Dhan Baba Deep Singh ji
Dhan Baba Deep Singh ji

ਬਾਬਾ ਦੀਪ ਸਿੰਘ ਜੀ ਦਾ ਜਨਮ 14 ਮਾਘ ਸੰਨ 1682 ਈ. ਨੂੰ ਭਾਈ ਭਗਤੂ ਜੀ ਅਤੇ ਮਾਤਾ ਜੀਉਣੀ ਜੀ ਦੇ ਗ੍ਰਹਿ ਪਿੰਡ ਪਹੂਵਿੰਡ (ਭਿੱਖੀਵਿੰਡ ਦੇ ਨੇੜੇ) ਤਹਿਸੀਲ ਪੱਟੀ ਜ਼ਿਲ੍ਹਾ ਲਾਹੌਰ (ਹੁਣ ਅੰਮ੍ਰਿਤਸਰ) ਵਿਖੇ ਹੋਇਆ। ਜ਼ਿਮੀਂਦਾਰ ਪਰਵਾਰ ਹੋਣ ਕਰਕੇ ਆਪ ਜੀ ਦੀ ਪਾਲਣਾ ਬੜੇ ਚਾਵਾਂ ਨਾਲ ਹੋਈ ਤੇ ਆਪ ਜੁਆਨੀ ਵਿੱਚ ਬੜੇ ਤਕੜੇ- ਜੁਆਨ ਗੱਭਰੂ ਨਿਕਲੇ। ਆਪ ਆਪਣੇ ਮਾਤਾ-ਪਿਤਾ ਸਮੇਤ ਅਨੰਦਪੁਰ ਸਾਹਿਬ ਪਹੁੰਚੇ ਤੇ ਅੰਮ੍ਰਿਤ ਛਕ ਕੇ ਭਾਈ ਭਗਤ ਸਿੰਘ, ਮਾਤਾ ਜੀਊਣ ਕੌਰ ਤੇ ਦੀਪ ਸਿੰਘ ਬਣ ਗਏ। ਆਪ ਆਪਣੇ ਮਾਤਾ ਪਿਤਾ ਸਮੇਤ ਗੁਰੂ ਘਰ ਵਿੱਚ ਲੰਗਰ ਦੀ ਸੇਵਾ ਕਰਦੇ ਰਹੇ।

(ਬਾਬਾ) ਦੀਪ ਸਿੰਘ ਜੀ ਆਪਣਾ ਮਨ ਪੂਰੀ ਤਰ੍ਹਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਿਤ ਕਰ ਚੁੱਕੇ ਸਨ। ਹਰ ਵੇਲੇ ਸੇਵਾ ਸਿਮਰਨ ਵਿੱਚ ਲੱਗੇ ਰਹਿੰਦੇ। ਇੱਕ ਦਿਨ ਆਪ ਦੀ ਮਾਤਾ ਜੀ ਨੇ ਕਿਹਾ, ”ਪੁੱਤਰ ਘਰ ਚੱਲੀਏ, ਜਾ ਕੇ ਕੰਮ-ਕਾਰ ਸੰਭਾਲੀਏ” ਤਾਂ ਇਹਨਾਂ ਨੇ ਕਿਹਾ, ”ਮਾਂ, ਮੇਰਾ ਦਿਲ ਘਰ ਜਾਣ ਨੂੰ ਨਹੀਂ ਕਰਦਾ ਬਲਕਿ ਇਥੇ ਹੀ ਰਹਿਣਾ ਚਾਹੁੰਦਾ ਹਾਂ।” ਮਾਂ, ਪੁੱਤਰ ਦੀ ਗੱਲਬਾਤ ਹੁੰਦੀ ਦੇਖ ਕੇ ਕਲਗੀਧਰ ਕੋਲ ਆ ਗਏ ਤਾਂ ਪੁੱਛਿਆ- ”ਮਾਤਾ ਜੀ ਕੀ ਗੱਲ ਹੈ?” ਤਾਂ ਆਪ ਦੀ ਮਾਤਾ ਜੀ ਨੇ ਕਿਹਾ ਕਿ ”ਦੀਪ ਘਰ ਨਹੀਂ ਜਾਣਾ ਚਾਹੁੰਦਾ।” ਤਾਂ ਗੁਰੂ ਸਾਹਿਬ ਹੱਸ ਕੇ ਬੋਲੇ, ”ਮਾਤਾ ਜੀ ਇਸ ਨੂੰ ਇੱਥੇ ਹੀ ਰਹਿਣ ਦਿਓ, ਇਸ ਦਾ ਨਾਮ ਦੀਪ ਹੈ ਇਸ ਨੇ ਅਜੇ ਕਈ ਬੁਝੇ ਦੀਪ ਜਗਾਉਣੇ
ਹਨ।” ਮਾਤਾ ਪਿਤਾ ਸਤਿਗੁਰੂ ਤੋਂ ਆਗਿਆ ਲੈ ਕੇ ਵਾਪਸ ਆਪਣੇ ਪਿੰਡ ਆ ਗਏ।

