Saakhi – Akirtghan Painde Kha
ਸਾਖੀ – ਅਕ੍ਰਿਤਘਣ ਪੈਂਦੇ ਖ਼ਾਂ
ਤੁਸੀਂ ਇਕ ਨਾਂ ਸੁਣਿਆ ਹੋਵੇਗਾ, ਪੈਂਦੇ ਖਾਂ। ਲਾਵਾਰਿਸ ਸੀ, ਛੇਵੇਂ ਪਾਤਸ਼ਾਹ ਨੇ ਪਾਲਿਆ, ਵੱਡਾ ਕੀਤਾ।
ਮੱਤ ਤੇ ਪਰਦਾ ਪੈ ਗਿਆ, ਦੁਸ਼ਮਣਾਂ ਨਾਲ ਰਲ ਗਿਆ। ਉਹ ਮੁਗ਼ਲ ਫ਼ੌਜਾਂ ਨਾਲ ਰਲ ਕੇ ਛੇਵੇਂ ਪਾਤਸ਼ਾਹ ਦੇ ਸਨਮੁਖ ਜੰਗ ਕਰਨ ਆ ਗਿਆ।
ਇਸ ਨੂੰ ਕਹਿੰਦੇ ਨੇ ਅਕ੍ਰਿਤਘਣ।
ਜਿਥੇ ਵੱਡਾ ਹੋਇਆ, ਖਾਧਾ, ਉਨ੍ਹਾਂ ਦੇ ਹੀ ਸਾਹਮਣੇ ਆ ਗਿਆ ਲੜਨ।
ਤੇ ਸਾਹਮਣੇ ਖੜਾ ਹੋ ਆਖਦਾ ਹੈ, ਤੁਸੀਂ ਮੈਨੂੰ ਸਾਰੇ ਦਾਅਪੇਚ ਸਿਖਾਏ ਨੇ, ਮੈਂ ਤੁਹਾਡੇ ਸਾਰੇ ਦਾਅ-ਪੇਚ ਜਾਣਦਾ ਹਾਂ, ਮੇਰੇ ‘ਤੇ ਕਿਹੜਾ ਚਲਾਉਗੇ? ਇਕ-ਦੋ ਵਾਰ ਹੋਏ, ਕੁਝ ਇਧਰੋਂ, ਕੁਝ ਓਧਰੋਂ।
ਇਕ ਐਸਾ ਵਾਰ ਹੋਇਆ, ਪੈਂਦੇ ਖਾਂ ਲਹੂ ਨਾਲ ਲੱਥਪੱਥ ਧੜੱਮ ਕਰ ਕੇ ਜਦੋਂ ਧਰਤੀ ‘ਤੇ ਡਿੱਗਾ, ਦੁਪਹਿਰ ਦਾ ਕੋਈ ਇਕ-ਡੇਢ ਵਜੇ ਦਾ ਸਮਾਂ ਸੀ, ਸੂਰਜ ਦੀਆਂ ਤੇਜ਼ ਕਿਰਨਾਂ ਪੈ ਰਹੀਆਂ ਸਨ, ਜਦੋਂ ਪੈਂਦੇ ਖਾਂ ਡਿੱਗਾ ਤੇ ਛੇਵੇਂ ਪਾਤਸ਼ਾਹ, ਇਕ ਗੋਡਾ ਥੱਲੇ ਤੇ ਇਕ ਉੱਤੇ ਕਰਕੇ, ਪੈਂਦੇ ਖਾਂ ਦੇ ਕੋਲ ਬੈਠ ਗਏ, ਪੈਂਦੇ ਖਾਂ ਨੂੰ ਆਪਣੀ ਗੋਦੀ ਵਿਚ ਲੈ ਲਿਆ, ਆਪਣੀ ਢਾਲ ਦੇ ਨਾਲ ਉਸ ਉੱਤੇ ਛਾਂ ਕੀਤੀ, ਕਿਉਂਕਿ ਧੁੱਪ ਬੜੀ ਤੇਜ਼ ਪੈ ਰਹੀ ਹੈ। ਜਦੋਂ ਕੋਲ ਹੋਏ ਤੇ ਮੱਥਾ ਪੜ੍ਹ ਲਿਆ।
ਕਹਿੰਦੇ, ”ਹੈ ਤੇ ਅਕ੍ਰਿਤਘਣ, ਗੁਰੂ-ਘਰ ‘ਚ ਵੱਡਾ ਹੋਇਆ, ਪਲਿਆ ਤੇ ਗੁਰੂ-ਘਰ ਨਾਲ ਹੀ ਲੜਨ ਆ ਗਿਆ।”
ਕਹਿੰਦੇ, ਪੈਂਦੇ ਖਾਂ! ਤੇਰਾ ਮੱਥਾ ਪੜ੍ਹਿਆ ਹੈ, ਤੇਰਾ ਸਮਾਂ ਥੋੜ੍ਹਾ ਰਹਿ ਗਿਆ ਹੈ, ਚੰਦ ਸੁਆਸ ਬਾਕੀ ਨੇ, ਕਲਮਾ ਪੜ੍ਹ, ਦਰਗਾਹ ਨੂੰ ਜਾਵੇਂ!
