਤਾ, ਪਰ ਇੰਨੇ ਆਰਥਿਕ ਸੰਕਟ ਦੇ ਬਾਵਜੂਦ ਵੀ ਕੋਈ ਵਿਅਕਤੀ ਜੇ ਆਪ ਜੀ ਦੇ ਦਰ ‘ਤੇ ਆਇਆ ਤਾਂ ਉਹ ਖਾਲੀ ਨਹੀਂ ਗਿਆ।
ਆਪ ਜੀ ਸੇਵਾ ਸਿਮਰਨ ਵਿੱਚ ਇੰਨਾ ਲੀਨ ਹੋ ਗਏ ਕਿ ਆਪਣੀ ਸੁੱਧ-ਬੁੱਧ ਹੀ ਭੁੱਲ ਗਈ। ਅੰਮ੍ਰਿਤ ਵੇਲੇ ਕਥਾ ਕੀਰਤਨ ਸ੍ਰਵਣ ਕਰਦੇ ਤੇ ਫਿਰ ਗੁਰੂ ਸਾਹਿਬ ਦੇ ਘੋੜਿਆਂ ਲਈ ਘਾਹ ਲਿਆਉਂਦੇ। ਘਾਹ ਲਿਆਉਣ ਉਪਰੰਤ ਆਪ ਜੀ ਲੰਗਰ ਵਾਸਤੇ ਜੰਗਲਾਂ ਵਿੱਚੋਂ ਲੱਕੜ ਲੈਣ ਲਈ ਚਲੇ ਜਾਂਦੇ। ਆ ਕੇ ਸਾਰਾ ਦਿਨ ਲੰਗਰ ਦੀ ਸੇਵਾ ਕਰਦੇ ਰਹਿੰਦੇ।
ਇੱਕ ਦਿਨ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਜੀ ਨੂੰ ਪੁੱਛਿਆ ਕਿ ਰੋਟੀ-ਪਾਣੀ ਕਿੱਥੋਂ ਖਾਂਦੇ ਹੋ, ਤਾਂ ਆਪ ਜੀ ਨੇ ਕਿਹਾ ਕਿ ਲੰਗਰ ਵਿੱਚੋਂ ਛਕ ਲੈਂਦਾ ਹਾਂ। ਗੁਰੂ ਸਾਹਿਬ ਕਹਿਣ ਲੱਗੇ ਕਿ ਇਹ ਤਾਂ ਫਿਰ ਮਜ਼ਦੂਰੀ ਹੋ ਗਈ! ਇਹ ਕਾਹਦੀ ਸੇਵਾ ਹੈ, ਜੋ ਤੁਸੀਂ ਗੁਰੂ-ਘਰ ਵਾਸਤੇ ਲੱਕੜ ਲੈ ਕੇ ਆਉਂਦੇ ਹੋ, ਉਸ ਦਾ ਤੁਸੀਂ ਪਰਸ਼ਾਦਾ ਛੱਕ ਲਿਆ। ਇਹ ਤਾਂ ਫਿਰ ਮਜ਼ਦੂਰੀ ਹੋ ਗਈ! ਅਗਲੇ ਦਿਨ ਤੋਂ ਲੱਕੜ ਲਿਆਉਣ ਦੀ ਸੇਵਾ ਕਰਨੀ ਤੇ ਪ੍ਰਸ਼ਾਦਾ ਸੰਗਤਾਂ ਦੀਆਂ ਜੂਠੀਆਂ ਪੱਤਲਾਂ ਇਕੱਤਰ ਕਰਕੇ ਜੋ ਉਸ ਵਿੱਚੋਂ ਜੂਠਾ ਮਿਲਣਾ ਉਸਨੂੰ ਧੋ ਕੇ ਉਹ ਛਕਣਾ।
