Saakhi – Baba Budha Ji
DOWNLOAD BABA BUDHA JI BIRDHAY GREETINGS
ਜੀਵਨ ਸਾਖੀ – ਬਾਬਾ ਬੁੱਢਾ ਜੀ
ਬਾਬਾ ਬੁੱਢਾ ਜੀ ਬੜੇ ਪ੍ਰਸਿੱਧ ਤੇ ਕਰਨੀ ਵਾਲੇ ਸਿੱਖ ਹੋਏ ਹਨ। ਇਨ੍ਹਾਂ ਨੇ ਸਿੱਖੀ ਦਾ ਉਪਦੇਸ਼ ਗੁਰੂ ਨਾਨਕ ਦੇਵ ਜੀ ਤੋਂ ਲਿਆ ਅਤੇ ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ। ਬਾਬਾ ਜੀ ਦਾ ਜਨਮ ਪਿੰਡ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਸੰਮਤ ੧੫੬੫ ਵਿਚ ਹੋਇਆ। ਮਾਪਿਆਂ ਨੇ ਇਨ੍ਹਾਂ ਦਾ ਨਾਂ ਬੁੜਾ ਰੱਖਿਆ। ਮਗਰੋਂ ਇਨ੍ਹਾਂ ਦੇ ਮਾਪੇ ਰਮਦਾਸ ਰਹਿਣ ਲੱਗ ਪਏ। ਜਦ ਇਹ ਬਾਰਾਂ ਕੁ ਵਰਿਆਂ ਦੇ ਹੋਏ ਤਾਂ ਗੁਰੂ ਨਾਨਕ ਦੇਵ ਜੀ ਫਿਰਦੇ-ਫਿਰਾਂਦੇ ਰਮਦਾਸ ਦੇ ਪਾਸ ਆ ਠਹਿਰੇ। ਬੂੜਾ ਜੀ ਮੱਝਾਂ ਚਾਰਦੇ ਹੁੰਦੇ ਸਨ। ਇਨ੍ਹਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ। ਇਨ੍ਹਾਂ ਨੂੰ ਗੁਰੂ ਜੀ ਬੜੇ ਪਿਆਰੇ ਲੱਗੇ। ਇਨ੍ਹਾਂ ਦੇ ਮਨ ਵਿਚ ਗੁਰੂ ਜੀ ਦੀ ਸੇਵਾ ਕਰਨ ਦਾ ਚਾਅ ਉਠਿਆ। ਉਨ੍ਹਾਂ ਲਈ ਦੁੱਧ ਤੇ ਮੱਖਣ ਲੈ ਕੇ ਬੜੇ ਪ੍ਰੇਮ ਨਾਲ ਸੇਵਾ ਵਿਚ ਹਾਜ਼ਰ ਹੋਏ।
ਗੁਰੂ ਜੀ ਨੇ ਪੁੱਛਿਆ – “ਕਾਕਾ ਤੇਰਾ ਨਾਂ ਕੀ ਹੈ? ਤੂੰ ਕੀ ਕਰਦਾ ਹੁੰਦਾ ਹੈ?”
ਬੂੜਾ – ਸੱਚੇ ਪਾਤਸ਼ਾਹ! ਮਾਪਿਆਂ ਨੇ ਮੇਰਾ ਨਾਂ ਬੂੜਾ ਰੱਖਿਆ ਹੈ। ਮੈਂ ਮੱਝੀਆਂ ਦਾ ਵਾਗੀ ਹਾਂ।”
ਗੁਰੂ ਜੀ – “ਤੂੰ ਮਨ ਵਿਚ ਕੀ ਇੱਛਿਆ ਧਾਰ ਕੇ ਸਾਡੇ ਪਾਸ ਆਇਆ ਹੈ? ਤੂੰ ਕੀ ਚਾਹੁੰਦਾ ਹੈ?”