ਪੈਂਦੇ ਖਾਂ ਨੂੰ ਮਹਿਸੂਸ ਹੋਇਆ ਮੈਂ ਗ਼ਲਤੀ ਕੀਤੀ ਹੈ। ਸ਼ਰਧਾ ਆ ਗਈ।
ਜਦ ਸਤਿਗੁਰੂ ਜੀ ਨੂੰ ਦੇਖਿਆ ਕਿ ਮੈਨੂੰ ਗੋਦੀ ਵਿਚ ਲਿਆ ਤੇ ਕਲਮਾਂ ਪੜ੍ਹਨ ਵਾਸਤੇ ਕਹਿ ਰਹੇ ਹਨ।
ਕਹਿੰਦਾ, ਸਤਿਗੁਰੂ! ਕਲਮਾਂ ਕਿਸ ਦਾ ਪੜ੍ਹਾਂ, ਤੇਰੇ ਦਰਸ਼ਨ ਹੀ ਮੇਰੀਆਂ ਕਲਮਾਂ ਨੇ, ਸ਼ਰਧਾ ਆ ਗਈ ਕਿ ਜਿਸ ਦਾ ਕਲਮਾਂ ਪੜ੍ਹਨਾ ਹੈ ਉਹ ਤੂੰ ਹੀ ਤੇ ਹੈਂ।
ਕਿੰਨੇ ਕੁ ਸੁਆਸ ਬਾਕੀ ਹੋਣਗੇ? ਸ਼ਰਧਾ ਆ ਗਈ, ਕਲਮਾਂ ਕਿਸ ਦਾ ਪੜ੍ਹਾਂ? ਤੂੰ ਆਪ ਹੀ ਤੇ ਅੱਲ੍ਹਾ ਦਾ ਰੂਪ ਧਰਤੀ ‘ਤੇ ਆਇਆ ਹੈਂ!
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਖੀਰਲੇ ਸੁਆਸਾਂ ਵਿਚ ਉਸ ਪੈਂਦੇ ਖਾਂ ਨੂੰ ਬਖਸ਼ਿਆ।
ਸਤਿਗੁਰੂ ਕਹਿੰਦੇ, ”ਅਖੀਰਲੇ ਸੁਆਸਾਂ ਵਿਚ ਸ਼ਰਧਾ ਆ ਗਈ, ਪਰਵਾਨ ਹੋ ਗਿਆ।”
ਸਿੱਖਿਆ : ਵੱਡੇ ਤੋਂ ਵੱਡਾ ਅਕ੍ਰਿਤਘਣ ਵੀ ਜੇ ਗੁਰੂ ਚਰਨਾਂ ਵਿਚ ਢਹਿ ਪਵੇ ਤਾਂ ਉਹ ਵੀ ਬਖਸ਼ਿਆ ਜਾਂਦਾ ਹੈ। ਗੁਰੂ ਨਾਨਕ ਦੇ ਘਰ ਦਾ ਐਸਾ ਬਿਰਦ ਹੈ।
Waheguru Ji Ka Khalsa Waheguru Ji Ki Fateh
— Bhull Chukk Baksh Deni Ji —