Saakhi – Bhai Bidhi Chand Di Bahadri

Saakhi - Bhai Bidhi Chand Di Bahadri

इसे हिन्दी में पढ़ें 

ਭਾਈ ਬਿਧੀ ਚੰਦ ਦੀ ਬਹਾਦਰੀ

ਇਕ ਵਾਰ ਕਾਬਲ ਦੀ ਸੰਗਤ ਗੁਰੂ ਦਰਸ਼ਨਾਂ ਨੂੰ ਆਈ ਤਾਂ ਉਨ੍ਹਾਂ ਨਾਲ ਭਾਈ ਕਰੋੜੀ ਮਲ ਵੀ ਆਇਆ ਜਿਹੜਾ ਇਕ ਚੰਗੀ ਨਸਲ ਦੇ ਘੋੜੇ ਗੁਲਬਾਗ ਤੇ ਦਿਲਬਾਗ ਗੁਰੂ ਜੀ ਨੂੰ ਭੇਂਟ ਕਰਨ ਵਾਸਤੇ ਲਿਆਇਆ। ਜਦ ਇਹ ਸਾਰੀ ਸੰਗਤ ਲਾਹੌਰ ਵਿਚ ਘੁੰਮ ਫਿਰ ਰਹੀ ਸੀ ਤਾਂ ਲਾਹੌਰ ਦੇ ਹਾਕਮ ਅਨਾਇਤਉਲਾ ਦੀ ਨਜ਼ਰ ਉਨ੍ਹਾਂ ਘੋੜਿਆਂ ‘ਤੇ ਪੈ ਗਈ। ਅਨਾਇਤਉਲਾ ਨੇ ਉਹ ਘੋੜੇ ਮੁੱਲ ਲੈਣੇ ਚਾਹੇ, ਪਰ ਕਰੋੜੀ ਮਲ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਹ ਘੋੜੇ ਵੇਚਣ ਵਾਸਤੇ ਨਹੀਂ ਬਲਕਿ ਆਪਣੇ ਇਸ਼ਟ ਗੁਰੂ ਹਰਿਗੋਬਿੰਦ ਸਾਹਿਬ ਨੂੰ ਭੇਂਟ ਕਰਨ ਵਾਸਤੇ ਲਿਆਇਆ ਹੈ। ਹਾਕਮ ਉਸ ਦੀ ਇਸ ਗੱਲ ‘ਤੇ ਚਿੜ ਗਿਆ ਅਤੇ ਉਸ ਦੋਵੇਂ ਘੋੜੇ ਖੋਹ ਲਏ।

ਜਦ ਕਾਬਲ ਦੀ ਸੰਗਤ ਗੁਰੂ ਪਾਸ ਪੁੱਜੀ ਤਾਂ ਸਾਰੀਆਂ ਸੰਗਤਾਂ ਕਾਰ ਭੇਟ ਰੱਖ ਮੱਥਾ ਟੇਕ ਕੇ ਬੈਠ ਗਈਆਂ ਪਰ ਕਰੋੜੀ ਮਲ ਕੋਈ ਭੇਂਟ ਅੱਗੇ ਰੱਖਣ ਦੀ ਥਾਂ ਉਦਾਸ ਲਹਿਜੇ ਵਿਚ ਬੋਲਿਆ, “ਮਹਾਰਾਜ ਮੈਂ ਆਪ ਜੀ ਨੂੰ ਭੇਂਟ ਕਰਨ ਵਾਸਤੇ ਦੋ ਵਧੀਆ ਨਸਲ ਦੇ ਘੋੜੇ ਗੁਲਬਾਗ ਅਤੇ ਦਿਲਬਾਗ ਲਿਆਇਆ ਸੀ, ਪਰ ਉਹ ਰਾਹ ਵਿਚ ਲਾਹੌਰ ਦੇ ਹਾਕਮ ਅਨਾਇਤ-ਉਲਾ ਨੇ ਖੋਹ ਲਏ ਹਨ। ਮੇਰੇ ਪਾਸ ਹੁਣ ਆਪ ਜੀ ਨੂੰ ਕਾਰ ਭੇਟ ਕਰਨ ਲਈ ਕੁਝ ਨਹੀਂ ਬਚਿਆ। ਗੁਰੂ ਜੀ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਹੱਸਦੇ ਹੋਏ ਬੋਲੇ, ”ਤੇਰੇ ਘੋੜੇ ਸਾਨੂੰ ਪਹੁੰਚ ਗਏ ਹਨ, ਉਨ੍ਹਾਂ ਨੂੰ ਹੁਣ ਆਪੇ ਲੈ ਆਵਾਂਗੇ। ਤੂੰ ਫਿਕਰ ਨਾ ਕਰ, ਅਸੀਂ ਤੇਰੇ ‘ਤੇ ਬਹੁਤ ਖੁਸ਼ ਹੋਏ ਹਾਂ, ਤੇਰੀ ਕੀਮਤੀ ਭੇਟਾ ਪ੍ਰਾਪਤ ਕਰਕੇ ਹੀ ਛਡਾਂਗੇ।’ ਭਾਈ ਕਰੋੜੀ ਮਲ ਨੂੰ ਤਸੱਲੀ ਹੋ ਗਈ ਅਤੇ ਉਹ ਖੁਸ਼ ਹੋ ਗਿਆ।

