|
|
ਸਿੱਖੀ ਦੀ ਪ੍ਰੀਖਿਆ
|
ਜਦ ਕਈ ਬਰਸ ਨਾਮ ਦਾਨ ਦ੍ਰਿੜਾਉਂਦਿਆਂ ਬਤੀਤ ਹੋ ਗਏ ਅਤੇ ਸੰਗਤਾਂ ਵਿਚ ਭਗਤੀ ਦਾ ਬਹੁਤ ਪ੍ਰਕਾਸ਼ ਹੋ ਗਿਆ ਤਾਂ ਗੁਰੂ ਜੀ ਨੇ ਪ੍ਰੀਖਿਆ ਵਾਸਤੇ ਵਿਚਾਰ ਕੀਤੀ | ਇਹ ਵਿਚਾਰ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਅੱਜ ਤੋਂ ਲੰਗਰ ਇਕ ਵੇਲੇ ਹੋਇਆ ਕਰੇਗਾ, ਖੇਤੀ ਦਾ ਕੰਮ ਬੜੇ ਜ਼ੋਰ ਨਾਲ ਕਰਿਆ ਕਰੋ ਜਿਸ ਨਾਲ ਅੰਨ ਬਹੁਤ ਹੋਵੇ | ਜਦ ਸਿੱਖਾਂ ਨੇ ਇਕ ਵਾਰ ਦਿਹਾੜੀ ਵਿਚ ਲੰਗਰ ਵਰਤਦਾ ਵੇਖਿਆ ਤਾਂ ਬਹੁਤ ਸਿੱਖ ਕਰਤਾਰਪੁਰ ਛੱਡ ਕੇ ਘਰਾਂ ਨੂੰ ਚਲੇ ਗਏ | ਕਈ ਸਿਆਣੇ ਸਿੱਖ ਹੱਲ ਵਾਹੁੰਦੇ ਅਤੇ ਇਕ ਡੰਗ ਰੋਟੀ ਖਾ ਕੇ ਗੁਜ਼ਾਰਾ ਕਰਦੇ ਰਹੇ | ਉਪਰੰਤ ਉਹ ਛੱਡ ਕੇ ਘਰਾਂ ਨੂੰ ਚਲੇ ਗਏ | ਜਦ ਪਿੱਛੇ ਅੱਧੇ ਸਿੱਖ ਰਹਿ ਗਏ ਤਾਂ ਗੁਰੂ ਜੀ ਨੇ ਕਿਹਾ ਕਿ ਵਾਹੀ ਦਾ ਕੰਮ ਜ਼ੋਰ ਨਾਲ ਕਰਿਆ ਕਰੋ ਤ ਦੂਸਰੇ ਦਿਨ ਲੰਗਰ ਕਰਿਆ ਕਰੋ | ਜਦ ਦਸ ਕੁ ਦਿਨ ਇਸ ਤਰ੍ਹਾਂ ਬਤੀਤ ਹੋਏ ਤਾਂ ਕਈ ਸਿੱਖ ਭੁੱਖ ਤੋਂ ਤੰਗ ਆ ਕੇ ਘਰਾਂ ਨੂੰ ਚਲੇ ਗਏ | ਪਿੱਛੇ ਥੋੜੇ ਹੀ ਸਿੱਖ ਵਾਹੀ ਕਰਨ ਵਾਲੇ ਰਹਿ ਗਏ , ਜਿਨ੍ਹਾਂ ਨੇ ਪ੍ਰਣ ਕਰ ਲਿਆ ਕਿ ਭਾਂਵੇ ਕੁਝ ਵੀ ਹੋ ਜਾਵੇ ਅਸੀ ਗੁਰੂ ਜੀ ਨੂੰ ਛੱਡ ਕੇ ਨਹੀ ਜਾਵਾਂਗੇ | ਆਪਣੀ ਵਾਹੀ ਦੀ ਕਾਰ ਭੁੱਖੇ ਰਹਿ ਕੇ ਵੀ ਕਰਦੇ ਰਹਾਂਗੇ | ਇਹਨਾਂ ਦਾ ਦ੍ਰਿੜ ਨਿਸ਼ਚਾ ਵੇਖ ਕੇ ਗੁਰੂ ਜੀ ਨੇ ਕੁਝ ਦਿਨਾਂ ਬਾਅਦ ਦੋਵੇਂ ਵੇਲੇ ਲੰਗਰ ਵਰਤਣ ਦਾ ਹੁਕਮ ਦੇ ਦਿੱਤਾ |
