Saakhi – Bhai Mani Singh Ji Di ShahidiSaakhi - Bhai Mani Singh Ji Di Shahidi

ਭਾਈ ਮਨੀ ਸਿੰਘ ਜੀ ਦੀ ਸ਼ਹੀਦੀ

Read this Saakhi In Hindi

ਭਾਈ ਮਨੀ ਸਿੰਘ ਜੀ ਦਾ ਜਨਮ ਪਿੰਡ ਕੈਥੋਂਵਾਲ ਦੇ ਵਸਨੀਕ ਚੌਧਰੀ ਕਾਲੇ ਦੇ ਘਰ ਹੋਇਆ। ਭਾਈ ਸਾਹਿਬ ਦਾ ਨਾਂ ਮਾਪਿਆਂ ਨੇ ‘ਮਨੀਆ’ ਰੱਖਿਆ। ਉਹ ਸਵਾਂ ਪੰਜ ਵਰ੍ਹਿਆਂ ਦੇ ਸਨ ਕਿ ਉਹਨਾਂ ਦੇ ਪਿਤਾ ਚੌਧਰੀ ਕਾਲੇ ਨੇ ਉਹਨਾਂ ਨੂੰ ਗੁਰੂ ਤੇਗ਼ ਬਹਾਦਰ ਜੀ ਕੋਲ ਅਰਪਨ ਕਰ ਦਿੱਤਾ। ਉਹ ਛੋਟੀ ਉਮਰ ਤੋਂ ਹੀ ਸ੍ਰੀ ਦਸਮੇਸ਼ ਜੀ ਦੀ ਸੇਵਾ ਵਿਚ ਰਹੇ। ਉਨ੍ਹਾਂ ਨੇ ਸ੍ਰੀ ਕਲਗੀਧਰ ਜੀ ਪਾਸੋਂ ਅੰਮ੍ਰਿਤ ਛਕਿਆ ਤੇ ਉਨ੍ਹਾਂ ਦਾ ਨਾਂ ਮਨੀ ਸਿੰਘ ਹੋਇਆ।

ਜਦ ਸੰਨ 1704 ਈ. ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਤਾਂ ਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਮਨੀ ਸਿੰਘ ਜੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਨਾਲ ਦਿੱਲੀ ਜਾ ਠਹਿਰੇ ਅਤੇ ਸੰਨ 1705 ਈ. ਵਿਚ ਸ੍ਰੀ ਦਸਮੇਸ਼ ਜੀ ਦੀ ਹਜ਼ੂਰੀ ਵਿਚ ਦਮਦਮਾ ਸਾਹਿਬ ਪੁੱਜੇ। ਦੱਖਣ ਦੀ ਧਰਤੀ ਨਾਂਦੇੜ ਜਾਣ ਸਮੇਂ ਭਾਈ ਮਨੀ ਸਿੰਘ ਜੀ ਗੁਰੂ ਜੀ ਦੇ ਨਾਲ ਗਏ। ਸੱਚਖੰਡ ਪਿਆਨਾ ਕਰਨ ਸਮੇਂ ਗੁਰੂ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ, ਮਾਤਾ ਸੁੰਦਰ ਕੌਰ ਜੀ ਪਾਸ ਦਿੱਲੀ ਰਹਿਣ ਲਈ ਭਾਈ ਮਨੀ ਸਿੰਘ ਜੀ ਦੇ ਨਾਲ ਭੇਜਿਆ।