ਇੱਕ ਦਿਨ ਫਿਰ ਗੁਰੂ ਸਾਹਿਬ ਜੀ ਨੇ ਪੁੱਛਿਆ ਸੇਵਾ ਤਾਂ ਬਹੁਤ ਕਰਦੇ ਹੋ ਹੁਣ ਪ੍ਰਸ਼ਾਦਾ ਕਿੱਥੋਂ ਛਕਦੇ ਹੋ ? ਤਾਂ ਭਾਈ ਮੰਝ ਜੀ ਆਖਦੇ ਸੰਗਤਾਂ ਦੀਆਂ ਜੂਠੀਆਂ ਪੱਤਲਾਂ ਚੋਂ ਜੋ ਬਚਦਾ ਉਹ ਛਕਦਾ ਹਾਂ। ਸਤਿਗੁਰੂ ਕਹਿੰਦੇ ਭਾਈ ਮੰਝ ਇਹ ਕਾਹਦੀ ਸੇਵਾ ਹੈ ਕਾਵਾਂ ਚਿੱੜੀਆਂ ਦੇ ਢਿੱਡ ਤੇ ਲੱਤ ਮਾਰਦੇ ਹੋ, ਇਹ ਬਚਿਆ ਜੂਠੀਆਂ ਪੱਤਲਾਂ ਦਾ ਹਿੱਸਾ ਪਸ਼ੂ ਪੰਛੀਆਂ ਵਾਸਤੇ ਹੁੰਦਾ ਹੈ।
ਉਸ ਤੋਂ ਬਾਅਦ ਭਾਈ ਮੰਝ ਜੀ ਆਪਣੀ ਕਿਰਤ ਕਰਨ ਲੱਗ ਪਏ। ਗੁਰੂ ਦੇ ਲੰਗਰ ਵਿੱਚ ਲੱਕੜਾਂ ਪਹੁੰਚਾਉਣ ਦਾ ਨੇਮ ਇਸੇ ਤਰ੍ਹਾਂ ਚੱਲਦਾ ਰਿਹਾ। ਇੱਕ ਦਿਨ ਬਹੁਤ ਜ਼ਿਆਦਾ ਮੀਂਹ ਪਿਆ, ਹਨੇਰੀ ਝੱਖੜ ਚੱਲਣ ਲੱਗ ਪਏ। ਭਾਈ ਮੰਝ ਜੀ ਗੁਰੂ ਦੇ ਲੰਗਰ ਵਾਸਤੇ ਲੱਕੜਾਂ ਲੈ ਕੇ ਆ ਰਹੇ ਸਨ ਕਿ ਤੂਫ਼ਾਨ ਦੀ ਲਪੇਟ ਵਿੱਚ ਆ ਕੇ ਖੂਹ ਵਿੱਚ ਡਿੱਗ ਪਏ ਪਰ ਆਪਣੀ ਜਾਨ ਤੋਂ ਵੀ ਵੱਧ ਲੱਕੜਾਂ ਨੂੰ ਸੰਭਾਲੀ ਰੱਖਿਆ। ਲੱਕੜਾਂ ਨੂੰ ਉਸੇ ਤਰ੍ਹਾਂ ਹੀ ਸਿਰ ‘ਤੇ ਟਿਕਾਈ ਰੱਖਿਆ। ਖੂਹ ਵਿੱਚ ਡਿੱਗਣ ਉਪਰੰਤ ਵੀ ਉਸੇ ਤਰ੍ਹਾਂ ਲਗਾਤਾਰ ਬਾਣੀ ਦਾ ਜਾਪ ਕਰਦੇ ਰਹੇ।
ਉਧਰ ਅੰਮ੍ਰਿਤਸਰ ਚਿੰਤਾ ਹੋਣ ਲੱਗੀ ਕਿ ਭਾਈ ਮੱਝ ਜੀ ਲੱਕੜਾਂ ਲੈ ਕੇ ਨਹੀਂ ਪਹੁੰਚੇ। ਗੁਰੂ ਸਾਹਿਬ ਨੇ ਭਾਈ ਮੱਝ ਦੀ ਭਾਲ ਵਾਸਤੇ ਕਾਫੀ ਸਿੱਖਾਂ ਨੂੰ ਭੇਜਿਆ। ਸਿੱਖਾਂ ਨੇ ਦੇਖਿਆ ਕਿ ਭਾਈ ਮੱਝ ਜੀ ਖੂਹ ਵਿੱਚ ਲੱਕੜਾਂ ਨੂੰ ਸੰਭਾਲੀ ਬਾਣੀ ਦਾ ਜਾਪ ਕਰ ਰਹੇ ਹਨ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਲੱਗਾ ਕਿ ਭਾਈ ਮੱਝ ਜੀ ਖੂਹ ਵਿੱਚ ਡਿੱਗ ਗਏ ਹਨ ਤਾਂ ਗੁਰੂ ਸਾਹਿਬ ਆਪ ਹੀ ਨੰਗੇ ਪੈਰੀਂ ਦੌੜ ਪਏ।
