|
|
ਸ੍ਰੀ ਗੁਰੂ ਅਮਰਦਾਸ ਜੀ ਨੇ ਸੇਵਾ ਕਰਨੀ
|
|
ਜਦ ਸ੍ਰੀ ਅਮਰਦਾਸ ਜੀ ਨੂੰ ਖਡੂਰ ਸਾਹਿਬ ਆਇਆਂ ਨੂੰ ਕਈ ਦਿਨ ਹੋ ਗਏ ਤਾਂ ਮਨ ਵਿਚ ਵਿਚਾਰ ਕੀਤੀ ਕਿ ਜਿਸ ਤਰ੍ਹਾਂ ਹੋਰ ਸਾਰੇ ਸਿੱਖ ਗੁਰੂ ਜੀ ਦੀ ਕਈ ਪ੍ਰਕਾਰ ਦੀ ਸੇਵਾ ਕਰਦੇ ਹਨ , ਮੈਨੂੰ ਵੀ ਕਰਨੀ ਚਾਹੀਦੀ ਹੈ | ਸੋ ਭਾਈ ਬੁੱਢਾ ਜੀ ਤੋਂ ਆਗਿਆ ਲੈ ਕੇ ਆਪ ਜੀ ਲੰਗਰ ਵਾਸਤੇ ਜਲ ਢੋਣ ਦੀ ਸੇਵਾ ਕਰਨ ਲੱਗ ਪਏ | ਸਾਰਾ ਦਿਨ ਜਲ ਦੀਆਂ ਗਾਗਰਾਂ ਢੋ ਢੋ ਕੇ ਲੰਗਰ ਦੇ ਛੱਕਣ ਲਈ ਅਤੇ ਵਰਤਣ ਵਾਸਤੇ ਲਿਆਈ ਜਾਂਦੇ | ਅੰਮ੍ਰਿਤ ਵੇਲੇ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਕਰਨ ਦਾ ਸਮਾਂ ਹੁੰਦਾ ਤਾਂ ਆਪ ਜੀ ਉਸ ਸਮੇਂ ਤੋਂ ਪਹਿਲਾਂ ਉੱਠ ਕੇ ਬਹੁਤ ਗਾਗਰਾਂ ਤੇ ਘੜੇ ਪਾਣੀ ਦੇ ਭਰਕੇ ਰੱਖ ਦਿੰਦੇ | ਪਹਿਲਾਂ ਗੁਰੂ ਜੀ ਨੂੰ ਇਸ਼ਨਾਨ ਕਰਵਾਉਂਦੇ ਫਿਰ ਕੱਪੜੇ ਧੋ ਕੇ ਸੁੱਕਾ ਕੇ ਗੁਰੂ ਜੀ ਨੂੰ ਪਹਿਨਾਉਂਦੇ ਉਪਰੰਤ ਆਪ ਜੀ ਇਕਾਂਤ ਹੋ ਕੇ ਸਤਿਗੁਰੂ ਜੀ ਦੀ ਮੂਰਤ ਦਾ ਧਿਆਨ ਧਰਕੇ ਬੈਠ ਜਾਂਦੇ | ਆਪ ਜੀ ਦੀ ਸੇਵਾ ਵਿਚ ਇਸ ਤਰ੍ਹਾਂ ਤਤਪਰ ਹੋ ਗਏ ਕਿ ਆਪ ਜੀ ਨੂੰ ਆਪਣੇ ਖਾਣ ਪੀਣ ਜਾਂ ਕੱਪੜੇ ਪਹਿਨਣ ਦੀ ਵੀ ਕੋਈ ਲਾਲਸਾ ਨਾ ਰਹੀ | ਇਕ ਸਾਲ ਇਸ ਤਰ੍ਹਾਂ ਬੀਤ ਗਿਆ ਅਤੇ ਸਰੀਰ ਦੇ ਕੱਪੜੇ ਵੀ ਪੁਰਾਣੇ ਹੋ ਗਏ | ਇਕ ਸਾਲ ਉਪਰੰਤ ਗੁਰੂ ਜੀ ਨੇ ਆਪ ਜੀ ਨੂੰ ਡੇਢ ਕੁ ਗਜ ਰੁਮਾਲ ਦਿਤਾ ਜੋ ਆਪ ਜੀ ਨੇ ਗੁਰੂ ਜੀ ਵਲੋਂ ਪ੍ਰਸ਼ਾਦਿ ਸਮਝਕੇ ਸਿਰ ਤੇ ਲਪੇਟ ਲਿਆ | ਆਪ ਜੀ ਬਹੱਤਰ ਸਾਲ ਦੀ ਉਮਰ ਵਿਚ ਗੁਰੂ ਜੀ ਪਾਸ ਆਏ ਸਨ | ਭਾਵੇ ਆਪ ਜੀ ਦਾ ਸਰੀਰ ਬ੍ਰਿਧ ਹੋ ਗਿਆ ਸੀ ਪਰ ਸੇਵਾ ਬੜੇ ਉਤਸ਼ਾਹ ਤੇ ਉਦਮ ਨਾਲ ਕਰਦੇ ਸਨ | ਗਾਗਰਾਂ ਢੋ ਕੇ ਪਾਣੀ ਦੀ ਤੋਟ ਨਹੀ ਆਉਣ ਦਿੰਦੇ ਸਨ | ਆਪਣੇ ਬ੍ਰਿਧ ਸਰੀਰ ਦੀ ਤੇ ਕੁਟੰਬ ਦੀ ਕੋਈ ਪ੍ਰਵਾਹ ਨਹੀ ਸਨ ਕਰਦੇ | ਸਰੀਰ ਕਰਕੇ ਗੁਰੂ ਜੀ ਦੀ ਸੇਵਾ ਕਰਦੇ ਸਨ ਅਤੇ ਮਨ ਕਰਕੇ ਸਦਾ ਚਿੰਤਨ ਕਰਦੇ ਰਹਿੰਦੇ ਸਨ | ਇਸ ਤਰ੍ਹਾਂ ਆਪ ਜੀ ਆਪਣੀ ਮਾਨ ਵਡਿਆਈ ਦਾ ਹੰਕਾਰ ਅਤੇ ਪਰਵਾਰ ਦਾ ਮੋਹ ਤਿਆਗ ਕੇ ਰਾਤ ਦਿਨ ਗੁਰੂ ਜੀ ਦੀ ਸੇਵਾ ਵਿਚ ਮਗਨ ਰਹਿੰਦੇ ਸਨ | ਜਦ ਦੂਸਰਾ ਸਾਲ ਬਤੀਤ ਹੋ ਗਿਆ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਫਿਰ ਆਪ ਜੀ ਨੂੰ ਇਕ ਰੁਮਾਲ ਦਿੱਤਾ, ਜਿਸ ਨੂੰ ਆਪ ਜੀ ਨੇ ਪਹਿਲਾਂ ਵਾਂਗੂੰ ਹੀ ਗੁਰੂ ਜੀ ਦੀ ਬਖਸ਼ਿਸ਼ ਜਾਣ ਕੇ ਸਤਿਕਾਰ ਨਾਲ ਸੀਸ ਤੇ ਲਪੇਟ ਲਿਆ , ਗੁਰੂ ਜੀ ਦੀ ਇਸ ਬਖਸ਼ਿਸ਼ ਨੂੰ ਸਦਾ ਹੀ ਸੀਸ ਤੇ ਰੱਖਣ ਲਈ ਆਪ ਜੀ ਉੱਪਰ ਰੱਸੀ ਨਾਲ ਕੱਸ ਕੇ ਬੰਨ ਲੈਂਦੇ ਅਤੇ ਕਿਸੇ ਸਮੇਂ ਵੀ ਸੀਸ ਤੋਂ ਨਾ ਉਤਾਰਦੇ | ਜਿਉਂ ਜਿਉਂ ਆਪ ਜੀ ਦੀ ਉਮਰ ਘੱਟਦੀ ਜਾਂਦੀ ਸੀ ਤਿਉਂ ਤਿਉਂ ਆਪ ਜੀ ਦਾ ਪ੍ਰੇਮ ਵੱਧਦਾ ਜਾਂਦਾ ਸੀ | ਤੀਸਰੇ ਸਾਲ ਗੁਰੂ ਜੀ ਨੇ ਫਿਰ ਆਪ ਜੀ ਨੂੰ ਡੇਢ ਗੱਜ ਦਾ ਰੁਮਾਲ ਦਿੱਤਾ ਤਾਂ ਆਪ ਜੀ ਨੇ ਉਸਨੂੰ ਵੀ ਪਹਿਲੇ ਦੋ ਰੁਮਾਲਾਂ ਦੇ ਉੱਪਰ ਲਪੇਟ ਕੇ ਰੱਸੀ ਨਾਲ ਬੰਨ ਲਿਆ | ਸੇਵਾ ਵਿਚ ਲੱਗਕੇ ਆਪ ਜੀ ਨੂੰ ਆਪਣੇ ਸਰੀਰ ਦੀ ਸੁੱਧ ਵੀ ਭੁੱਲੀ ਹੋਈ ਸੀ | ਆਪ ਜੀ ਦੇ ਹੱਥ ਪੈਰ ਫੱਟ ਗਏ ਅਤੇ ਆਪਣੇ ਰੰਗ ਤੋਂ ਬੇਰੰਗ ਹੋ ਗਏ | ਪਹਿਰ ਰਾਤ ਰਹਿੰਦੀ ਉੱਠਕੇ ਆਪ ਜੀ ਪਾਣੀ ਦੀ ਗਾਗਰ ਲਿਆ ਕੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ, ਚਰਨ ਧੋਂਦੇ ਅਤੇ ਕੱਪੜੇ ਧੋ ਕੇ ਫਿਰ ਪ੍ਰਮਾਤਮਾ ਦੇ ਨਾਮ ਸਿਮਰਨ ਵਿਚ ਬੈਠ ਜਾਂਦੇ , ਉਪਰੰਤ ਲੰਗਰ ਵਾਸਤੇ ਪਾਣੀ ਦੇ ਘੜੇ ਭਰਕੇ ਰੱਖਦੇ | ਲੰਗਰ ਵਾਸਤੇ ਲੱਕੜਾਂ ਲਿਆਉਂਦੇ ਲੋਹਾਂ ਹੇਠ ਅੱਗ ਬਾਲਦੇ , ਲਕੜਾਂ ਝੋਕਦੇ ਅਤੇ ਫਿਰ ਪੰਗਤ ਵਿਚ ਬੈਠ ਕੇ ਪ੍ਰਸ਼ਾਦਿ ਛੱਕਦੇ | ਪ੍ਰਸ਼ਾਦਾ ਛੱਕ ਕੇ ਲੰਗਰ ਦੇ ਭਾਂਡੇ ਮਾਂਜ ਦੇ , ਗਰਮੀ ਦਾ ਮੌਸਮ ਹੋਵੇ ਤਾਂ ਪੱਖਾ ਝਲਦੇ | ਗੁਰੂ ਜੀ ਦੇ ਬਿਸਰਾਮ ਵਾਸਤੇ ਆਪ ਜੀ ਦਾ ਪਲੰਘ ਵਿਛਾਉਂਦੇ ਅਤੇ ਮੁਠੀ ਚਾਪੀ ਦੀ ਸੇਵਾ ਕਰਕੇ ਆਪ ਜੀ ਦੇ ਚਰਨ ਘੁਟਦੇ | ਫਿਰ ਚਾਰ ਸਾਲ ਬੀਤ ਗਏ ਤਾਂ ਗੁਰੂ ਜੀ ਨੇ ਆਪ ਜੀ ਨੂੰ ਚੌਥਾ ਰੁਮਾਲ ਦਿਤਾ ਜਿਸਨੂੰ ਆਪ ਜੀ ਨੇ ਪਹਿਲਿਆਂ ਵਾਂਗ ਹੀ ਸਿਰ ਤੇ ਬੰਨ੍ਹ ਲਿਆ | ਪੰਜਵੇਂ ਸਾਲ ਪੰਜਵਾਂ ਤੇ ਛੇਵੇਂ ਸਾਲ ਛੇਵਾਂ ਰੁਮਾਲ ਗੁਰੂ ਜੀ ਨੇ ਆਪ ਜੀ ਨੂੰ ਦਿਤਾ ਅਤੇ ਸੱਤਵੇਂ ਸਾਲ ਸਤਵਾਂ , ਜੋ ਆਪ ਜੀ ਇਕ ਦੂਜੇ ਦੇ ਉੱਪਰ ਹੀ ਬੰਨ੍ਹੀ ਗਏ | ਹੁਣ ਆਪ ਜੀ ਨੂੰ ਹਿਰਦੇ ਵਿਚ ਕੁਝ ਗਿਆਨ ਦਾ ਪ੍ਰਕਾਸ਼ ਵੀ ਹੋ ਗਿਆ ਜਿਸ ਨਾਲ ਕਰਾਮਾਤ ਦੀ ਸ਼ਕਤੀ ਹੋ ਗਈ ਅਤੇ ਮਨ ਵਿਚ ਸਿੱਧੀਆਂ ਫੁਰਨ ਲੱਗ ਪਈਆਂ | ਇਕ ਦਿਨ ਜਦ ਗੁਰੂ ਜੀ ਬਿਸਰਾਮ ਕਰ ਰਹੇ ਸਨ ਤਾਂ ਆਪ ਜੀ ਨੇ ਵੇਖਿਆ ਕਿ ਗੁਰੂ ਜੀ ਦੇ ਪੈਰ ਦਾ ਅੰਗੂਠਾ ਸਦਾ ਹੀ ਸਿੰਮਦਾ ਰਹਿੰਦਾ ਹੈ , ਜਿਸ ਨਾਲ ਆਪ ਜੀ ਨੂੰ ਸਦਾ ਕਸ਼ਟ ਰਹਿੰਦਾ ਹੈ , ਇਹ ਨਹੀ ਹੋਣਾ ਚਾਹੀਦਾ | ਇਹ ਵੀਚਾਰ ਕੇ ਆਪ ਜੀ ਨੇ ਆਪਣੀ ਸ਼ਕਤੀ ਨਾਲ ਗੁਰੂ ਜੀ ਦੇ ਅੰਗੂਠੇ ਦਾ ਰੋਗ ਦੂਰ ਕਰ ਦਿੱਤਾ | ਇਸਨੂੰ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਨੀਂਦ ਤੋਂ ਉੱਠਕੇ ਵੇਖਿਆ ਤਾਂ ਆਪ ਜੀ ਨੇ ਕਿਹਾ , ਪੁਰਖਾ ! ਤੂੰ ਇਹ ਕੀ ਕੀਤਾ ਹੈ ? ਤੇਰੇ ਪਾਸੋਂ ਥੋੜੀ ਜਿੰਨੀ ਸ਼ਕਤੀ ਵੀ ਸਹਾਰੀ ਨਹੀ ਜਾਂਦੀ ? ਇਹਨਾਂ ਪੈਰਾਂ ਤੇ ਤਿਲੋਕੀ ਨਾਥ ਸ੍ਰੀ ਗੁਰੂ ਨਾਨਕ ਜੀ ਨੇ ਸਾਨੂੰ ਗੁਰਤਾ ਗੱਦੀ ਦੇਣ ਸਮੇਂ ਸੀਸ ਨਿਵਾਇਆ ਸੀ , ਸੋ ਇਹਨਾਂ ਨੂੰ ਕਸ਼ਟ ਮਿਲਣਾ ਹੀ ਚਾਹੀਦਾ ਸੀ ਤੂੰ ਇਹ ਰੋਗ ਕਿਉਂ ਹਟਾ ਦਿੱਤਾ ਹੈ ? ਅੱਗੇ ਤੋਂ ਫਿਰ ਐਸਾ ਕੰਮ ਕਦੀ ਨਾ ਕਰਨਾ , ਭਾਵੇਂ ਕੁਝ ਹੋ ਜਾਵੇ | ਇਸ ਸਾਡੀ ਸਿੱਖਿਆ ਨੂੰ ਦ੍ਰਿੜ ਨਿਸ਼ਚੇ ਕਰ ਲਵੋ | ਗੁਰੂ ਜੀ ਦੇ ਇਹ ਬਚਨ ਸੁਣਕੇ ਸ੍ਰੀ ਅਮਰਦਾਸ ਜੀ ਨੇ ਦੋਵੇਂ ਹੱਥ ਜੋੜ ਕੇ ਮਾਫੀ ਮੰਗੀ ਅਤੇ ਅੱਗੇ ਤੋਂ ਆਗਿਆ ਅਨੁਸਾਰ ਰਹਿਣ ਦਾ ਪ੍ਰਣ ਕੀਤਾ | ਸ੍ਰੀ ਅਮਰਦਾਸ ਜੀ ਇਸ ਤਨ ਮਨ ਨਾਲ ਗਿਆਰ੍ਹਾਂ ਸਾਲ ਗੁਰੂ ਜੀ ਦੀ ਸੇਵਾ ਕਰਦੇ ਰਹੇ ਤੇ ਸਾਲ ਦੇ ਸਾਲ ਜੋ ਡੇਢ ਗੱਜ ਦਾ ਰੁਮਾਲ ਆਪ ਜੀ ਨੂੰ ਬਖਸ਼ਿਸ਼ ਹੁੰਦਾ ਰਿਹਾ ਉਹ ਆਪਣੇ ਸੀਸ ਉੱਪਰ ਹੀ ਰੱਸੀ ਨਾਲ ਘੁੱਟ ਕੇ ਬੰਨ੍ਹੀ ਜਾਂਦੇ ਰਹੇ | ਇਹਨਾਂ ਰੁਮਾਲਾਂ ਦਾ ਇਕ ਵੱਡਾ ਮਡਾਸਾ ਆਪ ਜੀ ਦੇ ਸਿਰ ਉੱਤੇ ਬਝ ਗਿਆ | ਜਦ ਇਸ ਤਰ੍ਹਾਂ ਬਾਰਾਂ ਸਾਲ ਕਠਿਨ ਸੇਵਾ ਕਰਦਿਆਂ ਨੂੰ ਬੀਤ ਗਏ ਤਾਂ ਆਪ ਜੀ ਦੇ ਹੱਥ ਪੈਰ ਬਿਆਈਆਂ ਨਾਲ ਫੁਟ ਗਏ ਤੇ ਸਰੀਰ ਬੜਾ ਕਮਜ਼ੋਰ ਤੇ ਕੋਝਾ ਜਿਹਾ ਹੋ ਗਿਆ | ਆਪ ਜੀ ਦਾ ਸਰੀਰ ਮਧਰਾ ਤੇ ਪਤਲਾ ਸੀ ਜੋ ਬਿਰਧ ਅਵਸਥਾ ਹੋਣ ਦੇ ਕਾਰਨ ਬਹੁਤ ਨਿਰਬਲ ਹੋ ਚੁਕਾ ਸੀ ਗਰਮੀ ਹੋਵੇ ਸਰਦੀ ਹੋਵੇ ਅਥਵਾ ਬਰਖਾ ਹੋਵੇ ਆਪ ਜੀ ਸਦਾ ਇਕ ਸਾਰ ਸੇਵਾ ਵਿਚ ਜੁਟੇ ਰਹਿੰਦੇ ਸਨ | ਆਪ ਜੀ ਦਿ ਇਸ ਤਰ੍ਹਾਂ ਦੀ ਕਠਿਨ ਸੇਵਾ ਵੇਖਕੇ ਲੋਕ ਬਹੁਤ ਹੈਰਾਨ ਹੁੰਦੇ ਸਨ ਅਤੇ ਕੁਝ ਲੋਕ ਆਪ ਜੀ ਤੇ ਹੱਸਦੇ ਸਨ ਕਿ ਘਰੋਂ ਬਾਹਰੋਂ ਨਿਕਲ ਕੇ ਟੁਕੜੇ ਖਾਣ ਵਾਸਤੇ ਬੈਠਾ ਹੋਇਆ ਹੈ , ਇਸ ਦਾ ਕੋਈ ਥਾਂ ਟਿਕਾਣਾ ਨਹੀ ਰਿਹਾ ਤੇ ਇਥੇ ਆਣ ਟਿਕਿਆ ਹੈ , ਰੋਟੀ ਖਾਣ ਵਾਸਤੇ ਹੀ ਸਾਰਿਆਂ ਦੇ ਅੱਗੇ ਪਿਛੇ ਹੋ ਕੇ ਸੇਵਾ ਕਰਦਾ ਫਿਰਦਾ ਹੈ | ਸਿੱਖਾਂ ਅਤੇ ਨਿੰਦਕਾਂ ਪਾਸੋਂ ਐਸੇ ਨਿਰਾਦਰੀ ਦੇ ਬਚਨ ਸੁਣ ਕੇ ਆਪ ਜੀ ਕਦੀ ਵੀ ਕਿਸੇ ਤਰ੍ਹਾਂ ਦਾ ਗੁਸਾ ਨਹੀ ਕਰਦੇ ਸਨ , ਆਪ ਜੀ ਦਾ ਧਿਆਨ ਕੇਵਲ ਗੁਰੂ ਜੀ ਦੀ ਇਕ ਸੇਵਾ ਵਿਚ ਹੀ ਲੱਗਾ ਰਹਿੰਦਾ ਸੀ |
|
|
|
|
|
|