ਇੱਥੋਂ ਹੀ ਮਾਤਾ ਸੁੰਦਰ ਕੌਰ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਠੀਕ ਕਰਨ ਲਈ ਭਾਈ ਮਨੀ ਸਿੰਘ ਜੀ ਨੂੰ ਸੰਨ 1721 ਈ. ਦੇ ਸ਼ੁਰੂ ਵਿਚ ਸ੍ਰੀ ਦਰਬਾਰ ਸਾਹਿਬ ਜੀ ਦਾ ਗ੍ਰੰਥੀ ਬਣਾ ਕੇ ਭੇਜਿਆ। ਭਾਈ ਸਾਹਿਬ ਨੇ ਸ਼ਹਿਰ ਦੇ ਮੁੱਖੀ ਸਿੱਖਾਂ ਦੀ ਸਲਾਹ ਨਾਲ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸੁਧਾਰਿਆ। ਸ੍ਰੀ ਅੰਮ੍ਰਿਤਸਰ ਵਿਚ ਦੀਵਾਲੀ ਦਾ ਮੇਲਾ ਮੁਗ਼ਲ ਸਰਕਾਰ ਨੇ ਕਈ ਵਰ੍ਹਿਆਂ ਤੋਂ ਬੰਦ ਕੀਤਾ ਹੋਇਆ ਸੀ। ਸੰਨ 1716 ਈ. ਤੋਂ ਲੈ ਕੇ 1766 ਈ. ਤਕ ਖ਼ਾਲਸੇ ਦੇ ਇਮਤਿਹਾਨ ਦਾ ਸਮਾਂ ਸੀ। ਖ਼ਾਲਸੇ ਦੇ ਸਿਰਾਂ ਦੇ ਮੁੱਲ ਰੱਖੇ ਗਏ ਸਨ।

ਦੁਸ਼ਮਣ ਦੀ ਤਾਕਤ ਨੂੰ ਤਬਾਹ ਕਰਨ ਲਈ ਅਤੇ ਚੰਗੇ ਦਿਨਾਂ ਲਈ ਤਿਆਰੀ ਕਰਨ ਖ਼ਾਲਸਾ ਲਈ ਖਿੰਡਿਆ-ਪੁੰਡਿਆ ਹੋਇਆ ਸੀ। ਖ਼ਾਲਸਾ ਜੰਗਲ ਬੇਲਿਆਂ ਪਹਾੜਾਂ, ਰੇਗਿਸਤਾਨ ਵਿਚ ਪਨਾਹ ਲਈ ਬੈਠਾ ਸੀ। ਖ਼ਾਲਸੇ ਦੀ ਤਾਕਤ ਨੂੰ ਇਕ-ਮੁੱਠ ਕਰਨ ਲਈ ਭਾਈ ਸਾਹਿਬ ਨੇ ਇਕ ਯੋਜਨਾ ਬਣਾਈ। ਸੰਮਤ 1795 ਈ. (ਸੰਨ 1738) ਵਿਚ ਭਾਈ ਸਾਹਿਬ ਨੇ ਲਾਹੌਰ ਦੇ ਸੂਬੇ ਪਾਸੋਂ ਦੀਵਾਲੀ ਦਾ ਮੇਲਾ ਲਾਉਣ ਦੀ ਆਗਿਆ ਮੰਗੀ। ਆਗਿਆ ਇਸ ਸ਼ਰਤ ‘ਤੇ ਦਿੱਤੀ ਗਈ ਕਿ ਮੇਲੇ ਮਗਰੋਂ ਭਾਈ ਸਾਹਿਬ ਪੰਜ ਹਜ਼ਾਰ ਰੁਪਏ ਸਰਕਾਰ ਨੂੰ ਦੇਣ।