ਇੱਥੇ ਰਹਿੰਦਿਆਂ ਬਾਬਾ ਦੀਪ ਸਿੰਘ ਜੀ ਨੇ ਸੇਵਾ-ਸਿਮਰਨ ਕਰਦਿਆਂ ਅਰਬੀ, ਫ਼ਾਰਸੀ, ਸੰਸਕ੍ਰਿਤ ਤੇ ਗੁਰਮੁਖੀ ਦੀ ਚੋਖੀ ਵਿੱਦਿਆ ਗ੍ਰਹਿਣ ਕੀਤੀ ਅਤੇ ਸ਼ਸਤਰ ਵਿੱਦਿਆ ਵਿੱਚ ਵੀ ਨਿਪੁੰਨ ਹੋ ਗਏ। ਆਪ ਨਿਰਭੈ ਯੋਧੇ ਤੇ ਉੱਚ ਆਚਰਣ ਵਾਲੇ ਪੂਰਨ ਗੁਰਸਿੱਖ ਬਣ ਗਏ। ਅਨੰਦਪੁਰ ਸਾਹਿਬ ਦੇ ਸਾਰਿਆਂ ਯੁੱਧਾਂ ਵਿੱਚ ਆਪ ਬੜੀ ਬਹਾਦਰੀ ਤੇ ਬੀਰਤਾ ਨਾਲ ਲੜੇ। ਆਪਣੀ ਉੱਚ ਸ਼ਖਸੀਅਤ ਸਦਕਾ ਆਪ ਕਲਗੀਧਰ ਪਾਤਿਸ਼ਾਹ ਨੂੰ ਬਹੁਤ ਚੰਗੇ ਲੱਗਦੇ ਸਨ।

