ਖਾਲਸੇ ਦੇ ਗੜਗੱਜ ਬੋਲੇ
The Martial Language of Nihangs
Khalse De Bole

ਖਾਲਸੇ ਦੇ ਗੜਗੱਜ ਬੋਲੇ (The Martial Language of Nihangs)
Khalse De Bole – Like many nomadic communities, the Nihang Singhs have through the centuries developed a distinguishable dialect. This language is historically known as GarrGaj Bole (‘TheThundering Language’) of the Khalsa. It combines a mixture of Punjabi, Hindi, Persian and other dialects used in the various regions of Punjab. Bolay , words which form part of the Nihang dialect, historically served militaristic and psychological purposes.

ਖਾਲਸੇ ਦੇ ਗੜਗੱਜ ਬੋਲੇ

ਸਿਖ ਚਰਿਤ੍ਰ ਦਾ ਮੁਖ ਲੱਛਣ-ਚੜਦੀ ਕਲਾ ਤੇ ਸਰਬਤ ਦਾ ਭਲਾ ਹੈ। ਗੁਰਸਿਖ ਦਾ ਕਿਰਦਾਰ ਦੁਖ ਸੁਖ ਨੂੰ ਇਕਸਾਰ ਮੰਨਕੇ ਤਿਆਰ ਬਰਤਿਆਰ ਰਹਿਣਾ ਹੈ, ਉਸ ਲਈ ਜਿੱਤ ਹਾਰ ਅਤੇ ਪਤਝੜ ਤੇ ਬਹਾਰ ਇਕ ਬਰਾਬਰ ਹੈ, ਉਹ ਦੁਖ ਵਿਚ ਸੁਖ ਮਨਾਉਂਦਾ ਹੋਇਆ ਸਭ ਦਾ ਭਲਾ ਕਮਾਉਂਦਾ ਹੈ । ਇਸ ਤਰਾਂ ਸੱਚੇ ਸਿਖ ਦਾ ਵਤੀਰਾ ਸਦਾ ਚੜਦੀਆਂ ਕਲਾਂ ਵਾਲਾ ਹੁੰਦਾ ਹੈ ਉਹ ਕਦੀ ਭੈਭੀਤ ਨਹੀਂ ਹੁੰਦਾ, ਡੋਲਦਾ ਨਹੀਂ । ਉਹ ਕਦੀ ਇਕੱਲਾ ਨਹੀਂ ਹੁੰਦਾ, ਸਵਾ ਲੱਖ ਕਹਾਉਂਦਾ ਹੈ, ਜੇ ਕਦੀ ਇਕੱਲਾ ਵੀ ਵਿਚਰੇ ਤਾਂ ਫੌਜਾਂ ਆਈਆਂ ਫੁਰਮਾਉਂਦਾ ਹੈ। ਜੇ ਉਹ ਜ਼ਿੰਦਗੀ ਦਾ ਸਫਰ ਮੁਕਾ ਕੇ ਇਥੋਂ ਵਿਦਾਇਗੀ ਪਾਉਂਦਾ ਹੈ ਤਾਂ ਉਸਨੂੰ ‘ਫਤਿਹ ਗਜਾਉਂਦਾ’ ਜਾਂ ‘ਚੜਾਈ ਕਰਦਾ’ ਹੀ ਦਸਿਆ ਜਾਂਦਾ ਹੈ ।

ਖਾਲਸੇ ਦੇ ਗੜਗੱਜ ਬੋਲੇ ਇਸੇ ਬਿਰਤੀ ਦੇ ਸੂਚਕ ਹਨ । ਖੁਸ਼ੀ ਨੂੰ ਖੁਸ਼ਾ, ਹੋਲੀ ਨੂੰ ਹੋਲਾ ਤੇ ਬੋਲੀ ਨੂੰ ਬੋਲਾ ਕਹਿਣਾ ਉਨਾਂ ਦੇ ਸੁਭਾਵਕ ਬਚਨ-ਬਿਲਾਸ ਦਾ ਅੰਗ ਹੈ । ਖਾਲਸਈ ਬੋਲਿਆਂ (Sikh Warriors Code Words) ਦਾ ਜਨਮ-ਕਾਲ ਅਠਾਰਵੀਂ ਸਦੀ ਦਾ ਓਹੁ ਭਿਅੰਕਰ ਸਮਾ ਹੈ ਜਦੋਂ ਦਿਲੀ ਦੀ ਮੁਗਲ ਸਰਕਾਰ ਸਿੱਖਾਂ ਦਾ ਹਰ ਤਰਾਂ ਸ਼ਿਕਾਰ ਕਰਨ ਉਤੇ ਤੁਲੀ ਹੋਈ ਸੀ । ਸਿਖ, ਨਗਰਾਂ ਬਸਤੀਆਂ ਵਿਚ ਨਹੀਂ ਸੀ ਰਹਿ ਸਕਦੇ ਕਿਉਂਕਿ ਉਨ੍ਹਾਂ ਦੇ ਇਨਕਲਾਬੀ ਵਿਚਾਰ ਤੇ ਅਮਲ ਸਰਕਾਰ ਲਈ ਅਸਹਿ ਸਨ ਤੇ ਸਰਕਾਰੀ ਨਜ਼ਰਾਂ ਵਿਚ ਉਹ ਇਕ ਪ੍ਰਕਾਰ ਦੇ ਭਾਰੀ ਮੁਜਰਮ ਤੇ ਅਤਿਵਾਦੀ ਸਨ ।

ਅਤਵਾਦੀ ਉਹ ਹੁੰਦਾ ਹੈ ਜੋ ਸਥਾਪਤ ਰਾਜ ਪ੍ਰਬੰਧ ਨੂੰ ਸ਼ਸਤ ਲੈਕੇ ਵੰਗਾਰਦਾ ਤੇ ਹੇਠਲੀ ਉਤੇ ਕਰਨ ਦਾ ਨਿਸਚਾ ਧਾਰਦਾ ਹੈ । ਜੇ ਉਹ ਕਾਮਯਾਬ ਹੋ ਜਾਵੇ ਤੇ ਰਾਜ ਭਾਗ ਦੀ ਵਾਗ ਡੋਰ ਹਥਿਆ ਲਵੇ ਤਾਂ ਉਹ ਕ੍ਰਾਂਤੀਕਾਰੀ ਤੇ ਸੱਚਾ ਦੇਸ਼ ਭਗਤ ਕਹਾਉਂਦਾ ਹੈ । ਨਹੀਂ ਤਾਂ ਉਸਨੂੰ ‘ਅਤਵਾਦੀ’ ਜਾਂ ਉੱਗਰਵਾਦੀ ਕਹਿਕੇ ਹੀ ਭੰਡਿਆ ਜਾਂਦਾ ਹੈ ।

ਇਸ ਲਈ ਸਿੰਘਾ ਦੇ ਰਹਿਣ ਲਈ ਪੰਜਾਬ ਦੇ ਘਣੇ ਜੰਗਲ, ਪਹਾੜ ਜਾਂ ਮਾਲਵੇ ਦਾ ਮਾਰੂਥਲ ਦੀ ਹੀ ਸੀ । ਅਜੇਹੀਆਂ ਮੁਸੀਬਤਾਂ ਦੇ ਜ਼ਮਾਨੇ ਤੇ ਅਜੇਹੇ ਘਰ ਜੰਗਲਾਂ ਵਿਚ ਹੀ ਸੰਗ੍ਰਾਮੀਆਂ ਦੀ ਜ਼ਬਾਨ ਤੋਂ ਖਾਲਸੇ ਦੇ ਗੜਗੱਜ ਬੋਲਿਆਂ ਦਾ ਜਨਮ ਹੋਇਆ । ਸਿੰਘਾ ਪਾਸ ਸਾਧਾਰਣ ਰਹਿਣੀ ਬਹਿਣੀ ਤੇ ਖਾਣ ਪੀਣ ਦੇ ਮਾਮੂਲੀ ਸਾਧਨਾਂ ਦਾ ਵੀ ਅਭਾਵ ਸੀ । ਜੋ ਕੁਝ ਵੀ ਮਿਲਦਾ ਸੀ ਉਹ ਉਸੇ ਨੂੰ ਸਬਰ ਸੰਤੋਖ ਨਾਲ ਵਰਤਦੇ ਤੇ ਉਸਨੂੰ ਵੱਡਾ ਕਰਕੇ ਸੱਦਦੇ ਸਨ । ਉਸ ਸਮੇਂ ਦੇ ਪਠਾਣ ਹਮਲਾਵਰ ਬਦਾਮਾਂ ਤੇ ਸੌਗੀਆਂ ਨਾਲ ਜੇਬਾਂ ਭਰੀ ਫਿਰਦੇ ਸਨ ਪਰ ਸਿੱਖਾਂ ਨੂੰ ਇਹ ਮੇਵੈ ਕਿਥੋਂ ਹਾਂਸਲ ਸਨ । ਉਹ ਛੋਲਿਆਂ ਨੂੰ ਹੀ ਬਦਾਮ ਕਹਿਕੇ ਤਸੱਲੀ ਕਰ ਲੈਂਦੇ ਤੇ ਹਰਾ ਛੋਲਿਆ ਜਾਂ ਭੁੰਨੀਆਂ ਹੋਲਾਂ ਹੀ ਉਨਾਂ ਲਈ ਸੌਗੀ ਸਨ।

ਗੁਰਬਾਣੀ ਰਿੰਗਟੋਨਾਂ ਡਾਉਨਲੋਡ ਕਰੋ

ਇਨ੍ਹਾਂ ਸੰਕੇਤਾਂ ਦਾ ਇਕ ਮੰਤਵ ਇਹ ਵੀ ਸੀ ਕਿ ਦੁਸ਼ਮਨ ਨੂੰ ਗੱਲ ਦਾ ਪਤਾ ਨਾ ਲਗ ਸਕੇ ਅਤੇ ਦੂਜਾ ਹਰ ਇਨਕਲਾਬੀ ਸਿੱਖ ਦੀ ਸੁਰਤਿ ਉੱਚੀ ਸੁੱਚੀ ਰਹੇ ਤੇ ਓਹ ਕਦੇ ਹੀਣ ਭਾਵ ਦਾ ਸ਼ਿਕਾਰ ਨਾ ਹੋਵੇ । ਹਾਲਾਕਿ ਇਹ ਖਾਲਸਾਈ ਭਾਸ਼ਾ (ਨਿਹੰਗ ਬੋਲੇ) ਭਾਵੇਂ ਪੰਜਾਬੀ ਤੋ ਹੀ ਪੈਦਾ ਹੋਈ ਸੀ ਪਰ ਖਾਲਸੇ ਤੋ ਅਲਾਵਾ ਹਰ ਆਦਮੀ ਇਸ ਨੂੰ ਸਮਝ ਨਹੀਂ ਸੀ ਸਕਦਾ ।

