Saakhi – Baba Nanak Di Anokhi Ashish
ਸਾਖੀ – ਬਾਬਾ ਨਾਨਕ ਦੀ ਅਨੋਖੀ ਅਸੀਸ
ਆਪਣੀਆ ਉਦਾਸੀਆਂ ਦੇ ਦੋਰਾਨ ਇਕ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਾਥੀ ਭਾਈ ਮਰਦਾਨਾ ਦੇ ਨਾਲ ਇਕ ਪਿੰਡ ਵਿੱਚ ਪਹੁੰਚੇ ਅਤੇ ਕੁਛ ਦਿਨ ਐਥੇ ਹੀ ਟਿਕਾਣਾ ਕੀਤਾ. ਇਸ ਪਿੰਡ ਦੇ ਲੋਕ ਨਿਰੇ ਮਨਮੱਤ ਸਨ, ਅਤੇ ਇਹਨਾਂ ਆਪਣੇ ਜੀਵਨ ਵਿਚ ਅਧਿਆਤਮਿਕ ਕਦਰਾਂ-ਕੀਮਤਾਂ ਜਾਂ ਈਮਾਨਦਾਰੀ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ. ਕੁਝ ਦਿਨ ਬਾਅਦ ਪਿੰਡ ਨੂੰ ਛੱਡਣ ਵੇਲੇ ਬਾਬਾ ਨਾਨਕ ਜੀ ਨੇ ਪਿੰਡਵਾਸੀਆਂ ਨੂੰ ਅਸੀਸ ਦੇਂਦੇ ਹੋਇ ਕਿਹਾ “ਵਸਦੇ ਰਹੋ”.
ਅਗਲੇ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਭਾਈ ਮਰਦਾਨਾ ਜੀ ਇਕ ਹੋਰ ਪਿੰਡ ਪਹੁੰਚ ਗਏ. ਇਸ ਪਿੰਡ ਦੇ ਨਿਵਾਸੀ ਪਿਛਲੇ ਪਿੰਡ ਦੇ ਲੋਕਾਂ ਨਾਲੋਂ ਵਿਪਰੀਤ ਸੁਭਾ, ਬਹੁਤ ਦਿਆਲੂ, ਇਮਾਨਦਾਰ ਅਤੇ ਰੂਹਾਨੀ ਵਿਚਾਰਵਾਨ ਸਨ.
ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਮਨ ਲਾਕੇ ਸੇਵਾ ਕੀਤੀ ਅਤੇ ਬਹੁਤ ਸਤਿਕਾਰ ਦਿੱਤਾ. ਗੁਰੂ ਜੀ ਨੇ ਕੁਝ ਦਿਨ ਬਹੁਤ ਆਰਾਮ ਨਾਲ ਉੱਥੇ ਬਿਤਾਏ ਅਤੇ ਫਿਰ ਪਿੰਡ ਤੋਂ ਵਿਦਾ ਲੈ ਲਈ.
ਪਿੰਡ ਛੱਡਣ ਬਾਦ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਹਰੀ ਇਲਾਕੇ ਵਿਚ ਪਹੁਚ ਆਪਣਾ ਹੱਥ ਉਠਾ ਕੇ ਇਹ ਅਸੀਸ ਦਿਤੀ ਅਤੇ ਕਿਹਾ, “ਉਜੜ ਜਾਓ”.
ਬਾਬਾ ਜੀ ਦੇ ਇਹ ਬਚਨ ਸੁਣ ਭਾਈ ਮਰਦਾਨਾ ਜੀ ਨੂੰ ਬੜੀ ਹੈਰਾਨੀ ਹੋਈ. ਓਹਨਾਂ ਨੇ ਗੁਰੂ ਜੀ ਨੂੰ ਪੁੱਛਿਆ “ਆਪ ਜੀ ਨੇ ਅਜੇਹੇ ਬਚਨ ਕਿਓ ਕੀਤੇ ਨੇ ਇਹਨਾਂ ਦਾ ਕੀ ਭੇਦ ਹੈ ?”
