|
|
ਗੁਰੂ ਜੀ ਦੇ ਬਚਨਾਂ ਤੇ ਅਸ਼ਰਧਾ ਦਾ ਫਲ
|
|
ਗੁਰੂ ਜੀ ਦੇ ਡੇਰੇ ਇੱਕ ਸਿੱਖ ਰਹਿੰਦਾ ਸੀ, ਜਿਹੜਾ ਕੋਈ ਸੇਵਾ ਨਹੀ ਕਰਦਾ ਸੀ ਤੇ ਦੋ ਵੇਲੇ ਪ੍ਰਸ਼ਾਦਾ ਲੰਗਰ ਵਿੱਚੋਂ ਛੱਕਦਾ ਸੀ | ਬਹੁਤ ਸਮਾਂ ਜਦ ਉਹ ਇਸ ਤਰ੍ਹਾਂ ਹੀ ਕਰਦਾ ਰਿਹਾ ਤਾਂ ਇਕ ਦਿਨ ਉਸਨੂੰ ਬਾਬਾ ਬੁੱਢਾ ਜੀ ਨੇ ਆਖਿਆ, ਭਾਈ ਗੁਰਮੁਖਾ ! ਗੁਰੂ ਸੰਗਤ ਦੀ ਸੇਵਾ ਵਿਚ ਵੀ ਹਿੱਸਾ ਲਿਆ ਕਰ, ਵੇਹਲੇ ਬੈਠ ਕੇ ਸਮਾਂ ਨਾ ਬਿਤਾਇਆ ਕਰ, ਇਹ ਸਰੀਰ ਕਿਸੇ ਕੰਮ ਨਹੀ ਆਉਣਾ| ਉਸ ਸਿੱਖ ਨੇ ਕਿਹਾ, ਮੈਂ ਹੋਰ ਕਿਸੇ ਦੇ ਕਹਿਣ ਤੇ ਕੁਝ ਨਹੀ ਕਰਨਾ, ਜੇ ਗੁਰੂ ਜੀ ਆਪ ਮੈਨੂੰ ਆਖਣਗੇ ਤਾ ਸੇਵਾ ਕਰਾਂਗਾ | ਉਸਦਾ ਇਹ ਉੱਤਰ ਸੁਣਕੇ ਗੁਰੂ ਜੀ ਚੁੱਪ ਕਰ ਰਹੇ, ਇਸ ਤਰ੍ਹਾਂ ਫੇਰ ਜਦ ਹੋਰ ਸਮਾਂ ਲੰਘ ਗਿਆ ਤਾਂ ਇਕ ਦਿਨ ਜਦ ਹੋਰ ਸਾਰੇ ਸਿੱਖ ਸੇਵਾ ਕਰ ਰਹੇ ਸਨ ਤੇ ਇਹ ਵੇਹਲਾ ਬੈਠਾ ਹੋਇਆ ਸੀ, ਤਦ ਉੱਤੋਂ ਗੁਰੂ ਅੰਗਦ ਦੇਵ ਜੀ ਆ ਗਏ | ਗੁਰੂ ਜੀ ਨੂੰ ਵੇਖਕੇ ਕਹਿਣ ਲੱਗਾ, ਗੁਰੂ ਜੀ ! ਮੈ ਬਹੁਤ ਸਮੇਂ ਤੋਂ ਇੱਛਾਵਾਨ ਹਾਂ ਕਿ ਆਪ ਜੀ ਮੈਨੂੰ ਕੋਈ ਸੇਵਾ ਦੱਸੋ, ਪਰ ਆਪ ਜੀ ਨੇ ਆਪਣੇ ਮੁੱਖ ਤੋਂ ਮੈਨੂੰ ਕੋਈ ਸੇਵਾ ਨਹੀ ਆਖੀ | ਤਦ ਗੁਰੂ ਜੀ ਨੇ ਸੁਭਾਵਿਕ ਹੀ ਕਿਹਾ ਤੂੰ ਅੱਗ ਵਿਚ ਸੜ ਮਰ, ਤੇਰੇ ਵਾਸਤੇ ਇਹੀ ਸੇਵਾ ਹੈ | ਇਹ ਹੁਕਮ ਸੁਣਕੇ ਸਿੱਖ ਨੇ ਜੰਗਲ ਵਿਚ ਜਾ ਕੇ ਲੱਕੜਾਂ ਇਕੱਠੀਆਂ ਕਰਕੇ ਸੜ ਮਰਨ ਵਾਸਤੇ ਚਿੱਖਾ ਬਾਲ ਲਈ ਪਰ ਫਿਰ ਅੱਗ ਮੱਚਦੀ ਦੇਖਕੇ ਸੜਨ ਨੂੰ ਦਿਲ ਨਾ ਕਰੇ ਤੇ ਪਾਸ ਖੜਾ ਹੋ ਕੇ ਸੋਚਾਂ ਸੋਚਣ ਲੱਗਾ | ਉਸ ਸਮੇਂ ਹੀ ਇਕ ਚੋਰ ਚੋਰੀ ਦਾ ਮਾਲ ਲੈ ਕੇ ਜਾ ਰਿਹਾ ਸੀ | ਉਸਨੇ ਸਿੱਖ ਨੂੰ ਪੁਛਿਆ ਕਿ ਤੂੰ ਇੱਥੇ ਖੜਾ ਕੀ ਸੋਚ ਰਿਆ ਹੈਂ? ਸਿੱਖ ਨੇ ਕਿਹਾ ਕਿ ਮੈਨੂੰ ਗੁਰੂ ਦਾ ਹੁਕਮ ਹੈ ਕਿ ਮੈਂ ਸੜ ਮਰਾਂ , ਪਰ ਹੁਣ ਸੜ ਮਰਨ ਨੂੰ ਦਿਲ ਨਹੀ ਕਰਦਾ, ਡਰ ਲੱਗਦਾ ਹੈ | ਚੋਰ ਨੇ ਕਿਹਾ ਮੈਂ ਬਹੁਤ ਪਾਪ ਕੀਤੇ ਹਨ, ਇਥੇ ਸੜਨ ਨਾਲ ਮੇਰੇ ਪਾਪ ਮਿੱਟ ਜਾਣਗੇ | ਤੂੰ ਮੇਰੇ ਪਾਸੋਂ ਇਹ ਚੋਰੀ ਦਾ ਸਾਰਾ ਧਨ ਲੈ ਅਤੇ ਉਸਦੇ ਬਦਲੇ ਗੁਰੂ ਜੀ ਦਾ ਵਾਕ ਮੈਨੂੰ ਮੁੱਲ ਦੇ ਦਿਓ | ਸਿੱਖ ਨੇ ਲਾਲਚ ਕਰਕੇ ਚੋਰ ਪਾਸੋਂ ਧਨ ਲੈ ਕੇ ਗੁਰੂ ਜੀ ਦਾ ਵਾਕ ਉਸਨੂੰ ਮੁੱਲ ਦੇ ਦਿੱਤਾ ਤੇ ਉਹ ਬਲਦੀ ਚਿੱਖਾ ਵਿਚ ਛਾਲ ਮਾਰਕੇ ਸੜ ਗਿਆ | ਉਸਨੂੰ ਲੈਣ ਵਾਸਤੇ ਦੇਵਪੁਰੀ ਵਿਚੋਂ ਬਿਬਾਨ ਆਏ ਅਤੇ ਉਸਨੂੰ ਬੜੇ ਸਤਿਕਾਰ ਨਾਲ ਚੜ੍ਹਾ ਕੇ ਲੈ ਗਏ | ਜਦ ਸਿੱਖ ਧਨ ਲੈ ਕੇ ਘਰ ਨੂੰ ਤੁਰਿਆ ਤਾਂ ਉਸਨੂੰ ਚੋਰ ਸਮਝਕੇ ਲੋਕ ਫੜ੍ਹ ਕੇ ਕੋਤਵਾਲ ਪਾਸ ਲੈ ਗਏ | ਕੋਤਵਾਲ ਨੇ ਸਾਰਾ ਧਨ ਖੋਹ ਕੇ ਉਸਨੂੰ ਫਾਂਸੀ ਦੇ ਦਿੱਤੀ | ਇਸ ਤਰ੍ਹਾਂ ਇਹ ਲੋਭੀ ਸਿੱਖ ਗੁਰੂ ਬਚਨਾਂ ਤੋਂ ਬੇਮੁੱਖ ਹੋ ਕੇ ਨਰਕਗਾਮੀ ਹੋਇਆ |
ਦੋਹਰਾ:-
ਗੁਰੂ ਸੰਤ ਤੇ ਲਾਭ ਤਿਹ, ਗੁਰਮੁਖ ਦ੍ਰਿੜ ਮਤਿ ਜੋਇ ||
ਮਨਮੁਖ ਚੰਚਲ ਸਿਖ ਕੋ ਸਿਖੀ ਉਲਟੀ ਹੋਇ ||੫੦||
ਜਿਵੇਂ ਕਿ:-
ਦੋਹਰਾ:-
ਮਹਿਮਾ ਸਤਿਗੁਰ ਬਚਨ ਕੀ, ਦੇਖਹੁ ਪੁੰਨ ਪ੍ਰਮਾਨ ||
ਬਿਮੁਖ ਭਯੋ ਸਿੱਖ ਫਾਂਸ ਤਿਸ, ਤਸਕਰ ਸੁਰਗ ਮਹਾਨ ||੫੧||
|
|
|
|
|
|