ਨਿਹੰਗ ਸ਼ਬਦ ਕਾਫੀ ਪੁਰਾਤਨ ਹੈ ਜਿਸਦਾ ਅਰਥ ਹੈ-ਨਿਧੜਕ, ਨਿਰਭੈ, ਵਰਿਆਮ ਜੋਧਾ । ਗੁਰਬਾਣੀ ਵਿਚ ਪੰਚਮ ਪਾਤਸ਼ਾਹ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਵਿੱਚ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਹੈ । ਸਿੱਖ ਪੰਥ ਦੇ ਨਿਹੰਗ ਸਿੰਘ, ਬਿਹੰਗਮ ਵਿਚਰਦੇ, ਨੀਲਾ ਬਾਣਾ ਪਹਿਨਦੇ ਤੇ ਸਦਾ ਸ਼ਸਤ੍ਰ ਸਜਾ ਕੇ ਰਖਦੇ ਹਨ । ਕਿਸੇ ਸਮੇਂ ਸਾਰੀ ਸਿੱਖ ਹੀ, ਕੀ ਘਰਬਾਰੀ ਤੇ ਕੀ ਬਿਰਕਤ-ਸਭੇ ਲਗਭਗ ਬੰਨਵਾਸੀ ਸਨ ਤੇ ਸਭ ਦਾ ਬਾਣਾ ਵੀ ਨੀਲਾ ਹੀ ਹੁੰਦਾ ਸੀ ।

ਧਾਰਮਿਕ ਮੋਬਾਇਲ ਵਾਲਪੇਪਰ ਡਾਉਨਲੋਡ ਕਰੋ

ਅਜ ਕੱਲ ਕੇਵਲ ਨਿਹੰਗ ਹੀ ਨੀਲੰਬਰਧਾਰੀ ਹਨ ਤੇ ਉਪਰੋਕਤ ਖਾਲਸਈ ਬੋਲੇ ਵੀ ਵਧੇਰੇ ਇਹੋ ਹੀ ਵਰਤੋਂ ਵਿਚ ਲਿਆਉਂਦੇ ਹਨ । ਇਉਂ ਜਾਪਦਾ ਹੈ ਜਿਵੇਂ ਕਿ ਇਸ ਜਥੇ ਨੇ ਪੁਰਾਤਨ ਸਿੰਘ ਰਹੁਰੀਤ ਤੇ ਪਰੰਪਰਾ ਨੂੰ ਜਿਵੇਂ ਕਿਵੇਂ ਕੁਝ ਹਦ ਤਕ ਕਾਇਮ ਰਖਿਆ ਹੋਇਆ ਹੈ । ਇਹ ਠੀਕ ਹੈ ਕਿ ਬਹੁਤ ਸਾਰੇ ਬੱਲੇ ਲੋਪ ਹੋ ਗਏ ਹਨ ਪਰ ਜਿਤਨੇ ਕਿ ਬਾਕੀ ਹਨ, ਉਹ ਵੀ ਨਿਹੰਗ ਸਿੰਘ ਦੀ ਬੋਲ ਬਾਣੀ ਕਰਕੇ ਹੀ ਕਾਇਮ ਦਾਇਮ ਹਨ । ਇਹੋ ਇਸ ਭਾਸ਼ਾ ਦੇ ਰਖਵਾਲੇ ਤੇ ਭੰਡਾਰੀ ਹਨ ।

ਇਨ੍ਹਾਂ ਗੜਗੱਜ ਬੋਲਿਆਂ ਤੋਂ ਸਿੰਘਾਂ ਦੇ ਆਚਰਣ ਦੇ ਕਈ ਪਹਿਲੂ ਉਜਾਗਰ ਹੁੰਦੇ ਹਨ, ਜਿਵੇਂ ਕਿ :

(1) ਆਤਮ-ਗੌਰਵ (Self Respect) – ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਇਨਾਂ ਬੋਲਿਆਂ ਤੋਂ ਸਭ ਤੋਂ ਵੱਧ ਸਿੱਖਾਂ ਦੀ ਚੜਦੀ ਕਲਾ ਦਾ ਦਰਸ਼ਨ ਹੁੰਦਾ ਹੈ । ਸਾਨੂੰ ਪਤਾ ਹੈ ਕਿ ੧੮ ਵੀਂ ਸਦੀ ਦੇ ਮੁੱਢ ਤੋਂ ਹੀ ਸਿੱਖ ਲਹਿਰ ਸਰਕਾਰੀ ਕਰੋਪੀ ਦਾ ਸ਼ਿਕਾਰ ਹੋਈ ਤੇ ਹਜ਼ਾਰਾ ਦੀ ਗਿਣਤੀ ਵਿਚ ਸਿੱਖ ਸ਼ਹੀਦ ਹੋਏ, ਸਾਰੀ ਕੌਮ ਘਰੋਂ ਬੇਘਰ ਹੋਈ, ਪੰਜਾਹ ਸਾਲ ਲਗਾਤਾਰ ਬਨਵਾਸੀ ਜੀਵਨ ਗੁਜ਼ਾਰਨਾ ਪਿਆ, ਆਰਥਿਕ ਤੰਗੀਆਂ ਦੀ ਕੋਈ ਹੱਦ ਨਾ ਰਹੀ, ਫਿਰ ਵੀ ਸਿੰਘ ਜਦ ਗੱਲ-ਬਾਤ ਕਰਦੇ ਤਾਂ ਉਸ ਤੋਂ ਚੜਦੀ ਕਲਾ ਦਾ ਝਲਕਾਰਾ ਵਜਦਾ, ਇਉਂ ਲਗਦਾ ਜਿਵੇਂ ਇਨਾਂ ਤੇ ਕਦੀ ਕੋਈ ਮੁਸੀਬਤ ਆਈ ਹੀ ਨਹੀਂ ।