ਮੇਲਾ ਦਸ ਦਿਨ ਰਹਿਣਾ ਸੀ। ਭਾਈ ਮਨੀ ਸਿੰਘ ਜੀ ਨੇ ਸੱਦੇ ਭੇਜੇ, ਪਰ ਉੱਧਰ ਸੂਬੇ ਨੇ ਦੀਵਾਨ ਲਖਪਤ ਰਾਏ ਦੀ ਮਦਦ ਵਾਸਤੇ ਬਹੁਤ ਸਾਰੀ ਫ਼ੌਜ ਭੇਜ ਦਿੱਤੀ, ਜਿਸ ਨੇ ਰਾਮ ਤੀਰਥ ‘ਤੇ ਜਾ ਡੇਰਾ ਲਾਇਆ। ਇਹਨਾਂ ਦੀ ਚਾਲ ਸੀ ਕਿ ਮੇਲੇ ‘ਤੇ ਜਦੋਂ ਖ਼ਾਲਸਾ ਇਕੱਠਾ ਹੋਵੇਗਾ ਤਾਂ ਹਮਲਾ ਕਰ ਕੇ ਖ਼ਾਲਸਾ ਤਬਾਹ ਕਰ ਦਿੱਤਾ ਜਾਵੇ। ਭਾਈ ਸਾਹਿਬ ਜੀ ਨੂੰ ਇਸ ਵਿਉਂਤ ਦਾ ਪਤਾ ਲੱਗ ਗਿਆ। ਭਾਈ ਸਾਹਿਬ ਨੇ ਦੁਬਾਰਾ ਹੁਕਮ ਕਰ ਭੇਜਿਆ ਕਿ ਖ਼ਾਲਸਾ ਇਕੱਤਰ ਨਾ ਹੋਵੇ। ਭਾਈ ਸਾਹਿਬ ਦੇ ਹੁਕਮ ਅਨੁਸਾਰ ਖ਼ਾਲਸਾ ਇਕੱਤਰ ਨਾ ਹੋਇਆ।

ਦੀਵਾਲੀ ਤੋਂ ਬਾਅਦ ਜਦੋਂ ਲਾਹੌਰ ਦਰਬਾਰ ਨੇ ਪੈਸੇ ਮੰਗੇ ਤਾਂ ਭਾਈ ਸਾਹਿਬ ਨੇ ਸਪਸ਼ੱਟ ਕਹਿ ਦਿੱਤਾ ਕਿ ਤੁਹਾਡੀ ਚਾਲ ਵਿਚ ਖ਼ਾਲਸਾ ਨਹੀਂ ਆਵੇਗਾ। ਇਕ ਪਾਸੇ ਤੁਹਾਡੇ ਦਸਤੇ ਖ਼ਾਲਸੇ ਨੂੰ ਖ਼ਤਮ ਕਰਨ ਲਈ ਗਸ਼ਤ ਕਰਨ ਤੇ ਦੂਜੇ ਪਾਸੇ ਤੁਹਾਨੂੰ ਪੈਸੇ ਦੇਈਏ। ਤੁਹਾਡਾ ਇਹ ਵਾਇਦਾ ਸੀ ਕਿ ਅਸੀਂ ਖ਼ਾਲਸੇ ਨੂੰ ਕੁਝ ਨਹੀਂ ਕਹਾਂਗੇ। ਇਸ ਲਈ ਕਾਹਦੇ ਲਈ ਪੈਸੇ ਤਾਰੀਏ? ਉਹਨਾਂ ਨੇ ਇਸ ਨੂੰ ਅਪਰਾਧ ਦਾ ਬਹਾਨਾ ਬਣਾ ਕੇ ਭਾਈ ਮਨੀ ਸਿੰਘ ਜੀ ਅਤੇ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਲਾਹੌਰ ਲੈ ਗਏ। ਉਥੇ ਉਹਨਾਂ ਨੂੰ ਕਿਹਾ ਗਿਆ, ਮੁਸਲਮਾਨ ਹੋ ਜਾਓ, ਨਹੀਂ ਤਾਂ ਤੁਹਾਡਾ ਬੰਦ-ਬੰਦ ਕੱਟ ਦਿੱਤਾ ਜਾਵੇਗਾ, ਪਰ ਭਾਈ ਮਨੀ ਸਿੰਘ ਜੀ ਨੇ ਮੁਸਲਮਾਨ ਬਣਨ ਤੋਂ ਸਾਫ ਇਨਕਾਰ ਕਰ ਦਿੱਤਾ।

ਹੁਣ ਉਹ ਸਮਾਂ ਆ ਗਿਆ ਤੇ ਜੱਲਾਦ ਨੇ ਭਾਈ ਜੀ ਨੂੰ ਆਖਿਆ ”ਅੱਖਾਂ ਤੇ ਪੱਟੀ ਬੰਨ੍ਹਣੀ ਜੇ? ” ਭਾਈ ਸਾਹਿਬ ਕਹਿੰਦੇ ”ਲੋੜ ਨਹੀਂ ਤੂੰ ਆਪਣਾ ਕੰਮ ਕਰ।” ਜਦੋਂ ਜਲਾਦ ਗੁੱਟ ਤੋਂ ਫੜ ਕੇ ਵੱਢਣ ਲੱਗਾ ਤਾਂ ਭਾਈ ਸਾਹਿਬ ਨੇ ਰੋਕ ਦਿੱਤਾ ਤੇ ਕਿਹਾ, ”ਜੱਲਾਦ ਤੈਨੂੰ ਜਾਂ ਤਾਂ ਸਮਝ ਨਹੀਂ ਆਈ, ਜਾਂ ਤੂੰ ਆਪਣਾ ਕੰਮ ਭੁੱਲ ਗਿਆ ਹੈਂ, ਤੈਨੂੰ ਬੰਦ-ਬੰਦ ਕੱਟਣ ਲਈ ਕਿਹਾ ਗਿਆ ਹੈ। ਬੰਦ ਗੁਟ ਤੋਂ ਨਹੀਂ ਪੋਟੇ ਤੋਂ ਬਣਦਾ ਹੈ। ਇਸ ਬੰਦ ਤੋਂ ਪਹਿਲੇ ਕਿੰਨੇ ਹੀ ਬੰਦ ਬਣਦੇ ਹਨ, ਇਸ ਲਈ ਪੋਟਿਆਂ ਤੋਂ ਸ਼ੁਰੂ ਕਰ।”

ਹਰਿ ਕੇ ਸੇਵਕ ਜੋ ਹਰਿ ਭਾਏ ਤਿਨ ਕੀ ਕਥਾ ਨਿਰਾਰੀ ਰੇ।। (ਅੰਗ 955)

ਇਹ ਕਿਹੜੀ ਅਵੱਸਥਾ ਹੈ, ”ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।।” ਭਾਈ ਸਾਹਿਬ ਜੀ ਦਾ ਪੋਟਾ-ਪੋਟਾ, ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਜਾ ਰਿਹਾ ਹੈ ਪਰ ਭਾਈ ਮਨੀ ਸਿੰਘ ਜੀ ਨੇ ਗੁਰੂ ਦੀ ਕ੍ਰਿਪਾ, ਸਿਮਰਨ ਬਾਣੀ ਤੇ ਨਿਤਨੇਮ ਸਦਕਾ ਅਡੋਲ ਬੈਠ ਸ਼ਹੀਦੀ ਦਾ ਜਾਮ ਪੀਤਾ। ਕਮਾਲ ਦੀ ਗੱਲ ਆਪ ਤਾਂ ਭਾਈ ਮਨੀ ਸਿੰਘ ਗੁਰੂ ਸਾਹਿਬ ਜੀ ਦੇ ਪਾਏ ਪੂਰਨਿਆਂ ਦੀ ਪਾਲਣਾ ਕਰਦੇ ਹੋਏ ਸ਼ਹੀਦ ਹੋਏ। ਪਰ ਪਰਿਵਾਰ ਵੀ ਪਿੱਛੇ ਨਹੀਂ ਰਿਹਾ।