ਬੁੜਾ – “ਜੀ, ਮੇਰੀ ਬੇਨਤੀ ਹੈ ਕਿ ਮੈਨੂੰ ਮੌਤ ਦੇ ਦੁੱਖ ਤੋਂ ਬਚਾਓ, ਇਸ ਚਰਾਸੀ ਦੇ ਗੇੜ ਵਿਚੋਂ ਕੱਢੋ ਅਤੇ ਮੁਕਤੀ ਬਖਸ਼ੋ।”
ਗੁਰੂ ਜੀ – “ਕਾਕਾ, ਤੇਰੀ ਤਾਂ ਹਾਲਾਂ ਖੇਡਣ ਮੱਲਣ ਤੇ ਖਾਣ ਹੁੰਢਾਉਣ ਦੀ ਉਮਰ ਹੈ। ਤੈਨੂੰ ਮੌਤ ਅਤੇ ਮੁਕਤੀ ਦੇ ਖਿਆਲਾਂ ਨੇ ਕਿਵੇਂ ਆ ਫੜਿਆ? ਵੱਡਾ ਹੋਵੇਂਗਾ ਤਾਂ ਇਹ ਗੱਲਾਂ ਕਰੀਂ।”
ਬੁੜਾ – “ਮਹਾਰਾਜ ਜੀ ਮੌਤ ਦਾ ਕੀ ਵਿਸਾਹ ਹੈ? ਕੀ ਪਤਾ ਕਿਸ ਵੇਲੇ ਆ ਕੇ ਨੱਪ ਲਵੇ। ਕੀ ਪਤਾ ਵੱਡਾ ਹੋਵਾਂ ਕਿ ਨਾ ਹੀ ਹੋਵਾਂ।”
ਗੁਰੂ ਜੀ – “ਤੈਨੂੰ ਇਹ ਸੋਚ ਕਿਵੇਂ ਫੁਰੀ?”
ਬੂੜਾ – “ਮਹਾਰਾਜ ਜੀ, ਕੁਝ ਚਿਰ ਹੋਇਆ, ਕੁਝ ਪਠਾਣ ਸਾਡੇ ਪਿੰਡ ਪਾਸ ਦੀ ਲੰਘੇ।ਉਹ ਬਦੋ-ਬਦੀ ਸਾਡੀਆਂ ਫਸਲਾਂ ਵੱਢ ਕੇ ਲੈ ਗਏ, ਪੱਕੀਆਂ ਵੀ, ਕੱਚੀਆਂ ਵੀ ਅਤੇ ਅੱਧ-ਪੱਕੀਆਂ ਵੀ। ਉਦੋਂ ਤੋਂ ਮੈਨੂੰ ਘੜੀ-ਮੁੜੀ ਖਿਆਲ ਆਉਂਦਾ ਰਹਿੰਦਾ ਹੈ ਕਿ ਜਿਵੇਂ ਪਠਾਣ ਕੱਚੀਆਂ, ਪੱਕੀਆਂ ਫਸਲਾਂ ਵੱਢ ਕੇ ਲੈ ਗਏ ਹਨ, ਤਿਵੇਂ ਹੀ ਮੌਤ ਵੀ ਬੱਚੇ, ਗੱਭਰੂ ਤੇ ਬੁੱਢੇ ਨੂੰ ਜਦੋਂ ਜੀਅ ਕਰੇ, ਆ ਨੱਪੇਗੀ। ਕੀ ਪਤਾ ਮੇਰੀ ਵਾਰੀ ਕਦੋਂ ਆ ਜਾਵੇ? ਇਸ ਲਈ ਮੈਂ ਮੌਤ ਤੋਂ ਡਰਦਾ ਹਾਂ। ਇਹ ਡਰ ਦੂਰ ਕਰੋ ਸੱਚੇ ਪਾਤਸ਼ਾਹ!”
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਗੁਰੂ ਜੀ ਹੱਸ ਪਏ ਤੇ ਕਹਿਣ ਲੱਗੇ, “ਤੂੰ ਬੱਚਾ ਨਹੀਂ। ਤੂੰ ਤਾਂ ਬੁੱਢਾ ਹੈਂ। ਤੂੰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ! ਤਕੜਾ ਹੋ! ਰੱਬ ਮੌਤ ਨਾਲੋਂ ਕਿਤੇ ਵੱਡਾ ਤੇ ਬਲੀ ਹੈ। ਜੇ ਤੂੰ ਰੱਬ ਦਾ ਹੋ ਜਾਵੇਂ, ਤਾਂ ਮੌਤ ਤੈਨੂੰ ਡਰਾ ਨਾ ਸਕੇਗੀ, ਉਹ ਤੈਥੋਂ ਡਰਨ ਲੱਗ ਪਵੇਗੀ, ਤੂੰ ਜਨਮ ਮਰਨ ਦੇ ਗੇੜ ਤੋਂ ਛੁਟ ਜਾਵੇਂਗਾ। ਰੱਬ ਨੂੰ ਹਰ ਵੇਲੇ ਚੇਤੇ ਰੱਖਿਆ ਕਰ, ਉਸ ਦਾ ਨਾਮ ਜਪਿਆ ਕਰ, ਉਸ ਦੇ ਪੈਦਾ ਕੀਤੇ ਜੀਵਾਂ ਨਾਲ ਪਿਆਰ ਕਰਿਆ ਕਰ, ਉਨ੍ਹਾਂ ਦੀ ਪ੍ਰੇਮ ਨਾਲ ਸੇਵਾ ਕਰਿਆ ਕਰ, ਤੇਰੇ ਸੱਭੇ ਡਰ ਤੇ ਦੁੱਖ ਦੂਰ ਹੋ ਜਾਣਗੇ। ਤੈਨੂੰ ਮੁਕਤੀ ਮਿਲ ਜਾਵੇਗੀ।”
ਓਦੋਂ ਤੋਂ ਹੀ ਬੁੜਾ ਜੀ ਦਾ ਨਾਂ “ਬਾਬਾ ਬੁੱਢਾ ਜੀ’ ਪੈ ਗਿਆ। ਬੁੱਢਾ ਜੀ ਨੇ ਸਿੱਖੀ ਧਾਰਨ ਕੀਤੀ। ਇਹ ਘਰ-ਬਾਰ ਛੱਡ ਕੇ ਗੁਰੂ ਜੀ ਦੇ ਦਰਬਾਰ ਵਿਚ ਰਹਿਣ ਲੱਗ ਪਏ। ਸਾਰਾ ਦਿਨ ਸੰਗਤਾਂ ਦੀ ਸੇਵਾ ਟਹਿਲ ਕਰਦੇ ਅਤੇ ਨਾਮ ਜਪਦੇ ਰਹਿੰਦੇ। ਇਨ੍ਹਾਂ ਨੇ ਆਪਣਾ ਜੀਵਨ ਸਿੱਖੀ ਲਈ ਨਮੂਨਾ (ਮਿਸਾਲ) ਬਣਾਇਆ। ਇਨ੍ਹਾਂ ਦਾ ਗੁਰੂਘਰ ਵਿਚ ਖਾਸ ਦਰਜਾ ਤੇ ਮਾਣ ਸੀ। ਗੁਰੂ ਨਾਨਕ ਦੇਵ ਜੀ ਇਹਨਾਂ ਉੱਪਰ ਬਹੁਤ ਹੀ ਪ੍ਰਸੰਨ ਸਨ। ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰ-ਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਉਨ੍ਹਾਂ ਨੂੰ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਪਾਸੋਂ ਲਗਵਾਇਆ। ਤੀਜੀ, ਚੌਥੀ, ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਨੂੰ ਵੀ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਨੇ ਹੀ ਲਾਇਆ। ਜ਼ਿਲ੍ਹਾ ਅੰਮ੍ਰਿਤਸਰ ਦੇ ਝਬਾਲ ਪਿੰਡ ਦੇ ਪਾਸ ਕਾਫੀ ਜਮੀਨ ਗੁਰੂ ਜੀ ਨੂੰ ਭੇਟਾ ਹੋਈ ਸੀ। ਏਥੇ ਗੁਰੂ ਸਾਹਿਬਾਂ ਦੇ ਪਸ਼ੂ ਚਰਿਆ ਕਰਦੇ ਸਨ।
ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਇਸ ਜਮੀਨ ਨੂੰ ‘ਬੀੜ’ ਆਖਦੇ ਸਨ। ਇਹ ਬਾਬਾ ਬੁੱਢਾ ਜੀ ਦੇ ਸਪੁਰਦ ਕੀਤੀ ਗਈ। ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਬੀੜ ਵਿਚ ਹੀ ਗੁਜ਼ਾਰਿਆ। ਉਹ ਘਾਹ ਖੋਤ-ਖੋਤ ਕੇ ਗੁਰੂ ਜੀ ਦੇ ਘੋੜਿਆਂ ਤੇ ਮੱਝੀਆਂ ਨੂੰ ਪਾਇਆ ਕਰਦੇ ਸਨ। ਉਹ ਆਪਣੇ ਆਪ ਨੂੰ ਗੁਰੂ ਜੀ ਦਾ ਘਾਹੀ (ਘਾਹ ਖੋਤਣ ਵਾਲਾ) ਆਖਿਆ ਕਰਦੇ ਸਨ। ਇਸ ਬੀੜ ਦਾ ਨਾਂ “ਬਾਬੇ ਦੀ ਬੀੜ” ਪੈ ਗਿਆ। ਇਥੇ ਇਸ ਨਾਂ ਦਾ ਇਤਿਹਾਸਕ ਗੁਰਦੁਆਰਾ ਸ਼ੁਸੋਭਿਤ ਹੈ। ਇਸੇ ਬੀੜ ਵਿਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ, ਬਾਬਾ ਜੀ ਦੀ ਸੇਵਾ ਵਿਚ ਹਾਜ਼ਰ ਹੋਏ ਸਨ ਅਤੇ ਆਪ ਨੇ ਉਹਨਾਂ ਨੂੰ ਪੁੱਤਰ ਦਾ ਵਰ ਬਖਸ਼ਿਆ ਸੀ।
ਸ੍ਰੀ ਅੰਮ੍ਰਿਤਸਰ ਦੇ ਸਰੋਵਰ ਅਤੇ ਸ੍ਰੀ ਦਰਬਾਰ ਸਾਹਿਬ ਦੀ ਕਾਰ-ਸੇਵਾ ਦੇ ਆਪ ਮੁੱਖ-ਪ੍ਰਬੰਧਕ ਬਣੇ। ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਉੱਤਰ-ਪੂਰਬ ਦੀ ਬਾਹੀ ਵੱਲ ਬਾਬਾ ਬੁੱਢਾ ਜੀ ਦੀ ਬੇਰੀ ਹੁਣ ਤੱਕ ਮੌਜੂਦ ਹੈ। ਇਸ ਬੇਰੀ ਹੇਠ ਬਹਿ ਕੇ ਸੰਗਤਾਂ ਪਾਸੋਂ ਉਹ ਠੀਕ ਢੰਗ ਨਾਲ ਸੇਵਾ ਕਰਵਾਇਆ ਕਰਦੇ ਸਨ ਅਤੇ ਰਾਜਾਂ ਮਜ਼ਦੂਰਾਂ ਨੂੰ ਤਨਖਾਹਾਂ ਵੰਡਿਆ ਕਰਦੇ ਸਨ। ਆਪ ਸੰਗਤਾਂ ਨੂੰ ਕਹੀਆਂ, ਟੋਕਰੀਆਂ ਅਤੇ ਹੋਰ ਲੋੜੀਂਦੀ ਵਸਤੁ ਦਿਆ ਕਰਦੇ ਸਨ ਅਤੇ ਸਾਰੇ ਕੰਮ ਦੀ ਨਿਗਰਾਨੀ ਕਰਿਆ ਕਰਦੇ ਸਨ।
ਆਪ ਦਾ ਗੁਰੂ-ਘਰ ਵਿਚ ਬਹੁਤ ਮਾਣ ਸੀ। ਗੁਰੂ ਅਰਜਨ ਦੇਵ ਜੀ ਨੇ ਆਪਣੇ ਸਾਹਿਬਜ਼ਾਦੇ ਸ੍ਰੀ ਹਰਿਗੋਬਿੰਦ ਸਾਹਿਬ ਦੀ ਪੜਾਈ ਸਿਖਲਾਈ ਦਾ ਕੰਮ ਆਪ ਦੇ ਹੀ ਸਪੁਰਦ ਕੀਤਾ। ਇਹਨਾਂ ਨੇ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਗੁਰਮੁਖੀ ਤੇ ਗੁਰਬਾਣੀ ਪੜ੍ਹਾਈ ਅਤੇ ਨਾਲ ਹੀ ਘੋੜੇ ਦੀ ਸਵਾਰੀ, ਸ਼ਸਤਰਾਂ ਦੀ ਵਰਤੋਂ, ਕੁਸ਼ਤੀ ਅਤੇ ਹੋਰ ਸਰੀਰਕ ਸਿਖਲਾਈ ਭੀ ਕਰਾਈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦੂਜੇ ਸਾਹਿਬਜ਼ਾਦਿਆਂ ਨੂੰ ਵੀ ਬਾਬਾ ਜੀ ਨੇ ਹੀ ਸਿਖਲਾਈ ਪੜ੍ਹਾਈ ਕਰਾਈ। ਜਦੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਾ ਕੇ ਉਸ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਵਿਚ ਕੀਤਾ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ ਨਿਯਤ ਕੀਤਾ। ਬਾਬਾ ਬੁੱਢਾ ਜੀ ਸਵਾ ਕੁ ਸੌ ਵਰ੍ਹੇ ਦੀ ਉਮਰ ਭੋਗ ਕੇ ਸੰਮਤ ੧੬੮੮ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ, ਪਿੰਡ ਰਮਦਾਸ ਵਿਚ ਅਕਾਲ ਚਲਾਣਾਂ ਕਰ ਗਏ। ਗੁਰੂ ਜੀ ਨੇ ਬਾਬਾ ਜੀ ਦਾ ਸਸਕਾਰ ਆਪਣੀ ਹੱਥੀਂ ਕੀਤਾ। ਸਸਕਾਰ ਵਾਲੀ ਥਾਂ ਇਕ ਸੁੰਦਰ ਗੁਰੂਘਰ “ਸੱਚਖੰਡ” ਸ਼ੁਸੋਭਿਤ ਹੈ। ਇਹ ਇਤਿਹਾਸਕ ਗੁਰਦੁਆਰਾ ਹੈ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਅਨਮੋਲ ਵਚਨ ਪੜ੍ਹਨ ਲਈ ਐਥੇ ਕਲਿਕ ਕਰੋ ਜੀ