ਗੁਰੂ ਜੀ ਨੇ ਬਿਧੀ ਚੰਦ ਨੂੰ ਆਪਣੇ ਪਾਸ ਬੁਲਾਇਆ। ਉਸ ਨੂੰ ਥਾਪੜਾ ਦਿੱਤਾ ਅਤੇ ਪੰਜਾਂ ਗੁਰੂਆਂ ਦਾ ਨਾਂ ਲੈ ਕੇ ਅਰਦਾਸ ਕੀਤੀ ਅਤੇ ਉਸ ਨੂੰ ਲਾਹੌਰ ਵੱਲ ਘੱਲ ਦਿੱਤਾ। ਬਿਧੀ ਚੰਦ ਲਾਹੌਰ ਪੁਜ ਕੇ ਭਾਈ ਜੀਵਨ ਦੇ ਘਰ ਠਹਿਰ ਗਿਆ। ਅਗਲੇ ਦਿਨ ਉਸ ਇਕ ਘਾਹੀ ਦਾ ਭੇਸ ਧਾਰ ਲਿਆ ਅਤੇ ਵਧੀਆ ਘਾਹ ਦੀ ਇਕ ਪੰਡ ਖੋਤ ਕੇ ਅਤੇ ਝਾੜ ਕੇ ਕਿਲ੍ਹੇ ਦੀ ਬਾਹਰਲੀ ਦੀਵਾਰ ਕੋਲ ਜਾ ਬੈਠਾ। ਘੋੜਿਆਂ ਦਾ ਦਰੋਗਾ ਸੈਦੇ ਖਾਂ ਜਦ ਬਾਹਰ ਆਇਆ ਤਾਂ ਵਧੀਆ ਘਾਹ ਵੇਖ ਕੇ ਉਹ ਬਹੁਤ ਪ੍ਰਸੰਨ ਹੋਇਆ ਪਰ ਘਾਹ ਵੀ ਸਸਤੇ ਮੁੱਲ ਤੇ ਮਿਲ ਜਾਣ ਉਤੇ ਹੋਰ ਵੀ ਖੁਸ਼ ਹੋਇਆ। ਉਸ ਘਾਹੀ ਬਿਧੀ ਚੰਦ ਨੂੰ ਪੰਡ ਚੁਕਾਈ ਅਤੇ ਘੋੜਿਆਂ ਨੂੰ ਪਾਉਣ ਲਈ ਉਸ ਨੂੰ ਸ਼ਾਹੀ ਅਸਤਬਲ ਵਿਚ ਲੈ ਗਿਆ। ਭਾਈ ਬਿਧੀ ਚੰਦ ਘੋੜਿਆਂ ਨੂੰ ਘਾਹ ਪਾਉਂਦੇ ਰਹੇ ਅਤੇ ਉਨ੍ਹਾਂ ਨੂੰ ਪਲੋਸ ਕੇ ਪਿਆਰ ਵੀ ਦਿੰਦੇ ਰਹੇ।

ਭਾਈ ਬਿਧੀ ਚੰਦ ਰੋਜ਼ ਘਾਹ ਲਿਆਉਂਦਾ ਅਤੇ ਘੋੜਿਆਂ ਨੂੰ ਪਾਉਂਦਾ। ਇਸ ਨਿੱਤ ਦੀ ਸੇਵਾ ਸੰਭਾਲ ਕਰਕੇ ਘੋੜੇ ਵੀ ਭਾਈ ਬਿਧੀ ਚੰਦ ਨੂੰ ਪਛਾਣਨ ਲੱਗ ਗਏ ਅਤੇ ਜਦ ਉਹ ਘਾਹ ਲੈ ਕੇ ਆਉਂਦਾ ਤਾਂ | ਉਹ ਅਗੋਂ ਹਿਣਕਦੇ। ਸੈਦੇ ਖਾਂ ਨੇ ਭਾਈ ਬਿਧੀ ਚੰਦ ਦਾ ਏਨਾ ਪਿਆਰ ਵੇਖ ਕੇ ਉਸ ਨੂੰ ਘੋੜਿਆਂ ਦੀ ਸੇਵਾ ਲਈ ਨੌਕਰ ਹੀ ਰੱਖ ਲਿਆ। ਆਪ ਉਹ ਬੜੇ ਭੋਲੇ ਭਾਲੇ ਬਣ ਕੇ ਰਹਿੰਦੇ ਸਨ ਪਰ ਘੋੜਿਆਂ . ਨਾਲ ਆਪਣਾ ਸਨੇਹ ਦਿਨ ਬਦਿਨ ਵਧਾਈ ਜਾਂਦੇ ਸਨ। ਉਹ ਰੋਜ਼ ਰਾਤ ਨੂੰ ਇਕ ਵੱਡਾ ਪੱਥਰ ਬਾਹਰ ਦਰਿਆ ਵਿਚ ਸੁੱਟ ਦਿੰਦੇ ਸਨ। ਦਰਿਆ ਰਾਵੀ ਕਿਲ੍ਹੇ ਦੀਆਂ ਕੰਧਾਂ ਨੂੰ ਛੂਹ ਕੇ ਵਹਿ ਰਿਹਾ ਸੀ। ਪੱਥਰ ਸੁੱਟਣ ਦੇ ਖੜਾਕ ਨੂੰ ਸੁਣ ਕੇ ਜਦ ਚੌਕੀਦਾਰ ਵੇਖਦੇ ਤਾਂ ਉਨ੍ਹਾਂ ਨੂੰ ਕੁਝ ਨਾ ਦਿੱਸਦਾ। ਆਖਿਰ ਉਨ੍ਹਾਂ ਸਮਝਿਆ ਕਿ ਕੋਈ ਜਾਨਵਰ ਕਿਲ੍ਹੇ ਦੀ ਕੰਧ ਨਾਲ ਆ ਟਕਰਾਉਂਦਾ ਹੈ, ਇਸ ਲਈ ਇਸ ਪਾਸਿਉਂ ਉਹ ਅਵੇਸਲੇ ਹੋ ਗਏ।