ਪੜ੍ਹੋ ਇਤਿਹਾਸ ਪਤਾ ਲੱਗਦਾ ਕਿੰਨਾ ਪਿਆਰ ਸੀ ਗੁਰੂ ਘਰ ਨਾਲ, ਭਾਈ ਸਾਹਿਬ ਜੀ ਦੇ 12 ਭਰਾ ਹੋਏ ਹਨ 12 ਦੇ 12 ਭਰਾਵਾਂ ਦੀ ਸ਼ਹੀਦੀ ਹੋਈ, 9 ਪੁੱਤਰ 9 ਦੇ 9 ਪੁੱਤਰ ਸ਼ਹੀਦ। ਇਨ੍ਹਾਂ ਪੁੱਤਰਾਂ ਵਿਚੋਂ ਹੀ ਇਕ ਪੁੱਤਰ ਹੋਏ ਬੱਚਿਤਰ ਸਿੰਘ ਜਿਸ ਨੇ ਨਾਗਨੀ ਬਰਛੇ ਨਾਲ ਹਾਥੀ ਦਾ ਮੁਕਾਬਲਾ ਕੀਤਾ। ਦੂਜਾ ਪੁੱਤਰ ਉਦੈ ਸਿੰਘ ਜਿਸਨੇ ਕੇਸਰੀ ਚੰਦ ਦਾ ਸਿਰ ਲਾਹ ਕੇ ਲਿਆਂਦਾ ਸੀ। 14 ਪੋਤਰੇ ਵੀ ਸ਼ਹੀਦ, ਭਾਈ ਮਨੀ ਸਿੰਘ ਜੀ ਦੇ 13 ਭਤੀਜੇ ਉਹ ਵੀ ਸ਼ਹੀਦ 9 ਚਾਚੇ ਵੀ ਸ਼ਹੀਦ, ਜਿਨ੍ਹਾਂ ਛੇਵੇਂ ਪਾਤਸ਼ਾਹ ਦੀ ਬੇਟੀ ਬੀਬੀ ਵੀਰੋ ਜੀ ਦੇ ਵਿਆਹ ਵੇਲੇ ਜਦ ਫ਼ੌਜਾਂ ਨੇ ਚੜ੍ਹਾਈ ਕੀਤੀ ਤਾਂ ਲੋਹਗੜ੍ਹ ਦੇ ਅਸਥਾਨ ਤੇ ਜਿਸ ਸਿੱਖ ਨੇ ਸ਼ਾਹੀ ਕਾਜ਼ੀ ਦਾ ਮੁਕਾਬਲਾ ਕਰਕੇ ਮੌਤ ਦੇ ਘਾਟ ਉਤਾਰਿਆਂ ਉਹ ਕੌਣ ਸੀ’ ਉਹ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਸਨ। 5 ਦਾਦੇ ਭਰਾ ਵੀ ਸਨ, ਉਹ ਵੀ ਸ਼ਹੀਦ, ਸਹੁਰਾ ਲਖੀ ਸ਼ਾਹ ਵਣਜਾਰਾ ਜਿਸਨੇ ਗੁਰੂ ਤੇਗ਼ ਬਹਾਦਰ ਦੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਗਾ ਕੇ ਕੀਤਾ, ਉਹ ਵੀ ਸ਼ਹੀਦ ਹੋਏ। ਐਸੇ ਗੁਰੂ ਜੀ ਪਿਆਰੇ ਜੋ ਆਪ ਤੇ ਆਪਣੇ ਪਰਿਵਾਰ ਨੂੰ ਗੁਰੂ ਤੋਂ ਕੁਰਬਾਨ ਕਰ ਦੇਂਦੇ ਹਨ ਉਨ੍ਹਾਂ ਤੋਂ ਸੇਧ ਲੈ ਕੇ ਸਾਨੂੰ ਵੀ ਆਪਣਾ ਆਪ ਗੁਰੂ ਜੀ ਅੱਗੇ ਨਿਛਾਵਰ ਕਰਨਾ ਚਾਹੀਦਾ ਹੈ।

ਸਿੱਖਿਆ : ਅਸੀਂ ਕਿਥੇ ਤੇ ਪਿਆਰ ਵਾਲੇ ਕਿਥੇ, ਐਸਾ ਪਿਆਰ ਗੁਰੂ ਨਾਲ ਸਾਨੂੰ ਵੀ ਪ੍ਰਾਪਤ ਹੋਵੇ।

Waheguru Ji Ka Khalsa Waheguru Ji Ki Fateh
– Bhool Chook Baksh Deni Ji –

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.