Saakhi Bhai Joga Singh Ji
ਇਕ ਸਮੇਂ ਪਿਸ਼ੌਰ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਆਈਆਂ। ਉਨ੍ਹਾਂ ਸੰਗਤਾਂ ਵਿੱਚ ਇੱਕ ਤੇਰਾਂ/ਚੌਦਾਂ ਸਾਲਾਂ ਦਾ ਨੌਜਵਾਨ ਸੀ। ਉਹ ਨੌਜਵਾਨ ਆਪਣੀ ਉਮਰ ਨਾਲੋਂ ਵੱਧ ਚੁਸਤ ਨਜ਼ਰ ਆਉਂਦਾ ਸੀ। ਜਦੋਂ ਉਹ ਗੁਰੂ ਜੀ ਦੇ ਚਰਨੀਂ ਸੀਸ ਨਿਵਾ ਰਿਹਾ ਸੀ ਤਾਂ ਗੁਰੂ ਜੀ ਨੇ ਉਸ ਨੂੰ ਸਵਾਲ ਕੀਤਾ, ”ਭਾਈ ਸਿੱਖਾ। ਤੇਰਾ ਨਾਂ ਕੀ ਏ? ” ਉਸ ਨੇ ਉੱਤਰ ਦਿੱਤਾ, ”ਸੱਚੇ ਪਾਤਸ਼ਾਹ, ਮੇਰਾ ਨਾਂ ਜੋਗਾ ਹੈ।” ਗੁਰੂ ਜੀ ਨੇ ਫਿਰ ਸਵਾਲ ਕੀਤਾ, ”ਭਾਈ, ਕਿਸ ਜੋਗਾ ?” ਉਸ ਨੌਜਵਾਨ ਨੇ ਬੜੀ ਫੁਰਤੀ ਨਾਲ ਉੱਤਰ ਦਿੱਤਾ, ”ਸੱਚੇ ਪਿਤਾ, ਆਪ ਜੋਗਾ।”² ਸਤਿਗੁਰਾਂ ਉਸ ਨੂੰ ਕਿਹਾ, ”ਅੱਛਾ ਭਾਈ ਜੋਗੇ, ਅੱਜ ਤੋਂ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ।” ਭਾਈ ਜੋਗੇ ਨੇ ਗੁਰੂ ਜੀ ਦੇ ਬਚਨ ਸੁਣ ਕੇ ਆਪਣੇ ਮਾਤਾ ਪਿਤਾ ਪਾਸੋਂ ਗੁਰੂ ਘਰ ਵਿੱਚ ਰਹਿਣ ਦੀ ਪ੍ਰਵਾਨਗੀ ਲੈ ਲਈ। ਜੋਗੇ ਦੇ ਮਾਤਾ ਪਿਤਾ ਉਸ ਨੂੰ ਗੁਰੂ ਪਾਸ ਛੱਡ ਕੇ ਵਾਪਸ ਪਿਸ਼ੌਰ ਚਲੇ ਗਏ। ਜੋਗੇ ਨੇ ਉਸ ਦਿਨ ਤੋਂ ਹੀ ਸੰਗਤ ਦੀ ਤਨ ਮਨ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਅੰਮ੍ਰਿਤ ਛੱਕ ਲਿਆ ਤੇ ਜੋਗੇ ਤੋਂ ਜੋਗਾ ਸਿੰਘ ਬਣ ਗਿਆ। ਉਸ ਦੇ ਮਾਤਾ ਪਿਤਾ ਨੇ ਉਸ ਦੀ ਇੱਕ ਲੜਕੀ ਨਾਲ ਮੰਗਣੀ ਕਰ ਦਿੱਤੀ। ਵਿਆਹ ਦੇ ਯੋਗ ਹੋਣ ਉੱਪਰ, ਵਿਆਹ ਦੀ ਤਾਰੀਖ ਪੱਕੀ ਕਰਕੇ, ਉਸ ਦੇ ਮਾਤਾ ਪਿਤਾ ਉਸ ਨੂੰ ਅਨੰਦਪੁਰ ਸਾਹਿਬ ਤੋਂ ਲੈਣ ਆ ਗਏ। ਪਿਤਾ ਦੇ ਕਹਿਣ ਉੱਪਰ, ਭਾਈ ਜੋਗਾ ਸਿੰਘ ਨੇ ਗੁਰੂ ਜੀ ਪਾਸੋਂ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਉਸ ਨੂੰ ਕਿਹਾ, ”ਭਾਈ ਜੋਗਾ ਸਿੰਘ, ਤੂੰ ਬੜੀ ਖ਼ੁਸ਼ੀ ਨਾਲ ਵਿਆਹ ਕਰਵਾਉਣ ਲਈ ਪਿਸ਼ੌਰ ਆਪਣੇ ਮਾਤਾ-ਪਿਤਾ ਨਾਲ ਜਾ ਸਕਦਾ ਹੈਂ ਪਰ ਇੱਕ ਸ਼ਰਤ ਹੈ, ਜਦੋਂ ਅਸੀਂ ਯਾਦ ਕਰੀਏ ਤਾਂ ਤੂੰ ਸਾਰੇ ਕੰਮ-ਕਾਰ ਛੱਡ ਕੇ ਤੁਰੰਤ ਸਾਡੇ ਪਾਸੇ ਹਾਜ਼ਰ ਹੋਵੀਂ।” ਭਾਈ ਜੋਗਾ ਸਿੰਘ ਨੇ ਉੱਤਰ ਦਿੱਤਾ, ”ਹਾਂ ਜੀ, ਇਸ ਤਰ੍ਹਾਂ ਹੀ ਹੋਵੇਗਾ।” ਇਹ ਕਹਿ ਕੇ ਉਸ ਨੇ ਗੁਰੂ ਜੀ ਦੇ ਚਰਨੀਂ ਹੱਥ ਲਗਾਏ ਤੇ ਮਾਤਾ ਪਿਤਾ ਦੇ ਨਾਲ ਚਲਾ ਗਿਆ। ਵਿਆਹ ਦਾ ਸ਼ੁਭ ਦਿਨ ਆਉਣ ਉੱਪਰ ਉਸ ਦੇ ਵਿਆਹ ਦੀ ਰਸਮ ਸ਼ੁਰੂ ਹੋ ਗਈ। ਏਸੇ ਦੋਰਾਨ ਹੀ ਇੱਕ ਸਿੰਘ ਨੇ ਭਾਈ ਜੋਗਾ ਸਿੰਘ ਨੂੰ ਇੱਕ ਪੱਤਰ ਹੱਥ ਫੜਾ ਦਿੱਤਾ ਜਿਸ ਵਿੱਚ ਗੁਰੂ ਜੀ ਦਾ ਹੁਕਮ ਲਿਖਿਆ ਸੀ, ਭਾਈ ਜੋਗਾ ਸਿੰਘ ਨੇ ਉਸ ਪੱਤਰ ਨੂੰ ਖੋਲ੍ਹ ਕੇ ਪੜ੍ਹਿਆ ਤਾਂ ਉਸ ਵਿੱਚ ਲਿਖਿਆ ਸੀ, ”ਇਸ ਨੂੰ ਪੜ੍ਹਦੇ ਸਾਰ ਸਾਡੇ ਪਾਸ ਅਨੰਦਪੁਰ ਸਾਹਿਬ ਹਾਜ਼ਰ ਹੋ।” ਭਾਈ ਜੋਗੇ ਨੇ ਘਰ ਦੀਆਂ ਨੂੰ ਕਿਹਾ, ”ਮੇਰੇ ਗੁਰੂ ਨੇ ਮੈਨੂੰ ਸਾਰੇ ਕੰਮ-ਕਾਰ ਛੱਡ ਕੇ ਆਉਣ ਲਈ ਲਿਖਿਆ ਹੈ, ਸੋ ਮੇਰਾ ਜਾਣਾ ਹੀ ਬਣਦਾ ਹੈ।” ਉਸ ਨੇ ਘੋੜੇ ਉੱਪਰ ਛਾਲ ਮਾਰੀ ਤੇ ਅਨੰਦਪੁਰ ਸਾਹਿਬ ਵੱਲ ਚੱਲ ਪਿਆ। ਭਾਈ ਜੋਗਾ ਸਿੰਘ ਨੂੰ ਹੁਸ਼ਿਆਰਪੁਰ ਪੁੱਜਣ ਤੱਕ ਸ਼ਾਮਾਂ ਪੈ ਗਈਆਂ। ਉਸ ਦੇ ਮਨ ਵਿੱਚ ਆਇਆ, ”ਕੀ ਉਸ ਵਰਗਾ ਵੀ ਕੋਈ ਗੁਰੂ ਦਾ ਸਿੱਖ ਹੋ ਸਕਦਾ ਹੈ ਜਿਹੜਾ ਆਪਣਾ ਵਿਆਹ ਵਿਚਾਲੇ ਹੀ ਛੱਡ ਕੇ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੋਵੇ?” ਉਸ ਨੂੰ ਆਪਣੇ ਆਪ ਉੱਪਰ ਮਾਣ ਹੋ ਗਿਆ। ਹੁਸ਼ਿਆਰਪੁਰ ਵਿੱਚ ਰਾਤ ਪੈਣ ਕਰਕੇ ਭਾਈ ਜੋਗਾ ਸਿੰਘ ਨੇ ਉਥੇ ਰੁਕਣ ਦਾ ਫੈਸਲਾ ਕੀਤਾ ਉਸ ਬਜ਼ਾਰ ਵਿੱਚ ਇਕ ਵੇਸਵਾ ਦਾ ਕੋਠਾ ਵੀ ਸੀ-ਜਿੱਥੇ ਨਾਚ ਗਾਣਾ ਹੋ ਰਿਹਾ ਸੀ। ਬੁਧੀ ਤੇ ਹਉਮੇਂ ਦਾ ਪਰਦਾ ਪੈਣ ਕਰਕੇ ਜੋਗਾ ਸਿੰਘ ਦੇ ਮਨ ਦੇ ਅੰਦਰ ਗਲਤ ਫੁਰਨੇ ਬਨਣੇ ਸ਼ੁਰੂ ਹੋ ਗਏ ਜਿਸ ਦੇ ਨਾਲ ਉਸਦੇ ਕਦਮ ਵੇਸਵਾ ਦੇ ਕੋਠੇ ਵਲ ਵਧਣ ਲੱਗੇ। ਪਰ ਘੱਟ-ਘੱਟ ਵਿੱਚ ਵੱਸਣ ਵਾਲੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਇੱਕ ਸਿੰਘ ਦਾ ਭੇਸ ਬਣਾ ਕੇ ਵੇਸਵਾ ਦੇ ਦੁਆਰੇ ਜਾ ਕੇ ਪੌੜੀ ਦੇ ਦਰਵਾਜ਼ੇ ਆਣ ਖਲੋਤੇ। ਭਾਈ ਜੋਗਾ ਸਿੰਘ ਨੇ ਦੇਖਿਆ ਕਿ ਇਕ ਸਿੰਘ ਉਸ ਵੇਸਵਾ ਦੇ ਦਰਵਾਜ਼ੇ ਅੱਗੇ ਖੜਾ ਹੈ। ਜਦੋਂ ਉਹ ਪਾਸੇ ਚਲਿਆ ਜਾਵੇਗਾ ਤਾਂ ਮੈਂ ਅੰਦਰ ਜਾਵਾਂਗਾ। ਇਹ ਸੋਚ ਕੇ ਉਹ ਪਿੱਛੇ ਮੁੜ ਗਿਆ। ਕੁਝ ਦੇਰ ਪਿੱਛੋਂ ਫਿਰ ਉਹ ਵੇਸਵਾ ਦੇ ਦਰਵਾਜ਼ੇ ਵੱਲ ਆਇਆ ਤਾਂ ਕੀ ਦੇਖਦਾ ਹੈ ਕਿ ਸਿੰਘ ਅਜੇ ਵੀ ਖੜਾ ਹੈ। ਉਸ ਨੂੰ ਦੇਖ ਕੇ ਜੋਗਾ ਸਿੰਘ ਫਿਰ ਮੁੜ ਗਿਆ। ਇਸ ਤਰ੍ਹਾਂ ਭਾਈ ਜੋਗਾ ਸਿੰਘ ਸਾਰੀ ਰਾਤ ਉਸ ਵੇਸਵਾ ਦੇ ਦਰਵਾਜ਼ੇ ਵੱਲ ਚੱਕਰ ਮਾਰਦਾ ਰਿਹਾ ਪਰ ਹਰ ਵਾਰੀ ਉਹ ਸਿੰਘ ਨੂੰ ਦਰਵਾਜ਼ੇ ਅੱਗੇ ਖੜ੍ਹਾ ਦੇਖ ਕੇ ਮੁੜ ਜਾਂਦਾ ਰਿਹਾ। ਇਸ ਤਰ੍ਹਾਂ ਸਾਰੀ ਰਾਤ ਉਸ ਨੇ ਚੱਕਰਾਂ ਵਿੱਚ ਗੁਜ਼ਾਰ ਦਿੱਤੀ। ਅੰਮ੍ਰਿਤ ਵੇਲੇ ਜਦੋਂ ਜੋਗਾ ਸਿੰਘ ਫਿਰ ਦੇਖਣ ਆਇਆਂ ਤਾਂ ਸਿੰਘ ਨੇ ਉਸ ਨੂੰ ਕਿਹਾ, ”ਭਾਈ ਜੋਗਾ ਸਿੰਘ, ਅੰਮ੍ਰਿਤ ਵੇਲਾ ਹੋ ਗਿਆ ਹੈ। ਜਾਹ ਇਸ਼ਨਾਨ ਕਰ ਤੇ ਉਸ ਮਾਲਕ ਦਾ ਨਾਮ ਜਪ।” ਇਹ ਸੁਣ ਕੇ ਭਾਈ ਜੋਗਾ ਸਿੰਘ ਨੂੰ ਗਿਆਨ ਹੋਇਆ ਕਿ ਉਹ ਸਾਰੀ ਰਾਤ ਕਿਹੜੇ ਭੈੜੇ ਕੰਮ ਦੀ ਦਲੀਲ ਕਰਦਾ ਰਿਹਾ ਸੀ। ਫਿਰ ਜੋਗਾ ਸਿੰਘ ਨੇ ਉਸ ਖੜੇ ਸਿੰਘ ਨੂੰ ਪੁੱਛਿਆ, ਮੈਨੂੰ ਤਾਂ ਤੂੰ ਵੇਸਵਾ ਵੱਲ ਜਾਣ ਤੋਂ ਰੋਕਦਾ ਹੈਂ ਪਰ ਤੂੰ ਸਿੰਘਾ ਇੱਥੇ ਕਿਉਂ ਖੜਾ ਹੈਂ? ਤਾਂ ਉਸ ਸਿੰਘ ਨੇ ਆਖਿਆ, ਮੈਂ ਤਾਂ ਕਿਸੇ ਦਾ ਖਲ੍ਹਾਰਿਆ ਖੜਾ ਬਚਨ ਪੂਰਾ ਕਰਦਾ ਹੋਇਆ ਡਿਊਟੀ ਦੇ ਰਿਹਾ ਹਾਂ। ਇਹ ਸੁਣ ਭਾਈ ਜੋਗਾ ਸਿੰਘ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਸਮਝ ਗਿਆ ਕਿ ਉਸ ਨੂੰ ਗੁਰੂ ਜੀ ਨੇ ਆਪ ਆ ਕੇ ਬਚਾ ਲਿਆ, ਨਹੀਂ ਤਾਂ ਉਹ ਗੁਰੂ ਜੀ ਨੂੰ ਮੂੰਹ ਦਿਖਾਉਣ ਜੋਗਾ ਨਾ ਰਹਿੰਦਾ। ਉਸ ਨੂੰ ਗੁਰੂ ਜੀ ਪਾਸ ਜਾਣ ਤੋਂ ਸ਼ਰਮ ਆਉਣ ਲੱਗੀ। ਗੁਰੂ ਤੋਂ ਬਿਨਾਂ ਉਸ ਪਾਸ ਹੋਰ ਕੋਈ ਠੌਹਰ ਵੀ ਨਹੀਂ ਸੀ ਜਿੱਥੇ ਉਹ ਜਾ ਸਕਦਾ। ਟੁੱਟੇ-ਭੱਜੇ ਦਿਲ ਨਾਲ ਉਹ ਅਨੰਦਪੁਰ ਦੀਵਾਨ ਵਿੱਚ ਹਾਜ਼ਰ ਹੋ ਗਿਆ। ਗੁਰੂ ਜੀ ਨੇ ਦੀਵਾਨ ਦੀ ਸਮਾਪਤੀ ਪਿੱਛੋਂ ਉਸ ਨੂੰ ਆਪਣੇ ਪਾਸ ਬੁਲਾਇਆ। ਪਿਸ਼ੌਰ ਦੀ ਕੁਰਬਾਨੀ ਦੀ ਸ਼ਾਬਾਸ਼ ਦਿੱਤੀ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜੋਗਾ ਸਿੰਘ ਪੁੱਛਦਾ ਹੈ ਸਤਿਗੁਰੂ ਜੀ ਕੀ ਗਲ ਹੈ ਲਗਦਾ ਹੈ ਰਾਤ ਆਪ ਜੀ ਠੀਕ ਤਰ੍ਹਾਂ ਨਾਲ ਅਰਾਮ ਨਹੀਂ ਕਰ ਸਕੇ। ਸਤਿਗੁਰੂ ਜੀ ਕਹਿੰਦੇ ਜੋਗਾ ਸਿੰਘ ਜਗਾਵੇਂ ਵੀ ਆਪ ਤੇ ਪੁੱਛੇਂ ਵੀ ਆਪ। ਜੋਗਾ ਸਿੰਘ ਕਹਿੰਦਾ ਸਤਿਗੁਰੂ ਮੈਂ ਸਮਝਿਆ ਨਹੀਂ। ਸਤਿਗੁਰੂ ਜੀ ਕਹਿੰਦੇ ”ਜੋਗਿਆ ਪੰਜਵੇਂ ਜਾਮੇ ਤੱਤੀ ਤਵੀ ਤੇ ਬੈਠੇ ਕੋਈ ਗੱਲ ਨਹੀਂ, ਨੌਵੇਂ ਜਾਮੇ ਸੀਸ ਦਿੱਤਾ ਕੋਈ ਗੱਲ ਨਹੀਂ ਪਰ ਨਹੀਂ ਪਤਾ ਸੀ ਕਿ ਸਿੱਖੀ ਖਾਤਰ ਦਸਵੇਂ ਜਾਮੇ ਵੇਸਵਾ ਦੇ ਦਰਵਾਜ਼ੇ ਤੇ ਪਹਿਰਾ ਦੇਣਾ ਪੈਣਾ ਹੈ।” ਇਹ ਸੁਣ ਜੋਗਾ ਸਿੰਘ ਦੇ ਕਪਾਟ ਖੁਲ੍ਹ ਗਏ, ਜੋ ਅਸੀਂ ਪੜ੍ਹਦੇ ਹਾਂ, ‘ਸੋ ਸਤਿਗੁਰੁ ਪਿਆਰਾ ਮੇਰੇ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ’ ਇਹ ਪ੍ਰਤੱਖ ਹੋ ਗਿਆ। ਜੋਗਾ ਸਿੰਘ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਮੁਆਫੀ ਮੰਗਣ ਲੱਗਾ। ਭਾਈ ਜੋਗਾ ਸਿੰਘ ਨੇ ਗੁਰੂ ਜੀ ਦੇ ਚਰਨਾਂ ਉੱਪਰ ਸੀਸ ਰੱਖ ਕੇ ਕਿਹਾ, ”ਦਾਤਾ ਜੀ, ਆਪ ਬਖਸ਼ਣਹਾਰ ਹੋ, ਆਪਣੇ ਬੱਚੇ ਦੀਆਂ ਭੁੱਲਾਂ ਬਖਸ਼ ਦੇਣਾ ਜੀ, ਮੈਂ ਭੁੱਲ ਗਿਆ। ਜਿਸ ਵੇਲੇ ਪੰਜ ਪਿਆਰਿਆਂ ਨੇ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਤਾਂ ਚਾਰ ਕੁਰਹਿਤਾਂ ਵਿੱਚੋਂ ਤਾਕੀਦ ਕੀਤੀ ਸੀ ਪਰਾਇਆ ਸੰਗ ਨਹੀਂ ਕਰਨਾ, ਮੇਰੀ ਮੱਤ ਤੇ ਪੜਦਾ ਪੈ ਗਿਆ ਸੀ ਜੋ ਮੈਂ ਵੇਸਵਾ ਵੱਲ ਜਾਣਾ ਕੀਤਾ। ਸ਼ੁਕਰ ਹੈ ਆਪ ਜੀ ਨੇ ਕ੍ਰਿਪਾ ਕਰਕੇ ਮੇਰੀ ਲਾਜ ਰੱਖੀ। ਮੈਨੂੰ ਬਖਸ਼ ਦਿਉ ਜੀ।” ਸਤਿਗੁਰੂ ਜੀ ਨੇ ਜੋਗਾ ਸਿੰਘ ਨੂੰ ਅਸੀਸਾਂ ਦੇਂਦੇ ਹੋਏ ਬਖਸ਼ ਦਿੱਤਾ। ਉਸ ਤੋਂ ਪਿੱਛੋਂ ਭਾਈ ਜੋਗਾ ਸਿੰਘ ਨੇ ਪੂਰਨ ਸਿੱਖ ਦੀ ਨਿਆਈਂ ਗੁਰੂ ਘਰ ਦੀ ਸੇਵਾ ਕਰਦੇ ਆਪਣੀ ਜ਼ਿੰਦਗੀ ਗੁਜ਼ਾਰੀ।
ਸਿੱਖਿਆ :- ਜਿਹੜਾ ਗੁਰੂ ਦਾ ਬਣ ਜਾਵੇ ਗੁਰੂ ਜੀ ਵੀ ਉਸਨੂੰ ਆਪਣਾ ਬਣਾ ਲੈਂਦੇ ਹਨ ਤੇ ਜਿਸਨੂੰ ਆਪਣਾ ਬਣਾ ਲੈਣ ਉਸਨੂੰ ਗ਼ਲਤ ਪਾਸੇ ਨਹੀਂ ਜਾਣ ਦੇਂਦੇ ਤੇ ਹਰ ਥਾਂ ਪੈਜ ਸਵਾਰਦੇ ਹਨ।