ਬਿਧੀ ਚੰਦ ਆਪਣੀ ਤਨਖ਼ਾਹ ਵੀ ਪਹਿਰੇਦਾਰਾਂ ਨੂੰ ਖਵਾ ਪਿਆ ਛੱਡਦੇ ਸਨ। ਉਹ ਉਨ੍ਹਾਂ ‘ਤੇ ਬਹੁਤ ਖ਼ੁਸ਼ ਸਨ। ਜਦ ਬਿਧੀ ਚੰਦ ਨੂੰ ਅਗਲੀ ਤਨਖ਼ਾਹ ਮਿਲੀ ਤਾਂ ਉਨ੍ਹਾਂ ਪਹਿਰੇਦਾਰਾਂ ਨੂੰ ਏਨਾ ਖਵਾਇਆ ਪਿਆਇਆ ਕਿ ਉਹ ਬੇਹੋਸ਼ ਹੋ ਗਏ। ਬਿਧੀ ਚੰਦ ਨੇ ਉਨ੍ਹਾਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਫਿਰ ਉਨ੍ਹਾਂ ਚਾਬੀਆਂ ਲਈਆਂ ਘੋੜੇ ਗੁਲਬਾਗ ਨੂੰ ਖੋਲ੍ਹਿਆ ਅਤੇ ਪਿਛੋਂ ਹਟਾ ਕੇ ਉਸ ਤੋਂ ਏਨੇ ਜੋਰ ਦੀ ਛਾਲ ਮਰਵਾਈ ਕਿ ਉਹ ਬਿਧੀ ਚੰਦ ਸਮੇਤ ਕਿਲ੍ਹਾ ਟੱਪ ਕੇ ਦਰਿਆ ਵਿਚ ਕੁੱਦ ਗਿਆ। ਭਾਈ ਬਿਧੀ ਚੰਦ ਨੇ ਘੋੜਾ ਗੁਰੂ ਨੂੰ ਜਾ ਪੇਸ਼ ਕੀਤਾ। ਗੁਰੂ ਜੀ ਨੇ ਭਰੀ ਸੰਗਤ ਵਿਚ ਭਾਈ ਬਿਧੀ ਚੰਦ ਦੀ ਬਹੁਤ ਪ੍ਰਸੰਸਾ ਕੀਤੀ। ਦੂਸਰਾ ਘੋੜਾ ਬਿਧੀ ਚੰਦ ਨਜੂਮੀ ਬਣ ਕੇ ਲੈ ਆਇਆ। ਜਦ ਦੂਸਰਾ ਘੋੜਾ ਵੀ ਲੈ ਕੇ ਉਹ ਗੁਰੂ ਜੀ ਪਾਸ ਪਹੁੰਚ ਗਿਆ ਤਾਂ ਗੁਰੂ ਜੀ ਨੇ ਉਸ ਨੂੰ ਛਾਤੀ ਨਾਲ ਲਾਇਆ ਤੇ ਕਿਹਾ: ਬਿਧੀ ਚੰਦ ਛੀਨਾ । ਗੁਰੂ ਕਾ ਸੀਨਾ। ਪ੍ਰੇਮ ਭਗਤ ਲੀਨਾ। ਕਦੀ ਕਮੀ ਨਾ।

ਸਿਖਿਆ – ਸਾਨੂੰ ਵੀ ਭਾਈ ਸਾਹਿਬ ਵਾਂਗੂੰ ਗੁਰੂ ਹੁਕਮ ਮਨਣ ਲਈ ਸਦਾ ਤਿਯਾਰ-ਬਰ-ਤਿਯਾਰ ਰਿਹਣਾ ਚਾਹਿਦਾ ਹੈ।

Waheguru Ji Ka Khalsa Waheguru Ji Ki Fateh
– Bhull Chuk Baksh Deni Ji –

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.