DhanSikhi Gurbani Greetings Womens Day

ਸਿੱਖ ਧਰਮ ਵਿਚ ਇਸਤਰੀ (Women) ਦਾ ਸਨਮਾਨ

ਪ੍ਰਾਚੀਨ ਧਰਮਾਂ ਵਿਚ ਇਸਤਰੀ (Women) ਨੂੰ ਪੁਰਸ਼ ਦੇ ਮੁਕਾਬਲੇ ਨੀਵਾਂ ਦਰਜਾ ਦਿੱਤਾ ਗਿਆ ਹੈ। ਹਿੰਦੂ ਧਰਮ ਅਨੁਸਾਰ ਇਸਤਰੀ ਨੂੰ ਪੁਰਸ਼-ਮੈਂਬਰਾਂ ਦੀ ਅਧੀਨਗੀ ਵਿਚ ਹੀ ਰੱਖਣਾ ਚਾਹੀਦਾ ਹੈ। ਮਨੂੰ ਇਸਤਰੀਆਂ ਨੂੰ ਅਗਿਆਨਣਾਂ ਅਤੇ ਝੂਠ ਦੀਆਂ ਮੂਰਤਾਂ ਮੰਨਦਾ ਹੈ। ਉਸ ਦੇ ਕਹੇ ਅਨੁਸਾਰ ਇਹ ‘ਦੁੱਖਾਂ ਦਾ ਕਾਰਣ ਹਨ’ ਅਤੇ ‘ਇਹ ਬੇਵਕੂਫ਼ਾਂ ਨੂੰ ਹੀ ਨਹੀਂ, ਗਿਆਨਵਾਨਾਂ ਤੇ ਰਿਖੀਆਂ ਮੁਨੀਆਂ ਨੂੰ ਵੀ ਕੁਰਾਹੇ ਪਾ ਕੇ, ਆਪਣੀਆਂ ਵਾਸ਼ਨਾਵਾਂ ਦਾ ਸ਼ਿਕਾਰ ਬਣਾ ਕੇ ਆਪਣੇ ਅਧੀਨ ਕਰ ਲੈਂਦੀਆਂ ਹਨ।’ ਇਸਤਰੀਆਂ ਸ਼ੂਦਰਾਂ ਦੀ ਤਰ੍ਹਾਂ ਆਪਣਾ ਜਨੇਊ ਸੰਸਕਾਰ ਨਹੀਂ ਕਰਾ ਸਕਦੀਆਂ ਅਤੇ ਗਾਇਤ੍ਰੀ ਮੰਤਰ ਵੀ ਨਹੀਂ ਪੜ੍ਹ ਸਕਦੀਆਂ। ਪੁਰਾਣਾਂ ਵਿਚ ਇਨ੍ਹਾਂ ਨੂੰ ਮਾਰੂ ਜ਼ਹਿਰ ਤੇ ਨਸ਼ੀਲੀ ਸ਼ਰਾਬ ਕਿਹਾ ਗਿਆ ਹੈ। ਇਸਤਰੀ ਨੂੰ, ਪਤੀ ਨੂੰ ਪਰਮੇਸ਼ਰ ਕਰਕੇ ਮੰਨਣ ਦਾ ਉਪਦੇਸ਼ ਦਿੱਤਾ ਗਿਆ ਹੈ, ਭਾਵੇਂ ਕਿ ਉਹ ਕਰੂਪ, ਭੈੜੇ ਕਿਰਦਾਰ ਵਾਲਾ, ਜੂਏਬਾਜ਼ ਤੇ ਰੰਡੀਬਾਜ਼ ਹੋਵੇ। ਇਥੇ ਹੀ ਬੱਸ ਨਹੀਂ ਜੇ ਪਤੀ ਮਰ ਜਾਵੇ ਤਾਂ ਉਸ ਨੂੰ ਪਤੀ ਦੇ ਨਾਲ ਚਿਖਾ ਵਿਚ ਜੀਉਂਦਿਆਂ ਸੜਨਾ ਪੈਂਦਾ ਸੀ, ਜਿਸ ਨੂੰ ਸਤੀ ਹੋਣਾ ਕਿਹਾ ਜਾਂਦਾ ਸੀ। ਪਤੀ ਦੀ ਮੌਤ ਮਗਰੋਂ ਦੂਜਾ ਵਿਆਹ ਕਰਾਉਣ ਦਾ ਤਾਂ ਸੁਆਲ ਹੀ ਨਹੀਂ ਸੀ ਪੈਦਾ ਹੁੰਦਾ। ਪਰ ਪਤੀਆਂ ਲਈ ਸਤੀ ਹੋਣ ਦਾ ਕੋਈ ਵਿਧਾਨ ਨਹੀਂ ਸੀ ਘੜਿਆ ਗਿਆ ਤੇ ਉਹ ਸ਼ਰੇਆਮ ਇਕ ਤੋਂ ਵੱਧ ਇਸਤਰੀਆਂ ਰੱਖ ਸਕਦੇ ਸਨ। ‘ਦੇਵਦਾਸੀਆਂ’ ਦੇ ਰੂਪ ਵਿਚ ਸਤਰੀਆਂ ਪੁਜਾਰੀਆਂ ਦੀ ਕਾਮ-ਭੁੱਖ ਮਿਟਾਉਂਦੀਆਂ ਸਨ।
ਜੈਨੀਆਂ ਦੇ ਹਿਸਾਬ ਨਾਲ ਇਸਤਰੀ ਕਦੇ ਵੀ ਮੁਕਤੀ ਨਹੀਂ ਸੀ ਹਾਸਿਲ ਕਰ ਸਕਦੀ। ਮਹਾਤਮਾ ਬੁੱਧ ਜੀ ਨੇ ਵੀ ਸਲਾਹ ਦਿੱਤੀ ਸੀ ਕਿ ਇਸਤਰੀਆਂ ਨੂੰ ਭਿਖਸ਼ੂ ਸੰਘ ਵਿਚ ਦਾਖ਼ਿਲ ਨਾ ਕਰੋ, ਇਸ ਨਾਲ ਬੁੱਧ ਧਰਮ ਦੀ ਆਯੂ ਘਟ ਜਾਵੇਗੀ। ਯੋਗ ਮੱਤ ਵਾਲੇ ਇਸਤਰੀ ਨੂੰ ਬਘਿਆੜਨ ਕਹਿੰਦੇ ਸਨ, ਜੋ ਤਿੰਨਾਂ ਲੋਕਾਂ ਦਾ ਨਾਸ ਕਰ ਰਹੀ ਹੈ। ਇਸਲਾਮ ਵਿਚ ਵੀ ਇਸਤਰੀ ਮਸਜਿਦ ਵਿਚ ਜਾ ਕੇ ਨਿਮਾਜ਼ ਨਹੀਂ ਅਦਾ ਕਰ ਸਕਦੀ ਤੇ ਨਾ ਹੀ ਧਰਮ-ਉਪਦੇਸ਼ਕ ਬਣ ਸਕਦੀ ਹੈ। ਇਸਤਰੀ ਨੂੰ ਘਰ ਦੀ ਚਾਰ ਦੀਵਾਰੀ ਅਤੇ ਪਰਦੇ ਵਿਚ ਰੱਖਿਆ ਜਾਂਦਾ ਸੀ। ਜਿੱਥੇ ਇਕ ਮੁਸਲਮਾਨ ਚਾਰ-ਚਾਰ ਵਿਆਹ ਕਰਵਾ ਸਕਦਾ ਸੀ, ਉੱਥੇ ਮੁਸਲਮਾਨ ਔਰਤ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਸੀ। ਈਸਾਈ ਮੱਤ ਅਨੁਸਾਰ ਸਭ ਗੁਨਾਹਾਂ ਤੇ ਪਾਪਾਂ ਦਾ ਸੋਮਾ ਇਸਤਰੀ ਹੈ। ਸ਼ੈਤਾਨ ਇਸ ਨੂੰ ਸਾਧਨ ਬਣਾ ਕੇ ਮਨੁੱਖ ਨੂੰ ਡੇਗਦਾ ਹੈ।
ਸਿੱਖ ਧਰਮ ਨੇ ਇਸਤਰੀ ਨੂੰ ਪੁਰਖ ਦੇ ਬਰਾਬਰ ਦਾ ਦਰਜਾ ਦੇ ਕੇ ਇਕ ਇਨਕਲਾਬੀ ਕੰਮ ਕੀਤਾ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਇਸਤਰੀਆਂ ਸਿੱਖ ਧਰਮ ਧਾਰਨ ਕਰਨ ਲੱਗ ਪਈਆਂ। ਉਹ ਰਦੁਆਰਿਆਂ ਵਿਚ ਕੀਰਤਨ ਕਰਦੀਆਂ ਅਤੇ ਸੇਵਾ ਕਰਦੀਆਂ। ਸਿੱਖ ਧਰਮ ਅਨੁਸਾਰ ਇਸਤਰੀ ਜਾਂ ਪੁਰਖ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਵਾਹਿਗੁਰੂ ਦੀ ਦਰਗਾਹ ਵਿਚ ਤਾਂ ਕਰਮਾਂ (ਕੰਮਾਂ) ਉੱਪਰ ਨਿਬੇੜਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ‘ਆਸਾ ਕੀ ਵਾਰ’ ਦੀ ੧੯ਵੀਂ ਪਉੜੀ ਦੇ ਸਲੋਕ ਵਿਚ ‘ਇਸਤਰੀ ਦੀ ਹੱਤਤਾ’ ਨੂੰ ਬਹੁਤ ਚੰਗੀ ਤਰ੍ਹਾਂ ਬਿਆਨਿਆ ਹੈ। ਗੁਰਦੇਵ ਫ਼ੁਰਮਾਉਂਦੇ ਹਨ (ਜਿਸ ਔਰਤ ਨੂੰ ਪੁਰਾਣੇ ਧਰਮਾਂ ਨੇ ਜਗ੍ਹਾ-ਜਗ੍ਹਾ ਨਿੰਦਿਆ ਹੈ, ਉਸੇ) ਔਰਤ ਦੇ ਕਾਰਨ ਮਨੁੱਖ ਸੰਸਾਰ ਵਿਚ ਆਉਂਦਾ ਹੈ।
ਔਰਤ ਨਾਲ ਹੀ ਉਸਦਾ ਰਿਸ਼ਤਾ ਤੇ ਵਿਆਹ ਆਦਿ ਹੁੰਦੇ ਹਨ ਅਤੇ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ। ਮਨੁੱਖੀ ਜੀਵਨ ਵਿਚ ਇਸਤਰੀ ਦੀ ਇੰਨੀ ਲੋੜ ਮਹਿਸੂਸ ਕੀਤੀ ਜਾਂਦੀ ਹੈ ਕਿ ਇਕ ਔਰਤ ਦੇ ਮਰਨ ਮਗਰੋਂ ਮਨੁੱਖ ਦੂਜੀ ਔਰਤ ਦੀ ਭਾਲ ਸ਼ੁਰੂ ਕਰ ਦਿੰਦਾ ਹੈ। ਅੰਤ ਵਿਚ ਗੁਰਦੇਵ ਫ਼ੁਰਮਾਉਂਦੇ ਹਨ ਕਿ ਜਿਸ ਔਰਤ ਨੇ ਰਾਜਿਆਂ (ਭਗਤਾਂ, ਫ਼ਿਲਾਸਫ਼ਰਾਂ, ਸੂਰਮਿਆਂ) ਨੂੰ ਜਨਮ ਦਿੱਤਾ ਹੈ, ਉਸ ਨੂੰ ਮੰਦਾ ਕਿਵੇਂ ਆਖਿਆ ਜਾ ਸਕਦਾ ਹੈ? ਵਾਹਿਗੁਰੂ ਦੀਆਂ ਨਜ਼ਰਾਂ ਵਿਚ ਉਹ ਮੁੱਖ (ਭਾਵੇਂ ਇਸਤਰੀ ਹੋਵੇ, ਭਾਵੇਂ ਪੁਰਸ਼) ਉੱਜਲੇ ਹਨ, ਜੋ ਹਰੀ ਜੱਸ ਗਾਉਂਦੇ ਹਨ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ
(ਆਸਾ ਕੀ ਵਾਰ, ਪੰਨਾ ੪੭੩)