ਇਹ ਇਕ ਨੂੰ ਸਵਾ ਲੱਖ ਜਾਂ ਫਿਰ ਫੌਜ ਕਹਿ ਕੇ ਖੁਸ਼ ਹੁੰਦੇ, ਇਹ ਮਾਮੂਲੀ ਕੰਮ ਨੂੰ ਵੀ ‘ਮੋਰਚਾ ਫ਼ਤਹਿ’ ਆਖਦੇ, ਮਰਨ ਨੂੰ ਚੜਾਈ ਕਰਨਾ, ਦੌੜਨ ਨੂੰ ਹਰਨ ਹੋਣਾ, ਮੰਗਣ ਨੂੰ ਉਗਰਾਹੀ ਕਰਨ ਜਾਂ ਮਾਮਲਾਂ ਲੈਣਾ, ਤੇ ਚਿਖਾ ਨੂੰ ਕਾਠ ਗੜ ਕਹਿਣਾ, ਮੌਤ ਉਤੇ ਵਿਜੈ ਦਾ ਸੂਚਕ ਸੀ । ਇਨਾਂ ਦੀ ਮਾਮੂਲੀ ਸਰੀਰਕ ਕ੍ਰਿਆਂ ਵੀ ਜੰਗੀ ਕਾਰਵਾਈ ਸੀ। ਜੰਗਲ ਪਾਣੀ ਜਾਣਾ-ਮੈਦਾਨ ਮਾਰਨਾ, ਪਿਸ਼ਾਬ ਕਰਨਾ-ਤੇੜਾ ਝਾੜਨਾ, ਚੀਤਾ ਭਜਾਉਣਾ ਜਾਂ ਚਤੌੜ ਗੜ ਤੋੜਨਾ ਕਿਹਾ ਜਾਂਦਾ ਸੀ । ਹਰ ਸਿੰਘ ਦਾ ਡੇਰਾ ‘ਛਾਉਣੀ’ ਸੀ । ਤਲਵਾਰ ਨੂੰ ਭਗੌਤੀ, ਸਾਗ ਨੂੰ ਸਬਜ਼ ਪਲਾ, ਜੰਡ ਫਲੀ ਨੂੰ ਜਲੇਬੀ, ਟੀਂਡੇ ਨੂੰ ਲੱਡੂ, ਪੀਲੂ ਨੂੰ ਦਾਖ, ਹੋਲਾਂ ਨੂੰ ਲੈਚੀ, ਛੋਲੂਏ ਨੂੰ ਸੌਗੀ, ਭੁੱਜੇ ਛੋਲਿਆਂ ਨੂੰ ਬਦਾਮ, ਬੱਕਲੀਆਂ ਨੂੰ ਬੂੰਦੀ, ਬਾਜਰੇ ਨੂੰ ਲਾਚੀ ਦਾਣਾ, ਡੇਲਿਆਂ ਨੂੰ ਬਿਦਾਣਾਂ, ਬੇਰ ਨੂੰ ਖੁਰਮਾ, ਤੁੜੀ ਨੂੰ ਚੂਰਮਾ, ਟੁੱਟੇ ਛੱਪਰ ਨੂੰ ਸ਼ੀਸ਼ ਮਹਿਲ, ਫਾਕੇ ਨੂੰ ਲੰਗਰ ਮਸਤ ਕਹਿ ਕੇ ਵਕਤ ਲੰਘਾਉਣਾ ਇਹਨਾਂ ਨੂੰ ਆਉਂਦਾ ਸੀ ।