ਜਦੋਂ ਸਤਿਗੁਰੂ ਜੀ ਨੇ ਅਨੰਦਪੁਰ ਛੱਡਿਆ ਤਾਂ ਉਸ ਵੇਲੇ ਆਪ ਜੀ ਨੂੰ ਮੁੱਖੀ ਬਣਾ ਕੇ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਭਾਈ ਮਨੀ ਸਿੰਘ, ਧੰਨਾ ਸਿੰਘ ਤੇ ਜਵਾਹਰ ਸਿੰਘ ਦੇ ਨਾਲ ਦਿੱਲੀ ਵੱਲ ਭੇਜਿਆ। ਕੁਝ ਸਮਾਂ ਆਪ ਦਿੱਲੀ ਰਹੇ, ਫਿਰ ਆਪਣੇ ਪਿੰਡ ਪਹੂਵਿੰਡ ਆ ਗਏ। ਕਲਗੀਧਰ ਪਾਤਿਸ਼ਾਹ ਜੀ ਸਰਸਾ, ਚਮਕੌਰ, ਮਾਛੀਵਾੜੇ ਤੇ ਮੁਕਤਸਰ ਦੇ ਯੁੱਧ ਕਰਕੇ ਲੱਖੀ ਜੰਗਲ ਹੁੰਦਿਆਂ ਹੋਇਆਂ ਪਿੰਡ ਤਲਵੰਡੀ ਸਾਬੋ ਕੀ ਪਹੁੰਚ ਗਏ। ਸਤਿਗੁਰੂ ਨੇ ਫਿਰ ਤੋਂ ਦੀਵਾਨ ਸਜਾਉਣੇ ਸ਼ੁਰੂ ਕਰ ਦਿੱਤੇ। ਸਤਿਗੁਰੂ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈਣ ਲਈ ਸਿੰਘਾਂ ਨੂੰ ਧੀਰਮੱਲ ਕੋਲ ਕਰਤਾਰਪੁਰ ਭੇਜਿਆ। ਉਸ ਨੇ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦਾ ਸਰੂਪ
ਦੇਣ ਤੋਂ ਇਨਕਾਰ ਕਰ ਦਿੱਤਾ। ਅਤੇ ਕਿਹਾ ਜੇ ਗੁਰੂ ਗੋਬਿੰਦ ਸਿੰਘ ਜੀ ਸਮਰੱਥ ਨੇ ਤਾਂ ਆਪ ਕਿਉਂ ਨਹੀਂ ਰਚਨਾ ਕਰ ਲੈਂਦੇ? ਸਿੰਘ ਖ਼ਾਲੀ ਹੱਥ ਵਾਪਸ ਆ ਗਏ ਤੇ ਸਾਰਾ ਹਾਲ ਸੁਣਾਇਆ। ਭਾਈ ਮਨੀ ਸਿੰਘ ਜੀ ਵੀ ਦਿੱਲੀ ਤੋਂ ਆ ਚੁੱਕੇ ਸਨ। ਬਾਬਾ ਦੀਪ ਸਿੰਘ ਜੀ ਨੂੰ ਪਹੁਵਿੰਡੋਂ ਸੱਦਾ ਭੇਜ ਕੇ ਮੰਗਵਾਇਆ ਗਿਆ। ਸਤਿਗੁਰੂ ਜੀ ਇੱਕ ਨਿਵੇਕਲੀ ਜਗ੍ਹਾ ਤੇ ਤੰਬੂ ਲਵਾ ਕੇ ਪਾਵਨ ਸਰੂਪ ਦਾ ਹੂ-ਬ-ਹੂ ਉਚਾਰਨ ਕਰਦੇ ਰਹੇ ਤੇ ਭਾਈ
ਮਨੀ ਸਿੰਘ ਜੀ ਲਿਖਦੇ ਰਹੇ। ਬਾਬਾ ਦੀਪ ਸਿੰਘ ਜੀ ਵੀ ਇਸ ਕਾਰਜ ਵਿੱਚ ਕਾਗਜ਼, ਕਲਮ, ਸਿਆਹੀ ਦੇ ਪ੍ਰਬੰਧ ਕਰਕੇ ਮਦਦ ਕਰਦੇ ਰਹੇ। ਇਵੇਂ ਪੂਰੇ ਕਾਰਜ ਹਿਤ 9 ਮਹੀਨੇ 9 ਦਿਨ 9 ਘੜੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋ ਗਿਆ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ। ਜਿੱਥੇ ਇਹ ਸਰੂਪ ਲਿਖਿਆ, ਉਸ ਜਗ੍ਹਾ ਦਾ ਨਾਂਅ ‘ਲਿਖਣ-ਸਰ’ ਪੈ ਗਿਆ।

ਬਾਬਾ ਦੀਪ ਸਿੰਘ ਜੀ ਨੇ ਇਸ ਗ੍ਰੰਥ ਸਾਹਿਬ ਜੀ ਤੋਂ ਉਤਾਰਾ ਕਰਕੇ ਚਾਰ ਸਰੂਪ ਆਪਣੇ ਹੱਥੀਂ ਲਿਖ ਕੇ ਗੁਰੂ ਪੰਥ ਨੂੰ ਸੌਂਪੇ। ਇੱਕ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਜਿਸ ਦੀ ਜਿਲਦ ਤੇ ਦੋ ਸੇਰ ਸੋਨਾ ਲੱਗਾ ਹੋਇਆ ਹੈ। ਦੂਜਾ ਸਰੂਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤੀਸਰਾ ਸਰੂਪ ਤਖ਼ਤ ਸ੍ਰੀ ਪਟਨਾ ਸਾਹਿਬ, ਚੌਥਾ ਸਰੂਪ ਤਖ਼ਤ ਸ੍ਰੀ ਅਬਚਲ ਨਗਰ (ਨੰਦੇੜ) ਦੱਖਣ ਹਜ਼ੂਰ ਸਾਹਿਬ ਵਿਖੇ ਅਸਥਾਪਿਤ ਹੈ। ਇੱਕ ਸਰੂਪ ਅਰਬੀ ਬੋਲੀ ਵਿੱਚ ਵੀ ਲਿਖ ਕੇ ਅਰਬ ਦੇਸ਼ ਵਿੱਚ ਭੇਜਿਆ। ਆਪ ਜੀ ਨੇ ਮਾਲਵੇ ਵਿੱਚ ਪਾਣੀ ਦੀ ਥੁੜ੍ਹ ਨੂੰ ਮੁੱਖ ਰੱਖਦਿਆਂ ਦਮਦਮੇ ਸਾਹਿਬ ਇੱਕ ਵੱਡਾ ਖੂਹ ਲਗਵਾਇਆ। ਬਾਬਾ ਜੀ ਜਿਸ ਕਲਮ ਨਾਲ ਗੁਰਬਾਣੀ ਲਿਖਦੇ ਸਨ, ਉਸ ਨੂੰ ਘੜਣ ਲਈ ਦੋਬਾਰਾ ਚਾਕੂ ਨਹੀਂ ਸਨ ਲਗਾਂਦੇ। ਉਸ ਕਲਮ ਦਾ ਏਨਾ ਸਤਿਕਾਰ ਕਰਦੇ ਸਨ ਕਿ ਉਸ ਨੇ ਮੇਰੇ ਮਾਲਕ ਦੇ ਬਚਨਾਂ ਨੂੰ ਲਿਖਿਆ ਹੈ, ਕਿੰਨਾ ਪ੍ਰੇਮ ਸੀ ਉਹਨਾਂ ਨੂੰ ਗੁਰਬਾਣੀ ਨਾਲ। ਸਤਿਗੁਰਾਂ ਦੇ ਜੋਤੀ-ਜੋਤ ਸਮਾਉਣ ਤੋਂ ਕੁਝ ਦੇਰ ਪਿੱਛੋਂ ਬੰਦਈ ਖਾਲਸਾ ਤੇ ਤੱਤ ਖਾਲਸਾ ਵਿੱਚ ਫੁੱਟ ਪੈਣ ਦਾ ਪਤਾ ਆਪ ਨੂੰ ਲੱਗਾ। ਆਪ
ਨੇ ਭਾਈ ਮਨੀ ਸਿੰਘ ਜੀ ਨਾਲ ਵਿਚਾਰ ਕਰਕੇ ਦੋ ਚਿੱਠੀਆਂ ਲਿਖ ਕੇ ਹਰਿ ਕੀ ਪਉੜੀ (ਸ੍ਰੀ ਹਰਿਮੰਦਰ ਸਾਹਿਬ) ਸਰੋਵਰ ਵਿੱਚ ਰੱਖ ਦਿੱਤੀਆਂ। ਬੰਦਈ ਖਾਲਸੇ ਵਾਲੀ ਚਿੱਠੀ ਡੁੱਬ ਗਈ ਤੇ ਸਾਰਿਆਂ ਨੇ ਤੱਤ ਖਾਲਸਾ ਨੂੰ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਸੌਂਪੀ।

