Saakhi – Bhai Jodh Devta Da Bhoot
ਭਾਈ ਜੋਧ ਦੇਵਤਾ ਦਾ ਭੂਤ
ਭਾਈ ਜੋਧ ਦੇਵਤਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਹੋਇਆ ਹੈ।ਇਹ ਉੱਚੀ ਗੋਤ ਦਾ ਬਾਹਮਣ ਸੀ। ਇਸ ਵਿਚ ਜਾਤ ਦਾ ਹੰਕਾਰ ਵੀ ਚੋਖਾ ਸੀ। ਇਸ ਹੰਕਾਰ ਕਰਕੇ ਇਹ ਹੋਰ ਜਾਤਾਂ ਵਾਲਿਆਂ ਨੂੰ ਨੀਵਾਂ ਸਮਝਿਆ ਕਰਦਾ ਸੀ ਅਤੇ ਉਹਨਾਂ ਤੋਂ ਨਫਰਤ ਕਰਦਾ ਹੁੰਦਾ ਸੀ। ਹੋਰਨਾਂ ਨੂੰ ਮਾੜਾ ਤੇ ਨੀਵਾਂ ਸਮਝਣ ਵਾਲੇ, ਨਫਰਤ ਕਰਨ ਵਾਲੇ ਹੰਕਾਰੀ ਬੰਦੇ ਦਾ ਮਨ ਕਦੇ ਸ਼ਾਂਤ ਤੇ ਸੁਖੀ ਨਹੀਂ ਹੁੰਦਾ, ਉਹ ਸੜਦਾ ਭੁੱਜਦਾ ਤੇ ਭਟਕਦਾ ਹੀ ਰਹਿੰਦਾ ਹੈ। ਇਹੋ ਹਾਲ ਜੋਧ ਬਾਹਮਣ ਦਾ ਸੀ।
ਉਸ ਦੇ ਭਾਗ ਜਾਗ ਪਏ। ਉਹ ਆਪਣੇ ਮਨ ਦੀ ਹਾਲਤ ਤੋਂ ਤੰਗ ਆ ਗਿਆ। ਉਸ ਦੇ ਮਨ ਵਿਚ ਚਾਹ ਪੈਦਾ ਹੋਈ ਕਿ ਸੁਖ ਤੇ ਸ਼ਾਂਤੀ ਪ੍ਰਾਪਤ ਹੋਵੇ ਤਾਂ ਠੀਕ ਹੈ। ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਪਰ ਬਿਰਾਜੇ ਸੀ ਗੁਰੂ ਅੰਗਦ ਦੇਵ ਜੀ ਦੀ ਦੱਸ ਪਈ। ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਦੇ ਦਰਬਾਰ ਵਿਚ ਦੁਖੀਆਂ ਦੇ ਦੁੱੱਖ ਦੂਰ ਹੋ ਜਾਂਦੇ ਹਨ ਅਤੇ ਉਹਨਾਂ ਦੇ ਮਨ, ਸੁਖ ਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦੇ ਹਨ। ਇਹ ਗੱਲ ਸੁਣ ਕੇ ਉਹ ਖਡੂਰ ਸਾਹਿਬ ਜਾ ਪੁੱਜਾ। ਉਸ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਲੰਗਰ ਦੀ ਸੇਵਾ ਵਿਚ ਜੁੱਟ ਪਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਅਨਮੋਲ ਵਚਨ ਪੜ੍ਹਨ ਲਈ ਐਥੇ ਕਲਿਕ ਕਰੋ ਜੀ
ਪੜਿਆ-ਲਿਖਿਆ ਹੋਣ ਕਰਕੇ ਉਹ ਲੰਗਰ ਲਈ ਆਈ ਰਸਦ, ਮਾਇਆ ਦਾ ਲੇਖਾ ਵੀ ਰੱਖਦਾ ਸੀ। ਉਹ ਜਤਨ ਕਰਦਾ ਸੀ ਕਿ ਇਹ ਰਸਦ ਅਤੇ ਮਾਇਆ ਅਜਾਈਂ ਨਾ ਜਾਵੇ, ਸਗੋਂ ਚੰਗੇ ਤੋਂ ਚੰਗੇ ਅਰਥ ਲੱਗੇ। ਲੇਖੇ-ਪੱਤੇ ਅਤੇ ਪ੍ਰਬੰਧ ਤੋਂ ਬਿਨਾਂ ਉਹ ਲੰਗਰ ਵਿਚ ਹਰ ਤਰ੍ਹਾਂ ਦੀ ਸੇਵਾ ਵੀ ਕਰਦਾ ਰਹਿੰਦਾ ਸੀ। ਉਹ ਸਾਰਾ ਦਿਨ ਅਤੇ ਚੋਖੀ ਰਾਤ ਤੀਕ ਇਸੇ ਸੇਵਾ ਵਿਚ ਜੁਟਿਆ ਰਹਿੰਦਾ ਸੀ। ਨਾਲ ਹੀ ਉਹ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਸੀ। ‘ ਉਹ ਗੁਰੂ ਕੇ ਲੰਗਰ ਦੀ ਸੇਵਾ ਸਾਰਾ ਜ਼ੋਰ ਲਾ ਕੇ ਕਰਦਾ। ਲੰਗਰ ਤਿਆਰ ਕਰਦਾ ਅਤੇ ਆਏ-ਗਏ ਨੂੰ ਪ੍ਰਸ਼ਾਦ ਛਕਾਉਂਦਾ ਪਰ ਉਹ ਆਪ ਲੰਗਰੋਂ ਪ੍ਰਸ਼ਾਦ ਨਾ ਛਕਿਆ ਕਰੇ।
ਉਹ ਕਿਸੇ ਨੂੰ ਪਤਾ ਵੀ ਨਾ ਲੱਗਣ ਦਿਆ ਕਰੇ ਕਿ ਉਹ ਭੋਜਨ ਕਿਵੇਂ ਕਰਦਾ ਹੈ, ਕੀ ਖਾਂਦਾ ਹੈ ਤੇ ਕਿਥੋਂ ਖਾਂਦਾ ਹੈ? ਭਾਈ ਜੋਧ ਦੇਵਤਾ ਇਉਂ ਕਰਦਾ ਸੀ ਕਿ ਜਦੋਂ ਸੰਗਤ ਪ੍ਰਸ਼ਾਦ ਛਕ ਚੁਕਦੀ, ਤਾਂ ਉਹ ਪੱਤਲਾਂ ਚੁਕਵਾ ਕੇ ਇਕ ਸਾਫ ਥਾਂ ਰਖਵਾ ਦੇਂਦਾ। ਜਦ ਲੰਗਰ ਹੋ ਚੁਕਣਾ, ਤਾਂ ਜੋਧ ਨੇ ਇਨ੍ਹਾਂ ਪੱਤਲਾਂ ਵਿਚੋਂ ਪੇਟ ਭਰਨ ਜੋਗਾ ਅੰਨ ਇਕੱਠਾ ਕਰ ਲੈਣਾ ਅਤੇ ਵਾਹਿਗੁਰੂ ਦਾ ਨਾਮ ਲੈ ਕੇ ਛਕ ਲੈਣਾ। ਕਿੰਨਾ ਹੀ ਚਿਰ ਉਹ ਇਸ ਤਰ੍ਹਾਂ ਸੰਗਤਾਂ ਦਾ ਸੀਤ ਪ੍ਰਸ਼ਾਦ ਅਰਥਾਤ ਜੂਠ ਖਾ ਕੇ ਗੁਜ਼ਾਰਾ ਕਰਦਾ ਰਿਹਾ। ਇਹ ਗੱਲ ਗੁਰੂ ਜੀ ਤੀਕ ਪਹੁੰਚ ਗਈ। ਗੁਰੂ ਜੀ ਨੇ ਉਸ ਨੂੰ ਸੱਦਿਆ ਅਤੇ ਪਿਆਰ ਨਾਲ ਪੁੱਛਿਆ, “ਜੋਧ ਭਾਈ! ਤੂੰ ਪ੍ਰਸ਼ਾਦ ਕਿਥੋਂ ਛਕਦਾ ਹੈ?”
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਜੋਧ – “ਸੱਚੇ ਪਾਤਸ਼ਾਹ! ਆਪ ਜੀ ਦੇ ਲੰਗਰੋਂ ਹੀ ਪੇਟ ਭਰਨ ਜੋਗੀ ਦਾਤ ਮਿਲ ਜਾਂਦੀ ਹੈ। ਸੰਗਤਾਂ ਦਾ ਪੱਤਲਾਂ ਵਿਚ ਛੱਡਿਆ ਅੰਨ ਖਾ ਲੈਂਦਾ ਹਾਂ।”
ਗੁਰੂ ਜੀ – “ਜੋਧ ਭਾਈ! ਇਹ ਕਿਉਂ ਤੂੰ ਇਸ ਤਰ੍ਹਾਂ ਦਾ ਭੋਜਨ ਕਿਉਂ ਖਾਂਦਾ ਹੈ ? ਸੁੱਚਾ ਪ੍ਰਸ਼ਾਦ ਕਿਉਂ ਨਹੀਂ ਛਕਦਾ?”
ਜੋਧ – “ਸੱਚੇ ਪਾਤਸ਼ਾਹ! ਮੇਰੇ ਅੰਦਰ ਜ਼ਾਤ ਦੇ ਹੰਕਾਰ ਦਾ ਭੂਤ ਵਸਦਾ ਸੀ। ਇਸ ਨੂੰ ਕੱਢਣਾ ਸੀ। ਭੂਤ ਨੂੰ ਜੂਠ ਹੀ ਖੁਆਉਣੀ ਠੀਕ ਸੀ। ਇਹ ਤਾਂ ਹੀ ਸੂਤ ਆਉਣਾ ਸੀ। ਮੈਂ ਚਾਹੁੰਦਾ ਸਾਂ ਕਿ ਜ਼ਾਤ ਤੇ ਹੰਕਾਰ ਦਾ ਇਹ ਭੂਤ ਦੂਰ ਹੋ ਜਾਵੇ ਅਤੇ ਮੈਂ ਆਪਣੇ ਆਪ ਨੂੰ ਸਾਧ ਸੰਗਤ ਦਾ ਨਿਮਾਣਾ ਸੇਵਕ ਸਮਝਣ ਲੱਗ ਪਵਾਂ।”
ਗੁਰੂ ਜੀ – “ਤੇਰਾ ਜ਼ਾਤ-ਹੰਕਾਰ ਹੁਣ ਦੂਰ ਹੋ ਗਿਆ ਹੈ। ਹੁਣ ਇਸ ਤਰ੍ਹਾਂ ਕਰਨੋਂ ਹਟ ਜਾ। ਤੇਰਾ ਮਨ ਸਾਫ ਤੇ ਸ਼ੁੱਧ ਹੋ ਗਿਆ ਹੈ। ਹੁਣ ਇਸ ਵਿਚ ਭੂਤ ਨਹੀਂ ਵਸਦਾ। ਹੁਣ ਇਸ ਵਿਚ ਵਾਹਿਗੁਰੂ ਦਾ ਵਾਸਾ ਹੈ, ਉਸ ਨੂੰ ਸੁੱਚਾ ਅੰਨ ਭੇਟ ਕਰਨਾ ਚਾਹੀਦਾ ਹੈ।” ਇਹ ਕਹਿ ਕੇ ਗੁਰੂ ਜੀ ਨੇ ਭਾਈ ਜੋਧ ਨੂੰ ਆਪਣੇ ਪਾਸ ਬਿਠਾਇਆ ਅਤੇ ਲੰਗਰੋਂ ਸੁੱਚਾ ਪ੍ਰਸ਼ਾਦ ਮੰਗਵਾ ਕੇ ਛਕਾਇਆ।
ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਇਸ ਤੋਂ ਮਗਰੋਂ ਭਾਈ ਜੋਧ ਗੁਰੂ ਕੇ ਲੰਗਰੋਂ ਪ੍ਰਸ਼ਾਦ ਛਕਣ ਲੱਗ ਪਿਆ। ਹਰ ਵੇਲੇ ਸੇਵਾ ਕਰਦਾ ਅਤੇ ਨਾਮ ਜਪਦਾ ਰਿਹਾ ਕਰੇ। ਮਨ ਨਾਮ ਵਿਚ ਲੱਗਾ ਰਹੇ ਅਤੇ ਸਰੀਰ ਸੇਵਾ ਵਿਚ ਉਸ ਦਾ ਮਨ ਸੁਖ ਤੇ ਸ਼ਾਂਤੀ ਨਾਲ ਭਰਪੂਰ ਹੋ ਗਿਆ, ਸੰਗਤ ਉਸ ਨੂੰ ਭਾਈ ਜੋਧ ਦੇਵਤਾ ਕਹਿ ਕੇ ਸੱਦਣ ਲੱਗ ਪਈ। ਉਸ ਦਾ ਇਹੋ ਨਾਂ ਪੱਕ ਗਿਆ। ਉਹ ਗੁਰੂ ਅੰਗਦ ਦੇਵ ਜੀ ਦੇ ਵੱਡੇ ਮੁਖੀ ਸਿੱਖਾਂ ਵਿਚ ਗਿਣਿਆ ਜਾਣ ਲੱਗ ਪਿਆ। ਭਾਈ ਗੁਰਦਾਸ ਜੀ ਨੇ ਉਸ ਦਾ ਨਾਮ ਉਸ ਸਮੇਂ ਦੇ ਚੋਟੀ ਦੇ ਸਿੱਖਾਂ ਵਿਚ ਲਿਿਖਆ ਹੈ। ਉਹ ਲਿਖਦੇ ਹਨ :
ਜੋਧੁ ਰਸੋਈਆ ਦੇਵਤਾ ਗੁਰ ਸੇਵਾ ਕਰਿ ਦੁਤਰੁ ਤਾਰੀ।
ਪੂਰੈ ਸਤਿਗੁਰ ਪੈਜ ਸਵਾਰੀ। (ਵਾਰ 11, ਪਉੜੀ 15)
ਸਿੱਖਿਆ – ਸਾਨੂੰ ਵੀ ਭਾਈ ਜੋਧ ਵਾਂਗ ਆਪਣੇ ਅੰਦਰੋਂ ਹੰਕਾਰ ਅਤੇ ਜਾਤ ਅਭਿਮਾਨ ਦੇ ਭੂਤ ਨੂੰ ਕੱਢ ਦੇਣਾਂ ਚਾਹਿਦਾ ਹੈ ਤਾਂ ਜੋ ਸਾਡੇ ਮਨ ਅੰਦਰ ਵੀ ਸ਼ਾਂਤੀ ਹੋ ਸਕੇ ਤੇ ਵਾਹਿਗੁਰੂ ਦਾ ਨਿਵਾਸ ਮਨ ਅੰਦਰ ਹੋ ਸਕੇ। ਗੁਰਬਾਣੀ ਅੰਦਰ ਗੁਰੂ ਤੇਗ ਬਹਾਦੁਰ ਜੀ ਇਉ ਫੁਰਮਾਉਦੇ ਹਨ – “ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥ ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥” ਜਿਸ ਮਨੁੱਖ ਨੇ ਕਰਤਾਰ ਸਿਰਜਣਹਾਰ ਨਾਲ ਡੂੰਘੀ ਸਾਂਝ ਪਾ ਕੇ (ਆਪਣੇ ਅੰਦਰੋਂ) ਹਉਮੈ ਤਿਆਗ ਦਿੱਤੀ, ਨਾਨਕ ਆਖਦਾ ਹੈ- ਹੇ ਮਨ! ਇਹ ਗੱਲ ਸੱਚੀ ਸਮਝ ਕਿ ਉਹ ਮਨੁੱਖ (ਹੀ) ਮੁਕਤ ਹੈ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –