Saakhi – Baba Atal Rai Ji
ਬਾਬਾ ਅਟੱਲ ਰਾਇ ਜੀ
ਇਕ ਵਾਰ ਬਾਬਾ ਅਟੱਲ ਰਾਇ ਅਤੇ ਗੁਰੂ ਤੇਗ਼ ਬਹਾਦਰ ਜੀ ਆਪਣੇ ਹਾਣੀਆਂ ਨਾਲ ਖਿੱਦੋ-ਖੂੰਡੀ ਖੇਡ ਰਹੇ ਸਨ। ਜਿਸ ਦੀ ਵਾਰੀ ਆਉਂਦੀ ਉਸ ਨੂੰ ਆਪਣੀ ਵਾਰੀ ਦੇਣੀ ਹੀ ਪੈਂਦੀ ਸੀ। ਇਕ ਦਿਨ ਰਾਤ ਪੈ ਗਈ ਤੇ ਹਨੇਰਾ ਹੋਣ ਕਰਕੇ ਖੇਡ ਬੰਦ ਕਰਨੀ ਪਈ। ਪਰ ਮੀਟੀ ਮੋਹਣ ਨਾਂ ਦੇ ਇਕ ਬਾਲਕ ਦੇ ਸਿਰ ਰਹਿ ਗਈ। ਅਗਲੇ ਦਿਨ ਦੋਵੇਂ ਭਰਾ ਅਤੇ ਹੋਰ ਬੱਚੇ ਮੋਹਣ ਦੇ ਘਰ ਗਏ ਕਿ ਉਹ ਆ ਕੇ ਉਸ ਦੇ ਸਿਰ ਆਈ ਮੀਟੀ ਦੇਵੇ। ਸਾਰੇ ਬੱਚਿਆਂ ਦਾ ਖ਼ਿਆਲ ਸੀ ਕਿ ਮੋਹਣ ਮੀਟੀ ਤੋਂ ਡਰਦਾ ਖੇਡਣ ਨਹੀਂ ਆਇਆ।
ਜਦ ਸਾਰੇ ਹਾਣੀ ਇਕੱਠੇ ਹੋ ਕੇ ਉਸ ਬਾਲਕ ਦੇ ਘਰ ਗਏ ਤਾਂ ਆਪ ਨੂੰ ਪਤਾ ਲੱਗਾ ਕਿ ਮੋਹਣ ਦੀ ਸੱਪ ਲੜ ਜਾਣ ਕਾਰਨ ਮੌਤ ਹੋ ਗਈ ਹੈ। ਲੋਕ ਇਕੱਠੇ ਹੋਏ ਸੀ ਅਤੇ ਉਸਦੇ ਮਾਂ-ਬਾਪ ਵਿਰਲਾਪ ਕਰ ਰਹੇ ਸਨ। ਪਰ ਬਾਬਾ ਅਟੱਲ ਨੇ ਉਨ੍ਹਾਂ ਦੇ ਵਰਲਾਪ ਦੀ ਪ੍ਰਵਾਹ ਨਾ ਕੀਤੀ ਅਤੇ ਕਹਿਣ ਲੱਗੇ, ‘ਇਹ ਜਾਣ-ਬੁੱਝ ਕੇ ਘੇਸ ਮਾਰ ਕੇ ਪਿਆ ਹੈ ਤਾਂਕਿ ਮੀਟੀ ਨਾ ਦੇਣੀ ਪਵੇ। ਮੈਂ ਹੁਣੇ ਹੀ ਇਸਨੂੰ ਸੋਟੀ ਮਾਰ ਕੇ ਦੱਸਦਾ ਹਾਂ ਕਿ ਘੇਸ ਕਿਵੇਂ ਮਾਰੀ ਜਾਂਦੀ ਹੈ।’ ਬਾਬਾ ਅਟੱਲ ਰਾਇ ਨੇ ਸੋਟੀ ਫੜ ਕੇ ਜਦ ਮੋਹਣ ਨੂੰ ਜ਼ੋਰ ਨਾਲ ਹਿਲਾਇਆ ਤਾਂ ਉਹ ਉੱਠ ਕੇ ਬੈਠ ਗਿਆ। ਫਿਰ ਸਾਰੇ ਤਾੜੀਆਂ ਮਾਰ ਕੇ ਹੱਸਣ ਲੱਗੇ ਅਤੇ ਕਹਿਣ ਲੱਗੇ, ‘ਬੱਚੂ ਇਹ ਬਹਾਨੇ ਬਾਜ਼ੀ ਨਹੀਂ ਚਲਣੀ, ਉੱਠ ਅਤੇ ਆਪਣੀ ਰਾਤ ਵਾਲੀ ਮੀਟੀ ਦੇਵੋ। ਮੋਹਣ ਉੱਠ ਕੇ ਬਾਹਰ ਆ ਗਿਆ ਅਤੇ ਸਾਰੇ ਬੱਚੇ ਫਿਰ ਖੇਡਣ ਲੱਗ ਪਏ।’