ਮੁਰਾਦ ਬੇਗਮ (ਮੀਰ ਮੰਨੂੰ ਦੀ ਔਰਤ) ਨੇ ਅਹਿਮਦ ਸ਼ਾਹ ਅਬਦਾਲੀ ਨੂੰ ਪੱਤਰ ਲਿਖ ਕੇ ਭਾਰਤ ‘ਤੇ ਹਮਲਾ ਕਰਨ ਲਈ ਕਿਹਾ। ਅਬਦਾਲੀ ਨੇ ਇਕ ਲੱਖ ਤੋਂ ਵੱਧ ਫ਼ੌਜ ਲੈ ਕੇ ਹਮਲਾ ਕਰ ਦਿੱਤਾ। ਉਸ ਨੇ ਆਗਰਾ, ਮਥਰਾ ਤੇ ਬਿੰ੍ਰਦਾਬਨ ਦੇ ਕਈ ਮੰਦਰਾਂ ਨੂੰ ਢਾਹਿਆ ਤੇ ਲੁੱਟਿਆ, ਸੋਨੇ-ਚਾਂਦੀ ਦੀਆਂ ਮੂਰਤੀਆਂ ਦੀ ਲੁੱਟ ਕੀਤੀ, ਕਤਲੇਆਮ ਕੀਤੀ, ਖ਼ੂਬਸੂਰਤ ਔਰਤਾਂ ਦੀ ਬੇਪਤੀ ਕੀਤੀ। ਭਾਰਤ ਦੀ ਅਣਖ ਤੇ ਗ਼ੈਰਤ ਨੂੰ ਮਿੱਟੀ ਵਿੱਚ ਮਿਲਾ ਕੇ, ਸੋਨੇ ਚਾਂਦੀ ਤੇ ਹੋਰ ਕੀਮਤੀ ਮਾਲ ਦੇ ਗੱਡੇ ਭਰ ਕੇ, ਸੁੰਦਰ ਔਰਤਾਂ ਨੂੰ ਕੈਦ ਕਰਕੇ ਆਪਣੇ ਨਾਲ ਵਾਪਸ ਲਿਜਾ ਰਿਹਾ ਸੀ। ਇਸ ਗੱਲ ਦਾ ਪਤਾ ਜੱਦ ਖਾਲਸੇ ਨੂੰ ਲੱਗਾ ਤਾਂ ਬਾਬਾ ਦੀਪ ਸਿੰਘ ਜੀ ਆਪ ਪੰਜ ਸੌ ਸਿੰਘਾਂ ਦਾ ਜੱਥਾ ਲੈ ਕੇ ਥਨੇਸਰ ਦੇ ਜੰਗਲਾਂ ਵਿੱਚ ਪੁੱਜ ਗਏ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਦਾ ਪ੍ਰਣ ਲਿਆ –

”ਖਾਲਸਾ ਸੋ ਜੋ ਚੜ੍ਹੇ ਤੁਰੰਗ। ਖਾਲਸਾ ਸੋ ਜੋ ਕਰੇ ਨਿਤ ਜੰਗ।” (ਸਰਬ ਲੋਹ ਗ੍ਰੰਥ)

ਅਬਦਾਲੀ ਦੇ ਕਾਫ਼ਲੇ ਨੇ ਰਾਤ ਨੂੰ ਸ਼ਾਹਬਾਦ ਮਾਰਕੰਡਾ ਤੇ ਪਿਪਲੀ ਦੇ ਵਿਚਕਾਰ ਡੇਰਾ ਲਾਇਆ। ਸਿੰਘਾਂ ਨੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਫ਼ੌਜ ‘ਤੇ ਹੱਲਾ ਬੋਲ ਦਿੱਤਾ। ਮਾਲ-ਧਨ ਲੁੱਟਿਆ, ਵਿਸ਼ੇ-ਵਿਕਾਰਾਂ ਦੀ ਪੂਰਤੀ ਹਿਤ ਗੁਲਾਮ ਬਣਾਈਆਂ ਮੁਟਿਆਰਾਂ ਨੂੰ ਛੁਡਾਇਆ ਤੇ ਸਭਨਾਂ ਦੇ ਨਾਂ-ਪਤਾ ਕਰਕੇ ਘਰੋ-ਘਰੀਂ ਪਹੁੰਚਾਇਆ।

ਬ੍ਰਹਮ ਗਿਆਨੀ ਅਨਾਥ ਕਾ ਨਾਥੁ
ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ
(ਸ੍ਰੀ ਸੁਖਮਨੀ ਸਾਹਿਬ)