ਖੂਹ ਕੋਲ ਪਹੁੰਚ ਕੇ ਖੂਹ ਵਿੱਚ ਰੱਸਾ ਸੁੱਟਿਆ ਗਿਆ ਤੇ ਕਿਹਾ ਕਿ ਭਾਈ ਮੱਝ, ਰੱਸੇ ਨੂੰ ਫੜ ਕੇ ਬਾਹਰ ਆ ਜਾਓ। ਭਾਈ ਮੱਝ ਜੀ ਕਹਿਣ ਲੱਗੇ, ਕਿ ਪਹਿਲਾਂ ਲੱਕੜਾਂ ਕੱਢੋ। ਉਹ ਬਾਅਦ ਵਿੱਚ ਬਾਹਰ ਆਉਣਗੇ। ਇਸੇ ਤਰ੍ਹਾਂ ਹੀ ਕੀਤਾ ਗਿਆ। ਪਹਿਲਾਂ ਗੁਰੂ ਦੇ ਲੰਗਰ ਵਾਸਤੇ ਲੱਕੜਾਂ ਬਾਹਰ ਕੱਢੀਆਂ ਗਈਆਂ ਤੇ ਫਿਰ ਭਾਈ ਮੰਝ ਜੀ ਨੂੰ ਬਾਹਰ ਕੱਢਿਆ ਗਿਆ। ਭਾਈ ਮੱਝ ਦੀ ਇੰਨੀ ਘਾਲਣਾ ਦੇਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਮੰਝ ਜੀ ਨੂੰ ਆਪਣੇ ਗਲ ਨਾਲ ਲਗਾ ਲਿਆ ਤੇ ਕਹਿਣ ਲੱਗੇ, ”ਭਾਈ ਮੱਝ ਜੀ, ਤੁਹਾਡੀ ਘਾਲ ਥਾਏਂ ਪਈ ਹੈ। ਕੁਝ ਮੰਗ ਲਓ।” ਅੱਗੋਂ ਹੱਥ ਜੋੜ ਕੇ ਨਿਮਰਤਾ ਸਹਿਤ ਭਾਈ ਮੰਝ ਜੀ ਕਹਿਣ ਲੱਗੇ, ”ਹੇ ਸਤਿਗੁਰੂ ਜੀ, ਤੁਸੀਂ ਪਹਿਲਾਂ ਹੀ ਬਹੁਤ ਕੁਝ ਦੇ ਰਹੇ ਹੋ। ਹੋਰ ਕੁਝ ਮੰਗਣ ਦੀ ਇੱਛਾ ਨਹੀਂ ਹੈ।”
ਸਤਿਗੁਰੂ ਜੀ ਕਹਿਣ ਲੱਗੇ, ”ਭਾਈ ਮੰਝ ਜੀ, ਕੁਝ ਮੰਗ ਲਵੋ।” ਭਾਈ ਮੱਝ ਕਹਿਣ ਲੱਗੇ, ”ਸੱਚੇ ਪਾਤਸ਼ਾਹ ਜੀ, ਇੱਕ ਬੇਨਤੀ ਹੈ, ਕਲਜੁਗ ਦਾ ਸਮਾਂ ਹੈ ਆਪਣੇ ਸਿੱਖਾਂ ਦਾ ਇਤਨਾ ਇਮਤਿਹਾਨ ਨਾ ਲਉ ਜੀ, ਸਿੱਖਾਂ ਤੋਂ ਇਤਨੇ ਇਮਤਿਹਾਨ ਦਿੱਤੇ ਨਹੀਂ ਜਾਣੇ। ਮਿਹਰ ਕਰੋ ਆਪ ਜੀ ਦੇ ਚਰਨਾਂ ਦਾ ਵਿਛੋੜਾ ਕਦੇ ਨਾ ਹੋਵੇ। ਸੇਵਾ ਸਿਮਰਨ ਵਿੱਚ ਸਦਾ ਲਈ ਲੱਗੇ ਰਹੀਏ।”