ਪਰ ਮੋਹਣ ਦੇ ਮਾਂ-ਬਾਪ ਅਤੇ ਗਲੀ ਮੁਹੱਲੇ ਦੇ ਲੋਕ ਜਾਣਦੇ ਸਨ ਕਿ ਮੋਹਣ ਮਰ ਚੁਕਾ ਸੀ ਅਤੇ ਬਾਬੇ ਅਟੱਲ ਰਾਇ ਨੇ ਇਸ ਨੂੰ ਆਪਣੀ ਸ਼ਕਤੀ ਨਾਲ ਜ਼ਿੰਦਾ ਕੀਤਾ ਹੈ। ਇਸ ਲਈ ਇਹ ਖ਼ਬਰ ਹੌਲੀ ਹੋਲੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਾਸ ਵੀ ਪਹੁੰਚ ਗਈ। ਸੱਚੇ ਪਾਤਸ਼ਾਹ ਆਪ ਜਾਣੀਜਾਣ ਸਨ, ਉਨ੍ਹਾਂ ਨੂੰ ਇਹ ਪਤਾ ਸੀ ਕਿ ਬਾਬਾ ਅਟੱਲ ਰਾਇ ਹਰ ਪ੍ਰਕਾਰ ਦੀ ਕਰਾਮਾਤ ਦਾ ਮਾਲਕ ਸੀ। ਉਸ ਦੀ ਸਮਾਧੀ ਤਾਂ ਪੰਘੂੜੇ ਵਿਚ ਹੀ ਲੱਗੀ ਰਹਿੰਦੀ ਸੀ। ਉਨ੍ਹਾਂ ਨੇ ਅਜਿਹੀ ਘਟਨਾ ਨੂੰ ਠੀਕ ਨਾ ਸਮਝਿਆ, ਕਿਉਂਕਿ ਮਹਾਂਪੁਰਖ ਕਦੇ ਕਰਾਮਾਤਾਂ ਨਹੀਂ ਵਿਖਾਉਂਦੇ।
ਕਰਾਮਾਤ ਕਹਿਰ ਦਾ ਨਾਂ ਹੈ। ਇਕ ਸੱਚੇ ਸਿੱਖ ਦਾ ਧਰਮ ਹੈ ਕਿ ਉਹ ਰਿਧੀਆਂ ਸਿਧੀਆਂ ‘ਤੇ ਭਰੋਸਾ ਨਾ ਕਰੇ। ਉਹ ਸਮਝਦੇ ਸਨ ਕਿ ਉਸ ਘਟਨਾ ਦਾ ਜੋ ਲੋਕਾਂ ਨੂੰ ਪਤਾ ਲੱਗਾ ਤਾਂ ਜਦ ਵੀ ਕੋਈ ਮਰੇਗਾ ਤਾਂ ਉਨ੍ਹਾਂ ਦੇ ਘਰ ਵਾਲੇ ਲਾਸ਼ ਚੁੱਕ ਕੇ ਬਾਬੇ ਅਟੱਲ ਰਾਇ ਪਾਸ ਲੈ ਆਇਆ ਕਰਨਗੇ ਕਿ ਇਸ ਨੂੰ ਜ਼ਿੰਦਾ ਕਰ ਦੇਵੇ। ਇਸ ਤੱਥ ਨੂੰ ਮੁੱਖ ਰੱਖਕੇ ਉਨ੍ਹਾਂ ਬਾਲਕ ਅਟੱਲ ਰਾਇ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ, “ਪੁੱਤਰ ਤੂੰ ਅੱਜ ਕਿਵੇਂ ਪ੍ਰਭੂ ਦਾ ਸ਼ਰੀਕ ਬਣ ਗਿਆ ਹੈਂ ? ਇਹ ਕੰਮ ਪ੍ਰਭੂ ਦਾ ਹੈ ਕਿ ਉਹ ਕਿਸੇ ਨੂੰ ਮਾਰੇ ਜਾਂ ਜ਼ਿੰਦਾ ਕਰੇ। ਤੂੰ ਇਹ ਚੰਗਾ ਕੰਮ ਨਹੀਂ ਕੀਤਾ। ਪ੍ਰਭੂ ਅਜਿਹੇ ਕਾਰਨਾਮਿਆਂ ਉੱਤੇ ਖੁਸ਼ ਨਹੀਂ ਹੁੰਦਾ।”
ਬਾਬਾ ਅਟੱਲ ਰਾਇ ਚੁੱਪ ਰਹੇ, ਪਰ ਆਪਣੇ ਪਿਤਾ ਦੀ ਗੱਲ ਸੁਣ ਕੇ ਬਹੁਤ ਸ਼ਰਮਸਾਰ ਹੋਏ। ਉਨ੍ਹਾਂ ਇਹ ਮਨ ਬਣਾ ਲਿਆ ਕਿ ਹੁਣ ਉਨ੍ਹਾਂ ਦਾ ਇਸ ਦੁਨੀਆਂ ਵਿਚ ਰਹਿਣਾ ਯੋਗ ਨਹੀਂ ਹੋਵੇਗਾ। ਇਸ ਲਈ ਉਨ੍ਹਾਂ ਉਸੇ ਸਮੇਂ ਸਮਾਧੀ ਲਾ ਕੇ ਆਪਣੇ ਪ੍ਰਾਣ ਤਿਆਗ ਦਿੱਤੇ। ਜਦ ਸੰਗਤ ਨੇ ਉਨ੍ਹਾਂ ਨੂੰ ਵੇਖਿਆ, ਟੋਹਿਆ ਅਤੇ ਹਿਲਾਇਆ ਤਾਂ ਸਭ ਹੈਰਾਨ ਰਹਿ ਗਏ ਕਿ ਬਾਬਾ ਅਟੱਲ ਰਾਇ ਸੰਸਾਰ ਛੱਡ ਕੇ ਚਲੇ ਗਏ ਸਨ।
ਗੁਰੂ ਹਰਿਗੋਬਿੰਦ ਸਾਹਿਬ ਤਾਂ ਪਹਿਲਾਂ ਹੀ ਜਾਣ ਗਏ ਸਨ। ਉਨ੍ਹਾਂ ਆਪਣੇ ਹੱਥੀਂ ਬੱਚੇ ਦਾ ਸਸਕਾਰ ਕੀਤਾ ਅਤੇ ਲੋਕਾਂ ਨੂੰ ਧੀਰਜ ਦਿੱਤਾ ਕਿ ਉਹ ਇਸ ਬਾਰੇ ਦੁਖੀ ਨਾ ਹੋਣ। ਉਨ੍ਹਾਂ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਮਨੁੱਖ ਦੀ ਜ਼ਿੰਦਗੀ ਅਤੇ ਮੌਤ ਪ੍ਰਭੂ ਦੇ ਹੱਥ ਹੈ। ਉਸ ਦੀ ਮਰਜ਼ੀ ਅਤੇ ? ਰਜ਼ਾ ਵਿਚ ਹੀ ਸਭ ਕੁਝ ਹੋ ਰਿਹਾ ਹੈ, ਇਸ ਲਈ ਸਾਨੂੰ ਕਿਸੇ ਦੇ ਜਨਮ ਉਤੇ ਨਾ ਖੁਸ਼ ਹੀ ਹੋਣਾ ਚਾਹੀਦਾ ਹੈ ਅਤੇ ਨਾ ਮੌਤ ਉਤੇ ਗ਼ਮ ਕਰਨਾ ਚਾਹੀਦਾ ਹੈ।
ਸਿੱਖਿਆ – ਸਾਨੂੰ ਵਾਹਿਗੁਰੂ ਦੇ ਭਾਣੇ ਵਿੱਚ ਰਾਜੀ ਰਹਿਣਾ ਚਾਹਿਦਾ ਹੈ ਫਿਰ ਭਾਂਵੇਂ ਦੁੱਖ ਹੋਵੇ ਜਾਂ ਸੁੱਖ।

Waheguru Ji Ka Khalsa Waheguru Ji Ki Fateh
– Bhull Chukk Baksh Deni Ji –