ਗੁਰੂ ਜੀ ਨੇ ਬੜੇ ਸਹਜ ਨਾਲ ਜਵਾਬ ਦਿੱਤਾ – ਇਸ ਪਿੰਡ ਦੇ ਨਿਵਾਸੀ ਚੰਗੇ ਮੁੱਲਾਂ ਵਾਲੇ ਚੰਗੇ ਲੋਕ ਹਨ, ਅਤੇ ਜੇ ਉਹ ਪਿੰਡ ਨੂੰ ਛੱਡ ਕੇ ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿੱਚ ਜਾਂਦੇ ਹਨ ਤਾਂ ਜਿੱਥੇ ਵੀ ਇਹ ਜਾਣਗੇ ਓੱਥੇ ਹੀ ਇਹ ਲੋਕ ਸਥਾਨਕ ਆਬਾਦੀ ਵਿੱਚ ਇਹਨਾਂ ਕਦਰਾਂ ਨੂੰ ਫੈਲਾਉਣਗੇ. ਹੋਰ ਲੋਕ ਪ੍ਰਭਾਵਿਤ ਹੋ ਜਾਣਗੇ ਅਤੇ ਚੰਗੇ ਅਤੇ ਨੈਤਿਕ ਬਣਨਗੇ (ਉਹਨਾਂ ਦੀ ਸੰਗਤ ਦੁਆਰਾ). ਇਸ ਤਰ੍ਹਾ ਸੰਸਾਰ ਬਿਹਤਰ ਬਣ ਜਾਉਗਾ ਜਦਕਿ ਪਹਿਲੇ ਪਿੰਡ ਦੇ ਲੋਕਾਂ ਵਿੱਚ ਅਹੇਜਾ ਕੋਈ ਚੰਗਾ ਮੁੱਲ ਨਹੀਂ ਸੀ ਅਤੇ ਓਹਨਾਂ ਦਾ ਉਥੇ ਹੀ ਰਹਿਣਾ ਸੰਸਾਰ ਲਈ ਭਲਾ ਹੈ ਤਾਂ ਜੋ ਇਹ ਲੋਕ ਆਪਣੇ ਮਾੜੇ ਗੁਣ ਅਤੇ ਮੁੱਲ ਸੰਸਾਰ ਵਿੱਚ ਨਾ ਫੈਲਾ ਸਕਣ.
“ਸਤਸੰਗਤਿ ਕੈਸੀ ਜਾਣੀਐ ॥
ਜਿਥੈ ਏਕੋ ਨਾਮੁ ਵਖਾਣੀਐ ॥” (ਗੁਰੂ ਗ੍ਰੰਥ ਸਾਹਿਬ ਜੀ ਅੰਗ 72)
– ਕਿਹੋ ਜਿਹੇ ਇਕੱਠ ਨੂੰ ਸਤ ਸੰਗਤ ਸਮਝਣਾ ਚਾਹੀਦਾ ਹੈ? ਜਿੱਥੇ, ਸਿਰਫ ਪਰਮਾਤਮਾ ਦਾ ਨਾਮ ਉਚਾਰਿਆ ਜਾਂਦਾ ਹੈ.
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥
ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥ (ਗੁਰੂ ਗ੍ਰੰਥ ਸਾਹਿਬ ਜੀ ਅੰਗ 951)
ਵੱਡਿਆਂ ਵਡੇਰਿਆਂ ਦੀਆਂ ਵਾਰਤਾਵਾਂ ਉਨ੍ਹਾਂ ਦੀ ਆਲ ਔਲਾਦ ਨੂੰ ਚੰਗੇ ਬੱਚੇ ਬਣਾਉਂਦੀਆਂ ਹਨ। ਉਨ੍ਹਾਂ ਵਿਚੋਂ ਜੋ ਸੱਚੇ ਗੁਰਾਂ ਨੂੰ ਚੰਗਾ ਲਗਦਾ ਹੈ ਉਸ ਨੂੰ ਉਹ ਸਵੀਕਾਰ ਕਰ ਲੈਂਦੇ ਹਨ, ਅਤੇ ਖੁਦ ਪੀ ਉਹੋ ਜੇਹੇ ਹੀ ਕੰਮ ਕਰਦੇ ਹਨ।
ਸਿਖਿਆ – ਸਾਨੂੰ ਚੰਗੇ ਗੁਣਾਂ ਦੇ ਧਾਰਨੀ ਹੋਣਾ ਚਾਹਿਦਾ ਹੈ.
Waheguru Ji Ka Khalsa Waheguru Ji Ki Fateh
— Bhull Chukk Baksh Deni Ji —