ਸਿੱਖ ਧਰਮ ਨੇ ਸਤੀ-ਪ੍ਰਥਾ ਦਾ ਘੋਰ ਵਿਰੋਧ ਕੀਤਾ ਅਤੇ ਗੁਰੂ ਅਮਰਦਾਸ ਜੀ ਨੇ ਅਕਬਰ ਪਾਸੋਂ ਇਸ ਪ੍ਰਥਾ ਦੇ ਵਿਰੁੱਧ ਫ਼ੁਰਮਾਨ ਜਾਰੀ ਕਰਵਾਇਆ। ਬੀਬੀਆਂ ਨੂੰ ਘੁੰਡ (ਪਰਦਾ) ਕੱਢਣ ਦੀ ਮਨਾਹੀ ਕੀਤੀ ਗਈ। ਬੀਬੀਆਂ ਨੂੰ ਧਰਮ-ਪ੍ਰਚਾਰਕ ਨਿਯੁਕਤ ਕੀਤਾ ਗਿਆ ਅਤੇ ਸਿੱਖ ਮਰਦਾਂ ਦੀ ਤਰ੍ਹਾਂ ਅੰਮ੍ਰਿਤਪਾਨ ਕਰਵਾਇਆ ਗਿਆ। ਉਹ ਅੰਮ੍ਰਿਤ ਛਕਾਉਣ ਸਮੇਂ ਪੰਜਾਂ ਪਿਆਰਿਆਂ ਵਿਚ ਵੀ ਸ਼ਾਮਲ ਹੋ ਸਕਦੀਆਂ ਹਨ। ਸਿੱਖ-ਬੀਬੀਆਂ ਆਪਣੇ ਭਰਾਵਾਂ ਦੇ ਸੰਗ ਜੰਗਾਂ-ਯੁੱਧਾਂ ਵਿਚ ਹਿੱਸਾ ਲੈਂਦੀਆਂ ਰਹੀਆਂ ਅਤੇ ਰਾਜ-ਕਾਜ ਦੇ ਕੰਮਾਂ ਨੂੰ ਲਾਉਂਦੀਆਂ ਰਹੀਆਂ। ਅੱਜ ਸਿੱਖ ਇਸਤਰੀ ਹਰ ਖੇਤਰ ਵਿਚ ਪੁਰਸ਼ ਦੀ ਤਰ੍ਹਾਂ ਜੱਸ ਖੱਟ ਰਹੀ ਹੈ। ਇਹ ਸਭ ਸਿੱਖ ਵਿਚਾਰਧਾਰਾ ਦੇ ਇਨਕਲਾਬੀ ਹੋਣ ਦਾ ਸਦਕਾ ਹੀ ਹੈ। ਅੱਜ ਜਦੋਂ ਕਿ ਆਧੁਨਿਕਤਾ ਦੇ ਨਾਂ ਹੇਠਾਂ ਸਿੱਖ ਬੱਚੇ ਤੇ ਬੱਚੀਆਂ ਧਰਮ ਤੋਂ ਦੂਰ ਜਾ ਰਹੀਆਂ ਹਨ; ਧਰਮ-ਪ੍ਰਤੀਕ ਕੇਸਾਂ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ, ਨੈਤਿਕਤਾ ਦਾ ਦੀਵਾਲਾ ਨਿਕਲ ਰਿਹਾ ਹੈ ਅਤੇ ਨੌਜਵਾਨ ਨਸ਼ਾਖੋਰੀ ਵਿਚ ਪੂਰੀ ਤਰ੍ਹਾਂ ਗ਼ਲਤਾਨ ਹਨ, ਉਦੋਂ ਸਿੱਖ ਬੀਬੀਆਂ ਦੀ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਧੀ, ਭੈਣ, ਮਾਂ ਤੇ ਪਤਨੀ ਦੇ ਰੂਪ ਵਿਚ ਆਪਣੇ ਪਰਿਵਾਰ ਨੂੰ ਸਿੱਖੀ ਨਾਲ ਜੋੜੇ, ਜਿਵੇਂ ਕਦੇ ਮਾਤਾ ਭਾਗ ਕੌਰ ਨੇ, ਦਸਮ ਪਾਤਸ਼ਾਹ ਤੋਂ ਵਿਛੜੇ ਸਿੰਘਾਂ ਨੂੰ, ਮੁੜ ਗੁਰੂ-ਪਾਤਸ਼ਾਹ ਦੇ ਚਰਨਾਂ ਨਾਲ ਜੋੜਿਆ ਸੀ।

1 COMMENT

LEAVE A REPLY

This site uses Akismet to reduce spam. Learn how your comment data is processed.