ਕੁਝ ਸਮਾਂ ਪਾ ਕੇ ਖੇਤੀ ਪੱਕ ਕੇ ਤਿਆਰ ਹੋ ਗਈ ਤਾਂ ਸਿੱਖਾਂ ਨੇ ਗੁਰੂ ਜੀ ਨੂ ਪੁਛਿਆ ਮਹਾਰਾਜ ! ਹੁਣ ਕੀ ਹੁਕਮ ਹੈ? ਤਾਂ ਗਿਰੂ ਜੀ ਨੇ ਕਿਹਾ ਕਿ ਇਸ ਸਾਰੇ ਦੇ ਖਲਵਾੜੇ ਲਾ ਦਿਓ | ਸਿੱਖਾਂ ਨੇ ਹੁਕਮ ਮੰਨ ਖਲਵਾੜੇ ਲਗਾ ਦਿੱਤੇ ਤਾਂ ਗੁਰੂ ਜੀ ਨੇ ਸਿੱਖਾ ਨੂੰ ਸ਼ਾਬਾਸ਼ ਦਿੱਤੀ ਅਤੇ ਕਿਹਾ ਕਿ ਹੁਣ ਇਸ ਸਾਰੀ ਨੂੰ ਅੱਗ ਲਗਾ ਦਿਓ | ਇਹ ਬਚਨ ਸੁਣ ਕੇ ਸਿੱਖ ਹੈਰਾਨ ਹੋ ਗਏ ਇਕ ਇਤਨੀ ਮਿਹਨਤ ਨਾਲ ਤਿਆਰ ਕੀਤੀ ਖੇਤੀ ਨੂੰ ਹੁਣ ਅੱਗ ਲਗਾਉਣ ਲਈ ਕਹਿੰਦੇ ਹਨ ਤਾ ਕਈ ਸਿੱਖ ਪਿੱਛੇ ਹੱਟ ਗਏ | ਪਰ ਕਈਆਂ ਨੇ ਵਿਚਾਰਿਆ ਕਿ ਸਾਨੂੰ ਹਾਨ ਲਾਭ ਨਈ ਵੇਖਣਾ ਚਹਿਦਾ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਨਾ ਚਾਹਿਦਾ ਹੈ | ਉਹਨਾਂ ਨੇ ਤੁਰੰਤ ਹੀ ਅੱਗ ਲਗਾ ਦਿੱਤੀ ਜਿਸ ਨਾਲ ਸਾਰਾ ਖਲਵਾੜਾ ਸੜ ਕੇ ਸੁਆਹ ਹੋ ਗਿਆ |
ਫਿਰ ਕੁਝ ਸਮਾਂ ਪਾ ਕੇ ਗੁਰੂ ਜੀ ਨੇ ਇਕ ਹੋਰ ਸਾਂਗ ਵਰਤਾਇਆ ਲੱਕ ਨਾਲ ਛੁਰਾ ਬੰਨ ਲਿਆ | ਆਪਣੇ ਅੱਗੇ ਕੁਝ ਸੂਰੀਆਂ ਲਾ ਲਈਆਂ ਤੇ ਪਿੱਛੇ ਕੁਝ ਕੁੱਤੇ | ਆਪ ਪਿੰਡ ਤੋਂ ਬਾਹਰ ਨਿਕਲ ਕੇ ਖਲੋ ਗਏ | ਇਹ ਕੌਤਕ ਵੇਖ ਕੇ ਸਿੱਖਾਂ ਦੇ ਮਨ ਡੋਲ ਗਏ ਤੇ ਉਹ ਪਿੱਛੇ ਹੱਟ ਕੇ ਗੱਲਾਂ ਕਰਨ ਲੱਗੇ ਕਿ ਗੁਰੂ ਜੀ ਦੀਵਾਨੇ ਹੋ ਗਏ ਹਨ | ਪਿੱਛੇ ਗੁਰੂ ਜੀ ਪਾਸ ਕੇਵਲ ਲਹਿਣਾ ਜੀ ਰਹਿ ਗਏ ਤਾਂ ਗੁਰੂ ਜੀ ਨੇ ਪੁਛਿਆ ਤੂੰ ਕਿਉ ਨਹੀ ਜਾਂਦਾ ਤਾ ਲਹਿਣਾ ਜੀ ਨੇ ਕਿਹਾ , ਮੈਂ ਆਪਣਾ ਮਨ ਤਨ ਭੇਟ ਕਰ ਦਿੱਤਾ ਹੋਇਆ ਹੈ , ਮੈਂ ਕਿੱਥੇ ਜਾਂਵਾ ? ਲਹਿਣਾ ਜੀ ਨੇ ਹੱਥ ਜੋੜ ਕੇ ਆਖਿਆ ਹੇ ਪ੍ਰਭੂ! ਆਪ ਜੀ ਦਾ ਅਸਚਰਜ ਸਵਾਂਗ ਵੇਖ ਕੇ ਸਾਰੇ ਸਾਥ ਛੱਡ ਗਏ ਹਨ | ਪਰ ਮੈ ਆਪਣਾ ਤਨ ਮਨ ਤੁਹਾਨੂੰ ਦੇ ਚੁੱਕਾ ਹਾਂ ਮਾਰੋ ਭਾਂਵੇ ਰੱਖੋ ਮੈਂ ਛੱਡ ਕੇ ਨਹੀ ਜਾਵਾਂਗਾ, ਪਰ ਤੁਸੀਂ ਇਹ ਸਾਂਗ ਕਿਉ ਧਾਰਨ ਕੀਤਾ ਹੈ ? ਗੁਰੂ ਜੀ ਨੇ ਕਿਹਾ ਕਿ ਸਾਡੇ ਮਨ ਇਸ ਤਰ੍ਹਾਂ ਹੀ ਆਈ ਹੈ ਕਿ ਕੋਈ ਸਾਡੇ ਪਾਸ ਨਾ ਆਵੇ | ਤੂੰ ਦੇਰ ਕਿਉ ਲਾਈ ਹੈ ? ਬਚਨ ਮੰਨ ਕੇ ਇਥੋਂ ਚਲਿਆ ਜਾ | ਲਹਿਣਾ ਜੀ ਨੇ ਹੱਥ ਜੋੜ ਕੇ ਆਖਿਆ, " ਗੁਰੂ ਜੀ ਦੀ ਆਗਿਆ ਨਾ ਮੋੜਨ ਵਾਲੀ ਹੁੰਦੀ ਹੈ | ਮੈਂ ਸਿਰ ਮੱਥੇ ਤੇ ਮੰਨਦਾ ਹਾਂ | ਇਹ ਆਖਕੇ ਲਹਿਣਾ ਜੀ ਪਿੱਛੇ ਪਰਤ ਪਏ |
੩ ਘੜੀਆਂ ਬੀਤ ਗਈਆਂ ਤਾਂ ਗੁਰੂ ਜੀ ਬਾਹਰੋਂ ਆ ਗਏ | ਜਿਹੜਾ ਸਿੱਖ ਆਪ ਜੀ ਦੇ ਨੇੜੇ ਜਾਵੇ ਆਪ ਜੀ ਉਸਦੀ ਪਿੱਠ ਤੇ ਕੁੱਤਕਾ ਮਾਰ ਦਿੰਦੇ | ਤਦ ਸਿੱਖਾਂ ਨੇ ਪੁਛਿਆ ਗੁਰੂ ਜੀ ਅਸੀਂ ਆਪ ਜੀ ਦੇ ਸਿੱਖ ਹਾਂ | ਆਪ ਜੀ ਸਾਨੂੰ ਕਿਉ ਮਾਰ ਰਹੇ ਹੋ ਤਾਂ ਗੁਰੂ ਜੀ ਨੇ ਕਿਹਾ ਠੀਕ ਹੈ ਜੇ ਤੁਸੀ ਮੇਰੇ ਸਿੱਖ ਹੋ ਤਾ ਮੇਰੇ ਨਾਲ ਚਲੋ | ਗੁਰੂ ਜੀ ਸਾਰੇ ਸਿੱਖਾਂ ਨੂੰ ਉਜਾੜ ਵਿਚ ਲੈ ਗਏ ਜਿੱਥੇ ਇਕ ਮੁਰਦਾ ਚਿੱਟੇ ਕਫਨ ਨਾਲ ਢਕਿਆ ਪਿਆ ਸੀ | ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਛਕੋ | ਇਹ ਸੁਣਦੇ ਸਾਰ ਹੀ ਸਾਰੇ ਜਾਣੇ ਝਾੜੀਆਂ ਦੇ ਪਿੱਛੇ ਲੁਕ ਗਏ |ਪਰ ਭਾਈ ਲਹਿਣਾ ਜੀ ਖੜੇ ਰਹੇ | ਗੁਰੂ ਜੀ ਨੇ ਫਿਰ ਕਿਹਾ ਕਿ ਇਸ ਨੂੰ ਛੱਕੋ | ਤਾਂ ਭਾਈ ਲਹਿਣਾ ਜੀ ਨੇ ਸਿਰ ਨਿਵਾ ਕੇ ਕਿਹਾ ਸਤਿਬਚਨ ਜੀ | ਇਨਾ ਕਹਿ ਕੇ ਉਸ ਮੁਰਦੇ ਦੇ ਆਲੇ ਦੁਆਲੇ ਘੁੰਮਣ ਲਗ ਗਏ ਤਾਂ ਗੁਰੂ ਜੀ ਨੇ ਕਿ ਛੱਕਦਾ ਕਿਉ ਨਹੀ | ਤਾਂ ਭਾਈ ਲਹਿਣਾ ਜੀ ਨੇ ਕਿਹਾ ਗੁਰੂ ਜੀ ਕਿਸ ਪਾਸਿਓ ਛੱਕਣਾ ਸ਼ੁਰੂ ਕਰਾ ਸਿਰ ਵੱਲੋਂ ਜਾਂ ਪੈਰਾਂ ਵੱਲੋਂ | ਗੁਰੂ ਜੀ ਨੇ ਕਿਹਾ ਕਿ ਸਿਰ ਵੱਲੋਂ ਛੱਕਣਾ ਸ਼ੁਰੂ ਕਰੋ | ਆਗਿਆ ਮੰਨ ਕੇ ਜਦ ਭਾਈ ਲਹਿਣਾ ਜੀ ਨੇ ਮੁਰ੍ਦੇ ਤੋਂ ਕੱਪੜਾ ਲਾਹਿਆ ਤਾਂ ਦੇਖਿਆ ਕਿ ਮੁਰਦੇ ਦੀ ਜਗਾ ਦੇਗ ਪਈ ਸੀ | ਇਹ ਦੇਖ ਕੇ ਭਾਈ ਲਹਿਣਾ ਜੀ ਨੇ ਗੁਰੂ ਜੀ ਦੇ ਚਰਨ ਫੜ ਲਏ ਤ ਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਉਠਾ ਕੇ ਗਲ ਨਾਲ ਲਾ ਲਿਆ | ਤੇ ਕਿਹਾ ਤੂੰ ਅੱਜ ਸਿੱਖੀ ਦੀ ਲਾਜ ਰੱਖ ਲਈ ਹੈ |
|
|
|
|
|
|