ਅਜਿਹੇ ਉੱਚੇ ਤੇ ਸੁੱਚੇ ਚਰਿੱਤਰ ਦੇ ਮਾਲਕ ਸਨ ਬਾਬਾ ਦੀਪ ਸਿੰਘ ਜੀ। ਜ਼ਾਲਮਾਂ ਦੇ ਖ਼ੂਨੀ ਪੰਜਿਆਂ ਵਿੱਚੋਂ ਆਜ਼ਾਦ ਹੋਈਆਂ ਬੱਚੀਆਂ ਨੇ ਖਾਲਸੇ ਨੂੰ ਲੱਖਾਂ ਅਸੀਸਾਂ ਦਿੱਤੀਆਂ। ਲਾਹੌਰ ਪੁੱਜ ਕੇ ਅਬਦਾਲੀ ਨੇ ਖਾਲਸੇ ਦੇ ਪਿਛੋਕੜ ਬਾਰੇ ਛਾਣਬੀਣ ਕੀਤੀ। ਇੱਕ ਮੁਤੱਸਬੀ ਕਾਜ਼ੀ ਨੇ ਸਿੱਖਾਂ ਪ੍ਰਤੀ ਬੜਾ ਕੁਫ਼ਰ ਤੋਲਿਆ। ਗਿਆਨੀ ਗਿਆਨ ਸਿੰਘ ਜੀ ਦੇ ਰਚੇ ਗ੍ਰੰਥ ਪੰਥ ਪ੍ਰਕਾਸ਼ ਵਿੱਚੋਂ ਇਸ ਦਾ ਹਵਾਲਾ ਮਿਲਦਾ ਹੈ –

ਵਲੀ ਇਨ ਕਾ ਅਜਬ ਭਯੋ ਹੈ।
ਇਨਕੋ ਆਬੇ-ਹਿਯਾਤ ਦਯੋ ਹੈ।
ਗ਼ਜ਼ਬ ਅਸਰ ਤਿਸ ਕਾ ਹਮ ਦੇਖਾ।
ਬੁਜ਼ਦਿਲ ਹੋਵਤ ਸਿੰਘ ਬਿਸੇਖਾ।
ਹਾੜ ਨ ਦਿਨ ਭਰ ਪੀਵਹਿ ਪਾਣੀ।
ਸਿਆਲ ਨ ਰਾਖਹਿ ਅਗਨ ਨੀਸਾਣੀ।
ਬੈਠਤ ਸੋਵਹਿ ਚਲਤੇ ਖਾਵਹਿ।
ਗ੍ਰਾਮ ਕਿਸੀ ਮੈ ਟਿਕਮ ਨਾ ਪਾਵਹਿ।

ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਹੁਕਮ ਦਿੱਤਾ ਕਿ ਅੰਮ੍ਰਿਤ ਸਰੋਵਰ ਮਿੱਟੀ ਨਾਲ ਭਰ ਦਿਓ, ਹਰਿਮੰਦਰ ਨੂੰ ਨਸ਼ਟ ਕਰ ਦਿਉ, ਸਭ ਸਿੰਘਾਂ ਨੂੰ ਖ਼ਤਮ ਕੀਤਾ ਜਾਵੇ। ਤੈਮੂਰ ਦੇ ਫ਼ੌਜੀ ਜਰਨੈਲ ਜਹਾਨ ਖ਼ਾਨ ਨੇ 30 ਹਜ਼ਾਰ ਦੀ ਫ਼ੌਜ ਨਾਲ ਲੈ ਕੇ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ, ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬੇਪੱਤ ਕੀਤਾ ਗਿਆ। ਇਸ ਸਾਰੀ ਕਾਰਵਾਈ ਦਾ ਪਤਾ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਵਿਖੇ ਲੱਗਾ। ਖ਼ਬਰ ਸੁਣ ਕੇ ਆਪ ਬੀਰ ਰਸ ਵਿੱਚ ਆ ਗਏ ਤੇ ਕਲਮ ਛੱਡ ਕੇ ਕਮਰਕੱਸਾ ਕਰ ਲਿਆ ਤੇ ਖਾਲਸੇ ਨੂੰ ਸੂਚਨਾਵਾਂ ਭੇਜ ਦਿੱਤੀਆਂ ਕਿ ਹੁਣ ਸ਼ਹੀਦੀਆਂ ਦਾ ਸਮਾਂ ਆ ਗਿਆ ਹੈ। ਤਰਨ ਤਾਰਨ ਸਾਹਿਬ ਪਹੁੰਚ ਕੇ ਆਪ ਜੀ ਨੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਪ੍ਰਣ ਕੀਤਾ ਕਿ ”ਹੇ ਸੱਚੇ ਪਾਤਸ਼ਾਹ ਆਪ ਦੀ ਮਿਹਰ ਸਦਕਾ ਯੁੱਧ ਕਰਨ ਜਾ ਰਹੇ ਹਾਂ, ਆਪ ਜੀ ਵੱਲੋਂ ਚਲਾਈ ਸ਼ਹੀਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਇਹੀ ਅਰਦਾਸ ਹੈ ਕਿ ਹਰਿਮੰਦਰ ਸਾਹਿਬ ਨੂੰ ਬੇਅਦਬੀ ਤੋਂ ਮੁਕਤ ਕਰਾ ਕੇ ਗੁਰੂ ਰਾਮਦਾਸ ਜੀ ਦੇ ਦਰ ‘ਤੇ ਪਹੁੰਚ ਕੇ ਸ਼ਹੀਦ ਹੋਈਏ, ਆਪ ਸਹਾਈ ਹੋ ਕੇ ਰੱਛਿਆ ਕਰਨਾ ਤੇ ਬਲ ਬਖਸ਼ਣਾ।” ਤਰਨ ਤਾਰਨ ਤੋਂ ਬਾਹਰ ਆ ਕੇ ਆਪ ਜੀ ਨੇ ਇੱਕ ਲਕੀਰ ਖਿੱਚ ਦਿੱਤੀ ਤੇ ਕਿਹਾ ਕਿ ਜਿਸ ਨੇ ਧਰਮ ਹਿਤ ਸ਼ਹੀਦ ਹੋਣਾ ਹੈ ਉਹ ਲਕੀਰ ਟੱਪ ਕੇ ਆ ਜਾਉ, ਸਾਰੇ ਹੀ ਸਿੰਘ ਤਕਰੀਬਨ 10 ਹਜ਼ਾਰ ਲਕੀਰ ਪਾਰ ਕਰਕੇ ਬਾਬਾ ਜੀ ਪਾਸ ਆ ਗਏ।

”ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਅਨੰਦੁ
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ” (ਅੰਗ ੧੩੬੫)

ਗੋਲ੍ਹਵੜ ਦੇ ਟਿੱਬੇ ‘ਤੇ 40 ਹਜ਼ਾਰ ਫ਼ੌਜ ਨਾਲ ਜਹਾਨ ਖ਼ਾਂ ਤੇ ਜ਼ਬਰਦਸਤ ਖ਼ਾਂ, ਰੁਸਤਮ ਖਾਂ, ਦੀਨਾ ਬੇਗ, ਗਾਜ਼ੀ ਖਾਂ ਵਰਗੇ ਸੈਨਾਪਤੀਆਂ ਨਾਲ ਮੋਰਚਾ ਲਾ ਲਿਆ। ਸੰਨ 1757 ਈ. ਨੂੰ ਦੋਹਾਂ ਫ਼ੌਜਾਂ ਦੀ ਟੱਕਰ ਇੱਥੇ ਹੋਈ। ਬਾਬਾ ਜੀ ਨਾਲ ਬਾਬਾ ਨੌਧ ਸਿੰਘ, ਭਾਈ ਦਿਆਲ ਸਿੰਘ, ਬਲਵੰਤ ਸਿੰਘ, ਬਸੰਤ ਸਿੰਘ ਤੇ ਹੋਰ ਕਈ ਮਹਾਨ ਯੋਧੇ ਸਨ। ਸਿੰਘਾਂ ਨੇ ਮੁਗ਼ਲ ਸੈਨਾ ਦੇ ਆਹੂ ਲਾਹੁਣੇ ਸ਼ੁਰੂ ਕਰ ਦਿੱਤੇ। ਭਾਈ ਦਿਆਲ ਸਿੰਘ ਨੇ ਮੋਰਚੇ ‘ਤੇ ਕਬਜ਼ਾ ਕਰ ਲਿਆ। ਬਲਵੰਤ ਸਿੰਘ ਨੇ ਜ਼ਬਰਦਸਤ ਖ਼ਾਂ ਨੂੰ ਮਾਰ ਮੁਕਾਇਆ। ਬਾਬਾ ਨੌਧ ਸਿੰਘ ਤੇ ਬਲਵੰਤ ਸਿੰਘ ਕਈ ਵੈਰੀਆਂ ਨੂੰ ਮੁਕਾਉਂਦੇ ਹੋਏ ਸ਼ਹੀਦ ਹੋ ਚੁੱਕੇ ਸਨ। ਜਹਾਨ ਖ਼ਾਂ ਬਾਬਾ ਦੀਪ ਸਿੰਘ ਜੀ ਵੱਲ ਵਧਿਆ। ਬਾਬਾ ਜੀ ਦੇ ਹੱਥ ੧੮ ਸੇਰ ਦਾ ਦੋ-ਧਾਰਾ ਖੰਡਾ
ਸੀ। ਦੋਹਾਂ ਵੱਲੋਂ ਸਾਂਝਾ ਵਾਰ ਹੋਇਆ ਤੇ ਦੋਹਾਂ ਦੇ ਸਿਰ ਲੱਥ ਗਏ। ਇੱਕ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਆਖਿਆ, ”ਆਪ ਜੀ ਨੇ ਸੁਧਾਸਰ (ਅੰਮ੍ਰਿਤਸਰ) ਪੁੱਜ ਕੇ ਸ਼ਹੀਦ ਹੋਣ ਦਾ ਪ੍ਰਣ ਕੀਤਾ ਸੀ, ਪਰ ਉਹ ਤਾਂ ਅਜੇ ਤਿੰਨ ਕੁ ਮੀਲ ਹੈ,” ਇਤਨੇ ਬਚਨ ਸੁਣਦਿਆਂ ਹੀ ਵਾਹਿਗੁਰੂ ਦੀ ਮਿਹਰ ਸਦਕਾ ਸੀਸ ਅਤੇ ਧੜ ਵਿੱਚ ਹਰਕਤ ਹੋਈ, ਬਾਬਾ ਜੀ ਖੜੇ ਹੋ ਗਏ ਤੇ ਸੀਸ ਖੱਬੇ ਹੱਥ ਦੀ ਤਲੀ ‘ਤੇ ਧਰ ਲਿਆ ਤੇ ਆਪਣੀ ਅਰਦਾਸ ਪੁਗਾਉਣ ਲਈ ਚਾਲੇ ਪਾ ਦਿੱਤੇ।

”ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ” (ਅੰਗ ੮੧੯)

ਗੁਰੂ ਰਾਮਦਾਸ ਜੀ ਨੇ ਆਪ ਇਹ ਅਲੌਕਿਕ ਖੇਡ ਵਰਤਾ ਕੇ ਆਪਣੇ ਪਿਆਰੇ ਭਗਤ ਦਾ ਪ੍ਰਣ ਪੂਰਾ ਕੀਤਾ। ਬਾਬਾ ਦੀਪ ਸਿੰਘ ਜੀ ਨੇ ਇੱਕ ਹੱਥ ਖੰਡਾ, ਦੂਜੇ ਹੱਥ ਸੀਸ ਫੜ ਕੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟ ਕੀਤਾ ਤੇ ਸ਼ਹਿਦ ਹੋ ਗਏ। ਜਿਸ ਜਗ੍ਹਾ ‘ਤੇ ਬਾਬਾ ਜੀ ਦਾ ਸੀਸ ਲੱਥਾ ਉਹ ਚੱਬੇ ਦੇ ਕੋਲ ਹੈ, ਉਸ ਗੁਰਦੁਆਰੇ ਦਾ ਨਾਮ ਟਾਹਲਾ ਸਾਹਿਬ ਹੈ। ਜਿੱਥੇ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ, ਉੱਥੇ ਹੁਣ ਗੁ: ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਹੈ।

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ (ਧਨਾਸਰੀ ਮ: ੫, ਅੰਗ ੬੧੯)

ਸਿੱਖਿਆ- ਬਾਬਾ ਦੀਪ ਸਿੰਘ ਜੀ ਵਰਗਾ ਸਚਾ ਸੁੱਚਾ ਜੀਵਨ, ਨਾਮ ਵਾਲਾ ਜੀਵਨ, ਬੰਦਗੀ ਵਾਲਾ ਜੀਵਨ, ਕਿਨਕਾ ਕੁ ਸਾਨੂੰ ਵੀ ਪ੍ਰਾਪਤ
ਹੋਵੇ।

LEAVE A REPLY

This site uses Akismet to reduce spam. Learn how your comment data is processed.