ਸਿੱਖ ਸਾਖੀਆਂ ਅਤੇ ਇਤਿਹਾਸ ਦੀਆਂ ਕਹਾਣੀਆਂ ਪੜ੍ਹੋ ਜੀ

(2) ਬੌਧਿਕਤਾ (Wisdom) – ਜਿਥੇ ਤਕ ਬੌਧਿਕਤਾ ਜਾਂ ਦਿਮਾਗੀ ਸੂਝ-ਬੂਝ ਦਾ ਸਬੰਧ ਹੈ, ਇਨਾਂ ਬੋਲਿਆਂ ਤੋਂ ਇਹ ਗੁਣ ਵੀ ਭਲੀ ਭਾਂਤ ਪਰਗਟ ਹੁੰਦਾ ਹੈ । ਸਾਨੂੰ ਇਹ ਜ਼ਰੂਰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਇਹ ਲੋਕ ਸਰਕਾਰ ਵਲੋਂ ਘਰੋ ਬਾਰੋਂ ਬਾਹਰ ਕੀਤੇ ਜਾਣ ਕਾਰਣ ਵਿਦਿਆਂ ਵਲੋਂ ਬਿਲਕੁਲ ਵੰਚਿਤ ਰੱਖੇ ਗਏ ਸਨ, ਕੇਵਲ ਗੁਰਮੁਖੀ ਹੀ ਇਨ੍ਹਾਂ ਦੇ ਗਿਆਨ ਦਾ ਸਾਧਨ ਸੀ, ਉਹ ਵੀ ਜੇ ਕਿਤੇ ਅਮਨ-ਅਮਾਨ ਦਾ ਸਮਾਂ ਮਿਲਦਾ ਤਾਂ ਦੋ ਅੱਖਰ ਸਿੱਖ ਲੈਦੇ। ਪਰੰਤੁ ਐਸੀ ਹਾਲਤ ਦੇ ਬਾਵਜੂਦ ਜਿਸ ਤਰ੍ਹਾਂ ਇਨ੍ਹਾਂ ਸੰਕੇਤ ਘੜੇ, ਉਨ੍ਹਾਂ ਤੋਂ ਸਿੱਧੇ-ਸਾਦੇ ਲੋਕਾਂ ਦੀ ਬੌਧਿਕਤਾ ਦਾ ਪਤਾ ਲਗਦਾ ਹੈ ।

ਇਹ ਮਿਰਚ ਨੂੰ ‘ਲੜਾਕੀ’ ਕਹਿਣ ਵੇਲੇ ਸਾਰਥਕ ਹਨ । ਲੂਣ ਨੂੰ ‘ਸਰਬ-ਰਸ’ ਕਹਿਕੇ ਇਹ ਭਾਵ ਪ੍ਰਗਟ ਕੀਤਾ ਜਾਂਦਾ ਹੈ ਕਿ ਲੂਣ ਉਹ ਚੀਜ਼ ਹੈ, ਜੋ ਸਾਰੀਆਂ ਦਾਲ ਸਬਜ਼ੀਆਂ ਵਿਚ ਰਸ ਪੈਦਾ ਕਰਦਾ ਹੈ । ਇਸੇ ਤਰਾਂ ਦੀਵੇ ਨੂੰ ਉਜਾਗਰ, ਗੱਠੇ (ਗੰਢੇ) ਨੂੰ ਰੂਪਾ, ਸ਼ੱਕਰ ਨੂੰ ਸਿਰਖੰਡੀ, ਗੁੜ ਨੂੰ ਸਿਰ ਜੋੜ, ਘਿਓ ਨੂੰ ਪੰਜਵਾਂ, ਤੇਲ ਨੂੰ ਛੇਵਾਂ, ਤਹਿਮਤ ਨੂੰ ਹੂੰਝਾ, ਦਾਤਣ ਨੂੰ ਮੁਖ-ਮਾਂਜਣਾ, ਬੱਕਰੀ ਨੂੰ ਅਕਾਸ਼ ਪਰੀ, ਸੋਟੇ ਨੂੰ ਸਲੋਤਰ ਜਾਂ ਅਕਲਦਾਨ, ਮੂਲੀ ਨੂੰ ਕਰਾੜੀ, ਮੱਛੀ ਨੂੰ ਜਲ ਤੋਰੀ, ਛਾਨਣੀ ਨੂੰ ਸੁਜਾਖੀ, ਸੂਈ ਨੂੰ ਚਲਾਕਣ, ਕੜਛੀ ਨੂੰ ਰੱਜੀ, ਖੁਰਪੇ ਨੂੰ ਬਾਜ, ਕਹੀ ਨੂੰ ਪਤਾਲਪੁਰੀ, ਨਕ-ਚੂੰਢੀ ਨੂੰ ਸ਼ਿਕਰੀ, ਬੁਖਾਰ ਨੂੰ ਆਕੜ-ਭੰਨ, ਨੀਦ ਨੂੰ ਧਰਮਰਾਜ ਦੀ ਧੀ, ਅੱਗ ਨੂੰ ਚੰਡੀ, ਨਿੰਮ ਨੂੰ ਧਨੰਤਰ, ਬਾਲਕ ਨੂੰ ਭੁਝੰਗੀ, ਬੱਕਰੇ ਨੂੰ ਚੁਟੰਗਾ, ਸਾਨ੍ਹ ਨੂੰ ਭਰਥਰੀ, ਬੰਦੂਕ ਨੂੰ ਰਾਮ ਜੰਗਾ, ਪਿਸਤੌਲ ਨੂੰ ਤਮੰਚਾ, ਤੇ ਟਕੂਏ ਨੂੰ ਸਫ਼ਾ ਜੰਗ ਕਹਿਕੇ ਯਾਦ ਕਰਨਾ ਇਨਾਂ ਦੀ ਸੂਖਮ ਸੋਝੀ ਦਾ ਲਖਾਇਕ ਹੈ ।

(3) ਸੁਹਜਾਤਮਿਕਤਾ (Aesthetics) – ਕਹਿੰਦੇ ਹਨ, ਸੁਹਜ ਬੋਧ (Aesthetic sense) ਲੰਮੇ ਤਜਰਬੇ ਅਤੇ ਵਿਦਿਆ ਦੇ ਅਧਿਐਨ ਬਾਅਦ ਆਉਂਦਾ ਹੈ ਪਰੰਤੂ ਕੁਦਰਤ ਨੇ ਇਹ ਦਾਤ ਹਰ ਇਕ ਨੂੰ ਹਿੱਸੇ ਬਹਿੰਦੀ ਦਿਤੀ ਹੈ । ਖਾਲਸਈ ਬੋਲਿਆਂ ਤੋਂ ਜ਼ਾਹਰ ਹੈ ਕਿ ਇਨ੍ਹਾਂ ਦਾ ਸੁਹਜ ਪੱਖ ਵੀ ਕਾਬਲਿ ਤਾਰੀਫ ਹੈ ਜਿਵੇਂ ਕਿ ਸਿੱਖ ਬਣਨ ਨੂੰ ਕਹਿਣਾ ਸਿੰਘ ਸਜਣਾ, ਦਸਤਾਰ ਸਜਾਉਣਾ, ਪ੍ਰਸ਼ਾਦਾ ਸਜਾਉਣਾ, ਜਲ ਛਕਾਉਣਾਂ ਕੋਈ ਚੀਜ਼ ਹਾਸਲ ਕਰਕੇ ਕਹਿਣਾ- ਗੁਰੂ ਕੀਆਂ ਖੁਸ਼ੀਆਂ, ਅਨੰਦ ਜਾਂ ਫਿਰ ਕੋਈ ਚੀਜ਼ ਮੰਗਣੀ ਹੋਵੇ ਤਾਂ ਕਹਿਣਾਂ-ਗੱਫਾ ਬਖਸ਼ੋ । ਕੋਈ ਅਣਭਾਉਦੀ ਗੱਲ ਹੋ ਜਾਣੀ ਜਾਂ ਸੰਕਟ ਪੈਣ ਤੇ ਕਹਿਣਾ ‘ਗੁਰੂ ਕਾ ਭਾਣਾ’ ਹੈ । ਇਹ ਗੱਲ ਇਨ੍ਹਾਂ ਦੀ ਸੂਖਮ ਕੋਮਲ ਬਿਰਤੀਆਂ ਦੀ ਸੂਚਕ ਹੈ ।

ਕਈ ਚੀਜ਼ਾਂ ਦੇ ਨਵੇਂ ਪਾਏ ਨਾਮ ਇਸ ਸੁਹਜਾਤਮਕਤਾ ਨੂੰ ਪ੍ਰਗਟਾਉਂਦੇ ਹਨ । ਇਹ ਕਿੱਕਰ ਨੂੰ ਸਦਾ ਗੁਲਾਬ, ਭੰਨੀ ਜੁਆਰ ਨੂੰ ਚਾਂਦਨੀ ਪੁਲਾ, ਦੁਧ ਨੂੰ ਸਮੁੰਦਰ, ਭੰਗ ਨੂੰ ਸੁਖ-ਨਿਧਾਨ, ਭੰਗ ਦੀ ਸ਼ਰਦਾਈ ਨੂੰ ਸ਼ਹੀਦੀ ਦੇਗ, ਪਰਨੇ ਨੂੰ ਹਜੂਰੀਆ, ਗਾਜਰਾਂ ਨੂੰ ਗੁਬਿੰਦੀਆਂ, ਮੱਕੀ ਨੂੰ ਬਸੰਤ ਕੌਰ, ਕਣਕ ਨੂੰ ਰੂਪ ਕੌਰ, ਬੈਗਣ ਨੂੰ ਬਟੇਰਾ, ਸ਼ੀਸੇ ਨੂੰ ਦੀਦਾਰਾ ਸਿੰਘ, ਕਾੜਨੀ ਨੂੰ ਰੂਪ ਕੌਰ, ਰਜਾਈ ਨੂੰ ਅਫਲਾਤੁਨੀ, ਮੰਜੇ ਨੂੰ ਕੋਤਲ, ਸਾਧਾਰਣ ਘੋੜੇ ਨੂੰ ਰਾਕਾ, ਭੇਡ ਨੂੰ ਪਰੀ, ਜੁੱਤੀ ਨੂੰ ਚਰਨਦਾਸੀ, ਗੰਜੇ ਨੂੰ ਕਲਗ ਸਿੰਘ, ਅੰਨ੍ਹੇ ਨੂੰ ਸੂਰਮਾ ਸਿੰਘ, ਕਾਣੇ ਨੂੰ ਲੱਖਨੇਤ੍ਰਾ ਸਿੰਘ, ਲੰਗੜੇ ਨੂੰ ਸੁਚਾਲਾ ਸਿੰਘ, ਬੋਲੇ ਨੂੰ ਚੁਬਾਰੇ ਚੜਿਆ ਸਿੰਘ, ਗੂੰਗੇ ਨੂੰ ਗੁਪਤਾ ਸਿੰਘ, ਪੋਸਤ ਨੂੰ ਸ਼ਾਹ ਜਹਾਂ, ਸ਼ਰਾਬ ਨੂੰ ਪੰਜ-ਰਤਨੀ ਜਾਂ ਗੰਗਾ ਜਲੀ, ਅਫੀਮ ਨੂੰ ਛਤ੍ਰ ਧਾਰਾ ਜਾਂ ਚਿਮਨੀ ਬੇਗਮ, ਤੂਤ ਨੂੰ ਰੰਘੜ, ਹੁੱਕੇ ਨੂੰ ਜਗਤ ਜੂਠ, ਤਾਪ ਨੂੰ ਮਾਮਾ, ਪਾਟੇ ਪੁਰਾਣੇ ਕਪੜੇ ਨੂੰ ਹੰਕਾਰਿਆ ਹੋਇਆ, ਰਹਿਤ ਮਰਯਾਦਾ ਵਿਚ ਢਿੱਲੇ ਮੁੱਠੇ ਨੂੰ ਦਬੜੂ-ਘੁਸੜੂ ਜਾਂ ਕੱਚਾ ਪਿੱਲਾ, ਸੌਣ ਨੂੰ ਅੜਿੰਗ-ਬੜਿੰਗ, ਸਜ਼ਾ ਨੂੰ ਤਨਖਾਹ, ਰੋਡ ਮੋਡ ਨੂੰ ਸਿਰ-ਘਸਾ ਤੇ ਬਾਕੀ ਦੁਨੀਆਂ ਨੂੰ ਚੁਰਾਸੀ ਕਹਿ ਕੇ ਮੌਜ ਲੈਂਦੇ ਹਨ ।

