|
|
ਕਿੱਕਰ ਤੋਂ ਮਠਿਆਈ ਝਾੜਨੀ
|

ਗੁਰੂ ਨਾਨਕ ਦੇਵ ਜੀ ਖੇਤੀ ਦਾ ਕੰਮ ਕਰਵਾਉਂਦੇ ਸਨ ਜਿਸ ਤੋਂ ਬਹੁਤ ਅੰਨ ਪੈਦ ਹੁੰਦਾ ਸੀ, ਅਤੁੱਟ ਲੰਗਰ ਸਵੇਰ ਤੋਂ ਅੱਧੀ ਰਾਤ ਤਕ ਵਰਤਦਾ ਰਹਿੰਦਾ ਸੀ, ਦੂਰ ਦੂਰ ਤੋਂ ਸੰਗਤ ਦਰਸ਼ਨ ਕਰਨ ਆਉਂਦੀ ਸੀ ਅਤੇ ਉਪਦੇਸ਼ ਲੈ ਕੇ ਆਪਣੀ ਮਨੋ ਕਾਮਨਾ ਪੂਰੀ ਕਰਦੀ ਸੀ | ਗੁਰੂ ਜੀ ਲੋਕਾਂ ਕੋਲੋ ਭੇਟਾ ਨਹੀ ਲੈਂਦੇ ਸਨ | ਆਪਜੀ ਦੀ ਮਹਿਮਾ ਸਾਰੇ ਸੰਸਾਰ ਵਿਚ ਫੈਲ ਗਈ ਸੀ | ਇਕ ਸਮੇਂ ਬਹੁਤ ਸੰਗਤ ਦਰਸ਼ਨ ਕਰਨ ਆਈ | ਪਿੰਡ ਦੇ ਚਾਰ ਚੁਫੇਰੇ ਡੇਰੇ ਲਗ ਗਏ, ਤਦ ਰਾਤ ਨੂੰ ਬਹੁਤ ਮੀਂਹ ਵਰਸਣ ਲੱਗਾ ਅਤੇ ਦੂਸਰੇ ਦਿਨ ਵੀ ਵਰਸਦਾ ਰਿਹਾ | ਸਾਰੇ ਜਲ ਥਲ ਹੋ ਗਿਆ, ਜਿਸ ਕਾਰਨ ਲੰਗਰ ਤਿਆਰ ਨਾ ਹੋ ਸਕਿਆ | ਸਭ ਲੋਕ ਭੁੱਖ ਨਾਲ ਦੁੱਖੀ ਹੋ ਗਏ | ਗੁਰੂ ਜੀ ਧਰਮਸ਼ਾਲਾ ਵਿਚ ਬੈਠੇ ਸਨ ਕਿ ਲੋਕਾਂ ਨੂੰ ਭੁੱਖ ਨਾਲ ਦੁੱਖੀ ਵੇਖਕੇ ਆਪ ਜੀ ਨੇ ਬਾਬਾ ਸਿਰੀ ਚੰਦ ਜੀ ਨੂੰ ਕਿਹਾ ਕਿ ਜੋ ਕਿੱਕਰ ਦਾ ਬ੍ਰਿੱਖ ਖੜਾ ਹੈ ਉਸ ਉੱਤੇ ਚੜ੍ਹਕੇ ਚੰਗੀ ਤਰ੍ਹਾਂ ਹਲੂਣਾ ਦਿਓ, ਉਸ ਤੋਂ ਅਨੇਕ ਪ੍ਰਕਾਰ ਦਾ ਭੋਜਨ ਡਿਗੇਗਾ ਉਸਨੂੰ ਛੱਕਕੇ ਸੰਗਤ ਆਪਣੀ ਭੁੱਖ ਦੂਰ ਕਰੇਗੀ | ਬਾਬਾ ਸਿਰੀ ਚੰਦ ਜੀ ਨੇ ਕਿਹਾ ਜੀ! ਬ੍ਰਿਖ ਨਾਲ ਲੱਗੇ ਭੋਜਨ ਕਦੇ ਦੇਖੇ ਹਨ | ਤੁਸੀ ਕਿਸ ਤਰ੍ਹਾਂ ਦੀ ਗੱਲ ਕਰਦੇ ਹੋ ? ਜੇ ਮੈਂ ਤੁਹਾਡੇ ਆਖੇ ਇਉਂ ਕਰਾਂਗਾ ਤਾਂ ਲੋਕ ਮੇਰੇ ਤੇ ਹੱਸਣਗੇ ਤੇ ਮੈਨੂੰ ਸ਼ਰਮਿੰਦਾ ਹੋਣਾ ਪਵੇਗਾ | ਇਸ ਕਰਕੇ ਮੈਂ ਕਿੱਕਰ ਉੱਤੇ ਨਹੀ ਚੜ੍ਹਾਂਗਾ | ਫਿਰ ਗੁਰੂ ਜੀ ਨੇ ਲਖਮੀ ਦਾਸ ਨੂੰ ਆਖਿਆ ਕਿ ਛੇਤੀ ਕਿੱਕਰ ਉੱਤੇ ਚੜ੍ਹਕੇ ਲੋਕਾਂ ਵਾਸਤੇ ਭੋਜਨ ਡੇਗੋ | ਪਰ ਲਖਮੀ ਦਾਸ ਜੀ ਨੇ ਵੀ ਬਾਬਾ ਸਿਰੀ ਚੰਦ ਜੀ ਵਰਗਾ ਹੀ ਉੱਤਰ ਦੇ ਕੇ ਨਾਂਹ ਕਰ ਦਿੱਤੀ ਕਿ ਇਹ ਅਨਹੋਣੀ ਗੱਲ ਹੈ ਮੈਂ ਨਹੀ ਕਰਾਂਗਾ | ਫਿਰ ਗੁਰੂ ਜੀ ਨੇ ਸ੍ਰੀ ਲਹਿਣਾ ਜੀ ਵੱਲ ਵੇਖਕੇ ਆਖਿਆ ਕਿ ਤੂੰ ਉਠ ਕੇ ਇਹ ਕਾਰਜ ਛੇਤੀ ਕਰ , ਸੰਗਤ ਬਹੁਤ ਭੁੱਖੀ ਹੈ | ਗੁਰੂ ਜੀ ਦਾ ਹੁਕਮ ਸੁਣਕੇ ਲਹਿਣਾ ਜੀ ਨੇ ਤਤਛਿਨ ਹੀ ਸੰਗਤ ਨੂੰ ਬੁਲਾ ਲਿਆ ਅਤੇ ਜਦ ਕਿੱਕਰ ਉੱਤੇ ਚੜ੍ਹਨ ਲਈ ਅੱਗੇ ਵਧੇ ਤਾਂ ਬਾਬਾ ਸਿਰੀ ਚੰਦ ਜੀ ਨੇ ਆਖਿਆ , " ਤੂੰ ਇਹ ਕੀ ਕਰਨ ਲੱਗਾ ਹੈਂ | ਕਿੱਕਰ ਤੋਂ ਵੀ ਕਦੇ ਮਠਿਆਈ ਡਿੱਗਦੀ ਦੇਖੀ ਹੈ?" ਤਾਂ ਲਹਿਣਾ ਜੀ ਨੇ ਉੱਤਰ ਦਿੱਤਾ, " ਜੀ ! ਮੈਨੂੰ ਨਹੀ ਪਤਾ ਕਿ ਕਿੱਕਰ ਤੋਂ ਮਠਿਆਈ ਡਿੱਗਦੀ ਹੈ ਜਾਂ ਨਹੀ | ਮੈਨੂੰ ਤਾਂ ਕਿੱਕਰ ਨੂੰ ਹਲੂਣਾ ਦੇਣ ਦਾ ਹੁਕਮ ਹੈ, ਮੈਂ ਤਾ ਸਿਰਫ ਹੁਕਮ ਮੰਨਣਾ ਹੈ | ਮਠਿਆਈ ਡੇਗਣ ਦਾ ਕੰਮ ਗੁਰੂ ਜੀ ਦਾ ਹੈ ਉਹ ਆਪ ਜਾਨਣ ਇਸ ਬਾਰੇ | ਮੇਰਾ ਕੰਮ ਹੁਕਮ ਮੰਨਣਾ ਹੈ | ਇਨਾ ਕਹਿਕੇ ਲਹਿਣਾ ਜੀ ਕਿੱਕਰ ਉੱਤੇ ਚੜ੍ਹ ਗਏ ਤੇ ਜ਼ੋਰ ਜ਼ੋਰ ਦੀ ਕਿੱਕਰ ਨੂੰ ਹਿਲਾਉਣ ਲੱਗ ਪਏ ਤਾਂ ਕਿੱਕਰ ਉੱਤੋਂ ਲੱਡੂ, ਜਲੇਬੀਆਂ ਅਤੇ ਪੂਰੀ ਆਦਿਕ ਪਦਾਰਥ ਡਿੱਗੇ , ਜਿਸਨੂੰ ਛੱਕੇ ਸੰਗਤ ਸਹਿਤ ਆ ਕੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ |
|
|
|
|