|
|
ਭਾਈ ਜੱਗਾ ਸਿੰਘ ਦੀ ਸ਼ਰਧਾ ਤੇ ਸੇਵਾ

|
ਸਤਿਗੁਰੂ ਜੀ ਦਾ ਇਕ ਪ੍ਰੇਮੀ ਸਿੱਖ ਆਪਜੀ ਦੀ ਸੇਵਾ ਵਿਚ ਦਿਨ ਰਾਤ ਤੱਤਪਰ ਰਹਿੰਦਾ | ਪੱਖਾ ਝੱਲਣਾ, ਜੋੜਾ ਸਾਫ ਕਰਨਾ, ਚਰਨ ਧੋਣੇ ਅਤੇ ਮੁੱਠੀ ਚਾਪੀ ਕਰਨ ਆਦਿਕ ਦੀ ਸੇਵਾ ਬੜੇ ਪ੍ਰੇਮ ਨਾਲ ਕਰਦਾ | ਸਤਿਗੁਰੂ ਜੀ ਉਸਦੀ ਸੇਵਾ ਤੋਂ ਪ੍ਰਸੰਨ ਹੋਕੇ ਉਸਨੂੰ ਆਪਣੇ ਪਾਸ ਹੀ ਰੱਖਦੇ ਸਨ | ਜਿਸ ਕਰਕੇ ਦੂਜੇ ਸਿੱਖ ਸੇਵਾਦਾਰ ਉਸ ਤੋਂ ਈਰਖਾ ਕਰਨ ਲੱਗ ਗਏ | ਪਰ ਉਹ ਉਹਨਾਂ ਨਾਲ ਪ੍ਰੇਮ ਨਾਲ ਵਰਤਾਉ ਕਰਦਾ ਸੀ |
ਇਕ ਦਿਨ ਸਤਿਗੁਰੂ ਜੀ ਪਲੰਘ ਉੱਤੇ ਲੇਟੇ ਹੋਏ ਸਨ | ਪਰ ਸੇਵਾਦਾਰਾਂ ਨੇ ਸਮਝਿਆ ਕਿ ਆਪਜੀ ਸੁੱਤੇ ਹੋਏ ਹਨ | ਉਹਨਾਂ ਨੇ ਜੱਗਾ ਸਿੰਘ ਨੂੰ ਆਖਿਆ," ਤੂੰ ਜਦੋਂ ਕਦੋਂ ਅੱਗੇ ਹੋ ਕੇ ਸੇਵਾ ਕਰਦਾ ਹੈਂ | ਬਾਕੀ ਸੇਵਾਦਾਰਾਂ ਨੂੰ ਪਿਛੇ ਛੱਡ ਦਿੱਤਾ ਹੈ | ਤੇਰੇ ਵਰਗੇ ਅੱਗੇ ਵੀ ਕਈ ਆਏ ਜਿਹੜੇ ਅੰਤ ਨੂੰ ਸੇਵਾ ਛੱਡ ਕੇ ਘਰਾਂ ਨੂੰ ਭੱਜ ਗਏ | ਹੁਣ ਤੇਰੀ ਵਾਰੀ ਹੈ, ਵੇਖੀਏ ਤੂੰ ਕਿੰਨਾ ਕੁ ਚਿਰ ਸੇਵਾ ਕਰਦਾ ਹੈਂ |" ਇਹਨਾਂ ਗੱਲਾ ਦਾ ਜੱਗਾ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਤੇ ਪ੍ਰੇਮ ਨਾਲ ਸੇਵਾ ਵਿਚ ਲੱਗੇ ਰਹੇ |
ਸਤਿਗੁਰੂ ਜੀ ਜਾਗਦੇ ਸਨ ਤੇ ਸਭ ਗੱਲਾਂ ਚੁੱਪ-ਚਾਪ ਸੁਣਦੇ ਰਹੇ | ਦੂਜੇ ਦਿਨ ਆਪਜੀ ਨੇ ਜੱਗਾ ਸਿੰਘ ਨੂੰ ਦੀਵਾਨ ’ਚ ਪੁਛਿਆ ਕਿ ਤੇਰੇ ਨਾਲ ਈਰਖਾ ਕਰਕੇ ਸੇਵਾਦਾਰਾਂ ਨੇ ਰਾਤ ਸਮੇਂ ਤੈਨੂੰ ਕੀ ਆਖਿਆ ਸੀ? ਜੱਗਾ ਸਿੰਘ ਨੇ ਆਖਿਆ," ਗੁਰੂ ਜੀ ਮੈਨੂੰ ਕਿਸੇ ਨੇ ਕੁਝ ਨਹੀ ਕਿਹਾ ਤੇ ਨਾ ਮੇਰੇ ਨਾਲ ਕੋਈ ਈਰਖਾ ਕਰਦਾ ਹੈ | ਮੈਨੂੰ ਕਿਸੇ ਦੀਆਂ ਗੱਲਾਂ ਨਾਲ ਕੋਈ ਵਾਸਤਾ ਨਹੀ | ਮੇਰਾ ਕੇਵਲ ਇਹੀ ਨਿਸ਼ਚਾ ਹੈ -
ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ |
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ |੧|
ਜੱਗਾ ਸਿੰਘ ਦੀ ਗੱਲ ਸੁਣਕੇ ਸਤਿਗੁਰੂ ਜੀ ਨੇ ਇਕ ਪਾਣੀ ਦੇ ਘੜੇ ਵਿਚ ਪਤਾਸਾ ਤੇ ਪਥਰੀ ਪਵਾ ਦਿੱਤੀ | ਥੋੜੇ ਸਮੇਂ ਬਾਅਦ ਪਥਰੀ ਤੇ ਪਤਾਸਾ ਕੱਢ ਕੇ ਲਿਆਉਣ ਲਈ ਕਿਹਾ | ਸੇਵਾਦਾਰ ਨੇ ਪਾਣੀ ਵਿਚ ਹਥ ਪਾ ਕੇ ਪਥਰੀ ਤਾ ਕੱਢ ਲਈ ਪਰ ਪਤਾਸਾ ਨਾ ਮਿਲਿਆ | ਉਸਨੇ ਕਿਹਾ," ਜੀ! ਪਤਾਸਾ ਪਾਣੀ ਵਿਚ ਘੁਲ ਗਿਆ ਹੈ |ਉਹ ਨਹੀ ਮਿਲਦਾ |"
ਗੁਰੂ ਜੀ ਨੇ ਦੱਸਿਆ, ਵੇਖੋ! ਪਤਾਸਾ ਜਿਹੜਾ ਕੋਮਲ ਤੇ ਮਿੱਠਾ ਸੀ ਉਹ ਪਾਣੀ ਨਾਲ ਹੀ ਮਿਲ ਕੇ ਉਸ ਨਾਲ ਹੀ ਇਕ ਰਸ ਹੋ ਗਿਆ ਹੈ | ਪਰ ਜਿਹੜਾ ਕਠੋਰ ਪੱਥਰ ਸੀ ਉਸਦੇ ਅੰਦਰ ਪਾਣੀ ਨੇ ਅਸਰ ਨਹੀ ਕੀਤਾ | ਉਹ ਜਿਉਂ ਦਾ ਤਿਉਂ ਹੀ ਰਿਹਾ ਹੈ | ਇਸੇ ਪ੍ਰਕਾਰ ਹੀ ਖਾਲਸਾ ਜੀ ਵਿਚਾਰ ਕੇ ਵੇਖੋ ਇਹ ਸਾਡੇ ਸੇਵਾਦਾਰ ਜੋ ਸਦਾ ਹੀ ਸਾਡੇ ਪਾਸ ਰਹਿੰਦੇ ਹਨ, ਇਹਨਾਂ ਨੇ ਕੋਈ ਗੁਣ ਵੀ ਧਾਰਨ ਨਹੀ ਕੀਤਾ | ਈਰਖਾਵਾਦੀ ਹੀ ਰਹੇ ਹਨ | ਇਹ ਡੱਡੂਆਂ ਦੇ ਸਮਾਨ ਹਨ | ਜਿਨ੍ਹਾਂ ਦਾ ਵਾਸਾ ਪਾਣੀ ਵਿਚ ਕਮਲ ਦੇ ਫੁੱਲਾਂ ਦੇ ਨੇੜੇ ਹੀ ਹੁੰਦਾ ਹੈ | ਪਰ ਉਹ ਗੁਣ ਰੂਪੀ ਕਮਲਾਂ ਦੇ ਨੇੜੇ ਔਗਣ ਰੂਪੀ ਜਾਲਾ ਹੀ ਖਾਂਦੇ ਹਨ | ਯਥਾ ਸ਼ਰਧਾਵਾਨ ਭੌਰੇ ਕਮਲਾਂ ਦੇ ਨੇੜੇ ਨਹੀ ਰਹਿੰਦੇ ਪਰ ਉਹ ਖੋਜ-ਖੋਜ ਕੇ ਕਮਲਾਂ ਦੇ ਸਰੋਵਰ ਗੁਰੂ ਨੂੰ ਲੱਭ ਹੀ ਲੈਂਦੇ ਹਨ | ਤਥਾ ਸਾਕਤ ਕਾਂ ਤੇ ਸੰਤ ਜਨ ਹੰਸ ਭਾਂਵੇ ਇਕ ਥਾਂ ਹੀ ਰਹਿਣ ਪਰ ਉਹਨਾਂ ਦੀ ਚਾਲ ਤੇ ਖਾਣ-ਪੀਣ ਦੀ ਕਾਰ ਆਪੋ-ਆਪਣੀ ਵੱਖਰੀ ਹੀ ਹੁੰਦੀ ਹੈ | ਇਸ ਪ੍ਰਕਾਰ ਦੀ ਸਿੱਖਿਆ ਉਪਦੇਸ਼ ਦੇ ਕੇ ਭਾਈ ਜੱਗਾ ਸਿੰਘ ਨੂੰ ਥਾਪੜਾ ਦੇ ਕੇ ਨਿਹਾਲ ਕੀਤਾ ਤੇ ਉਹ ਗੁਰੂ-ਗੁਰੂ ਜਪ ਕੇ ਤੇ ਸੇਵਾ ਕਰਦੇ ਹੋਏ ਪਰਮ ਪੱਦ ਨੂੰ ਪ੍ਰਾਪਤ ਹੋਇਆ |
|
|
|
|