ਇਤਿਹਾਸਿਕ ਗੁਰੂਧਾਮਾਂ ਤੋਂ ਲਾਇਵ ਕੀਰਤਨ ਅਤੇ ਕਥਾ ਸ੍ਰਵਣ ਕਰੋ

(4) ਨਿਰਭੈਤਾ (Fearless ness) – ਖਾਲਸਈ ਬੋਲਿਆਂ ਵਿਚ ਸਰਕਾਰ ਦੇ ਅਹੁਦਿਆਂ ਅਤੇ ਸਰਕਾਰੀ ਮਜਹਬ (ਇਸਲਾਮ) ਬਾਰੇ ਭੀ ਕਈ ਕਟਾਖਮਈ ਸੰਕੇਤ ਮਿਲਦੇ ਹਨ । ਇਨਾਂ ਨੂੰ ਸਿੰਘਾ ਦੀ ਨਿਰਭੈਤਾ ਤੇ ਦਲੇਰੀ ਦਾ ਪਤਾ ਲਗਦਾ ਹੈ ਕਿ ਉਹ ਇਨ੍ਹਾਂ ਅਹੁਦੇਦਾਰਾਂ ਨੂੰ ਕੁੱਝ ਨਹੀਂ ਸੀ ਸਮਝਦੇ । ਰੁਪਈਆ ਉਨਾਂ ਲਈ ਛਿੱਲੜ ਸੀ ਤੇ ਸ਼ਾਹੀ ਜਾਗੀਰ ਟੁੱਕਰ । ਇਸ ਕਰ ਕੇ ਉਨਾਂ ਆਪਣੀ ਮਰਜ਼ੀ ਨਾਲ ਇਹ ਨਾਂ ਪਾਏ ਹੋਏ ਸਨ ਜਿਵੇਂ ਕਿ ਝਾੜੂਬਰਦਾਰ ਨੂੰ ਸੂਬੇਦਾਰ, ਗਧੇ ਨੂੰ ਥਾਣੇਦਾਰ, ਛੱਜ ਨੂੰ ਅਦਾਲਤੀਆ, ਖੁੰਡੇ ਨੂੰ ਕਾਨੂੰਗੋ, ਕੁੱਤੇ ਨੂੰ ਕੁਤਬਦੀਨ ਤੇ ਕਾਜ਼ੀ ਨੂੰ ਮੁਰਗਾ ਆਦਿ ।

