|
|
ਖਡੂਰ ਦੇ ਚੌਧਰੀ ਦੀ ਮੌਤ
|
|
ਗੁਰੂ ਅੰਗਦ ਦੇਵ ਪਾਤਿਸ਼ਾਹ ਦੇ ਦਰਸ਼ਨ ਉਪਦੇਸ਼ ਲਈ ਦੂਰ ਦੂਰ ਤੋਂ ਸੰਗਤਾਂ ਆਉਣ ਲੱਗੀਆਂ | ਅਤੁੱਟ ਲੰਗਰ ਵਰਤਦਾ ਜਿਸ ਵਿਚ ਚਾਰੇ ਵਰਣ ਦੇ ਲੋਕ ਇਕ ਪੰਗਤ ਵਿਚ ਬੈਠਕੇ ਭੋਜਨ ਛੱਕਦੇ | ਲੰਗਰ ਵਿਚ ਮਿੱਟੀ ਦੇ ਬਰਤਨ ਅਤੇ ਚਹੁੰ ਵਰਨਾਂ ਦੀ ਸਾਂਝੀ ਪੰਗਤ ਵੇਖਕੇ ਵਰਣ ਆਸ਼ਰਮ ਦੀ ਮਰਿਆਦਾ ਦੇ ਧਾਰਨ ਵਾਲੇ ਤੇ ਕਰਮਕਾਂਡੀ ਲੋਕ ਗੁਰੂ ਜੀ ਦੀ ਸੰਗਤ ਵਿਚ ਨਹੀ ਆਉਂਦੇ ਸਨ | ਗੁਰੂ ਜੀ ਪ੍ਰੇਮਾ ਭਗਤੀ ਦਾ ਵਿਸ਼ੇਸ ਕਰਕੇ ਉਪਦੇਸ਼ ਕਰਦੇ ਸਨ | ਇਕ ਚੌਧਰੀ ਖਡੂਰ ਦੇ ਰਹਿਣ ਵਾਲਾ ਪ੍ਰੇਮਾ ਭਗਤੀ ਨੂੰ ਨਹੀ ਸਮਝਦਾ ਸੀ, ਉਹ ਸ਼ਰਾਬ ਪੀਣ ਦਾ ਆਦੀ ਸੀ ਅਤੇ ਸ਼ਰਾਬ ਪੀ ਕੇ ਲੋਕਾਂ ਨੂੰ ਵੱਧ ਘੱਟ ਗੱਲਾਂ ਬੋਲਦਾ ਰਹਿੰਦਾ ਸੀ | ਉਹ ਮਿਰਗੀ ਰੋਗ ਦਾ ਰੋਗੀ ਸੀ ਤੇ ਜਦ ਰੋਗ ਦਾ ਦੌਰਾ ਪੈਂਦਾ ਤਾਂ ਬਹੁਤ ਦੁੱਖੀ ਹੁੰਦਾ ਸੀ | ਇਕ ਦਿਨ ਉਸਨੇ ਵਿਚਾਰਿਆ ਕਿ ਗੁਰੂ ਅੰਗਦ ਜੀ ਦੀ ਲੋਕ ਬਹੁਤ ਵਡਿਆਈ ਕਰਦੇ ਹਨ, ਚਲੋ ਵੇਖੀਏ, ਲੋਕ ਕਹਿੰਦੇ ਹਨ ਕਿ ਉਹ ਰੋਗੀਆ ਦੇ ਰੋਗ ਦੂਰ ਕਰ ਦਿੰਦੇ ਹਨ | ਇਹ ਸੋਚਕੇ ਚੌਧਰੀ ਗੁਰੂ ਜੀ ਪਾਸ ਆਇਆ ਅਤੇ ਨਮਸਕਾਰ ਕੀਤੀ | ਗੁਰੂ ਜੀ ਨੇ ਉਸ ਨੂੰ ਆਦਰ ਨਾਲ ਆਪਣੇ ਪਾਸ ਬਿਠਾ ਕੇ ਰਾਜ਼ੀ ਖੁਸ਼ੀ ਪੁੱਛੀ | ਚੌਧਰੀ ਨੇ ਕਿਹਾ ਤਪਾ ਜੀ ! ਤੁਹਾਡਾ ਸਾਰੇ ਲੋਕ ਜਸ ਕਰਦੇ ਹਨ, ਮੈਂ ਤੁਹਾਡੇ ਪਾਸ ਆਇਆ ਹਾਂ | ਮੈਨੂੰ ਤਾਂ ਪ੍ਰਤੀਤ ਆਵੇਗੀ ਜੇ ਤੁਸੀ ਮੇਰਾ ਮਿਰਗੀ ਰੋਗ ਦੂਰ ਕਰ ਦਿਓ | ਗੁਰੂ ਜੀ ਨੇ ਕਿਹਾ ਚੌਧਰੀ ! ਜੇਕਰ ਤੂੰ ਸ਼ਰਾਬ ਪੀਣੀ ਛੱਡ ਦੇਵੇ ਤਾਂ ਤੇਰਾ ਰੋਗ ਦੂਰ ਹੋ ਜਾਵੇਗਾ | ਪਰ ਜੇਕਰ ਤੂੰ ਸਾਡੀ ਆਗਿਆ ਨੂੰ ਉਲੰਘ ਕੇ ਸ਼ਰਾਬ ਫਿਰ ਪੀਏਂਗਾ ਤਾਂ ਮਿਰਗੀ ਰੋਗ ਤੈਨੂੰ ਫਿਰ ਲੱਗ ਜਾਵੇਗਾ ਅਤੇ ਤੇਰੀ ਮੌਤ ਹੋ ਜਾਵੇਗੀ | ਚੌਧਰੀ ਇਹ ਬਚਨ ਸੁਣ ਕੇ ਸ਼ਰਾਬ ਨਾ ਪੀਣ ਦਾ ਪ੍ਰਣ ਕਰਕੇ ਘਰ ਨੂੰ ਚਲਿਆ ਗਿਆ , ਉਪਰੰਤ ਕਈ ਮਹੀਨੇ ਚੌਧਰੀ ਨੂੰ ਮਿਰਗੀ ਨਾ ਪਈ ਤੇ ਉਹ ਆਨੰਦ ਨਾਲ ਸੁੱਖ ਭੋਗਦਾ ਰਿਹਾ | ਇਕ ਦਿਨ ਬਹੁਤ ਕਾਲੀ ਘਟਾ ਆਈ, ਝੜੀ ਲੱਗ ਗਈ ਅਤੇ ਠੰਢੀ ਹਵਾ ਚੱਲਣ ਲੱਗ ਪਈ | ਚੌਧਰੀ ਨੇ ਇਹ ਸੁਹਾਵਣਾ ਸਮਾਂ ਵੇਖਕੇ ਗੁਰੂ ਜੀ ਦੇ ਬਚਨਾਂ ਦੀ ਪ੍ਰਵਾਹ ਨਾ ਕੀਤੀ ਤੇ ਸ਼ਰਾਬ ਪੀ ਲਈ | ਸ਼ਰਾਬ ਪੀ ਕੇ ਜਦ ਉਸਨੂੰ ਅਮਲ ਚੜ੍ਹਿਆ ਤਾਂ ਉਹ ਆਪਣੇ ਮਕਾਨ ਉੱਪਰ ਚੜ੍ਹਕੇ ਗੁਰੂ ਜੀ ਵੱਲ ਮੂੰਹ ਕਰਕੇ ਉੱਚਾ ਬੋਲਕੇ ਕਹਿਣ ਲੱਗਾ ਤਪਾ ਜੀ ! ਅੱਜ ਮੈਂ ਤੁਹਾਡਾ ਕਹਿਣਾ ਮੋੜ ਦਿੱਤਾ ਹੈ, ਐਸੀ ਬੂੰਦਾ ਬਾਂਦੀ ਵਿਚ ਮੈਂ ਇਸ ਦਾ ਆਨੰਦ ਮਾਨਣ ਤੂੰ ਰਹਿ ਨਹੀ ਸਕਦਾ | ਗੁਰੂ ਜੀ ਨੇ ਇਹ ਗੱਲ ਸੁਣਕੇ ਹੱਸ ਕੇ ਕਿਹਾ , ਕਿ ਫਿਰ ਸਾਵਧਾਨ ਹੋ ਜਾ, ਮਿਰਗੀ ਤੇਰੇ ਵੱਲ ਆ ਰਹੀ ਹੈ | ਗੁਰੂ ਜੀ ਦੇ ਇਸ ਸ਼ੁਭਾਵਿਕ ਬਚਨ ਨਾਲ ਤਤਛਿਨ ਹੀ ਚੌਧਰੀ ਨੂੰ ਮਿਰਗੀ ਪੈ ਗਈ ਤੇ ਉਹ ਮਕਾਨ ਦੀ ਛੱਤ ਉਤੋਂ ਉਲਟ ਕੇ ਸਿਰ ਪਰਨੇ ਹੇਠਾਂ ਆ ਡਿੱਗਾ ਅਤੇ ਉਸ ਸਮੇ ਉਸਦੇ ਪ੍ਰਾਣ ਨਿਕਲ ਗਏ |
|
|
|
|
|
|