ਭਾਈ ਮੱਝ ਜੀ ਦੀ ਇਹ ਗੱਲ ਸੁਣ ਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਦੇ ਘਰ ਆ ਗਏ ਤੇ ਇਹ ਵਰ ਦਿੱਤਾ ”ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ। ਮੰਝ ਗੁਰੂ ਕਾ ਬੋਹਿਥਾ, ਜੱਗ ਲੰਘਣਹਾਰਾ।” ਭਾਈ ਮੰਝ ਜੀ ਨੇ ਸਾਰਾ ਜੀਵਨ ਨਿਮਰਤਾ ਨਾਵ ਸੇਵਾ-ਸਿਮਰਨ ਕਰਦਿਆਂ ਲੇਖੇ ਲਗਾਇਆ। ਹਉਮੈ ਨੂੰ ਕਦੀ ਵੀ ਆਪਣੇ ‘ਤੇ ਭਾਰੂ ਨਹੀਂ ਹੋਣ ਦਿੱਤਾ। ਦੁਆਬੇ ਦਾ ਇਹ ਸਖੀ ਸਰਵਰੀਆਂ ਦਾ ਮੁਖੀ ਭਾਈ ਮੰਝ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਐਸਾ ਜੁੜਿਆ ਕਿ ਸਦਾ-ਸਦਾ ਲਈ ਤਵਾਰੀਖ ਵਿੱਚ ਅਮਰ ਹੋ ਗਿਆ। ਭਾਈ ਮੱਝ ਜੀ ਵੱਲੋਂ ਕੀਤੀ ਗਈ ਘਾਲਣਾ ਸਾਡੇ ਲਈ ਚਾਨਣ-ਮੁਨਾਰਾ ਹੈ।
ਸਿੱਖਿਆ- ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਸਦਾ ਗੁਰੂ ਨਾਨਕ ਦੇ ਘਰ ਦੀ ਓਟ ਲੈਂਦੇ ਹੋਏ ਸੇਵਾ ਸਿਮਰਨ ਵਿੱਚ ਨਿਮਰਤਾ ਸਹਿਤ ਲੱਗੇ ਰਹਿਣਾ ਚਾਹੀਦਾ ਹੈ ਤਾਂ ਕਿ ਸਾਡਾ ਇਹ ਜੀਵਨ ਸਫਲ ਹੋ ਸਕੇ ਅਤੇ ਜੇ ਕੋਈ ਹੋਰ ਹਿਰਦੇ ਤੇ ਬੈਠਾ ਹੈ ਤਾ ਉੱਥੇ ਸਿੱਖੀ ਨਹੀਂ ਟਿਕ ਸਕਦੀ, ਜਿੱਥੇ ਕੋਈ ਨਹੀਂ ਬੈਠਾ ਸਿੱਖੀ ਉੱਥੇ ਟਿਕਦੀ ਹੈ।
Waheguru Ji Ka Khalsa Waheguru Ji Ki Fateh
— Bhull Chukk Baksh Deni Ji —