ਇਹ ਸਭ ਛੇੜਖਾਨੀ ਸੀ ਤੇ ਇਹ ਛੇੜਖਾਨੀ ਉਨਾਂ ਹਤਿਆਰਿਆਂ ਨੂੰ ਚੋਟ ਮਾਰਨ ਲਈ ਸੀ ਜੋ ਅਕਾਰਣ ਬੇਗੁਨਾਹ ਸਿੰਘਾਂ ਨੂੰ ਸਤਾਉਣ ਤੇ ਲਗੇ ਰਹਿੰਦੇ ਸਨ । ਏਸੇ ਗੁੱਸੇ ਵਿਚ ਉਨਾਂ ਜੇ ਜੰਗਲ ਪਾਣੀ ਜਾਣਾ ਪਵੇ ਤਾਂ ਕਹਿਣਾ-ਕਾਜ਼ੀ ਨੂੰ ਰਸਦ ਦੇਣ ਚਲੇ ਹਾਂ, ਜੇ ਕਿਤੇ ਪਖਾਨਾ ਪਿਆਂ ਦੇਖਣਾ ਤਾਂ ਕਹਿਣਾ, ਮੁਗਲ ਮਰਿਆ ਪਿਆ ਹੈ, ਜੇ ਜੁੱਤੀਆਂ ਟਕਰਾ ਕੇ ਝਾੜਨਾ ਤਾਂ ਕਹਿਣਾ, ਅਸੀਂ ਪਠਾਣਾਂ ਦੇ ਸਿਰ ਭਿੜਾ ਰਹੇ ਹਾਂ ਆਦਿਕ । ਅਹਿਮਦ ਸ਼ਾਹ ਅਬਦਾਲੀ ਨੂੰ ਤਾਂ ‘ਕਾਬਲੀ ਕੁੱਤੇ’ ਦਾ ਖਿਤਾਬ ਦਿੱਤਾ ਹੋਇਆ ਸੀ ਤੇ ਉਸ ਸਮੇਂ ਹਰ ਹਮਲਾਵਰ ਪਠਾਣ ਇਸੇ ਪਾੜ-ਖਾਣੇ ਸੁਭਾ ਦਾ ਮਾਲਕ ਸੀ ਜਿਸ ਨੇ ਪੰਜਾਬ ਨੂੰ ਪਾੜ ਪਾੜ ਖਾਧਾ। ਇਸ ਬੋਲ-ਚਾਲ ਤੋਂ ਪਰਗਟ ਹੁੰਦਾ ਹੈ ਕਿ ਖਾਲਸੇ ਆਤਮਿਕ ਤੌਰ ਤੇ ਚੜਦੀ ਕਲਾ ਦੇ ਮਾਲਕ ਸਨ ਤੇ ਉਹ ਕਿਸੇ ਦੇ ਦਬੇਲ ਹੋ ਕੇ ਨਹੀਂ ਸੀ ਰਹਿੰਦੇ । ਇਹੋ ਸੁਤੰਤਰਤਾ ਦਾ ਸ਼ੌਕ ਉਨਾਂ ਨੂੰ ਆਖਿਰ ਅਜ਼ਾਦ ਸਟੇਟ ਦੇ ਮਾਲਕ ਬਣਾ ਗਿਆ ।

ਸਾਨੂੰ ਅਫਸੋਸ ਹੈ ਕਿ ਇਨ੍ਹਾਂ ਅਠਾਰਵੀਂ ਸਦੀ ਦੇ ਬੋਲਿਆਂ ਦਾ ਅਠਾਰਵੀਂ ਸਦੀ ਦਾ ਕੋਈ ਲਿਖਤੀ ਰੂਪ ਪ੍ਰਾਪਤ ਨਹੀਂ ਹੈ ਜੇ ਹੈ ਤਾਂ ਬਹੁਤ ਥੋੜਾ। ਇਸ ਸਮੇਂ ਇਨਾਂ ਬੋਲਿਆਂ ਦੀ ਵਰਤੋਂ ਵਧੇਰੇ ਨਿਹੰਗ ਸਿੰਘਾਂ ਵਿਚ ਹੀ ਰਹਿ ਗਈ ਹੈ । ਉਨਾਂ ਇਸ ਸਿਰਜਨਾਤਮਕ ਕਾਰਜ ਨੂੰ ਅਜੇ ਤਿਆਗਿਆ ਨਹੀਂ ਸਗੋਂ ਗੁਣ ਕਰਮ ਅਨੁਸਾਰ ਨਵੀਆਂ ਚੀਜ਼ਾਂ ਦੇ ਨਾਂ ਵੀ ਨਵੇਂ ਪਾਏ ਹਨ । ਜਿਵੇਂ ਕਿ ਉਜਾਗਰੀ – ਲਾਲਟੈਣ, ਬੈਟਰੀ – ਚੋਰਬੱਤੀ, ਤੇਜਾ ਸਿੰਘ–ਇੰਜਨ, ਭੂਤਨੀ ਜਾਂ ਬੇ ਮੁਹਾਰੀ-ਰੇਲ ਗੱਡੀ, ਨੱਕਵੱਢ-ਬੱਸ, ਫਿਰੰਗਣ – ਕਾਰ, ਸ਼ੈਤਾਨੀ ਚਰਖਾ – ਸਾਇਕਲ, ਫਟ ਫਟ – ਮੋਟਰਸਾਇਕਲ, ਦਸਨੰਬਰੀਆ – ਨਲਕਾ, ਵਲਾਇਤ ਪਾਸ – ਜੇਲ ਯਾਤਰਾ ਆਦਿ।

ਸਿੱਧੀ ਗੱਲ ਤਾਂ ਇਹ ਹੈ ਕਿ ਸਿੰਘ ਆਚਰਣ ਨਿਰਭੈਤਾਂ ਤੇ ਸੁਤੰਤਰਤਾ ਵਾਲਾ ਹੋਣ ਕਾਰਣ ਜ਼ੋਰਾਵਰ ਹੈ, ਤੇ ਇਹ ਜ਼ੋਰਾਵਰੀ ਤੇ ਦਲੇਰੀ ਉਨਾਂ ਦੀ ਬੋਲੀ ਤੇ ਸ਼ੈਲੀ ਵਿਚ ਵੀ ਥਾਂ ਥਾਂ ਝਲਕਦੀ ਨਜ਼ਰੀਂ ਪੈਂਦੀ ਹੈ । ਲੋੜ ਹੈ ਇਸ ਨੂੰ ਬਰਕਰਾਰ ਰੱਖਣ ਦੀ ।

Waheguru Ji Ka Khalsa Waheguru Ji Ki Fateh
– Bhull Chuk Baksh Deni Ji –

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.

| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.